ਸੁੱਖਾ (ਮਿੰਨੀ ਕਹਾਣੀ)

ਦਿ ਓਕਟੋ-ਆਊਲ   

Email: hkartist786@gmail.com
Address:
Bagha Purana India
ਦਿ ਓਕਟੋ-ਆਊਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਆਖਿਰਕਾਰ ਖੁਸ਼ੀਆਂ ਦੀ ਘੜੀ ਆ ਹੀ ਗਈ। ਸੁੱਖਾ ਅੱਜ ਫੂਲੇ ਨਹੀਂ ਸੀ ਸਮਾ ਰਿਹੈ। ਪੱਬ ਧਰਤੀ 'ਤੇ ਨਹੀਂ ਸਨ ਲੱਗ ਰਹੇ। ਪਹਿਲਾਂ ਤਾਂ ਹਮੇਸ਼ਾ ਖਿਆਲਾਂ ਵਿੱਚ ਹੀ ਉੱਡਿਆ ਕਰਦਾ ਸੀ ਪਰ ਅੱਜ ਖਿਆਲਾਂ ਨੂੰ ਅਸਲੀਅਤ ਵਿੱਚ ਬਦਲਣ ਦੀ ਘੜੀ ਆ ਚੁੱਕੀ ਸੀ।
ਦੱਬੇ ਪੈਂਰੀ ਸੁੱਖਾ ਆਪਣੀ ਮਾਂ ਦੇ ਕੋਲ ਗਿਆ ਅਤੇ ਪਿੱਛੋਂ ਦੀ ਬਾਹਾਂ ਹਾਰ ਬਣਾ ਕੇ ਮਾਂ ਦੇ ਗਲ ਪਾ ਦਿੱਤਾ ਅਤੇ ਲਾਡ ਲੜਾਉਣ ਲੱਗ ਪਿਐ।। ਮੂੰਹੋਂ ਸ਼ਬਦ ਕੋਈ ਨਿਕਲਣ ਦਾ ਨਾਮ ਨਹੀਂ ਸੀ ਲੈ ਰਿਹਾ ਅਤੇ ਮੁੱਖੜੇ ਤੇ ਖੁਸ਼ੀ ਦੇ ਰੰਗ ਚਮਕਾਂ ਮਾਰ ਰਹੇ ਸਨ। ਮਾਂ ਨੇ ਝੂਠਾ-ਮੂਠਾ ਖਿਝਦੀ ਹੋਈ ਨੇ ਬੋਲ ਹੀ ਦਿੱਤਾ 'ਵੇ ਸੁੱਖਿਆ ਹੁਣ ਮੂੰਹੋਂ ਕੁਝ ਭੌਂਕੇਗਾ ਕੇ ਆਹ ਲੱਛਣ ਜਿਹੇ ਹੀ ਕਰੇਂਗਾ'?
'ਮਾਂ ਬਸ ਮੈਂ ਹੁਣ ਇੱਥੇ ਥੋੜੇ ਕੁ ਦਿਨਾਂ ਦਾ ਹੀ ਮਹਿਮਾਨ ਆਂ, ਹੁਣ ਤੇਰੀਆਂ ਰੀਝਾਂ ਵੀ ਪੂਰਿਆਂ ਹੋਣਗੀਆਂ ਅਤੇ ਮੇਰੇ ਸੁਫ਼ਨੇ ਵੀ' ਸੁੱਖੇ ਨੇ ਚਾਂਬਲਦੇ ਹੋਏ ਨੇ ਕਿਹਾ। ਮਾਂ ਦੇ ਮੂੰਹ ਤੇ ਮੁਸਕਾਨ ਤਾਂ ਆਈ ਪਰ ਅੰਦਰ ਉਸਨੂੰ ਵੱਢ-ਵੱਢ ਖਾਣ ਲੱਗ ਪਿਐ। ਕਲੇਜੇ ਵਿੱਚ ਖੋਹ ਜਿਹੀ ਪੈਣ ਲੱਗ ਪਈ। 'ਚੱਲ ਚੰਗੈ ਪੁੱਤ ਤੇਰਾ ਵੀ ਕੰਮ ਬਣ ਗਿਐ, ਦੇਰ ਆਏ ਦਰੁਸਤ ਆਏ' ਮਾਂ ਨੇ ਐਨਾ ਹੀ ਕਿਹਾ ਅਤੇ ਨਾ ਚਾਹੁੰਦੇ ਹੋਏ ਅੱਖਾਂ ਵਿੱਚੋਂ ਪਾਣੀ ਵਹਿ ਤੁਰਿਆ। 'ਮਾਂ ਯਰ ਤੁਸੀਂ ਖੁਦ ਹੀ ਤਾਂ ਚਾਹੁੰਦੇ ਸੀ ਇਹ ਸਭ ਕੁਝ, ਹੁਣ ਜੇ ਕੰਮ ਲੋਟ ਆ ਗਿਆ ਤਾਂ ਇਂਉ ਨਾ ਕਰ' ਸੁੱਖੇ ਨੇ ਦੁਖੀ ਹਿਰਦੇ ਨਾਲ ਮਾਂ ਨੂੰ ਕਿਹਾ। 'ਪੁੱਤ ਮੈਨੂੰ ਤਾਂ ਬਹੁਤ ਖੁਸ਼ੀ ਐ ਪਰ ਤੈਨੂੰ ਕਦੇ ਅੱਖੋਂ ਓਹਲੇ ਹੋਣ ਨਹੀਂ ਦਿੱਤਾ ਤਾਂ ਕਰਕੇ ਥੋੜਾ ਜਿਹਾ ਭਾਵੁਕ ਹੋ ਗਈ' ਮਾਂ ਨੇ ਅੱਥਰੂ ਪੂੰਝਦੇ ਹੋਏ ਕਿਹਾ।
'ਚੱਲ ਪਹਿਲਾਂ ਮਿਠਾਈ ਦੇ ਡੱਬੇ ਲੈ ਆ ਆਪਾਂ ਫਿਰ ਮਟ ਵਾਲੇ ਬਾਬੇ ਦੀ ਸਮੇਂ ਨਾਲ ਸੁੱਖ ਲਾਹ ਆਈਏ' ਮਾਂ ਨੇ ਹੁਣ ਹੌਂਸਲੇ ਵਿੱਚ ਹੁੰਦੇ ਕਿਹਾ। ਸੁੱਖਾ ਮੂੰਹ ਸਵਾਰਦਾ ਹੋਇਆ ਗੱਡੀ ਵਿੱਚ ਬੈਠ ਗਿਆ, ਸੈਲਫ ਮਾਰੀ ਅਤੇ ਗੱਡੀ ਬਾਜ਼ਾਰ ਵੱਲ ਖਿੱਚ ਦਿੱਤੀ। ਮਿਠਾਈਆਂ ਅਤੇ ਹੋਰ ਸੁੱਖ ਦਾ ਸਮਾਨ ਖਰੀਦਿਆ ਅਤੇ ਘਰੇ ਪਰਤਿਆ। ਮਾਂ ਨੂੰ ਗੱਡੀ ਵਿੱਚ ਬਿਠਾਇਆ ਅਤੇ ਮਟ ਵੱਲ ਤੁਰ ਪਏ। ਸੁੱਖ ਲਾਹ ਕੇ ਸੁੱਖਾ ਆਪਣੇ ਕੰਮ ਤੋਂ ਫਾਰਗ ਹੋਇਆ। ਸੂਰਜ ਟਮਾਟੇ ਵਾਂਗਰ ਲਾਲ ਹੋ ਚੁੱਕਾ ਸੀ। ਪੰਛੀ ਆਪਣੇ ਆਲਣਿਆਂ ਵੱਲ ਮੁੜਨੇ ਸ਼ੁਰੂ ਹੋ ਗਏ। ਆਸਮਾਨ ਵਿੱਚ ਰੋਣਕਾਂ ਲੱਗੀਆਂ ਪਈਆਂ ਸਨ। ਕਾਮੇ ਵੀ ਖੇਤਾਂ ਅਤੇ ਆਪਣੇ ਕਿੱਤਿਆਂ ਤੋਂ ਥੱਕੇ ਹਾਰੇ, ਮੂੰਹ ਲਟਕਾਈ ਸੋਚਾਂ ਵਿੱਚ ਡੁੱਬੇ ਹੋਏ ਘਰਾਂ ਨੂੰ ਪਰਤ ਰਹੇ ਸਨ। ਇਹ ਵਕਤ ਸੀ ਦਾਰੂ ਵਾਲੇ ਕੀੜਿਆਂ ਦੇ ਜਾਗਣ ਦਾ  ਅਤੇ ਬੰਦਿਆਂ ਨੂੰ ਠੇਕਿਆਂ 'ਤੇ ਜਾਣ ਲਈ ਮਜਬੂਰ ਕਰਨ ਦਾ। ਅੱਜ ਤਾਂ ਸੁੱਖੇ ਕੋਲ ਸਿਰੇ ਦਾ ਬਹਾਨਾ ਸੀ ਇਹਨਾਂ ਕੀੜਿਆਂ ਦੀ ਮਨਮਰਜੀ ਪੂਰੀ ਕਰਨ ਦਾ। ਸੁੱਖੇ ਨੇ ਆਪਣੇ ਨਾਲਦਿਆਂ ਨੂੰ ਫੋਨ ਘੁਮਾਇਆ ਅਤੇ ਵਾਉਂਤ ਬਣਾਉਣ ਲੱਗਿਆ ਵਈ ਅੱਜ ਕਿੱਥੇ ਬੈਠੀਏ। ਸਾਰਿਆਂ ਨੇ ਆਪਸ ਵਿੱਚ ਰਾਇ ਮਸ਼ਵਰਾ ਕੀਤਾ ਅਤੇ ਆਪਣੇ ਨੇੜਲੇ ਪਿੰਡ ਸਿਨਮੇ ਕੋਲ ਬਣੇ ਬਾਰ ਵਿੱਚ ਚਲੇ ਗਏ। ਤਕਰੀਬਨ  11-12 ਜਣੇ ਇਕੱਠੇ ਹੋਏ ਸਨ ਜਿਹਨਾਂ ਵਿੱਚੋਂ ਇੱਕ ਸਾਥੀ ਮੌਜੂਦਾ ਐਮ.ਐਲ.ਏ ਸੀ। ਸਾਰੇ ਸੁੱਖੇ ਨੂੰ ਵਧਾਈਆਂ ਤੇ ਵਧਾਈਆਂ ਦੇ ਰਹੇ ਸਨ। ਕੋਈ ਸੁੱਖੇ ਨੂੰ ਘੁੱਟ ਕੇ ਜੱਫੀ ਪਾਉਂਦਾ ਕੋਈ ਚੌੜ ਵਿੱਚ ਹੱਥ ਹੀ ਨਾ ਮਿਲਾਵੇ।  
ਬਾਰ ਦੇ ਮੇਨੇਜਰ ਨੇ ਟੇਬਲ ਸਾਫ਼ ਕਰਵਾਇਆ ਅਤੇ ਜ਼ਿਆਦਾ ਮੁੰਡਿਆਂ ਨੂੰ ਦੇਖ ਕੇ ਕੁਰਸੀਆਂ ਹੋਰ ਲਗਵਾ ਦਿੱਤੀਆਂ। ਸੁੱਖਾ ਅਤੇ ਉਸਦੇ ਸਾਰੇ ਸਾਥੀ ਕੁਰਸੀਆਂ ਉਤੇ ਬੈਠੇ। ਵੇਟਰ ਆਡਰ ਲੈਣ ਲਈ ਆਇਆ। ਵੇਟਰ ਪੰਜ- ਦਸ ਮਿੰਟ ਓਥੇ ਆਡਰ ਦੀ ਉਠੀਕ ਵਿੱਚ ਖੜਾ ਰਿਹਾ। ਸੁੱਖੇ ਹੁਰਾਂ ਕੋਲੋਂ ਅਜੇ ਤੱਕ ਇਹੀ ਫੈਸਲਾ ਨਾ ਲਿਆ ਗਿਆ ਕਿ ਕੀ ਮੰਗਵਾਈਏ। ਆਖਿਰ ਵਿੱਚ ਸਾਰਿਆਂ ਨੇ ਆਡਰ ਦੇਣ ਦਾ ਭਾਂਡਾ ਐਮ. ਐਲ. ਏ ਦੇ ਸਿਰ ਭੰਨਿਆ । ਐ.ਐਲ. ਏ ਨੇ ਤੰਦੂਰੀ ਮੁਰਗਾ, ਪੀਨੱਟ ਮਸਾਲਾ, ਸਲਾਦ, ਅਤੇ ਆਪਣੀ ਮਨਪਸੰਦੀਦਾ 'ਟੀਚਰ' ਸਕਾਚ ਆਡਰ ਕਰ ਦਿੱਤੀ। ਜਾਮ ਤੇ ਜਾਮ ਛਲਕਣ ਲੱਗੇ। ਮਹਫਿਲ ਮਗਣ ਲੱਗੀ। ਸਾਰਿਆਂ ਨੂੰ ਸਰੂਰ ਚੜ ਚੁੱਕਾ ਸੀ। ਹੁਣ ਕੋਈ ਕੀ ਆਡਰ ਕਰੇ ਕੋਈ ਕੀ। ਨਵੀਆਂ ਪੁਰਾਣੀਆਂ ਹਰ ਤਰਾਂ ਦੀਆਂ ਗੱਲਾਂ ਖੁੱਲ ਪਈਆਂ। ਵਕਤ ਐਨੀ ਰਫ਼ਤਾਰ ਨਾਲ ਬੀਤਿਆ ਇਸਦਾ ਅੰਦਾਜਾ ਓਦੋਂ ਹੋਇਆ ਜਦੋਂ ਸੁੱਖੇ ਦੇ ਘਰੋਂ ਫੋਨ ਆਇਆ। 'ਪੁੱਤ ਆ ਜਾ ਹੁਣ ਗਿਆਰਾਂ ਵੱਜ ਗਏ' ਮਾਂ ਨੇ ਤਰਲਾ ਜਿਹਾ ਪਾਉਂਦੀ ਨੇ ਸੁੱਖੇ ਨੂੰ ਕਿਹਾ। 'ਆਉਂਦਾ ਬੇਬੇ ਬਸ ਦਸਾਂ-ਪੰਦਰਾਂ ਮਿੰਟਾਂ ਵਿੱਚ' ਸੁੱਖੇ ਨੇ ਜਵਾਬ ਦਿੰਦਿਆਂ ਕਿਹਾ। ਸੁੱਖੇ ਨੂੰ ਫੋਨ ਆਉਣ ਤੋਂ ਉਸਦੇ ਹੋਰਾਂ ਸਾਥੀਆਂ ਨੂੰ ਘਰੋਂ ਫੋਨ ਆਉਣ ਲੱਗ ਪਏ। ਹੁਣ ਮਹਫਿਲ ਨੂੰ ਸਮਾਪਤ ਕਰਨ ਦਾ ਵਕਤ ਆ ਚੁੱਕਿਆ ਸੀ। ਸਾਰਿਆਂ ਨੇ ਆਖਰੀ ਜਾਮ ਖੜਕਾਇਆ ਅਤੇ ਇੱਕੋ ਸਾਹ ਵਿੱਚ ਖਿੱਚ ਗਏ ਪਰ ਸੀਪੇ ਨੇ ਗਿਲਾਸ ਹੱਥ ਵਿੱਚ ਹੀ ਰੱਖਿਆ। ਸਾਰਿਆਂ ਦਾ ਧਿਆਨ ਸੀਪੇ ਵੱਲ ਹੋ ਗਿਆ। 'ਬਾਈ ਐਮ.ਐਲ.ਏ ਸਾਬ, ਇੱਕ ਕੰਮ ਈ ਕਰਦੇ' ਸੀਪੇ ਨੇ ਗੰਭੀਰ ਹੁੰਦਿਆਂ ਕਿਹਾ। 'ਹੁਕਮ ਕਰ ਵੱਡੇ ਬਾਈ' ਐਮ.ਐਲ.ਏ ਨੇ ਬੜੇ ਪਿਆਰ ਨਾਲ ਕਿਹਾ। ਥੜ ਥੜਾਉਂਦੀ ਆਵਾਜ਼ ਵਿੱਚ ਸੀਪਾ ਕਹਿਣ ਲੱਗਾ 'ਬਾਈ ਯਰ ਸੁੱਖੇ 'ਤੇ ਕੋਈ ਨਿੱਕਾ ਮੋਟਾ ਕੋਈ ਤਾਰ ਚੋਰੀ ਦਾ ਈ ਪਰਚਾ ਪਵਾ ਦੇ, ਪਰਚਾ ਭੁਗਤਦੇ-ਭੁਗਤਦੇ ਨੂੰ ਦੇਢ-ਦੋ ਸਾਲ ਲੱਗ ਹੀ ਜਾਣੇ ਆ ਓਦੋਂ ਤੱਕ ਮੇਰਾ ਵੀ ਵਿਦੇਸ਼ ਜਾਣ ਦਾ ਕੰਮ ਬਣ ਜਾਊ। ਸਾਲਾ ਕੋਈ ਬੰਦਾ ਹੀ ਨਹੀਂ ਬਚਿਆ ਯਰ ਜਿਸ ਨਾਲ ਬਹਿ ਕੇ ਪੈਗ ਲਾ ਲਈਏ। ਇੱਕ ਵਕਤ ਸੀ ਅਸੀਂ 17-18 ਜਣੇ ਹੁੰਦੇ ਸਾਂ। ਸਾਲਾ ਅੱਜ ਦੋ-ਤਿੰਨ ਬਚੇ ਹਾਂ ਬਾਕੀ ਬਾਈ ਤੁਸੀਂ ਸਾਰੇ ਹੋ ਪਰ ਸਾਰੇ ਅਲੱਗ-ਅਲੱਗ ਪਿੰਡਾਂ ਸ਼ਹਿਰਾਂ ਦੇ। ਅੱਜ ਕਿਸੇ ਖਾਸ ਘੜੀ ਕਰਕੇ ਇਕੱਠੇ ਹੋਏ ਹਾਂ ਉਹਦੇ ਵਿੱਚੋਂ ਵੀ ਚਾਰ ਜਣੇ ਗੈਰ-ਹਾਜ਼ਰ ਨੇ ਕਿਉਂਕਿ ਦੂਰ ਦੇ ਪਿੰਡਾਂ ਦੇ ਨੇ। ਆਹ ਜਿਹੜਾ ਮੀਸਣਾ ਜਿਹਾ ਏ ਨਾ ਆਹ ਇੰਦਰਜੀਤ, ਇਸਨੂੰ ਸਾਲੇ ਨੂੰ ਮੈਂ ਇੱਕ ਦਿਨ ਕਿਹਾ ਕਿ ਆਜਾ ਅੱਜ ਬੈਠਦੇ ਹਾਂ ਕਿਤੇ। ਸਾਲਾ ਮੈਨੂੰ ਬਣਾ ਸਵਾਰ ਕੇ ਕਹਿੰਦਾ 'ਬਾਈ ਅੱਜ ਤਾਂ ਵੀਰਵਾਰ ਏ 'ਤੇ ਅੱਜ ਮੈਂ ਪੀਂਦਾ ਨਹੀਂ'। ਉੱਤੋਂ ਸਾਲਾ ਆਹ ਸੁੱਖਾ ਵੀ ਜਹਾਜ ਦਾ ਪੂੰਝਾ ਫੜਨ ਲੱਗਾ ਏ। ਬਾਈ ਬਣਿਆ ਕੋਈ ਨਿੱਕਾ-ਮੋਟਾ ਪਰਚਾ ਪਵਾਦੇ ਯਰ ਤੂੰ ਤੇ ਹੁਣ ਸਰਕਾਰ 'ਚ ਏਂ ਅਤੇ ਤੇਰਾ ਕਿਹਾ ਤਾਂ ਕੋਈ ਐਸ.ਐਚ.ਓ ਵੀ ਨਹੀਂ ਮੋੜਦਾ' ਸੀਪੇ ਨੇ ਰੋਂਦੇ ਹੋਏ ਦਿਲ ਨਾਲ ਕਿਹਾ। ਮਹਫਿਲ ਵਿੱਚ ਉੱਚੀ-ਉੱਚੀ ਹਾਸੇ ਦੀ ਆਵਾਜ਼ ਗੂੰਜਣ ਲੱਗ ਪਈ। ਸਾਰੇ ਹੱਸ-ਹੱਸ ਦੂਹਰੇ ਹੋ ਗਏ। ਐਮ.ਐਲ.ਏ ਹੱਸਦਾ-ਹੱਸਦਾ ਕੁਰਸੀ ਤੋਂ ਹੇਠਾਂ ਡਿੱਗ ਪਿਆ। ਸੀਪਾ ਗੰਭੀਰ ਸੀ ਬਿਲਕੁਲ ਆਵਦੀ ਕਹੀ ਹੋਈ ਗੱਲ ਵਾਂਗ।