ਕਿੰਨੀਆਂ ਤੰਗ ਨੇ ਸੋਚਾਂ ਤੇਰੇ ਸ਼ਹਿਰ ਦੀਆਂ।
ਹੋਛੀਆਂ ਚੱਲਣ ਹਵਾਵਾਂ ਇੱਥੇ ਕਹਿਰ ਦੀਆਂ।
ਪੱਥਰਾਂ ਵਰਗੇ ਲੋਕ ਤੇ ਘਰ ਵੀ ਪੱਥਰਾਂ ਦੇ,
ਠੋਕ੍ਹਰ ਖਾ ਕੇ ਮੁੜੀਆਂ ਸੋਚਾਂ ਲਹਿਰ ਦੀਆਂ।
ਸਿੱਪੀਆਂ,ਘੋਗੇ ਚੁਗ-ਚੁਗ ਚੌੜੇ ਹੋਏ ਨੇ,
ਕੀ ਜਾਣਨ ਗਹਿਰਾਈਆਂ ਪਿੰਡ ਦੀ ਨਹਿਰ ਦੀਆਂ।
ਚੁੱਪ ਭਲੀ ਹੈ ਜਿੱਥੇ ਸੁਣਵਾਈ ਨਾ ਹੋਵੇ,
ਉੱਥੇ ਮੁਸ਼ਕਿਲ ਭਰਨੀਆਂ ਘੁੱਟਾਂ ਜ਼ਹਿਰ ਦੀਆਂ।
ਮੇਰੀ ਵੀ ਮੰਨ, ਤੇਰੀ ਹਰ ਗੱਲ ਮੰਨੀ ਮੈਂ,
ਅਸੀਂ ਉਡੀਕਾਂ ਕਰੀਏ ਕਿਹੜੇ ਪਹਿਰ ਦੀਆਂ।
ਪ੍ਰੀਤ ਵਸਾਹ ਨਾ ਭੋਰਾ ਇਹਨਾਂ ਸਾਹਾਂ ਦਾ,
ਆ ਲੱਗੀ ਜਦ ਪਲ਼ ਨਾ ਪੌਣਾਂ ਠਹਿਰ ਦੀਆਂ।