ਸਤਲੁਜ ਤੋਂ ਨਿਆਗਰਾ ਤੱਕ' (ਪੁਸਤਕ ਪੜਚੋਲ )

ਮਨਮੋਹਣ ਸਿੰਘ ਦਾਊਂ   

Email: no@punjabimaa.com
Address:
ਮੋਹਾਲੀ India
ਮਨਮੋਹਣ ਸਿੰਘ ਦਾਊਂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


'ਸਤਲੁਜ ਤੋਂ ਨਿਆਗਰਾ ਤੱਕ' (ਸਫ਼ਰਨਾਮਾ)

 

ਲੇਖਕ: ਦਵਿੰਦਰ ਸਿੰਘ ਸੇਖਾ

 

ਮੁੱਲ: 120 ਰੁਪਏ, ਪੰਨੇ: 96

 

ਪ੍ਰਕਾਸ਼ਕ: ਲਾਹੌਰ ਬੁੱਕਸ, ਲੁਧਿਆਣਾ


 

ਪੰਜਾਬੀ ਵਿੱਚ ਸਫ਼ਰਨਾਮਾ ਸਾਹਿਤ ਦਾ ਮੁੱਢ ਕਮਲਾ ਅਕਾਲੀ ਦੇ 'ਮੇਰਾ ਵਲਾਇਤੀ ਸਫਰਨਾਮਾ' ਤੋਂ ਵਧੇਰੇ ਤੌਰ 'ਤੇ ਪ੍ਰਾਰੰਭ ਹੋਇਆ ਮੰਨਿਆ ਜਾਂਦਾ ਹੈ। ਉਂਜ ਮਨੁੱਖ ਆਦਿ-ਕਾਲ ਤੋਂ ਹੀ ਰੋਟੀ-ਰੋਜ਼ੀ ਤੇ ਕੁਝ ਨਵਾਂ ਜਾਨਣ ਦੀ ਜਗਿਆਸਾ ਕਾਰਨ ਸਫ਼ਰ ਦੇ ਰਾਹਾਂ ਦਾ ਪਾਂਧੀ ਬਣਿਆ ਰਿਹਾ ਹੈ। ