ਆਪਣੇ ਆਪ ਹੀ ਝੁਰੀ ਜਾਂਦੇ ਨੇ,
ਆਪਣੇ ਵਿੱਚ ਹੀ ਖੁਰੀ ਜਾਂਦੇ ਨੇ।
ਸੁੱਕ ਪੱਤਿਆਂ ਵਾਂਗ ਨੇ ਝੜਦੇ ਲੋਕ
ਆਪਣੇ ਆਪ ਨਾਲ ਲੜਦੇ ਲੋਕ,,,,,,
ਜੇਕਰ ਕਿਸੇ ਤੋਂ ਕੋਈ ਅੱਗੇ ਲੰਘਦਾ ,
ਮਿਲੇ ਮੌਕਾ, ਦੂਜਾ ਰਹੇ ਵੀ ਭੰਡਦਾ।
ਰਹਿਣ ਇਕ ਦੂਜੇ ਤੋਂ ਹੀ ਸੜਦੇ ਲੋਕ,
ਆਪਣੇ ਆਪ ਨਾਲ ਲੜਦੇ ਲੋਕ........
ਉਸ ਨੇ ਆਪਣੀ ਜੇ ਗੱਲ ਨੀ ਮੰਨੀ ,
ਉਹ ਕੀ ਜਾਣੂ, ਜੇ ਆਕੜ ਨਾ ਭੰਨੀ
ਰਹਿਣ ਕਾੜ੍ਹੇ ਵਾਂਗੂੰ , ਕੜਦੇ ਲੋਕ,
ਆਪਣੇ ਆਪ ਨਾਲ ਲੜਦੇ ਲੋਕ........
ਚੁੱਪ ਚੁੱਪ ਰਹਿਣਾ ਕੁੱਝ ਨੀ ਕਹਿਣਾ,
ਥੱਲੇ ਲਾਉਣ ਲਈ ਸੋਚਦੇ ਰਹਿਣਾ।
ਬਿਨ ਆਈ ਮੌਤ ਨੇ ਮਰਦੇ ਲੋਕ,
ਆਪਣੇ ਆਪ ਨਾਲ ਲੜਦੇ ਲੋਕ......
ਕੁਫ਼ਰ ਤੋਲਣਾ ਜਿੰਨਾ ਮਰਜੀ ਪੈ ਜੇ,
ਪਰ ਮੈਨੂੰ ਕੋਈ ਨਾ ਮਾੜਾ ਕਹਿ ਜੇ ।
ਕਿਵੇਂ ਰਹਿਣ ਸਕੀਮਾਂ ਘੜਦੇ ਲੋਕ,
ਆਪਣੇ ਆਪ ਨਾਲ ਲੜਦੇ ਲੋਕ......
ਬੁੱਕਣਵਾਲ ਦੁਨੀਆਂ ਹੈ ਇਕ ਚੱਕੀ,
ਆਪਣਾ ਸੰਤੁਲਨ ਤੂੰ ਬਣਾ ਕੇ ਰੱਖੀ।
ਵਹਿਮਾਂ ਦੀ ਨਾ ਚਿੰਬੜ ਜਾਵੇ ਜੋਕ ,
ਆਪਣੇ ਆਪ ਨਾਲ ਲੜਦੇ ਲੋਕ…....
ਆਪਣੇ ਆਪ ਨਾਲ ਲੜਦੇ ਲੋਕ.......