ਗੁੜ ਦੀ ਪੇਸੀ (ਪਿਛਲ ਝਾਤ )

ਜਰਨੈਲ ਸਿੰਘ ਸੇਖਾ    

Email: Jarnailsinghsekha34@gmail.com
Phone: +1 778 246 1087
Address: 7242 130 A Street
Surrey British Columbia Canada V3W 6E9
ਜਰਨੈਲ ਸਿੰਘ ਸੇਖਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸੰਨ 2019 ਦੀਆਂ ਸਰਦੀਆਂ ਵਿਚ ਮੈਂ ਇੰਡੀਆ ਗਿਆ ਤਾਂ ਇਕ ਦਿਨ ਜਲੰਧਰ ਜਾਣ ਦਾ ਸਬੱਬ ਬਣ ਗਿਆ। ਜਦੋਂ ਅਸੀਂ ਮਲਸੀਹਾਂ ਲੰਘ ਗਏ ਤਾਂ ਅੱਗੇ ਕਿਸੇ ਕਾਰਨ ਟਰੈਫਕ ਬੜੀ ਧੀਮੀ ਗਤੀ ਵਿਚ ਚੱਲ ਰਿਹਾ ਸੀ। ਸਾਡੀ ਕਾਰ ਅੱਗੇ ਗੰਨਿਆਂ ਨਾਲ ਭਰੀਆਂ ਟਰਾਲੀਆਂ ਜਾ ਰਹੀਆਂ ਸਨ। ਸਾਡਾ ਡਰਾਈਵਰ ਟਰਾਲੀਆਂ ਤੋਂ ਅਗਾਂਹ ਲੰਘਣ ਲਈ ਬੜੀ ਕੋਸ਼ਿਸ਼ ਕਰ ਰਿਹਾ ਸੀ ਪਰ ਉਸ ਨੂੰ ਕਿਸੇ ਪਾਸਿਉਂ ਕੋਈ ਰਾਹ ਨਹੀਂ ਸੀ ਮਿਲ ਰਿਹਾ। ਇਕ ਥਾਂ ‘ਤੇ ਆ ਕੇ ਟਰੈਫਕ ਰੁਕ ਗਿਆ। ਇਸ ਲਈ ਸਾਨੂੰ ਵੀ ਰੁਕਣਾ ਪੈ ਗਿਆ। ਇੰਨੇ ਚਿਰ ਨੂੰ ਮੈਂ ਕੀ ਦੇਖਦਾ ਹਾਂ ਕਿ ਇਕ ਪਾਸਿਉਂ ਨਿੱਕੇ ਨਿੱਕੇ ਜੁਆਕ ਸੜਕ ‘ਤੇ ਆਉਂਦੇ ਹਨ। ਅੱਖਾਂ ਰਾਹੀਂ ਹੀ ਇਕ ਦੂਜੇ ਨਾਲ ਕੋਈ ਸਲਾਹ ਮਸਵਰਾ ਕਰਦੇ ਹਨ ਅਤੇ ਫਿਰ ਇਕ ਦਮ ਟਰਾਲੀਆਂ ਵਲ ਨੂੰ ਭਜਦੇ ਹਨ। ਟਰੈਕਟਰ ਉਪਰ ਬੈਠੇ ਬੰਦਿਆਂ ਦੇ ਸੰਭਲਣ ਤੋਂ ਪਹਿਲਾਂ ਹੀ ਇਕ ਇਕ ਗੰਨਾ ਖਿੱਚ ਕੇ ਦੌੜ ਜਾਂਦੇ ਹਨ। ਟਰਾਲੀਆਂ ਵਾਲਿਆਂ ਨੂੰ ਪਤਾ ਹੀ ਨਹੀਂ ਲਗਦਾ ਕਿ ਉਹ ਕਿਧਰ ਛੁਪਨ-ਛੋਤ ਗਏ! ਜਦੋਂ ਮੈਂ ਉਹਨਾਂ ਬੱਚਿਆਂ ਨੂੰ ਅਜੇਹੀ ਸ਼ਰਾਰਤ ਕਰਦਿਆਂ ਦੇਖਿਆ ਤਾਂ ਮੈਨੂੰ ਵੀ ਮੇਰੀ ਸੋਚ ਅਤੀਤ ਵਿਚ ਲੈ ਗਈ।  

    ਕਿਉਂਕਿ ਮੇਰਾ ਜਨਮ ਸੰਨ ਸੰਤਾਲੀ ਤੋਂ ਇਕ ਦਹਾਕਾ ਪਹਿਲਾਂ ਦਾ ਹੈ। ਉਸ ਸਮੇਂ ਬਹੁਤੀ ਜ਼ਮੀਨ ਗ਼ੈਰ ਅਬਾਦ ਹੀ ਪਈ ਹੁੰਦੀ ਸੀ। ਟਿੱਬੇ, ਟਿੱਬੀਆਂ, ਧੋੜੇ, ਤੇ ਉਹਨਾਂ ਉਪਰ ਮਲ੍ਹੇ, ਝਾੜੀਆਂ। ਕਿਤੇ ਕਿਤੇ ਵੱਡੀਆਂ ਵੱਡੀਆਂ ਪਾਣੀ ਦੀ ਢਾਬਾਂ ਤੇ ਉਹਨਾਂ ਦੁਆਲੇ ਦਰਖਤਾਂ ਦੇ ਝੁੰਡ, ਝਿੜੀਆਂ ਤੇ ਜੰਗਲ ਹੁੰਦੇ ਸਨ। ਖੇਤੀ ਯੋਗ ਜ਼ਮੀਨ ਬਹੁਤ ਘੱਟ ਸੀ। ਸੰਚਾਈ ਦੇ ਸਾਧਨ ਤਿੰਨ ਹੀ ਸਨ; ਨਹਿਰੀ, ਚਾਹੀ (ਟਿੰਡਾਂ ਵਾਲੇ ਖੂਹ) ਤੇ ਮੀਂਹ। ਨਹਿਰੀ ਪਾਣੀ ਰਾਹੀਂ ਬਹੁਤ ਥੋੜੇ ਰਕਬੇ ਵਿਚ ਸੰਚਾਈ ਹੁੰਦੀ ਸੀ। ਖੂਹ ਤਾਂ ਟਾਵੇਂ ਟਾਵੇਂ, ਕਿਸੇ ਵੱਡੇ ਜ਼ਿੰਮੀਦਾਰ ਦੀ ਜ਼ਮੀਨ ਵਿਚ ਹੁੰਦੇ ਸਨ, ਬਹੁਤੀ ਜ਼ਮੀਨ ਮਾਰੂ ਹੀ ਹੁੰਦੀ ਸੀ ਜਿਸ ਵਿਚ ਬੀਜੀ ਫਸਲ ਮੀਂਹ ਦੇ ਆਸਰੇ ਹੁੰਦੀ। ਜੇ ਮੀਂਹ ਪੈ ਗਏ, ਭਰਵੀਂ ਫਸਲ ਹੋ ਜਾਂਦੀ। ਜੇ ਲੰਮੀ ਔੜ ਲੱਗ ਜਾਂਦੀ ਤਾਂ ਖੇਤ ਖਾਲੀ ਰਹਿ ਜਾਂਦੇ। 

