ਚਿੰਤਾਜਨਕ ਸਮਾਜਿਕ ਵਰਤਾਰੇ ਦਾ ਕਾਵਿ ਰੂਪ (ਪੁਸਤਕ ਪੜਚੋਲ )

ਗੁਰਮੀਤ ਸਿੰਘ ਫਾਜ਼ਿਲਕਾ   

Email: gurmeetsinghfazilka@gmail.com
Cell: +91 98148 56160
Address: 3/1751, ਕੈਲਾਸ਼ ਨਗਰ
ਫਾਜ਼ਿਲਕਾ India
ਗੁਰਮੀਤ ਸਿੰਘ ਫਾਜ਼ਿਲਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੁਸਤਕ ----ਧਰਤੀ ਦੀ ਕੰਬਣੀ( ਕਾਵਿ ਸੰਗ੍ਰਹਿ )

ਸ਼ਾਇਰ-----  ਮਨਮੋਹਨ ਸਿੰਘ ਦਾਊਂ

ਪ੍ਰਕਾਸ਼ਕ -----ਤਰਲੋਚਨ  ਪਬਲਿਸ਼ਰਜ਼ ਚੰਡੀਗੜ੍ਹ

ਪੰਨੇ ----144 ਮੁੱਲ ----250 ਰੁਪਏ

ਸ਼ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਦੇ ਇਸ ਨਵੇਂ ਛਪੇ ਕਾਵਿ ਸੰਗ੍ਰਹਿ ਵਿਚ ਕੁਲ 76 ਕਾਵਿ ਰਚਨਾਵਾਂ ਹਨ । ਕਿਤਾਬ ਦੇ ਤਿੰਨ  ਸਰਗ ਹਨ । ਪਹਿਲਾ ਸਰਗ 40 ਕਾਵਿ ਰਚਨਾਵਾ  ਦਾ ਹੈ । ਦੇਸ਼ ਵਿਦੇਸ਼ ਵਿਚ ਵਾਪਰੀਆਂ ਕੁਝ ਇਤਿਹਾਸਕ ਤੇ ਵਡੀਆ ਘਟਨਾਵਾਂ ਦੇ ਸੰਦਰਭ ਵਿਚ ਕਵਿਤਾਵਾਂ ਦੀ ਸਿਰਜਨਾ ਸ਼ੰਵੇਦਨਸੀਲ ਸ਼ਾਂਇਰ ਨੇ ਕੀਤੀ ਹੈ । ਹਾਲ ਹੀ ਵਿਚ  ਵਾਪਰੀਆ ਘਟਨਾਵਾਂ ਵਿਚੋਂ ਕਿਸਾਨੀ ਅੰਦੋਲਨ ਦੀ ਗੂੰਜ ਵਿਸ਼ਵ ਭਰ ਵਿਚ  ਪਈ  ਹੈ । ਦਿੱਲੀ ਦੀਆਂ ਹੱਦਾਂ ਤੇ ਚੱਲੇ ਕਿਸਾਨੀ ਮੋਰਚੇ ਨੇ ਪੰਜਾਬ ਭਰ ਦੀਆਂ ਸੰਵੇਦਨਸ਼ੀਲ ਧਿਰਾਂ ਨੂੰ ਅੰਦਰ  ਤਕ ਟੁੰਭਿਆ ਹੈ  । ਬਹੁਤ ਸਾਰੇ ਕਲਮਕਾਰ ਵਿਦਵਾਨ ,ਪਤਰਕਾਰ ਕਲਾਕਾਰ ਤੇ ਪੰਜਾਬ ਹਿਤੈਸ਼ੀ ਲੋਕਾਂ ਨੇ, ਸ਼ੰਵੇਦਨਸ਼ੀਲ  ਸ਼ਾਇਰਾਂ ਨੇ ਕਿਸਾਨੀ ਅੰਦੋਲਨ ਬਾਰੇ ਕਲਮ ਚਲਾਈ ਹੈ। ਇਸ ਲਹਿਰ ਬਾਰੇ  ਕਈ ਕਿਤਾਬਾਂ ਛਪ ਚੁਕੀਆਂ ਹਨ । ਪੰਜਾਬੀ ਸਾਹਿਤ ਨੇ ਹਮੇਸ਼ਾਂ ਲਹਿਰਾਂ ਦਾ ਅਕਸ ਪੇਸ਼ ਕੀਤਾ ਹੈ। ਖਾਸ ਕਰਕੇ ਕਵਿਤਾ ,ਕਹਾਣੀ ਤੇ ਨਾਵਲ ਵਿਚ । ਕਿਸਾਨੀ ਅੰਦੋਲਨ  ਬਾਰੇ  ਅਖਬਾਰਾਂ ਦੇ ਕਾਲਮ ਭਰੇ ਗਏ ਹਨ ।। ਇਹ ਵਰਤਾਰਾ ਅਜੇ ਵੀ ਜਾਰੀ ਹੈ । ਕਲਮਾਂ ਵੀ ਕਿਰਿਆਸ਼ੀਲ ਹਨ ।।ਸਿਆਸਤ ਦਾਨ ਆਪਣੀ ਡੁਗਡੁਗੀ ਵਜਾ ਰਹੇ ਹਨ । ਹੁਣ ਤਾਂ ਵਿਰੋਧ ਇਸ ਕਦਰ ਵਧ ਗਿਆ ਹੈ ਕਿ ਇਕ ਸਟੇਟ ਤੋਂ ਦੂਸਰੀ ਸਟੇਟ ਵਿਚ ਜਾਣ ਤੇ ਵੀ ਭਾਰੀ ਰੋਕਾਂ ਲਗਦੀਆ ਦੁਨੀਆਂ ਨੇ ਵੇਖੀਆਂ ਹਨ ।  ਇਸੇ ਦੌਰਾਨ ਹੀ ਅਠਾਂਰਵੀਂ ਲੋਕ ਸਭਾ ਚੋਣਾ ਵੀ ਹੋ ਰਹੀਆਂ ਹਨ । ਚਿੰਤਕ ਹੈਰਾਨ ਹਨ ਕਿ ਦੇਸ਼ ਵਿਚ ਇਹ ਕੀ ਹੋ ਰਿਹਾ ਹੈ ? ਖੈਰ ! ਅਸੀਂ ਇਸ ਕਾਵਿ ਕਿਤਾਬ ਦੀਆਂ ਰਚਨਾਵਾਂ ਦੀ ਚਰਚਾ ਕਰਨੀ ਹੈ । 

ਕਾਵਿ ਸੰਗ੍ਰਹਿ ਧਰਤੀ ਦੇ ਵਾਹਕਾਂ ਨੂੰ ਸਮਰਪਿਤ ਹੈ ਭਾਂਵ ਕਿਸਾਨੀ ਨੂੰ ,ਖੇਤੀਕਾਰਾਂ ਨੂੰ । ਜੋ ਧਰਤੀ ਦੀ ਹਿੱਕ ਵਿਚੋ ਅਨਾਜ ਪੈਦਾ ਕਰਦੇ ਹਨ ।  ਦੁਨੀਆਂ ਦਾ ਢਿੱਡ ਭਰਦੇ ਹਨ ।।  ਲੋਕਾਂ ਨੂੰ ਰਜਾਉਣ ਵਾਲਾ ਕਿਸਾਨ ਆਰਥਿਕ ਥੁੜਾਂ  ਨਾਲ ਦੋ ਚਾਰ  ਹੋ ਰਿਹਾ ਹੈ । ਕਿਸਾਨੀ ਮਸਲੇ ਪਹਿਲਾਂ ਵੀ ਪੰਜਾਬ  ਕਵਿਤਾ ਦਾ ਅੰਗ ਰਹੇ  ਹਨ । ਖਾਸ ਕਰਕੇ ਧਨੀ  ਰਾਮ ਚਾਤ੍ਰਿਕ, ਪ੍ਰੋ ਪੂਰਨ ਸਿੰਘ  ਦੀ ਕੁਝ ਕਵਿਤਾ  ਖੇਤੀ ਮਸਲਿਆਂ ਦੇ ਅਧਾਰਿਤ ਹੈ ।

