ਵੈਸੇ ਤਾਂ ਸਮੁੱਚੀ ਹਿੰਦਸਤਾਨ ਦੀ ਨੇਤਾਗੀਰੀ ਅਡੰਬਰ ਦੇ ਸਹਾਰੇ ਵੰਡਰ ਦੇ ਖ਼ਾਬ ਦਿਖਉਂਦੀ ਹੈ ਪਰ ਪੰਜਾਬ ਦੇ ਨੇਤਾ ਕਿਉਂਕਿ ਕੁੱਝ ਜਿਆਦਾ ਹੀ ਹਾਇ ਤੌਬਾ ਵਿਚ ਵਿਸ਼ਵਾਸ਼ ਰੱਖਦੇ ਹਨ, ਸੋ ਅੱਜ ਤੱਕ ਇਸ ਨੇਤਾਗੀਰੀ ਨੇ ਪੰਜਾਬ ਦਾ ਵਿਗਾੜਿਆ ਹੀ ਵਿਗਾੜਿਆ ਹੈ, ਸਵਾਰਿਆ ਕੱਖ ਨਹੀਂ-ਭਾਵੇਂ ਪਾਣੀ ਲੈ ਲਓ ਤੇ ਭਾਵੇਂ ਸਿੱਖਿਆ, ਸੇਹਤ ਅਤੇ ਖੇਤਰਫ਼ਲ ਇਤਿਆਦ।
ਲ਼ੋਕ ਸਭਾ ਵਿਚ ਆਮ ਆਦਮੀ ਪਾਰਟੀ ਦਾ ਜੋ ਹਸ਼ਰ ਹੋਇਆ, ਆਮ ਲੋਕਾਂ ਨੂੰ ਤਾਂ ਭਲੀ ਭਾਂਤ ਪਤਾ ਸੀ ਪਰ ਆਮ ਆਦਮੀ ਪਾਰਟੀ ਐਵੈਂ ਹੀ 13-0 ਦੀਆਂ ਡੀਗਾਂ ਮਾਰਦੀ ਰਹੀ। ਬਹੁਤੀ ਹੀ ਸਿਆਣਪ ਦੀਆਂ ਗੱਲਾਂ ਕਰ ਰਹੇ ਸੀ ਪਰ ਪਬਲਿਕ ਸੱਭ ਕੁੱਝ ਦੇਖ ਹੀ ਨਹੀਂ, ਅਗਾਹ ਵੀ ਕਰ ਰਹੀ ਸੀ ਓ ਭਲਿਓ ਮਾਣਸੋ! ਪੋਸਟਰਾਂ, ਮਸ਼ਹੂਰੀਆਂ ਅਤੇ ਕਲਾਕਾਰਾਂ ਵਾਲੇ ਭਾਸ਼ਣਾਂ ਨਾਲ ਸਿਵਾਇ ਆਮ ਆਦਮੀ ਸਿਰ ਕਰਜ਼ਾ ਚੜ੍ਹਨ ਦੇ ਕੁੱਝ ਨੀ ਜੇ ਸੌਰਨਾ, ਕੁੱਝ ਜ਼ਮੀਨੀ ਪੱਧਰ ਤੇ ਕੰਮ ਕਰਕੇ ਦਿਖਾਓ। ਓ ਕਮਲਿਓ 13-0 ਕਿਉਂ, ਦਿੱਲੀ ਮਿਲਾ ਕੇ 20-0 ਦਾ ਹੋਕਰਾ ਕਿਉਂ ਨਹੀਂ ਦਿੱਤਾ? ਜੇ ਪੰਜਾਬ ਦਾ ਕੁੱਝ ਵੀ ਦਰਦ ਹੁੰਦਾ ਤਾਂ 20 ਸੀਟਾਂ ਤੇ ਤੁਹਾਡਾ ਕਬਜ਼ਾ ਹੋਣਾ ਸੀ। ਅਗਲੇ 18 ਸੀਟਾਂ ਵਾਲੇ ਧੋਂਸ ਜਮਾ ਗਏ ਤੇ ਤੁਹਾਡਾ ਧੋਬੀ ਦੇ ਕੁੱਤੇ ਵਾਲਾ ਹਾਲ ਹੈ ਨਾ ਘਰ ਦੇ ਰਹੇ ਤੇ ਨਾ ਘਾਟ ਦੇ! ਇੰਡੀਆ ਬਲਾਕ ਵਿਚ ਵੀ ਕੋਈ ਵੁੱਕਤ ਨਾ ਬਣ ਸੱਕੀ। ਬਾਹਰਲੇ ਰਾਜਾਂ ਵਿਚ ਹੈਲੀਕਾਪਟਰ ਘੁਮਾ-ਘੁਮਾ ਕੇ ਠੂਠਾ ਹੀ ਹੱਥ ਲੱਗਾ- ਕਿਸੇ ਘਾਹ ਨੀ ਪਾਇਆ।