   ਫਸਲੀ ਚੱਕਰ ਦੋ ਹੀ ਸਨ, ਹਾੜੀ ਤੇ ਸੌਣੀ। ਕਿਸਾਨ ਹਾੜੀ ਦੀਆਂ ਫਸਲਾਂ ਆਮ ਕਰਕੇ ਕਣਕ, ਜੌਂ, ਛੋਲੇ. ਸਰ੍ਹੋਂ, ਤਾਰਾਮੀਰਾ, ਮਸਰ, ਅਲਸੀ ਆਦਿ ਬੀਜਦੇ ਅਤੇ ਸੌਣੀ ਦੀ ਫਸਲ ਵਿਚ ਆਮ ਤੌਰ ‘ਤੇ ਮਾਂਹ, ਮੋਠ, ਮੂੰਗੀ, ਤਿਲ਼ ਬਾਜਰਾ, ਮੱਕੀ, ਗਵਾਰਾ, ਜਵਾਰ, ਕਪਾਹ, ਨਰਮਾ ਬੀਜਦੇ ਸਨ।  ਸਬਜੀਆਂ ਤਾਂ ਖਾਸ ਖਾਸ ਫਸਲਾਂ ਵਿਚ ਹੀ ਬੀਜ ਦਿੱਤੀਆਂ ਜਾਂਦੀਆਂ ਸਨ। ਅਰਹਰ ਜਾਂ ਤਿਲਾਂ ਦਾ ਇਕ ਓਰਾ ਕਪਾਹ ਦੀ ਫਸਲ ਦੇ ਆਲੇ ਦੁਆਲੇ ਬੀਜ ਦਿੱਤਾ ਜਾਂਦਾ ਸੀ। ਚਾਹੀ ਤੇ ਨਹਿਰੀ ਜ਼ਮੀਨਾਂ ਵਿਚ ਹਾੜੀ ਸੌਣੀ ਦੀਆਂ ਦੋ ਫਸਲਾਂ ਵੀ ਬੀਜਦੇ ਸਨ ਪਰ ਬਹੁਤੀ ਜ਼ਮੀਨ ਵਿਚ ਇਕੋ ਫਸਲ ਬੀਜਦੇ। ਸਾਲ ਵਿਚ ਇਕੋ ਫਸਲ ਲੈਣ ਵਾਲੀ ਜ਼ਮੀਨ ਨੂੰ ਸਾਨਮੀ ਕਹਿੰਦੇ ਸਨ। ਖਾਧ ਖੁਰਾਕ ਵਾਲੀ ਹਰ ਵੰਨਗੀ ਬੀਜੀ ਜਾਂਦੀ ਸੀ, ਜਿਸ ਨਾਲ ਘਰੇਲੂ ਲੋੜਾਂ ਪਿੰਡ ਵਿਚ ਹੀ ਪੂਰੀਆਂ ਹੋ ਜਾਂਦੀਆਂ ਸਨ। ਸਾਡਾ ਬਾਬਾ ਕਹਿੰਦਾ ਹੁੰਦਾ ਸੀ, “ਆਹ ਇਕ ਨੂਣ ਐ, ਜਿਹੜਾ ਮ੍ਹਾਜਨਾਂ ਦੇ ਮਥਾਜ ਬਣਾਉਂਦੈ। ਜੇ ਕਿਤੇ ਇਹ ਵੀ ਖੇਤਾਂ ਵਿਚ ਬੀਜਿਆ ਜਾਂਦਾ ਤਾਂ ਫੇਰ ਪਿੰਡਾਂ ਵਾਲੇ ਕ੍ਹੀਦੇ ਲੈਣਦੇ ਸੀ!”

    ਇਹ ਫਸਲੀ ਚੱਕਰ ਟੁੱਟਿਆ ਮੁਰੱਬਾ-ਬੰਦੀ ਹੋ ਜਾਣ ਮਗਰੋਂ, ਹਰੀ ਕਰਾਂਤੀ ਆਉਣ ਨਾਲ। ਨਵੇਂ ਬੀਜ, ਬਣਾਉਟੀ ਖਾਦਾਂ ਤੇ ਖੇਤੀ ਬਾੜੀ ਨਾਲ ਸਬੰਧਤ ਮਸ਼ੀਨਰੀ ਆਉਣ ਨਾਲ ਜ਼ਮੀਨਾਂ ਦੀ ਕਦਰ ਵਧ ਗਈ, ਜਿਸ ਕਾਰਨ ਕਿਸਾਨਾਂ ਨੇ, ਜੰਗਲ ਬੇਲੇ, ਝਿੜੀਆਂ, ਝੰਗੀਆਂ ਵਿਚਲੇ ਦਰਖਤਾਂ ਦਾ ਅੰਨ੍ਹੇ-ਵਾਹ ਸਫਾਇਆ ਕਰ ਦਿੱਤਾ ਅਤੇ ਧੋੜੇ, ਟਿੱਬੇ ਕਰਾਹ ਕੇ ਜ਼ਮੀਨਾਂ ਪੱਧਰੀਆਂ ਕਰ ਲਈਆਂ। ਸਾਰੀ ਜ਼ਮੀਨ ਵਾਹੀ ਯੋਗ ਬਣਾ ਲਈ। ਬੋਰਾਂ ਰਾਹੀਂ ਧਰਤੀ ਹੇਠਲੇ ਪਾਣੀ ਦੀ ਵਰਤੋਂ ਕਾਰਨ ਫਸਲਾਂ ਦੀ ਸੰਜਾਈ ਬਹੁਤਾਤ ਵਿਚ ਹੋਣ ਲੱਗੀ। ਚਰਾਂਦਾਂ ਬਹੁਤ ਹੀ ਘੱਟ ਰਹਿ ਗਈਆਂ।  ਕਿਸਾਨਾਂ ਦੇ ਰਹਿਣ ਸਹਿਣ ਦੇ ਢੰਗ ਵੀ ਬਦਲ ਗਏ।  ਕਿਸਾਨਾਂ ਵਲੋਂ ਹੱਥੀਂ ਕੰਮ ਕਰਨਾ ਛੱਡ ਦਿੱਤਾ ਅਤੇ ਖੇਤੀ ਖੇਤ ਕਾਮਿਆਂ ਦੇ ਸਿਰ ‘ਤੇ ਰਹਿ ਗਈ। ਕਿਸਾਨਾਂ ਦੇ ਕਣਕ, ਝੋਨੇ ਦੇ ਫਸਲੀ ਚੱਕਰ ਵਿਚ ਪੈ ਜਾਣ ਕਾਰਨ ਹੋਰ ਫਸਲਾਂ ਬੀਜਣ ਦਾ ਰੁਝਾਨ ਬਹੁਤ ਘਟ ਗਿਆ। ਸਾਡੇ ਬਾਬੇ ਵਲੋਂ ਕਹੀ ‘ਨੂਣ ਵਾਲੀ ਗੱਲ ਕਾਰਗਰ ਨਾ ਰਹੀ। 

