ਗਿਰਗਿਟ ਵਾਂਗੂੰ ਰੰਗ ਬਦਲਦਾ,ਵੇਖੋ ਅੱਜਕਲ੍ਹ ਬੰਦਾ।
ਡਰਦਾ ਨਹੀਂ ਕਿਸੇ ਤੋਂ ਫੇਰੇ,ਅਪਣਿਆਂ ਤੇ ਰੰਦਾ।
ਮਾਇਆ ਦਾ ਵਪਾਰੀ ਬਣਿਆ,ਰਹਿੰਦਾ ਹੈ ਹਰ ਵੇਲੇ,
ਕੋਹਾਂ ਦੂਰ ਸਚਾਈ ਤੋਂ,ਚੁੱਕਿਆ ਝੂਠਾਂ ਦਾ ਪੁਲੰਦਾ।
ਮੇਲਾ ਵੇਖਣ ਜਿਸ ਨੇ ਘੱਲਿਆ,ਯਾਦ ਨਾ ਓਹਨੂੰ ਕਰਦਾ,
ਨਿਧੜਕ ਹੋ ਕੇ ਕਰ ਰਿਹਾ ਹੈ,ਕੰਮ ਗੰਦੇ ਤੋਂ ਗੰਦਾ।
ਸ਼ਰਮ ਦੀ ਲੋਈ ਲਾਹ ਕੇ ਰੱਖਤੀ,ਰੱਬ ਚੇਤੇ ਨਾ ਇਸਨੂੰ,
ਹਰ ਵੇਲੇ ਹੀ ਭਰਦਾ ਰਹਿੰਦਾ,ਕਾਲ ਵੈਰੀ ਦਾ ਚੰਦਾ।
ਦੱਦਾਹੂਰੀਆ ਆਖੇ ਬੰਦੇ,ਲੈ ਭਰੋਸੇ ਵਿੱਚ ਉਸਨੂੰ,
ਨਹੀਂ ਤਾਂ ਵੇਖੀਂ ਛੇਤੀ ਪੈਜੂ,ਗਲ ਵਿੱਚ ਮੌਤ ਦਾ ਫ੍ਹੰਦਾ।