ਆਪਾਂ ਦੋ ਮਿੱਟੀ ਦੇ ਕਿਣਕੇ, ਜੋ ਮਿਲ ਬਣ ਗਏ ਹਾਂ ਸੋਨਾ।
ਯਾਦਾਂ ਯਾਦ ਰਹਿਣਗੀਆਂ ਯਾਰੋ, ਮੁੜ ਕੇ ਨਹੀਂ ਕੱਠਿਆਂ ਹੋਣਾ।
ਉਸ ਵਰਗਾ ਧੰਨਵਾਨ ਨਾ ਕੋਈ, ਰਲ ਮਿਲ ਕੇ ਜਿਸ ਦੀ ਲੰਘੇ,
ਆਖਰ ਨੂੰ ਤਾਂ ਰਹਿ ਜਾਂਦਾ ਹੈ, ਉਸ ਪੱਲੇ ਰੋਣਾ ਧੋਣਾ।
ਕਿਰਤ ਕਰੇ ਜੋ ਵੰਡ ਕੇ ਖਾਵੇ, ਤੇ ਚੰਗਾ ਵਕਤ ਗੁਜਾਰੇ,
ਸੂਰ ਗਊ ਦੇ ਖਾਣ ਬਰਾਬਰ, ਹੈ ਹੱਕ ਕਿਸੇ ਦਾ ਖੋਹਣਾ।
ਨਾਲ ਸਮੇਂ ਜੋ ਚੱਲਣ ਬੰਦੇ, ਉਹ ਚੰਗਾ ਵਕਤ ਗੁਜਾਰਨ,
ਇਸ ਦੁਨੀਆਂ 'ਚ ਬਤਾ ਜਾਂਦੇ ਨੇ, ਉਹ ਅਪਣਾ ਜੀਵਨ ਸੋਹਣਾ।
ਚਾਰ ਦਿਨਾਂ ਦਾ ਜੀਵਨ ਸਿੱਧੂ, ਫੁੱਲਾਂ ਦੇ ਵਾਂਗ ਗੁਜਾਰੋ,
ਇਹ ਮਿੱਟੀ ਹੈ ਇਸ ਮਿੱਟੀ ਨੇ, ਇਕ ਦਿਨ ਮਿੱਟੀ ਹੈ ਹੋਣਾ।