ਈ ਦੀਵਾਨ ਸੋਸਾਇਟੀ ਕੈਲਗਰੀ ਵੱਲੋਂ ਅੰਤਰਰਾਸ਼ਟਰੀ ਕਵੀ ਦਰਬਾਰ
(ਖ਼ਬਰਸਾਰ)
ਕੈਲਗਰੀ -- ਈ ਦੀਵਾਨ ਸੋਸਾਇਟੀ, ਕੈਲਗਰੀ ਵੱਲੋਂ ਆਪਣੇ ਹਫਤਾਵਾਰੀ ਪ੍ਰੋਗਰਾਮ ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਅਤੇ ਤੀਜੇ ਘੱਲੂਘਾਰੇ ਨੂੰ ਸਮਰਪਿਤ ਅੰਤਰਰਾਸ਼ਟਰੀ ਕਵੀ ਦਰਬਾਰ ਆਯੋਜਿਤ ਕੀਤਾ ਗਿਆ, ਜਿਸ ਵਿੱਚ ਵੱਖ ਵੱਖ ਦੇਸ਼ਾਂ ਤੋਂ ਕਵੀ ਜਨਾਂ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ। ਇਹ ਸੋਸਾਇਟੀ ਗੁਰੂ ਗੋਬਿੰਦ ਸਿੰਘ ਜੀ ਦੀ ਚਲਾਈ ਕਵੀ - ਦਰਬਾਰ ਸਜਾਉਣ ਦੀ ਪਿਰਤ ਨੂੰ ਜਿੰਦਾ ਰੱਖ ਰਹੀ ਹੈ।
ਸਭ ਤੋਂ ਪਹਿਲਾਂ ਡਾਕਟਰ ਬਲਰਾਜ ਸਿੰਘ ਜੀ ਨੇ ਸਭ ਨੂੰ 'ਜੀ ਆਇਆਂ' ਆਖਦੇ ਹੋਏ ਕਵੀ ਦਰਬਾਰ ਦੇ ਮਕਸਦ ਤੇ ਚਾਨਣਾ ਪਾਇਆ। ਟੋਰਾਂਟੋ ਤੋਂ ਆਈਆਂ ਬੱਚੀਆਂ- ਅਨੁਰੀਤ ਕੌਰ, ਅਮਿਤੋਜ਼ ਕੌਰ ਅਤੇ ਮਨਰੀਤ ਕੌਰ ਨੇ ' ਸ਼ਬਦ- "ਡਗਮਗ ਛਾਡਿ ਰੇ ਮਨ ਬਉਰਾ" ਨਾਲ ਕਵੀ ਦਰਬਾਰ ਦੀ ਆਰੰਭਤਾ ਕੀਤੀ। ਬੱਚੀਆਂ ਸਿਮਰਲੀਨ ਕੌਰ ਪਰਮੀਤ ਕੌਰ ਅਤੇ ਸ ਪਰਮਜੀਤ ਸਿੰਘ ਬਰੈਂਪਟਨ ਨੇ ਸਿਮਰਨ ਕਰਵਾ ਕੇ ਇੱਕ ਗੀਤ "ਤੱਤੀ ਤਵੀ ਉੱਤੇ ਬੈਠਾ ਅਰਸ਼ਾਂ ਦਾ ਨੂਰ ਏ" ਗਾ ਕੇ ਕਵੀ ਦਰਬਾਰ ਦੇ ਵਿਸ਼ੇ ਵੱਲ ਧਿਆਨ ਖਿੱਚਿਆ । ਜਸਪ੍ਰੀਤ ਕੌਰ ਨੋਇਡਾ ਜੀਂ ਨੇ ਗੀਤ "ਰਾਵੀ ਦਿਆ ਪਾਣੀਆ ਤੂੰ ਠੋਕਰਾਂ ਨਾ ਮਾਰ ਵੇ" ਤਰੰਨਮ ਵਿਚ ਗਾ ਕੇ ਕਵੀ ਦਰਬਾਰ ਦੀ ਸ਼ੁਰੂਆਤ ਕੀਤੀ । ਗੁਰਦੀਸ਼ ਕੌਰ ਗਰੇਵਾਲ ਜੀ ਨੇ ਇੱਕ ਆਪਣੀ ਲਿਖੀ ਕਵਿਤਾ "ਹਾਅ ਦਾ ਨਾਅਰਾ "ਸੁਣਾਈ । ਅਮਲੋਹ ਤੋੰ ਕਵੀ ਸ. ਗੁਰਪ੍ਰੀਤ ਸਿੰਘ ਵੜੇਚ ਨੇ ਤੀਸਰੇ ਘੱਲੂਘਾਰੇ ਨੂੰ ਸਮਰਪਿਤ ਇੱਕ ਰਚਨਾ ਕਲੀ ਛੰਦ ਵਿਚ ਸੁਣਾਈ । ਪਟਿਆਲੇ ਤੋਂ ਛੰਦਾਬੰਦੀ ਦੇ ਮਾਹਰ ਸ. ਕੁਲਵੰਤ ਸਿੰਘ ਸੇਦੋਕੇ ਨੇ " ਸਾਨੂੰ ਅਜੇ ਵੀ ਨਹੀਂ ਭੁੱਲੀ ਜੂਨ ਉੱਨੀ ਸੌ ਚੁਰਾਸੀ" ਗਾ ਕੇ ਸਭ ਨੂੰ ਭਾਵੁਕ ਕਰ ਦਿੱਤਾ। ਜਲੰਧਰ ਤੋਂ ਸ. ਕੁਲਵਿੰਦਰ ਸਿੰਘ ਗਾਖਲ ਜੀਂ ਨੇ ਗੀਤ" ਭੁੱਲ ਨਾ ਕੁਰਬਾਨੀ ਜਾਇਓ, ਭਾਨੀ ਦੇ ਲਾਲ ਦੀ" ਤਰੰਨਮ ਵਿਚ ਗਾ ਕੇ ਸੁਣਾਇਆ। ਜਲੰਧਰ ਤੋਂ ਹੀ ਉਸਤਾਦ ਕਵੀਸ਼ਰ ਇੰਜੀ.ਕਰਮਜੀਤ ਸਿੰਘ ਨੂਰ ਜੀਂ ਨੇ ਸਟੇਜੀ ਅੰਦਾਜ ਵਿਚ ਜੂਨ 1984 ਦੇ ਘੱਲੂਘਾਰੇ ਦਾ ਖੂਬਸੂਰਤ ਕਾਵਿ ਮਈ ਸ਼ਬਦਾਂ ਵਿਚ ਬਿਆਨ ਕੀਤਾ । ਮਸਕਟ ਤੋਂ ਸ ਬਲਕਾਰ ਸਿੰਘ ਬੱਲ ਜੀ ਨੇ ਕੁਲਵੰਤ ਸੇਦੋਕੇ ਦਾ ਲਿਖਿਆ ਗੀਤ "ਤੇਰਾ ਕੀਆ ਮਿੱਠਾ ਮੁੱਖੋਂ ਰਹੇ ਨੇ ਬੋਲ ਜੀਂ" ਬਹੁਤ ਵਧੀਆ ਆਵਾਜ਼ ਵਿਚ ਗਾ ਕੇ ਸੁਣਾਇਆ । ਕੈਲਗਰੀ ਤੋਂ ਛੰਦਾ ਬੰਦੀ ਦੇ ਮਾਹਰ ਸ.ਜਸਵੰਤ ਸਿੰਘ ਸੇਖੋਂ ਜੀ ਨੇ ਤੀਸਰੇ ਘੱਲੂਘਾਰੇ ਬਾਰੇ ਪੂਰਨ ਜਾਣਕਾਰੀ ਦਿੱਤੀ। ਕੈਲਗਰੀ ਤੋਂ ਸ. ਹਰਭਜਨ ਸਿੰਘ ਜੀ ਨੇ ਵੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੇ ਕਵਿਤਾ ਸੁਣਾ ਕੇ ਹਾਜ਼ਰੀ ਲਗਾਈ। ਕੈਲਗਰੀ ਤੋੰ ਹੀ ਸ. ਜਸਵਿੰਦਰ ਸਿੰਘ ਰੁਪਾਲ ਜੀ ਨੇ ਕੋਰੜਾ ਛੰਦ ਵਿਚ ਲਿਖੀ ਕਵਿਤਾ " ਭਾਣੇ ਵਿੱਚ ਜੀਂਦੇ ਪੰਜਵੇਂ ਦਾਤਾਰ ਜੀਂ" ਗਾ ਕੇ ਸੁਣਾਈ। ਟੋਰਾਂਟੋ ਦੇ ਕਵੀ ਸ. ਸੁਜਾਨ ਸਿੰਘ ਸੁਜਾਨ ਜੀਂ ਨੇ ਗੀਤ "ਚੰਦੂਆ ਵੇ ਦੱਸ ਕੀ ਬਕਾਇਆ ਤੇਰਾ ਰਹਿ ਗਿਆ " ਅਖੀਰ ਤੇ ਗਾ ਕੇ ਸੁਣਾਇਆ ਕਿਉਂਕਿ ਉਹ ਹੁਣ ਤੱਕ ਗੁਰਦੀਸ਼ ਕੌਰ ਗਰੇਵਾਲ ਜੀ ਦੇ ਨਾਲ ਸਟੇਜ ਸਕੱਤਰ ਦੀ ਸੇਵਾ ਨਿਭਾ ਰਹੇ ਸਨ ।
ਡਾ.ਬਲਰਾਜ ਸਿੰਘ ਜੀ ਨੇ ਹਾਜਰ ਕਵੀਆਂ ਦਾ ਧੰਨਵਾਦ ਕਰਦੇ ਹੋਏ, ਕਵੀ ਸਾਹਿਬਾਨਾਂ ਨੂੰ, ਸੋਸਾਇਟੀ ਦੇ ਮਾਸਿਕ ਮੈਗਜ਼ੀਨ 'ਸਾਂਝੀ ਵਿਰਾਸਤ' ਲਈ ਆਪਣੀਆਂ ਕਵਿਤਾਵਾਂ ਭੇਜਣ ਦਾ ਸੱਦਾ ਦਿੱਤਾ। ਅੰਤ ਤੇ ਜੈਪੁਰ ਤੋ ਬਰਿਜਮਿੰਦਰ ਕੌਰ ਜੀਂ ਨੇ ਆਨੰਦ ਸਾਹਿਬ ਪੜ੍ਹਿਆ- ਉਪਰੰਤ ਅਰਦਾਸ ਅਤੇ ਹੁਕਮਨਾਮੇ ਨਾਲ ਇਸ ਗੁਰਮਤਿ ਕਵੀ ਦਰਬਾਰ ਦੀ ਸਮਾਪਤੀ ਹੋਈ। ਸਰੋਤਿਆਂ ਨੇ ਇਸ ਕਵੀ ਦਰਬਾਰ ਦਾ ਭਰਪੂਰ ਆਨੰਦ ਮਾਣਿਆਂ।