ਸ਼ਾਇਰ ਦਾ ਪ੍ਰਾਂਕਥਨ ਹੈ  --- ਦੇਸ਼ ਪ੍ਰਦੇਸ਼ ਵਿਚ ਵਾਪਰੀਆਂ ਘਟਨਾਵਾਂ ਨੇ ਮਨ ਨੂੰ ਇਸ ਕਦਰ ਠੇਸ ਪੁਚਾਈ ਹੈ । ਕਿ ਪੰਜਾਬ ਵਿਚ ਵਾਪਰੀਆਂ ਘਟਨਾਵਾਂ ਨੇ ਅਂਦਰੌਂ ਖੋਰਾ ਜਿਹਾ ਲਾ ਦਿਤਾ ।ਇਹ ਖੋਰਾ ਹਰੇਕ ਸੰਵੇਦਨ ਸ਼ੀਲ  ਮਨ ਨੂੰ ਲੱਗਾ । ਅੰਤਰ ਕੇਵਲ ਇਹ ਹੈ ਕਲਮਕਾਰ ਇਸ ਦਾ ਪ੍ਰਗਟਾਵਾਂ ਸ਼ਬਦਾਂ ਦੇ ਰੂਪ ਵਿਚ ਕਰਦਾ ਹੈ। ਇਹ ਸ਼ਬਦ ਕਵਿਤਾ ਹੋਣ ਜਾਂ ਗਲਪ ਰੂਪ ਵਿਚ ਪਾਠਕ ਨੂੰ ਧੁਰ ਅੰਦਰ ਤਕ ਟੁੰਭਦੇ ਹਨ । ਹਥਲੀ ਕਿਤਾਬ ਦੇ ਸ਼ਾਇਰ ਨੇ ਤਿੰਨ ਸਰਗ ਬਨਾਏ ਹਨ । ਪਹਿਲੇ ਸਰਗ ਦੀਆਂ ਕਵਿਤਾਵਾਂ ਚਿੰਤਨਸ਼ੀਲ  ਹਨ । ਇਹ ਚਿੰਤਨ ਬਹੁਪੱਖੀ ਹੈ। ਇਹ ਜ਼ਿਕਰ  ਕੇਵਲ ਕਿਸਾਨ ਦਾ ਨਹੀਂ ਹੈ ਕਿਉਂ ਕਿ ਪੰਜਾਬੀ ਸਮਾਜ ਅਜ ਚਾਰ ਚੁਫੇਰਿਓਂ ਸਮਸਿਆ ਗ੍ਰਸਤ ਹੈ । ਕੋਈ ਬੇਰੁਜ਼ਗਾੲਰੀ ਦਾ ਰੋਣਾ ਰੋਂਦਾ ਹੈ । ਕੋਈ ਮਹਿਗਾਈ ਦਾ । ਕੋਈ ਆਰਥਿਕ ਸ਼ੋਸ਼ਣ ਦਾ ।; ਨਾਰੀ ਜਗਤ ਹੋਰ ਹੀ ਝਮੇਲਿਆਂ ਵਿਚ ਹੈ । ਨਾਰੀ ਨੂੰ ਸੁਰਖਿਆ ਦਾ ਵੱਡਾ ਖਤਰਾ ਹੈ ।  ਯੋਨ ਸ਼ੋਸ਼ਣ ਆਮ ਵ ਰਤਾਰਾ ਹੈ । ਇਹ ਮਸਲੇ ਕਵੀ ਨੇ ਬਹੁਤ ਸ਼ਿਦਤ ਨਾਲ ਲਿਖੇ ਹਨ । ਈਰਖਾ ਨਫਰਤ ਦੁਸ਼ਮਣੀਆਂ  ਨਿਕੀ ਨਿਕੀ ਗਲ ਤੇ  ਕਤਲੋਗਾਰਤ ਪੰਜਾਬ ਨੂੰ ਕਿਧਰ ਲਿਜਾ ਰਹੇ ਹਨ ?  