    ਗੱਲ ਤਾਂ ਤੁਰੀ ਸੀ ਬੱਚਿਆਂ ਦੇ ਟਰਾਲੀਆਂ ਵਿਚੋਂ ਗੰਨੇ ਖਿੱਚਣ ਨੂੰ ਲੈ ਕੇ ਆਪਣੇ ਬਚਪਨ ਦੇ ਯਾਦ ਆਉਣ ਦੀ, ਉਸ ਨੂੰ ਛੱਡ ਕੇ ਹੋਰ ਹੀ ਫਸਲਾਂ ਦੇ ਚੱਕਰ ਵਿਚ ਪੈ ਗਏ। ਆਓ ਅਤੀਤ ਦੀ ਗੱਲ ਕਰੀਏ।  ਦੂਜੀ ਸੰਸਾਰ ਜੰਗ ਲੱਗੀ ਹੋਈ ਸੀ। ਮੈਂ ਉਦੋਂ ਤੀਜੀ, ਚੌਥੀ ਜਮਾਤ ਵਿਚ ਪੜ੍ਹਦਾ ਹੋਵਾਂਗਾ। ਮਹਿੰਗਾਈ ਵਧ ਰਹੀ ਸੀ, ਚੀਜਾਂ ਦੀ ਬਹੁਤ ਥੁੜੋਂ ਹੋ ਗਈ ਸੀ। ਖੰਡ, ਕਪੜਾ, ਮਿੱਟੀ ਦਾ ਤੇਲ ਤੇ ਪੱ1ਥਰ ਦਾ ਕੋਲਾ ਆਦਿ ਉਪਰ ਕੰਟਰੋਲ ਕਰ ਦਿੱਤਾ ਸੀ। ਇਹ ਸਾਰੀਆਂ ਚੀਜਾਂ ਸੀਮਤ ਮਾਤਰਾ ਵਿਚ ਰਾਸ਼ਨ ਕਾਰਡਾਂ ਉਪਰ ਮਿਲਣ ਲੱਗੀਆਂ ਸਨ, ਪਰ ਕਿਸਾਨਾਂ ਉਪਰ ਇਸ ਦਾ ਕੋਈ ਅਸਰ ਨਹੀਂ ਸੀ ਪਿਆ ਕਿਉਂਕਿ ਉਹਨਾਂ ਨੇ ਅਪਣਾ ਖੇਤੀ ਬਾੜੀ ਦਾ ਢੰਗ ਨਹੀਂ ਸੀ ਬਦਲਿਆ। ਉਹ ਸਵੈ-ਨਿਰਭਰ ਸਨ, ਉਹ ਆਪਣੀਆਂ ਲੋੜਾਂ ਪਿੰਡਾਂ ਵਿਚੋਂ ਹੀ ਪੂਰੀਆਂ ਕਰ ਲਿਆ ਕਰਦੇ ਸਨ। ਗੁੜ, ਸ਼ੱਕਰ, ਰਾਬ ਖੰਡ (ਦੇਸੀ ਖੰਡ) ਤਾਂ ਉਹਨਾਂ ਦੀ ਮੁੱਖ ਲੋੜ ਸੀ।

    ਹਰ ਕਿਸਾਨ ਆਪਣੀ ਲੋੜ ਨੂੰ ਮੁਖ ਰਖਦਿਆਂ ਕਨਾਲ, ਦੋ ਕਨਾਲ ਜਾਂ ਘੁਮਾਂ ਦੋ ਘੁਮਾਂ ਕਮਾਦ ਜ਼ਰੂਰ ਬੀਜਦਾ ਸੀ। ਸਿਆਲਾਂ ਵਿਚ ਕਣਕ ਦੀ ਗੁਡਾਈ ਤੋਂ ਬਿਨਾਂ ਕਿਸਾਨ ਨੂੰ ਹੋਰ ਕੋਈ ਕੰਮ ਨਹੀਂ ਸੀ ਹੁੰਦਾ। ਅੱਧ ਪੁਹ ਤੋਂ ਫੱਗਣ ਤਕ ਕਮਾਦ ਦੀ ਛਿਲਾਈ, ਪਿੜਾਈ ਦਾ ਵੱਡਾ ਕੰਮ ਹੀ ਹੁੰਦਾ ਸੀ। ਛਿੱਲੇ ਹੋਏ ਕਮਾਦ ਦੇ ਗੰਨੇ ਕਿਸਾਨ ਗੱਡਿਆਂ ਉਪਰ ਲੱਦ ਕੇ ਘੁਲਾੜੀਆਂ ‘ਤੇ ਲੈ ਜਾਂਦੇ ਸੀ। ਜਦੋਂ ਕਿਸੇ ਕਿਸਾਨ ਦਾ ਗੰਨਿਆਂ ਨਾਲ ਲੱਦਿਆ ਗੱਡਾ ਸਾਡੇ ਖੇਡਦਿਆਂ ਦੀ ਨਜ਼ਰ ਪੈ ਜਾਣਾ ਤਾਂ ਅਸੀਂ ਗੱਡੇ ਦੇ ਪੱਟ ਉਪਰ ਬੈਠੇ ਪਾਟੀ ਤੋਂ ਅੱਖ ਬਚਾ ਕੇ ਗੱਡਿਆਂ ਵਿਚੋਂ ਗੰਨੇ ਖਿੱਚ ਕੇ ਭੱਜ ਜਾਂਦੇ ਸੀ। ਉਹ ਝੂਠੀ ਮੂਠੀ ਸਾਨੂੰ ਝਿੜਕਦੇ ਸਨ, ਪਰ ਜੇ ਕਿਸੇ ਛੋਟੇ ਜੁਆਕ ਤੋਂ ਗੰਨਾ ਨਾ ਖਿੱਚਿਆ ਜਾਂਦਾ ਤੇ ਕਿਸਾਨ ਨੂੰ ਕੋ ਆਇਆ ਦੇਖ ਕੇ ਉਹ ਰੋਣ ਲੱਗ ਜਾਂਦਾ ਤਾਂ ਉਹ ਉਸ ਬੱਚੇ ਨੂੰ ਆਪਣੇ ਗੱਡੇ ਵਿਚੋਂ ਆਪ ਗੰਨਾ ਕੱਢ ਕੇ ਦੇ ਦਿੰਦਾ। ਸਾਨੂੰ ਇਹ ਵੀ ਪਤਾ ਹੁੰਦਾ ਸੀ ਕਿ ਕਿਹੜਾ ਬੰਦਾ ਬਹੁਤਾ ਚੀਪੜ ਹੈ! ਉਸ ਨੇ ਸਾਡੇ ਨਾਲ ਕੋਈ ਲਿਹਾਜ ਨਹੀਂ ਕਰਨੀ, ਅਸੀਂ ਅਜੇਹੇ ਬੰਦੇ ਦੇ ਕਮਾਦ ਕੋਲ ਦੀ ਵੀ ਨਹੀਂ ਸੀ ਲੰਘਦੇ। ਉਹਦੇ ਗੱਡੇ ਵਿਚੋਂ ਗੰਨੇ ਤਾਂ ਕੀ ਖਿੱਚਣੇ ਸਨ।       