ਤੁਸੀਂ ਵਿਜੀਲੈਂਸ ਨੂੰ ਇਸਤੇਮਾਲ ਕੀਤਾ, ਇਸੇ ਵਿਜੀਲੈਂਸ ਨੂੰ ਅਗਲੀ ਸਰਕਾਰ ਤੁਹਾਡੇ ਖ਼ਿਲਾਫ਼ ਖੜਾ ਕਰ ਦੇਵੇਗੀ ਪਰ ਆਮ ਆਦਮੀ ਨੂੰ ਕੀ ਮਿਲਿਆ? ਇਹੋ ਜਿਹੇ ਸਵਾਲ ਮੂੰਹ ਅੱਡੀ ਖੜੇ ਹਨ।
ਪਾਰਟੀ ਵਰਕਰ ਅਤੇ ਜੋਕਰ ਨੇਤਾ ਅਜੇ ਵੀ ਸੱਚ ਦੇ ਰਾਹ ਨਹੀਂ ਆ ਰਹੇ ਅਖੇ ਇਕ ਸੀਟ ਬਲਕੌਰ ਸਿੰੰਘ, ਇਕ ਸੀਟ ਅ�ਿਮਤਪਾਲ ਸਿੰਘ ਅਤੇ ਇਕ ਸੀਟ ਖਾਲਸਾ ਜੀ ਲੈ ਗਏ, ਇਸ ਕਰਕੇ ਅਸੀਂ ਘਾਟੇ ਵਿਚ ਰਹੇ। ਚਲੋ ਤਿੰਨ ਸੀਟਾਂ ਇਹ ਗਈਆਂ ਤੇ ਬਾਕੀ ਦੀ ਪੰਡ ਕਿੱਥੱੇ ਗਈ? ਮਾਨ ਸਾਹਿਬ ਖ਼ੁੱਦ ਪਹਿਲੀਆਂ ਸਰਕਾਰਾਂ ਦੁਆਰਾ ਪੋਸਟਰਾਂ ਉੱਤੇ ਖਜ਼ਾਨੇ ਦੀ ਲੁੱਟ ਤੇ ਵਿਅੰਗ ਕੱਸਦੇ ਥੱਕਦੇ ਨਹੀਂ ਸੀ ਪਰ ਹੁਣ ਉਹੀ ਸੇਲ੍ਹੀ ਤੇ ਉਹੀ ਟੋਪੀ। ਇਹਨਾਂ ਹੱਥ ਆਗੂ ਉਹ ਲੱਗਦੇ ਹਨ ਜਿਹੜੇ ਦੂਸਰੀਆਂ ਪਾਰਟੀਆਂ ਨੇ ਨਕਾਰੇ ਹੋਣ ਪਰ ਪੰਜਾਬ ਕੀ ਮੰਗਦਾ ਹੈ, ਸਿਰਫ਼ ਇਹਨਾਂ ਦੇ ਭਾਸ਼ਣਾ ਤੇ ਨਾਅਰਿਆਂ ਵਿਚੋਂ ਟਪਕਦਾ ਹੈ। ਡੰਗ ਟਪਾਉਣ ਲਈ ਤਾਂ ਹਾਸਾ-ਠੱਠਾ ਠੀਕ ਹੈ ਪਰ ਜਿਹਨਾਂ ਦੇ ਪੁੱਤਰ ਨਸ਼ਿਆਂ ਦੀ ਲਪੇਟ ਵਿਚ ਗ੍ਰਸਤ ਨੇ, ਬੇ-ਰੁਜ਼ਗਾਰ ਬਾਹਰ ਜਾਣ ਦੇ ਖ਼ਤਰੇ ਮੁੱਲ ਲੈ ਰਹੇ ਨੇ ਅਤੇ ਮਰੀਜ਼ਾਂ ਕੋਲ ਡਾਕਟਰਾਂ ਦੁਆਰਾ ਲਿਖੇ ਟੈਸਟਾਂ ਖਾਤਰ ਪੈਸੇ ਨਹੀਂ, ਉਹਨਾਂ ਲਈ ਡੰਗ ਟਪਾਉਣਾ ਵੀ ਮੁਸ਼ਕਿਲ ਹੈ। ਜਨਾਬ ਦੀਆਂ ਅਜੇ ਵੀ ਦਿੱਲੀ ਦੀਆਂ ਉਡਾਣਾਂ ਬਦਸਤੂਰ ਜਾਰੀ ਹਨ, ਆਪਣਾ ਘਰ ਪਵੇ ਢੱਠੇ ਖ਼ੂਹ ਵਿੱਚ!