ਪਰਵਾਸ ਦੇ ਦੁੱਖ ਇਸ ਤੋਂ ਵੱਖਰੇ ਹਨ । ਸਿਖਿਆ ਸੰਕਟ ਵਿਕਰਾਲ ਰੂਪ ਧਰਨ ਕਰ ਚੁੱਕਾ ਹੈ । ਸਿਖਿਆ ਮਹਿੰਗੀ ਹੈ ਤੇ ਬੇਮਕਸਦ ਵੀ । ਮਾਂ ਬੋਲੀ ਦਾ ਨਿਘਾਰ ਹੋ ਰਿਹਾ ਹੈ । ਇਸ ਦੀ ਚਿੰਤਾ ਕਲਮਕਾਰਾਂ ਵਿਚ ਖਾਸ ਤੌਰ ਤੇ ਹੈ ।  ਦਸਵੇਂ ਗੂਰੂ ਦਾ ਫੁਰਮਾਨ ਹੈ-- ਜਬੈ ਬਾਨਿ ਲਾਗਯੋ ਤਬੈ ਰੋਸ ਜਾਗਿਓ । ਅਨਿਆਂ , ਧਕੇਸ਼ਾਂਹੀ ਤੇ ਜ਼ੁਲਮ ਵੇਖ਼ ਕੇ ਜਦ ਧਰਤੀ ਕੰਬਦੀ ਹੈ ਸੰਵੇਦਨਸ਼ੀਲ ਕਲਮ  ਦੀ  ਸ਼ਾਬਦਿਕ  ਧਾਂਰਾ  ਵਹਿੰਦੀ ਹੈ ।ਜਿਵੇਂ ਕਿਸੇ ਵੇਲੇ ਦਸਵੇਂ ਗੁਰੂ ਜੀ ਨੇ ਜ਼ਫਰਨਾਮਾ ਲਿਖ ਕੇ ਜ਼ਾਲਮਾਂ ਦੀ ਰੂਹ ਵਿਚ ਕਾਂਬਾ ਛੇੜ ਦਿਤਾ ਸ਼ੀ । ਧਰਤੀ ਉਸ ਵੇਲੇ ਵੀ ਕੰਬੀ ਸੀ । ਇਹ ਸਾਰੇ ਇਤਿਹਾਸਕ ਵਰਤਾਰੇ ਹਨ । ਪਹਿਲੇ  ਸਰਗ ਵਿਚ ਦੋ ਗੀਤ ਹਨ ।   ਗੀਤ ਵਿਚ ਕਿਸਾਨੀ ਦਰਦ ਹੈ।  ਸਮਕਾਲ ਵਿਚ  ਇਸ ਦਰਦ ਦੀ ਚੀਸ਼ ਇਸ ਵੇਲੇ ਕੁਝ ਜ਼ਿਆਦਾ ਮਹਿਸੂਸ ਕੀਤੀ ਗਈ ਹੈ ।

ਖੇਤਾਂ ਦੇ ਸਿਆੜਾਂ ਨੂੰ ਸੋਕੇ ਨੇ ਮਾਰ ;ਲਿਆ /ਕਪਾਹੀ ਨਾ ਖੇਤ ਖਿੜੀ ਕਰਜ਼ੇ ਦਾ ਭਾਰ ਪਿਆ । ਬੰਬੀ ਦੇ ਪਾਣੀਆਂ   ਧਰਤੀ ਨੇ ਸੋਕ ਲਿਆ ਲੋਭੀਆ ਨੇ ਜੁਆਨੀ ਨੂੰ ਨਸ਼ਿਆਂ ਵਿਚ ਝੋਕ ਲਿਆ  (ਪੰਨਾ 84)  ਦੂਸਰੇ ਗੀਤ ਵਿਚ ਪਰਦੇਸ ਗਏ ਪੁੱਤ ਨੂੰ ਮਾਂ ਯਾਦ ਕਰਦੀ ਹੈ ---ਰੁੱਠੀ ਰੁੱਖ ਦੀ ਛਾਂ ਨੀ ਮਾਏ ,ਪੁਤ ਨੂੰ ਡੁਸਕੇ ਬੁੱਢੀ ਮਾਂ ਨੀ ਮਾਏ । 

ਗਏ ਪਰਦੇਸੀ ਕਦੋਂ ਮੁੜੇ ਨੇ ,ਪਿੰਡ ਦੀ ਸੁੰਨੀ ਥਾਂ ਨੀ ਮਾਏ । (ਪੰਨਾ 82)

ਇਸ ਗੀਤ ਵਿਚ ਸ਼ਾਇਰ ਨੇ ਮੰਡੀਆਂ ਵਿਚ ਰੁਲਦੇ ਕਿਸਾਨ ਦੀ ਮਾਨਸਿਕਤਾ ਦਾ ਜ਼ਿਕਰ ਕੀਤਾ ਹੈ । ਕਵਿਤਾ ਵਿਚ ਚਿੰਤਨਸੀਲਤਾ ਇਹ ਹੈ ਕਿ ਪੁਤ ਪਰਦੇਸੀਂ ਕਿਉਂ ਬਣੇ? .ਪੰਜਾਬ ਦਾ ਨੌਜਵਾਨ ਵਡੀ ਗਿਣਤੀ ਵਿਚ ਪੰਜਾਬ ਕਿਉਂ ਛਡ ਗਿਆ ਹੈ ? ਕੋਣ ਹੈ ਇਸ ਦਾ ਜ਼ਿੰਮੇਵਾਰ ? ਇਹ ਸਵਾਲ  ਸ਼ਾਇਰ ਦਾ ਹੀ ਨਹੀਂ  ਸਾਰੇ ਪੰਜਾਬ ਦੇ ਚਿੰਤਕਾਂ ਦਾ ਹੈ।। ਕਵੀ ਨੇ ਤਾਂ ਸਮਕਾਲੀ ਪੰਜਾਬ ਦੀ ਝ਼ਲਕ ਵਿਖਾ ਦਿਤੀ ਹੈ ।

ਵਡੀ ਗਲ ਤਾਂ ਇਹ ਹੈ ਕਿ ਦੇਸ਼ ਦੀ ਆਜ਼ਾਦੀ ਲਈ ਸਭ ਤੋਂ  ਵਧ ਗਿਣਤੀ ਵਿਚ ਕੁਰਬਾਨੀਆਂ ਦੇਣ ਵਾਲਾ ਪੰਜਾਬ ਹੈ। ਪਰ ਆਜ਼ਾਦੀ ਪਿਛੋਂ ਵੀ ਪੰਜਾਬ ਸੰਤਾਪ ਝ਼ਲ ਰਿਹਾ ਹੈ। ਸੰਨ ਚੁਰਾਸੀ  ਨੂੰ  ਕੋਣ ਭੁਲ ਸਕਦੈ ? ਰਹਿ ਰਹਿ ਕੇ ਕਵੀਆਂ ਦੀ ਕਲਮ ਚਲਦੀ ਆ ਰਹੀ ਹੈ । ਇਸ ਤੋਂ ਵਡਾ ਸੰਵੇਦਨਸ਼ੀਲ ਮਸਲਾ ਕੀ ਹੋ ਸਕਦੈ । ਜੰਗਾਂ ਨੇ ਹਮੇਸ਼ਾਂ ਮਨੁਖਤਾ ਦਾ ਨੁਕਸਾਨ ਕੀਤਾ ਹੈ । ਕਵੀ ਪੁਸਤਕ ਸਿਰਲੇਖ ਵਾਲੀ ਕਵਿਤਾ ਵਿਚ ਲਿਖਦਾ ਹੈ – ਹਥਿਆਰਾਂ ਦੇ ਸੁਦਾਗਰੋ ,ਐ ਜੰਗਬਾਜ਼ੋ ,ਤਖਤ ਤਾਜ਼ਦਾਰੋ ,ਦੈਂਤੋ ਦਰਿੰਦਿਓ –ਸੁਣੋ  ਕੰਨ ਖੋਲ੍ਹੋ ,ਜਨਤਾ ਹੈ ਕਹਿੰਦੀ ਧਰਤੀ ਦੀ ਹੂਕ ਚ  ,ਸ਼ਕਤੀ ਬੜੀ ਹੈ । ਅਮਨਾਂ ਦੇ ਅਮਲ ਹੀ ਮਸਲੇ ਨਜਿਠਦੇ । ( ਕਵਿਤਾ ਧਰਤੀ ਦੀ ਕੰਬਣੀ ਪੰਨਾ 92 )  ਸੰਬੋਧਨੀ  ਸੁਰ ਵਾਲੀ ਕਵਿਤਾ ਵਿਚ ਕਵੀ ਖੁਲ੍ਹ ਕੇ ਆਪਣੇ ਵਿਚਾਰ ਪ੍ਰਗਟ ਕਰਦਾ ਹੈ --- ਨੀ ਮਾਏ ---ਵਾਏ ਨੀ ਵਾਏ ----ਨਦੀਏ ਨੀ ਨਦੀਏ ---ਬੱਦਲਾ ਵੇ ਬੱਦਲਾ ਪੜ੍ਹ ਕੇ ਮਨ ਝੂਮ ਉਠਦਾ ਹੈ । ਇਂਨ੍ਹਾ ਸ਼ਬਦਾਂ ਨਾਲ ਕਵੀ ਮਨ ਸਰਸ਼ਾਰ ਹੁੰਦਾ ਹੈ  ।ਇਹ ਜਜ਼ਬੇ ਕਵੀ ਦੇ ਧੁਰ ਅੰਦਰੋਂ ਨਿਕਲਦੇ ਹਨ । ਇਸ ਪਹਿਲੇ ਸਰਗ ਦੀਆਂ ਕਵਿਤਾਵਾਂ ਵਿਚ ਪੇਂਡੂ ਘਰ ,ਸ਼ਹਿਰੀ ਘਰ ,ਪਰਵਾਸ ਦੀ ਦੌੜ ,ਮਰਜੀਵੜੀਆਂ (ਸ਼ਾਹੀਂਨ ਬਾਗ ਨਾਰੀ ਅੰਦਲਨ )ਫੱਤੂ ਬਾਬਾ ,ਤੈਰਦੇ ਪੱਤੇ ਦੀ ਤਕਦੀਰ ,ਦਰਿਆ ਦਾ ਕਰਮ ,ਚਾਨਣ ਦਾ ਸਾਹਸ ,ਜਲ੍ਹਿਆ ਵਾਲਾ ਬਾਗ ,ਰੂਹ ਦਾ ਚਾਨਣ ,ਬਦੱਲਾਂ ਦੇ ਬਹੁਰੰਗੇ ਪ੍ਰਸੰਗ ਆਦਿ ਰਚਨਾਵਾਂ ਵਿਚ ਵੇਦਨਾ ,ਸੰਵੇਦਨਾ ਤੇ ਚਿੰਤਨ ਹੈ  । ਦੇਸ਼ ਵੰਡ  ਬਾਰੇ ਸਤਰਾਂ ਵੇਖੋ –ਪੰਜਾਬ ਦੇ ਆਬਾਂ ਨੂੰ ਤਵਾਰੀਖਾਂ ਵੰਡ ਦਿਤਾ  ਨਾਨਕ ਦੀ ਧਰਤੀ ਨੂੰ ਵੰਡੀਆਂ ਪਾ ਖੰਡ ਕੀਤਾ । ਬੁਲ੍ਹੇ ਦੇ ਬੋਲਾਂ ਨੂੰ ਸੁਨਣਾ ਹੀ ਪੈਣਾ ਏਂ ।ਲੋਕੀਂ ਸਦਾ ਖੁਸ਼  ਵੱਸਣ  ਸ਼ਾਇਰ ਦਾ ਕਹਿਣਾ ਏਂ । ਦਰਿਆ ਦੇ ਖੂਨੀ ਪਾਣੀਆਂ ਨੂੰ ਵੇਖ   ਸ਼ਾਇਰ ਖਫਾ ਹੈ ਕਿਉਂ ਕਿ  ਦਰਿਆ ਦੇ ਪਾਣੀ ਵਿਚ ਖੂਨ ਬੇਦੋਸ਼ਿਆਂ  ਦਾ ਹੈ ।

 ਸ਼ਾਇਰ  ਪ੍ਰਕਿਰਤੀ ਨਾਲ ਵੀ  ਸੰਵਾਦ ਕਰਦਾ ਹੈ ।---ਜਦ ਮੈਂ ਤੱਕਾਂ ਉਡਦਾ ਪੰਛੀ ,ਮੇਰਾ ਅੰਬਰ ਗਾਹੁਣ ਨੂੰ ਜੀਅ ਕਰਦਾ । ਜਦ ਮੈਂ ਤੱਕਾਂ ਖਿੜੇ ਫੁੱਲ ਨੂੰ ਮੇਰਾ ਖੁਸ਼ੀ ਵੰਡਣ ਨੂੰ ਜੀਅ ਕਰਦਾ ।  ਜਦ ਮੈਂ ਤੱਕਾਂ  ਧੁੱਪ ਸੰਦਲੀ ਮੇਰਾ ਕਿਰਨ ਬਨਣ ਨੂੰ, ਜੀਅ ਕਰਦਾ । ਇਸ ਕਿਸਮ ਦੀ ਸ਼ਾਇਰੀ ਪਾਠਕ ਨੂੰ ਕੁਦਰਤ ਨਾਲ ਜੋੜਦੀ ਹੈ ।  ਕਵੀ ਰੂਹ ਦੇ ਚਾਨਣ ਨੂੰ ਮੁਖਾਤਿਬ ਹੁੰਦਾ ਹੈ ---ਰੂਹ ਦਾ ਚਾਨਣ ਅਦ੍ਰਿਸ਼ਟ ਵਡਮੁੱਲਾ ਕਦੇ ਨਾ ਮਰਦਾ ਕਦੇ ਨਾ ਛੁਪਦਾ । ਇਸ ਚਾਨਣ ਸੰਗ ਸਮੇਂ ਦਾ ਪਹੀਆ ਘੁੰਮਦਾ  ।ਆਦਿ ਕਾਲ ਤੋਂ ਰੂਹ ਦਾ ਚਾਨਣ ,ਇਕ ਜੋਤ ਤੋਂ ਸੈਅ ਜੋਤਾਂ ਚਮਕਾਉਂਦਾ ਆਇਆ (ਪੰਨ  71 ) ਇਸੇ ਚਾਨਣ ਕਰਕੇ ਕਵੀ ਵਾਰ ਵਾਰ ਦੀਵਾ ਮੋਮਬਤੀ ਜੁਗਨੂੰ ਆਦਿ ਬਿੰਬ ਵਰਤ ਕੇ  ਜ਼ਿਕਰ ਕਰਦਾ ਹੈ  । ਕਵਿਤਾ ਵਿਚ ਕਵੌ ਬਚਪਨ ਵਿਚ ਵੈਖੀ ਮਾਂ ਦੀ ਮਿਹਨਤ ਨੂੰ ਯਾਦ ਕਰਦਾ ਹੈ ।---ਪੀਉ ਜੀਉ ਕਰ ਮਿਹਨਤਾ ,ਮਿਹਨਤ ਸਦਕਾ ਘਰ  ਵਸਦੇ ਨੇ । ਚਿੰਤਨ ਤਾਂ ਕਵਿਤਾ ਦੇ ਇਕ ਇਕ ਸ਼ਬਦ ਵਿਚ ਗੂੰਜਦਾ ਹੈ । ਧੁੱਪ ਤੇ ਕਵਿਤਾ ਵਿਚ ਕਾਵਿ ਰਹਸ ਦਾ ਆਨੰਦ ਮਾਣਿਆ ਜਾ ਸਕਦਾ ਹੈ । ਮਨੀਪੁਰ ਘਟਨਾਵਾਂ ਵਿਚ ਔਰਤਾਂ ਨਾਲ ਹੋਈ ਬਦਸਲੂਕੀ ਨੂੰ ਵੀ ਕਵਿਤਾ ਵਿਚ ਪੇਸ਼ ਕਰਦਾ ਹੈ । ਕਿਉ ਕਿ ਇਹ ਘਟਨਾਵਾਂ ਲੋਕਤੰਤਰ ਦੇ ਨਾਮ ਤੇ ਧੱਬਾ ਹਨ । ਇਹ ਸਾਰੇ ਅਹਿਸਾਸ ਧਰਤੀ ਦੀ ਕੰਬਣੀ ਬਣਦੇ ਹਨ । ਕਰਮੋ ਬੇਬੇ ਵਿਚ ਦ੍ਰਿਸ਼ ਚਿਤਰਣ ਹੈ ਕਿ ਬੇਬੇ ਮਿਹਨਤ ਦੀ ਆਦੀ ਸੀ । ਕਵਿਤਾਵਾਂ ਵਿਚ  ਇਸ ਤਰਾ ਦੇ ਹੋਰ ਲੋਕ ਪਾਤਰ ਵੀ ਹਨ ।