   ਸਾਡੇ ਪ੍ਰਾਇਮਰੀ ਸਕੂਲ ਦੇ ਨੇੜੇ ਹੀ ਇਕ ਘੁਲਾੜੀ (ਗੰਨੇ ਪੀੜਨ ਵਾਲਾ ਵੇਲਣਾ) ਸਿਆਲੋ ਸਿਆਲ ਚਲਦੀ ਰਹਿੰਦੀ ਸੀ। ਜਦੋਂ ਸਾਡੇ ਅਗਵਾੜ ਦੇ ਕਿਸੇ ਬੰਦੇ ਦੀ ਗੰਨੇ ਪੀੜਨ ਦੀ ਵਾਰੀ ਹੋਣੀ ਤਾਂ ਅਸੀਂ ਸਕੂਲੋਂ ਛੁੱਟੀ ਮਿਲਣ ਮਗਰੋਂ ਘੁਲਾੜੀ, ‘ਤੇ ਚਲੇ ਜਾਣਾ। ਕਹਿਣਾ, “ਬਾਬਾ, ਰਹੁ ਪੀਣਾ। ਤਾਇਆ ਚਾਂਡੀ (ਗੰਡ ਦੇ ਕੋਨਿਆਂ ਵਿਚ ਲੱਗਿਆ ਅਣਘੋਟਿਆ ਗੁੜ, ਜਿਹੜਾ ਚੀੜ੍ਹਾ ਜਿਹਾ, ਚੂਇੰਗ-ਗ਼ਮ ਵਰਗਾ ਸੁਆਦੀ ਹੁੰਦਾ ਸੀ) ਖਾਣੀ ਐ। ਸ਼ਾਇਦ ਬਹੁਤਿਆਂ ਨੂੰ ਗੁੜ ਬਣਾਉਣ ਦੇ ਢੰਗ ਤ੍ਰੀਕੇ ਦਾ ਪਤਾ ਨਾ ਹੋਵੇ, ਉਸ ਬਾਰੇ ਦੱਸ ਦੇਣਾ ਬਣਦਾ ਹੈ। ਗੁੜ ਪਕਾਉਣ ਲਈ ਇਕ ਭੱਠੀ ਬਣਾਈ ਜਾਂਦੀ ਸੀ, ਜਿਸ ਨੂੰ ਚੁੱਬਾ ਕਹਿੰਦੇ ਸਨ। ਉਸ ਉਪਰ ਦੋ ਲੋਹੇ ਦੇ ਕੜਾਹੇ ਟਿਕਾਏ ਜਾਂਦੇ ਸਨ। ਘੁਲਾੜੀ ਰਾਹੀਂ ਪੀੜ ਕੇ ਆਇਆ ਗੰਨੇ ਦਾ ਰਸ, ਜਿਸ ਨੂੰ ਰਹੁ ਕਹਿੰਦੇ ਸਨ, ਕੜਾਹਿਆਂ ਵਿਚ ਪਾ ਦਿੱਤਾ ਜਾਂਦਾ। ਕੜਾਹਿਆਂ ਥੱਲੇ ਲਗਤਾਰ ਅੱਗ ਬਾਲੀ ਜਾਂਦੀ। ਇਕ ਬੰਦਾ ਲਗਾਤਾਰ ਚੁੱਬੇ ਹੇਠ ਬਾਲਣ ਸੁੱਟੀ ਜਾਂਦਾ, ਜਿਸ ਨੂੰ ਝੋਕਾ ਦੇਣਾ ਕਿਹਾ ਜਾਂਦਾ ਸੀ। ਪਹਿਲਾ ਕੜਾਹਾ ਛੇਤੀ ਉਬਾਲੇ ਵਿਚ ਆ ਜਾਂਦਾ। ਉਸ ਉਤੋਂ ਬਾਰ ਬਾਰ ਮੈਲ਼ ਲਾਹੀ ਜਾਂਦੀ। ਜਦੋਂ ਰਹੁ ਬਹੁਤ ਸੰਘਣਾ ਹੋ ਜਾਂਦਾ ਤਾਂ ਗੁੜ ਦਾ ਪਕਾਵਾ, ‘ਗੁੜਵਈ’, ਉਸ ਵਿਚ ਲੱਕੜ ਦਾ ਕੜਛਾ ਜਿਹਾ ਘੁਮਾਉਣ ਲੱਗ ਜਾਂਦਾ। ਉਸ ਨੂੰ ਘਵਾਂ ਫੇਰਨਾ ਕਹਿੰਦੇ ਸਨ। ਕੜਾਹੇ ਵਿਚ ਬਣ ਰਿਹਾ ਗੁੜ ‘ਪਤ’ ਅਖਵਾਉਂਦਾ ਸੀ।  ਜਦੋਂ ਗੁੜਵਈ ਨੂੰ ਪਤਾ ਲੱਗ ਜਾਂਦਾ ਕਿ ਹੁਣ ਪਤ ਬਿਲਕੁਲ ਤਿਆਰ ਹੈ ਤਾਂ ਕੜਾਹੇ ਵਿਚਲੀ ਪਤ ਡੋਰ੍ਹੈ ਰਾਹੀਂ ਇਕ ਚੌਰਸ ਗੰਡ ਵਿਚ ਉਲੱਦ ਦਿੱਤੀ ਜਾਂਦੀ ਅਤੇ ਖਾਲੀ ਹੋਏ ਕੜਾਹੇ ਵਿਚ ਦੂਜੇ ਕੜਾਹੇ ਵਿਚਲਾ ਗਰਮ ਹੋਇਆ ਰਹੁ ਪਾ ਦਿੱਤਾ ਜਾਂਦਾ ਤੇ ਦੂਜੇ ਕੜਾਹੇ ਵਿਚ ਸੱਜਰਾ ਰਹੁ ਪਾ ਦਿੱਤਾ ਜਾਂਦਾ। ਇਹ ਸਿਸਿਲਾ ਨਿਰੰਤਰ ਚਲਦਾ ਰਹਿੰਦਾ। ਗੰਡ ਵਾਲੀ ਪਤ ਜਦੋਂ ਕੁਝ ਆਠਰ ਜਾਂਦੀ ਤਾਂ ਉਸ ਨੂੰ ਚੰਡਗੀ, (ਲੱਕੜ ਦਾ ਖੁਰਚਣਾ ਜਿਹਾ) ਨਾਲ ਹਿਲਾਇਆ ਤੇ ਚੰਡਿਆ ਜਾਂਦਾ ਜਿਸ ਨਾਲ ਵਧਿਆ ਰੰਗ ਦਾ ਗੁੜ ਬਣ ਜਾਂਦਾ। ਉਸ ਤੋਂ ਮਗਰੋਂ ਉਸ ਗੁੜ ਦੀਆਂ ਪੇਸੀਆਂ ਜਾਂ ਭੇਲੀਆ ਬਣਾ ਕੇ ਘਰ ਦੀਆਂ ਭੜੋਲੀਆਂ ਜਾਂ ਕਿਸੇ ਰਾਖਵੀਂ ਥਾਂ ‘ਤੇ ਸੰਭਾਲ ਲਈਆਂ ਜਾਂਦੀਆਂ। ਸ਼ੱਕਰ ਬਣਾਉਣ ਲਈ ਪਤ ਦਾ ਵਤ ਵਖਰਾ ਹੁੰਦਾ ਤੇ ਉਸ ਦੀ ਘੂਟਾਈ ਵੀ ਵੱਧ ਹੁੰਦੀ ਸੀ। ਗੰਡ ਦੇ ਖੂੰਜਿਆਂ ਵਿਚ ਕੁਝ ਗੁੜ ਆਪਣੀ ਮੁਢਲੀ ਹਾਲਤ ਵੀ ਹੀ ਰਹਿ ਜਾਂਦਾ ਸੀ। ਉਹ ਚਿਊ-ਗੰਮ ਵਾਂਗ ਚੀੜ੍ਹਾ ਤੇ ਬੜਾ ਸੁਆਦੀ ਹੁੰਦਾ ਸੀ। ਅਸੀਂ ਉਸ ਨੂੰ ਬੜੇ ਚਾਅ ਨਾਲ ਖਾਂਦੇ ਸੀ।

   ਜਦੋਂ ਅਸੀਂ ਘੁਲਾੜੀ ‘ਤੇ ਜਾ ਕੇ ਰਹੁ ਪੀਣ ਜਾਂ ਚੀੜ੍ਹਾ ਜਿਹਾ ਗੁੜ ਖਾਣ ਲਈ ਜਾਣਾ। ਜੇ ਘਰਾਂ ‘ਚੋਂ ਬਾਬੇ ਦੀ ਥਾਂ ਲਗਦਾ ਬੰਦਾ ਹੋਣਾ, ਅਸੀਂ ਕਹਿਣਾ, “ਬਾਬਾ, ਰਹੁ ਪੀਣੈ ਜਾਂ ਗੰਡ ਦੇ ਕੋਨਿਆਂ ਵਾਲਾ ਗੁੜ ਖਾਣੈ।” ਅੱਗੋਂ ਬਾਬੇ ਦਾ ਜਵਾਬ ਹੁੰਦਾ, “ਜੋ ਮਰਜੀ ਖਾ, ਪੀ, ਪੋਤਰਿਆ। ਅਸੀਂ ਓਥੋਂ ਹੀ ਕੋਈ ਭਾਂਡਾ ਚੁੱਕ ਕੇ ਪਹਿਲਾਂ ਰਹੁ ਪੀ ਲੈਣਾ, ਫੇਰ  ਰੰਬੀ ਜਿਹੀ ਨਾਲ ਗੰਡ ਦੀਆਂ ਨੁੱਕਰਾਂ ਖੁਰਚ ਕੇ ਚੀੜ੍ਹੇ ਗੁੜ ਦੀ ਪੇਸੀ ਬਣਾ ਲੈਣੀ। ਜਦੋਂ ਓਥੋਂ ਮੁੜਨਾ ਤਾਂ ਪਿੱਛੋਂ ਬਾਬੇ ਦੀ ਅਵਾਜ਼ ਆਉਣੀ, “ਹੁਣ ਆਵਦੀ ਦਾਦੀ ਨੂੰ ਘਲਾੜੀ ‘ਤੇ ਘੱਲ ਦੇਵੀਂ, ਉਹਨੂੰ ਵੀ ਰਜਾ ਕੇ ਘੱਲਾਂਗੇ।” ਅੱਗੋਂ ਜੁਆਕਾਂ ਨੇ ਹੱਸ ਛੱਡਣਾ। ਮੈਨੂੰ ਇਹ ਫਿਕਰਾ ਘੱਟ ਹੀ ਸੁਣਨ ਨੂੰ ਮਿਲਦਾ ਸੀ ਕਿਉਂਕਿ ਮੇਰੀ ਦਾਦੀ ਮੇਰੇ ਜਨਮ ਤੋਂ ਵੀ ਪਹਿਲਾਂ ਦੀ ਮਰੀ ਹੋਈ ਸੀ। ਇਕ ਵਾਰ ਇਕ ਬਾਬੇ ਨੇ ਇਹ ਫਿਕਰਾ ਮੇਰੇ ਲਈ ਵੀ ਬੋਲਿਆ ਤਾਂ ਮੈਂ ਕਹਿ ਦਿੱਤਾ, “ਬਾਬਾ, ਉਹ ਤਾਂ ਤੈਨੂੰ ਸਿਵਿਆਂ ‘ਚ ਉਡੀਕੀ ਜਾਂਦੀ ਐ।” ਫੇਰ ਉਸ ਹਸਦੇ ਹੋਏ ਨੇ ਮੈਨੂੰ ਦਾਦੀ ਦੀ ਗਾਲ੍ਹ ਕੱਢ ਕੇ ਸਬਰ ਕਰ ਲਿਆ। ਮੇਰੇ ਬਾਪ ਦਾ ਹਾਣੀ ਇਕ ਬੰਦਾ ਬੜਾ ਮਖੌਲੀਆ ਹੁੰਦਾ ਸੀ। ਜਦੋਂ ਉਸ ਨੂੰ ਤਾਇਆ ਕਹਿ ਕੇ ਕੁਝ ਮੰਗਣਾ ਤਾਂ ਉਸ ਨੇ ਕਹਿਣਾ ,” ਪਹਿਲਾਂ ਚਾਚਾ ਕਹਿ।” ਚਾਚਾ ਕਹਿਣ ‘ਤੇ ਉਸ ਬਾਗੋ ਬਾਗ ਹੋ ਜਾਣਾ। ਇਕ ਵਾਰ ਘੁਲਾੜੀ ‘ਤੇ ਜਾ ਕੇ ਮੈਂ ਉਸ ਨੂੰ ਕਿਹਾ, “ਤਾਇਆ, ਇਕ ਗੰਨਾ ਲੈ ਲਾਂ!” ਉਹ ਬੋਲਿਆ, “ਮੈਂ ਤੇਰਾ ਚਾਚਾ ਲਗਦਾਂ, ਪਹਿਲਾਂ ਚਾਚਾ ਕਹਿ, ਫੇਰ ਭਾਵੇਂ ਗੁੜ ਦੀ ਪੇਸੀ ਵੀ ਲੈ ਲੀਂ’।” 

“ਚਾਚਾ, ਮੈਂ ਗੰਨਾ ਲੈ ਲਾਂ’!” 

“ਲੈ ਲਾ ਭਤੀਜ।” ਉਸ ਨੇ ਹੁੱਬ ਕੇ ਕਿਹਾ। ਮੈਂ ਢੇਰ ਵਿਚੋਂ ਛਾਂਟ ਕੇ ਇਕ ਵਧੀਆ ਜਿਹਾ ਗੰਨਾ ਚੁੱਕ ਲਿਆ ਤੇ ਥੋੜੀ ਦੂਰ ਜਾ ਕੇ ਕਿਹਾ, “ਤਾਇਆ, ਤਾਇਆ ਵੱਟੇ ਵੱਟ ਭਜਾਇਆ।”  

“ਹੈ, ਤੇਰੀ ਮਾਂ ਦੀ ..!” ਕਹਿ ਕੇ ਉਸ ਮੇਰੇ ਵਲ ਇਕ ਗੰਨਾ ਵਗ੍ਹਾਵਾਂ ਮਾਰਿਆ। ਮੈਂ ਉਹ ਗੰਨਾ ਵੀ ਚੁੱਕ ਕੇ ਭੱਜ ਗਿਆ। 

     ਜਿੱਥੇ ਮੇਰਾ ਬਾਪ ਗੁੜ ਬਣਾ ਰਿਹਾ ਹੁੰਦਾ ਤਾਂ ਮੈਂ ਓਥੇ ਕਦੀ ਨਹੀਂ ਸੀ ਜਾਂਦਾ। ਮੇਰਾ ਬਾਪ ਗੁੜ ਦਾ ਬਹੁਤ ਵਧੀਆ ਪਕਾਵਾ ਸੀ। ਆਮ ਤੌਰ ‘ਤੇ ਸਿਆਲ ਵਿਚ ਬਣਾਇਆ ਗੁੜ ਬਰਸਾਤਾਂ ਵਿਚ ਢਿੱਲਾ ਹੋ ਕੇ ਲੇਟ ਬਣ ਜਾਂਦਾ ਸੀ ਪਰ ਮੇਰੇ ਬਾਪ ਦਾ ਬਣਾਇਆ ਗੁੜ ਬਰਸਾਤਾਂ ਵਿਚ ਵੀ ਉਹੋ ਜਿਹਾ ਹੀ ਰਹਿੰਦਾ ਸੀ ਜਿਹੋ ਜਿਹਾ ਗਰਮੀਆਂ ਵਿਚ।  ਇਸੇ ਕਰਕੇ ਅਗਵਾੜ ਵਿਚੋਂ ਬਹੁਤੇ ਕਿਸਾਨ ਉਸੇ ਨੂੰ ਗੁੜ ਬਣਾਉਣ ਲਈ ਲੈ ਕੇ ਜਾਂਦੇ ਸੀ।  ਪਿੰਡ ਵਿਚੋਂ ਵੀ ਕਈ ਉਸ ਦੇ ਜਾਣੂ ਉਸ ਨੂੰ ਗੁੜ ਬਣਾਉਣ ਲਈ ਲੈ ਜਾਂਦੇ ਸਨ।  ਮੇਰਾ ਬਾਪ ਗੁੜ ਬਣਾਉਣ ਦੀ ਕੋਈ ਮਜ਼ਦੂਰੀ ਨਹੀਂ ਸੀ ਲੈਂਦਾ। ਜਿੱਥੋਂ ਉਹ ਗੁੜ ਬਣਾ ਕੇ ਆਉਂਦਾ ਉਥੋਂ ਉਹ ਘਰ ਵਿਚ ਗੰਨਾ ਜਾਂ ਗੁੜ ਦੀ ਇਕ ਪੇਸੀ ਵੀ ਨਹੀਂ ਸੀ ਲੈ ਕੇ ਆਉਂਦਾ। ਇਥੋਂ ਤਕ ਕਿ ਜਿੱਥੇ ਉਹ ਗੁੜ ਬਣਾ ਰਿਹਾ ਹੁੰਦਾ ਤਾਂ ਸਾਡਾ ਓਥੇ ਜਾਣਾ ਸਖਤ ਮਨ੍ਹਾ ਸੀ। ਇਹ ਗੱਲ ਵੀ ਨਹੀਂ ਸੀ ਕਿ ਉਸ ਦੇ ਕੰਮ ਦਾ ਮੁੱਲ ਨਹੀਂ ਸੀ ਪੈਂਦਾ। ਜਿਨ੍ਹਾਂ ਨੇ ਉਸ ਕੋਲੋਂ ਕੰਮ ਕਰਾਇਆ ਹੁੰਦਾ, ਬਦਲੇ ਵਿਚ ਉਹ ਖੇਤੀ ਦੇ ਕੰਮ ਵਿਚ ਸਾਡਾ ਹੱਥ ਵਟਾ ਦਿੰਦੇ ਸਨ। ਇਕ ਕਿਸਮ ਦਾ ਇਹ ਵੀੜ੍ਹੀ ਵਾਲਾ ਕੰਮ ਹੀ ਹੁੰਦਾ ਸੀ। 

     ਅਸੀਂ ਵੀ ਕਨਾਲ ਦੋ ਕਨਾਲ ਕਮਾਦ ਬੀਜਦੇ ਹੁੰਦੇ ਸੀ। ਜਦੋਂ ਘੁਲਾੜੀ ‘ਤੇ ਗੰਨੇ ਪੀੜਨ ਦੀ ਵਾਰੀ ਆ ਜਾਂਦੀ ਤਾਂ ਸਾਡਾ ਕੰਮ ਬਹੁਤ ਵੱਧ ਜਾਂਦਾ। ਸੀਰੀ ਨੇ ਇਕ ਦਿਨ ਪਹਿਲਾਂ ਹੀ ਖੇਤ ਜਾ ਕੇ ਟੋਕੇ ਨਾਲ ਗੰਨਿਆਂ ਨੂੰ ਜੜਾਂ ਨਾਲੋਂ ਕਟ ਕੇ ਵੱਡੀਆਂ ਵੱਡੀਆਂ ਸਥਰੀਆ ਲਾ ਦੇਣੀਆਂ। ਅਗਲੇ ਦਿਨ ਸਵੇਰੇ ਹੀ ਛਿਲਾਵਿਆਂ ਨੇ ਗੰਨੇ ਛਿੱਲਣ ਚਲੇ ਜਾਣਾ। ਅਸੀਂ ਘਰ ਦਾ ਪਰਿਵਾਰ ਵੀ ਗੰਨੇ ਛਿੱਲਣ ਵਾਲਿਆਂ ਵਿਚ ਹੀ ਹੁੰਦੇ ਸਾਂ। ਗੰਨਿਆਂ ਤੋਂ ਖੋਰੀ ਲਾਹ ਕੇ ਇਕ ਪਾਸੇ ਕਰ ਦੇਣੀ ਤੇ ਉਪਰਲਾ ਹਰਾ ਆਗ ਕੱਟ ਕੇ ਇਕ ਪਾਸੇ ਰੱਖ ਲੈਣਾ। ਆਥਣ ਤਾਈਂ ਛਿਲਾਵੇ ਗੰਨੇ ਛਿੱਲ ਕੇ ਢੇਰੀਆਂ ਲਾ ਦਿੰਦੇ। ਆਗ ਆਪਣੇ ਪਸ਼ੂਆਂ ਦੇ ਚਾਰੇ ਲਈ ਘਰ ਲੈ ਜਾਂਦੇ। ਉਹ ਆਪਣੇ ਨਾਲ ਦੋ ਦੋ, ਚਾਰ ਚਾਰ ਗੰਨੇ ਵੀ ਲੈ ਜਾਂਦੇ। ਗੱਡਿਆਂ ਰਾਹੀਂ ਗੰਨੇ ਘੁਲਾੜੀ ‘ਤੇ ਪਹੁੰਚ ਜਾਂਦੇ।

    ਘੁਲਾੜੀ ‘ਤੇ ਦਿਨ ਰਾਤ ਕੰਮ ਚਲਦਾ ਰਹਿੰਦਾ ਸੀ। ਮੇਰਾ ਕੰਮ ਹੁੰਦਾ ਸੀ ਘੁਲਾੜੀ ਜੁੜੇ ਬਲਦਾਂ ਨੂੰ ਹੱਕਣਾ। ਆਮ ਤੌਰ ‘ਤੇ ਮੈਥੋਂ ਇਹ ਕੰਮ ਦਿਨੇ ਦਿਨੇ ਹੀ ਲਿਆ ਜਾਂਦਾ, ਰਾਤ ਨੂੰ ਮੈਂ ਘਰ ਚਲਿਆ ਜਾਂਦਾ।  

     ਇਕ ਵਾਰ ਜਦੋਂ ਘੁਲਾੜੀ ‘ਤੇ ਕੰਮ ਚੱਲ ਰਿਹਾ ਸੀ ਤਾਂ ਕਣਕ ਨੂੰ ਪਾਣੀ ਲਾਉਣ ਦੀ ਵਾਰੀ ਆ ਗਈ। ਆਥਣ ਵੇਲੇ ਸੀਰੀ ਨੂੰ ਪਿੰਡੋਂ ਦੋ ਕੋਹ ਦੂਰ, ਪਿੰਡ ਮਾੜੀ ਮੁਸਤਫਾ ਦੀ ਹੱਦ ਨਾਲ ਲਗਦੇ ਖੇਤ ਪਾਣੀ ਲਾਉਣ ਜਾਣਾ ਪਿਆ। ਮੇਰੇ ਬਾਪ ਨੇ ਸੀਰੀ ਦੇ ਮੁੜਨ ਤਕ ਚੁੱਬੇ ਵਿਚ ਬਾਲਣ ਝੋਕਣ ਦੀ ਮੇਰੀ ਡਿਉਟੀ ਲਾ ਦਿੱਤੀ। ਸੀਰੀ ਰਾਤ ਦੇ ਗਿਆਰਾਂ ਵਜੇ ਵਾਪਸ ਮੁੜਿਆ, ਜਿਸ ਕਾਰਨ ਉਹ ਰਾਤ ਮੈਨੂੰ ਘੁਲਾੜੀ ‘ਤੇ ਸੌਣਾ ਪਿਆ। ਘੁਲਾੜੀ ‘ਤੇ ਚੁੱਬੇ ਉੱਪਰ ਪਾਏ ਕੱਖਾਂ ਕਾਨਿਆਂ ਦਾ ਛੱਪਰ ਜਿਹੇ ਤੋਂ ਬਿਨਾਂ ਓਥੇ ਹੋਰ ਕੋਈ ਛਤਾਅ ਨਹੀਂ ਸੀ। ਮੇਰੇ ਲਈ ਲੂੰਬੀ ਕੋਲ ਖੋਰੀ ਉਪਰ ਇਕ ਬਲਦਾਂ ਵਾਲਾ ਝੁੱਲ ਵਿਛਾ ਦਿੱਤਾ। ਉਪਰ ਲੈਣ ਲਈ ਮੈਨੂੰ ਟੋਕ ਇਕੱਠੀ ਕਰਨ ਵਾਲਾ ਇਕ ਦੋੜਾ ਦੇ ਦਿੱਤਾ। 

