ਇਹ ਹਜੇ ਕੱਲ੍ਹ ਦੀ ਹੀ ਤਾਂ ਗੱਲ ਹੈ,
ਜਦੋਂ ਸਾਡੀਆਂ ਮਾਂਵਾਂ ਤੇ ਬਾਪੂ,
ਬਜ਼ੁਰਗਾਂ ਦੇ ਪੈਰੀਂ ਪੈਂਦੇ,
ਚੁੰਨੀ ਦੇ ਪੱਲੂ ਪੈਰਾਂ ਨੂੰ ਛੂੰਹਦੇ,
ਅੱਗੋਂ ਬਜ਼ੁਰਗ ਵੀ ਅਸੀਸਾਂ ਦੀ ਝੜੀ ਲਾਉਂਦੇ।
‘ਪੈਰੀਂ ਪੈਨੀਂ ਆਂ’ ਦੇ ਤਿੰਨ ਸ਼ਬਦ,
‘ਜਿਉਂਦੀ ਵਸਦੀ ਰਹੁ, ਬੁੱਢ ਸੁਹਾਗਣ ਹੋਵੇਂ,
ਦੁੱਧੀਂ-ਪੁੱਤੀਂ ਫਲੇ, ਧਰ ਧਰ ਭੁੱਲੇਂ…’ਵਰਗੇ ਸ਼ਬਦਾਂ ਦੀ
ਦੀ ਲੰਮੀ ਕਤਾਰ ਨੂੰ ਵਰ ਲਿਆਉਂਦੇ।
ਵੇਖਦਿਆਂ ਹੀ ਵੇਖਦਿਆਂ ‘ਪੈਰੀਂ ਪੈਣਾ’ਦੀ,
ਜਿਵੇਂ ਨਾੜ ਹੀ ਚੜ੍ਹ ਗਈ ਹੋਵੇ!
ਹੁਣ ਮੇਰੇ ਤੋਂ ਬਜ਼ੁਰਗਾਂ ਦੇ ਪੈਰਾਂ ਤੱਕ ਝੁਕਿਆ ਨਹੀਂ ਜਾਂਦਾ,
ਤਾਂਹੀਓਂ ਤਾਂ ਅਗਲਾ ਜੇਬਾਂ ’ਚ ਹੱਥ ਪਾਈ ਹੀ,
ਨਮਸਤੇ-ਸਸਰੀ ਕਾਲ ਬੁਲਾਉਂਦਾ।
ਬਹੁਤੇ ਪੜ੍ਹਿਆਂ ਦੇ ਮੋਢੇ,
ਹੁਣ ਇਹ ਭਾਰ ਵੀ ਨਹੀਂ ਝੱਲਦੇ,
ਤਾਂਹੀਓਂ ਤਾਂ ਉਹ ਹੁਣ ਦੂਰ ਖੜ੍ਹੇ ਹੀ,
‘ਹੈਲੋ, ਹਾਏ’ ਨੇ ਘੱਲਦੇ।
ਗੂਗਲ ਦੇ ਜਾਏ ਨੂੰ,
ਸ਼ਾਇਦ ਇਸ ‘ਹੈਲੋ-ਹਾਏ’ ਦਾ ਵੀ ਬਿਲ ਆਉਂਦਾ,
ਤਾਂਹੀਓਂ ਤਾਂ ਉਹ ਬਿਨਾਂ ਕੁਝ ਬੋਲੇ,
ਆਪਣਾ ਮੂੰਹ ਹੀ ਫੋਟੋ ਖਿਚਵਾਉਣ ਵਰਗਾ ਬਣਾਉਂਦਾ।
ਅੱਗੇ ਵੇਖੋ, ਨਵੀਂ ਪੀੜੀ ਕੀ ਕੱਢਦੀ ਏ ਕਾਢਾਂ,
ਮੈਨੂੰ ਨੀਂ ਲੱਗਦਾ ਕਦੇ ਰੁਕਣਗੀਆਂ,
ਇਹ ਦੁਆ-ਸਲਾਮ ਨੂੰ ਪਈਆਂ ਵਾਢਾਂ।