ਕਿਤਾਬ ਦੇ ਦੂਸਰੇ ਸਰਗ ਵਿਚ 10 ਵਿਰਾਸਤੀ ਕਵਿਤਾਵਾਂ ਹਨ । ਇਂਸ ਭਾਗ ਦੀਆਂ ਰਚਨਾਵਾਂ ਵਿਚ ਅਤੀਤ ਬੋਲਦਾ  ਹੈ ।  ਪੁਰਾਣੀ ਪੰਜਾਬੀ ਵਿਰਾਸਤ ਦੀਆਂ ਵਸਤਾਂ ਨੂੰ ਯਾਦ ਕਰਦਾ ਹੈ ਜਿਵੇਂ ਟਕਸਾਲੀ ਕਵੀ  ਪ੍ਰੋ ਪੂਰਨ ਸਿੰਘ ਪੁਰਾਣੇ ਪੰਜਾਬ ਨੂੰ ਯਾਦ ਕਰਦਾ ਹੈ । ਚੱਕੀ , ਕਟੋਰਾ ,ਖੇਤੀ ਸੰਦ ਤੰਗਲੀ ,ਮਿਟੀ ,ਵਹੀਆਂ ਸਥਾਂ ,ਡੂੰਘੇ ਪਾਣੀ ,ਖੂਹ ਟਿੰਡਾਂ ,ਬਲਦਾਂ ਦੀਆਂ ਟੱਲੀਆਂ  ਪਿੰਡਾਂ ਦਾ ਪਿਆਰ ਆਦਿ ਵਿਸ਼ੇ ਹਨ । ਕਵਿਤਾਵਾਂ ਵਿਚ ਸੁਹਜ ਹੈ ।
ਤੀਸਰੇ ਸਰਗ ਵਿਚ 26  ਨਿੱਕੀਆ ਕਵਿਤਾਵਾਂ ਹਨ। ਇਨ੍ਹਾਂ ਕਵਿਤਾਵਾਂ ਨੂੰ ਪੜ੍ਹ ਕੇ ਭਾਈ ਵੀਰ ਸਿੰਘ ਦੀ ਨਿੱਕੀ ਕਵਿਤਾ ਵਰਗਾ  ਅਹਿਸਾਸ ਹੁੰਦਾ ਹੈ । ਇਨ੍ਹਾਂ ਨਿੱਕੀਆਂ ਕਵਿਤਾਵਾਂ ਵਿਚ  ਅਨੁਭਵ  ਦੀ ਸੂਖਮਤਾ ਹੈ । ਕਵਿਤਾਵਾਂ ਦੀ ਬੌਧਿਕਤਾ ਟੁੰਭਦੀ ਹੈ । ਕਵੀ ਲਈ ਫਲ ਦਾ ਛਿਲਕਾ ਵੀ ਸੋਚ ਦਾ ਸਬਬ ਬਣਦਾ ਹੈ । ਇਸ ਸਰਗ ਵਿਚ ਧੁੱਪ ਨਾਲ ਗੱਲਾਂ, ਕੜਛੀ ,ਚਾਨਣ ਦੀ ਅਰਦਾਸ , ਦੀਵੇ ਦੀ ਬਾਤ ਇਸ ਸਰਗ ਵਿਚ ਵੀ ਹੈ।  ਦੀਵੇ ਦੀ ਥਾਂ  ਬਲਬ ਵਿਕਾਸ ਦਾ ਸੂਚਕ ਹੈ । ਕਵਿਤਾਵਾਂ ਵੰਨ  ਸੁਵੰਨੀਆ ਹਨ।  ਲੱਕੜ ਦੀ ਗੇਲੀ ,ਠੀਕਰ ,ਸੂਈ ਦਾ ਨੱਕਾ , ਥਰਮਸ ,ਵਰਤਾਰਾ ,ਹੁਸਨ ,ਤੌਲੀਆ ,ਘਰ ,ਮਮਤਾ, ਕਿਰਨ ,ਅੱਖਰ  ਮਿਠਾਸ਼ ਆਦਿ ਚਿੰਤਨਸ਼ੀਲ ਬੌਧਿਕ   ਰਚਨਾਵਾਂ ਹਨ ।  ਕਵੀ ਵਿਚ ਨਿੱਕੇ ਨਿੱਕੇ ਛਿਣ ਪਕੜਨ ਦੀ ਸਮਰਥਾ  ਹੈ । ਸੂਖਮ ਅਹਿਸਾਸਾਂ ਵਾਲੇ ਕਾਵਿ ਸੰਗ੍ਰਹਿ ਦਾ ਸਵਾਗਤ ਹੈ ।