    ਸੌਣ ਤੋਂ ਪਹਿਲਾਂ ਮੈਂ ਆਪਣੇ ਸੀਰੀ ਕਿਹਾ, ‘ਚਾਚਾ, ਸਵੇਰੇ ਮੈਨੂੰ ਪਹੁ ਫੁੱਟਣ ਤੋਂ ਪਹਿਲਾਂ ਜਗਾ ਦੇਵੀਂ, ਮੈਂ ਪਹੁ ਫੁਟਦੀ ਦੇਖਣੀ ਐ।” ਮੈਂ ਘਰ ਵਿਚ ਆਮ ਹੀ ਮਾਂ ਦੇ ਬੋਲ ਸੁਣਦਾ ਸੀ, ‘ਮੈਂ ਤਾਂ ਪਹੁ ਫੁਟਦੀ ਨੂੰ ਪਸੇਰੀ ਕਣਕ ਪੀਹ ਲੈਂਦੀ ਆ’, ‘ਮੈਂ ਪਹੁ ਫੁਟਦੀ ਨੂੰ ਦੁੱਧ ਰਿੜਕ ਕੇ ਪਸ਼ੂਆਂ ਵਾਲਾ ਵਿਹੜਾ ਵੀ ਸੁੰਬਰ ਲੈਨੀ ਆਂ’ ਆਦਿ ਆਦਿ। ਮੈਨੂੰ ਨਹੀਂ ਸੀ ਪਤਾ ਕਿ ਪਹੁ ਕਿਵੇਂ ਫੁਟਦੀ ਹੈ।  ਇਸੇ ਕਰਕੇ ਹੀ ਮੈਂ ਆਪਣੇ ਸੀਰੀ ਨੂੰ ਕਿਹਾ ਸੀ। 

      ਲੂੰਬੀ ਨੇੜਲੇ ਨਿਘਾਸ ਵਿਚ ਅਜੇਹੀ ਨੀਂਦ ਆਈ ਕਿ ਪਤਾ ਹੀ ਨਾ ਲੱਗਾ, ਕਦੋਂ ਦਿਨ ਚੜ੍ਹ ਗਿਆ। ਮੈਨੂੰ ਮੇਰੇ ਬਾਪ ਨੇ ਝੂਣ ਝੂਣ ਕੇ ਜਗਾਇਆ। ਬੜੀ ਦੇਰ ਮੈਨੂੰ ਪਤਾ ਹੀ ਨਾ ਲੱਗਾ ਕਿ ਮੈਂ ਕਿੱਥੇ ਪਿਆ ਹਾਂ। ਜਦੋਂ ਥੋੜਾ ਸੁਰਤ ਸਿਰ ਹੋਇਆ ਤਾਂ ਮੇਰੇ ਬਾਪ ਨੇ ਇਕ ਵੱਡੀ ਸਾਰੀ ਗੁੜ ਦੀ ਪੇਸੀ ਫੜਾਉਂਦਿਆ ਕਿਹਾ, “ਸੁਨੇਹਾ ਆਇਆ ਐ, ਘਰੇ ਚਾਹ ਲਈ ਗੁੜ ਨਹੀਂ ਹੈ। ਅਹਿ ਘਰੇ ਲੈ ਜ੍ਹਾ, ਕਹੀਂ, ‘ਚਾਹ ਬਣਾ ਕੇ ਛੇਤੀ ਘੱਲ ਦੇਣ।” 

   ਮੈਂ ਗੁੜ ਦੀ ਵੱਡੀ ਸਾਰੀ ਪੇਸੀ ਸਾਫੇ ਵਿਚ ਲਪੇਟ ਕੇ ਘਰ ਨੂੰ ਤੁਰ ਪਿਆ। ਅਜੇ ਸਕੂਲ ਦੇ ਕੋਲ ਹੀ ਪਹੁੰਚਿਆ ਸੀ ਕਿ ਸਾਹਮਣਿਉਂ ਆਉਂਦੇ ਸਾਡੇ ਅਧਿਆਪਕ, ਸ. ਇੰਦਰ ਸਿੰਘ ਦਿਸ ਪਏ। ਉਸ ਸਮੇਂ ਮੇਰੇ ਮਨ ਵਿਚ ਫੁਰਨਾ ਜਿਹਾ ਫੁਰਿਆ ਕਿ ਇਹ ਗੁੜ ਦੀ ਪੇਸੀ ਆਪਣੇ ਅਧਿਆਪਕ ਨੂੰ ਦੇ ਦਿਆਂ। ਮੇਰੇ ਨੇੜੇ ਆ ਕੇ ਉਹਨਾਂ ਪੁੱਛ ਲਿਆ, “ਆਹ ਲਪੇਟ ਕੇ ਕੀ ਲਈ ਜਾਨੈ?”

“ਜੀ ਗੁੜ ਦੀ ਪੇਸੀ ਐ, ਘੁਲਾੜੀ ‘ਤੇ ਸਾਡੀ ਵਾਰੀ ਹੈਗੀ ਆ ਨਾ।” ਮੈਂ ਸੰਗਦਿਆਂ ਕਿਹਾ ਤੇ ਗੁੜ ਦੀ ਪੇਸੀ ਉਹਨਾਂ ਨੂੰ ਫੜਾ ਦਿੱਤੀ। ਆਪਣੇ ਬਾਪ ਤੋਂ ਡਰਦਾ ਹੋਰ ਗੁੜ ਲੈਣ ਵਾਪਸ ਘਲਾੜੀ ‘ਤੇ ਨਾ ਗਿਆ ਤੇ ਖਾਲੀ ਹੱਥ ਘਰੇ ਪਹੁੰਚ ਗਿਆ। ਮਾਂ ਨੇ ਗੁੜ ਲਿਆਉਣ ਬਾਰੇ ਪੁੱਛਿਆ ਤਾਂ ਮੈਂ ਅਸਲੀਅਤ ਦੱਸ ਦਿੱਤੀ। ਮੈਨੂੰ ਝਿੜਕਣ ਦੀ ਥਾਂ ਮਾਂ ਨੇ ਇੰਨਾ ਹੀ ਕਿਹਾ, “ਚੰਗਾ ਕੀਤਾ ਆਪਣੇ ਮਾਹਟਰਾਂ ਦੀ ਸੇਵਾ ਵੀ ਕਰਨੀ ਚਾਹੀਦੀ ਐ।” ਅਤੇ ਗਵਾਂਢੀਆਂ ਤੋਂ ਹੁਧਾਰਾ ਗੁੜ ਲੈਣ ਚਲੀ ਗਈ।   

     ਟਿੱਪਣੀ:- ਮੈਂ ਨਹੀਂ ਕਹਿੰਦਾ ਕਿ ਸਾਡਾ ਸਮਕਾਲ ਅਤੀਤ ਨਿਆਈਂ ਹੋਵੇ। ਪਰ ਜੇ ਅਤੀਤ ਨੂੰ ਅੰਗ ਸੰਗ ਰੱਖ ਕੇ ਸਮਕਾਲ ਨੂੰ ਹੋਰ ਖੁਸ਼ਗਵਾਰ ਬਣਾ ਲਿਆ ਜਾਵੇ ਤਾਂ ਸਾਡਾ ਭਵਿਖ ਵੀ ਸ਼ਾਨਦਾਰ ਰਹੇਗਾ।