ਈ ਦੀਵਾਨ ਸੋਸਾਇਟੀ ਕੈਲਗਰੀ ਵੱਲੋਂ ਇੰਟਰਨੈਸ਼ਨਲ ਕਵੀ ਦਰਬਾਰ
(ਖ਼ਬਰਸਾਰ)
ਕੈਲਗਰੀ -- ਈ ਦੀਵਾਨ ਸੋਸਾਇਟੀ, ਕੈਲਗਰੀ ਵੱਲੋਂ ਆਪਣੇ ਹਫਤਾਵਾਰੀ ਪ੍ਰੋਗਰਾਮ ਵਿੱਚ ਖਾਲਸਾ ਸਾਜਨਾ ਦਿਵਸ ਅਤੇ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਆਨਲਾਈਨ ਅੰਤਰਰਾਸ਼ਟਰੀ ਕਵੀ ਦਰਬਾਰ ਆਯੋਜਿਤ ਕੀਤਾ ਗਿਆ, ਜਿਸ ਵਿੱਚ ਵੱਖ ਵੱਖ ਦੇਸ਼ਾਂ ਤੋਂ ਕਵੀ ਜਨਾਂ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ। ਇਹ ਸੋਸਾਇਟੀ ਗੁਰੂ ਗੋਬਿੰਦ ਸਿੰਘ ਜੀ ਦੀ ਚਲਾਈ ਕਵੀ - ਦਰਬਾਰ ਸਜਾਉਣ ਦੀ ਪਿਰਤ ਨੂੰ ਜਿੰਦਾ ਰੱਖ ਰਹੀ ਹੈ।
ਸਭ ਤੋਂ ਪਹਿਲਾਂ ਸੋਸਾਇਟੀ ਦੇ ਸੰਸਥਾਪਕ ਸ.ਬਲਰਾਜ ਸਿੰਘ ਜੀ ਨੇ ਸਭ ਨੂੰ 'ਜੀ ਆਇਆਂ' ਆਖਦੇ ਹੋਏ ਕਵੀ ਦਰਬਾਰ ਦੇ ਮਕਸਦ ਤੇ ਚਾਨਣਾ ਪਾਇਆ। ਪ੍ਰੋਗਰਾਮ ਦਾ ਆਰੰਭ ਬੇਟੀ ਅਮਿਤੋਜ ਕੌਰ ਅਤੇ ਅਨੁਰੀਤ ਕੌਰ ਦੇ ਸੁਣਾਏ ਸ਼ਬਦ- " ਮੋਕਉ ਤੂ ਨ ਬਿਸਾਰਿ ਤੂ ਨ ਬਿਸਾਰਿ ਰਾਮਈਆ" ਨਾਲ ਕੀਤਾ ਗਿਆ। ਫਿਰ ਪਰਨੀਤ ਕੌਰ ,ਸਿਮਰਲੀਨ ਕੌਰ ਅਤੇ ਸ.ਪਰਮਜੀਤ ਸਿੰਘ ਟੋਰਾਂਟੋ ਨੇ " ਖਾਲਸੇ ਦੀ ਬਾਤ ਕੋਈ ਸੁਣਾ ਨੀ ਵਿਸਖੀਏ" ਸਾਜਾਂ ਨਾਲ ਗਾ ਕੇ ਇੱਕ ਸੁਰਮਈ ਮਾਹੌਲ ਦੀ ਸਿਰਜਣਾ ਕੀਤੀ। ਸਾਊਥ ਕੋਰੀਆ ਤੋਂ ਸ਼ਾਮਲ ਹੋਏ ਕਵੀ ਸ.ਅਮਨਬੀਰ ਸਿੰਘ ਧਾਮੀ ਨੇ "ਗੁਰੂਆਂ ਦੀ ਦਿੱਤੀ ਦਸਤਾਰ ਭੁੱਲ ਗਇਓਂ ਤੂੰ" ਸੁਣਾਉਂਦੇ ਹੋਏ ਅਜੋਕੇ ਨੌਜਵਾਨ ਨੂੰ ਸਿੱਖੀ ਸੰਭਾਲਣ ਦੀ ਪ੍ਰੇਰਨਾ ਦਿੱਤੀ। ਸਾਹਨੇਵਾਲ (ਭਾਰਤ) ਤੋਂ ਜੁੜੀ ਕਵਿੱਤਰੀ ਤਰਨਜੀਤ ਕੌਰ ਗਰੇਵਾਲ ਨੇ ਇਕ ਗੀਤ "ਨੀ ਇਹ ਮਰਦ ਅਗੰਮੜਾ ਨੀ ਸਈਓ ਦੁਨੀਆ ਦੇ ਦੁੱਖ ਜਰਦਾ" ਗਾ ਕੇ ਆਪਣੀ ਹਾਜਰੀ ਲਗਵਾਈ। ਜਸਪ੍ਰੀਤ ਕੌਰ ਨੋਇਡਾ ਜੀ ਨੇ ਗੁਰਦੀਸ਼ ਕੌਰ ਗਰੇਵਾਲ ਦਾ ਲਿਖਿਆ ਗੀਤ "ਉਸ ਪੰਥ ਸਜਾਇਆ ਏ, ਤੇਗਾਂ ਦੀਆਂ ਧਾਰਾਂ ਤੇ" ਸੁਣਾ ਕੇ ਖਾਲਸੇ ਦੀਆਂ ਖੂਬੀਆਂ ਦੱਸੀਆਂ। ਸਰਬਜੀਤ ਕੌਰ ਸਰਬ ਉੱਤਰਾਖੰਡ ਨੇ ਆਪਣੀ ਕਵਿਤਾ ਸਟੇਜੀ ਅੰਦਾਜ਼ ਵਿਚ ਸੁਣਾ ਕੇ ਜੱਸ ਖੱਟਿਆ। ਉਸਤਾਦ ਕਵੀਸ਼ਰ ਇੰਜੀ. ਸ. ਕਰਮਜੀਤ ਸਿੰਘ ਨੂਰ ਜਲੰਧਰ ਨੇ ਆਪਣੀ ਸਟੇਜੀ ਕਵਿਤਾ ਰਾਹੀਂ ਅਜੋਕੇ ਸਮੇਂ ਦੇ ਸਿੱਖੀ ਕਿਰਦਾਰ ਤੇ ਕਾਵਿਮਈ ਸ਼ੈਲੀ ਵਿਚ ਵਿਅੰਗ ਬਾਣ ਨਾਲ ਚੋਟਾਂ ਲਗਾਈਆਂ। ਸਰੀ ਕੈਨੇਡਾ ਤੋਂ ਆਏ ਸ. ਪਲਵਿੰਦਰ ਸਿੰਘ ਰੰਧਾਵਾ ਨੇ "ਧੰਨ ਗੁਰੂ ਤੇਰਾ ਖਾਲਸਾ" ਆਪਣੀ ਮਨੋਹਰ ਆਵਾਜ਼ ਵਿਚ ਗਾ ਕੇ ਰੰਗ ਬੰਨ੍ਹਿਆ। ਟੋਰਾਂਟੋ ਤੋਂ ਸ਼ਾਮਲ ਹੋਏ ਸ. ਸੁਜਾਨ ਸਿੰਘ ਸੁਜਾਨ ਜੀ ਨੇ ਇੱਕ ਗੀਤ " ਅਰਸ਼ਾਂ ਉੱਤੇ ਦੇਵਤਿਆਂ ਵੰਡੀ ਖ਼ੁਸ਼ਬੋਈ" ਗਾ ਕੇ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਯਾਦ ਕੀਤਾ। ਸ. ਸਾਧੂ ਸਿੰਘ ਝੱਜ ਸਿਆਟਲ ਨੇ "ਧੰਨ ਧੰਨ ਦਸ਼ਮੇਸ਼ ਪਿਤਾ ਜਿਨ੍ਹਾਂ ਖਾਲਸਾ ਪੰਥ ਸਜਾਇਆ" ਗੀਤ ਗਾਇਆ। ਕੈਲਗਰੀ ਦੇ ਨੌਜਵਾਨ ਕਵੀ ਸ.ਅਮਨਦੀਪ ਸਿੰਘ ਦੁਲੱਟ ਦੇ ਛੰਦ ਵਿਚ ਲਿਖੀ ਕਵਿਤਾ " ਚਿੜੀਆਂ ਤੋਂ ਕਈ ਅੱਜ ਬਾਜ ਹੋਣਗੇ" ਸੁਣਾ ਕੇ ਵਿਸਾਖੀ ਦੀ ਇਨਕਲਾਬੀ ਸੋਚ ਯਾਦ ਕਰਵਾਈ। ਸ. ਜਸਵਿੰਦਰ ਸਿੰਘ ਰੁਪਾਲ ਕੈਲਗਰੀ ਨੇ ਦੂਣਾ ਯਮਕਦਾਰ ਕੇਸਰੀ ਛੰਦ ਵਿਚ ਲਿਖੀ ਆਪਣੀ ਕਵਿਤਾ " ਸਿੱਖ ਤੋ ਗੁਰਾਂ ਨੇ ਐਸਾ ਸਿੰਘ ਘੜਿਆ, ਖਾਲਸਾ ਕਹਾਂਵਦਾ, ਜੱਗ ਤੋਂ ਨਿਆਰਾ ਏ" ਗਾ ਕੇ ਸੁਣਾਈ। ਕੈਲਗਰੀ ਤੋਂ ਹੀ ਛੰਦਾਬੰਦੀ ਦੇ ਮਾਹਿਰ ਕਵੀ ਸ. ਜਸਵੰਤ ਸਿੰਘ ਸੇਖੋਂ ਨੇ "ਸਿੱਖੋ ਮੈਨੂੰ ਸੀਸ ਚਾਹੀਦਾ, ਕੋਈ ਸੂਰਮਾ ਮੈਦਾਨ ਵਿੱਚ ਨਿੱਤਰੇ" ਗਾ ਕੇ ਸੁਣਾਇਆ। ਪਟਿਆਲੇ ਤੋਂ ਸ ਅਮਨਦੀਪ ਸਿੰਘ ਅਜਨੌਦਾ ਨੇ ਕਵਿਤਾ "ਖਾਲਸਾ ਸਜਾ ਗਏ ਪਿਤਾ ਦਸ਼ਮੇਸ਼ ਜੀ" ਕੋਰੜਾ ਛੰਦ ਵਿਚ ਸੁਣਾਈ। ਗੁਰਦੀਸ਼ ਕੌਰ ਗਰੇਵਾਲ ਕੈਲਗਰੀ ਨੇ " ਤੇਗ ਬਹਾਦਰ ਸਿਮਰੀਐ " ਕਵਿਤਾ ਰਾਹੀਂ ਗੁਰੂ ਤੇਗ ਬਹਾਦਰ ਜੀ ਦੇ ਉਪਕਾਰਾਂ ਨੂੰ ਸਤਿਕਾਰ ਭੇਟ ਕੀਤਾ। ਸੋਸਾਇਟੀ ਦੇ ਸੰਸਥਾਪਕ ਸ ਜਗਬੀਰ ਸਿੰਘ ਜੀ ਨੇ ਸਾਰੇ ਕਵੀਆਂ ਦਾ ਧੰਨਵਾਦ ਕੀਤਾ ।
ਡਾਕਟਰ ਬਲਰਾਜ ਸਿੰਘ ਜੀ ਨੇ ਸਮਾਪਤੀ ਸ਼ਬਦ ਬੋਲਦਿਆਂ ਕਿਹਾ ਕਿ- ਕੋਈ ਵੀ ਦਿਵਸ ਮਨਾਇਆ ਤਦ ਹੀ ਸਫਲ ਹੈ, ਜੇ ਅਸੀਂ ਆਪਣੇ ਕਿਰਦਾਰ ਵਿੱਚ ਵੀ ਗੁਰਮਤਿ ਦੀ ਮਹਿਕ ਲੈ ਕੇ ਆਈਏ। ਅੰਤ ਤੇ ਬ੍ਰਿਜਮਿੰਦਰ ਕੌਰ ਜੈਪੁਰ ਨੇ ਅਨੰਦ ਸਾਹਿਬ ਦਾ ਪਾਠ ਕੀਤਾ ਅਤੇ ਅਰਦਾਸ ਅਤੇ ਹੁਕਮਨਾਮੇ ਨਾਲ ਕਵੀ ਦਰਬਾਰ ਦੀ ਸਮਾਪਤੀ ਹੋਈ। ਸ੍ਰੀ ਮਤੀ ਗੁਰਦੀਸ਼ ਕੌਰ ਗਰੇਵਾਲ ਜੀ ਨੇ ਮੰਚ ਸੰਚਾਲਕ ਦੀ ਭੂਮਿਕਾ ਬਹੁਤ ਵਧੀਆ ਢੰਗ ਨਾਲ ਨਿਭਾਈ।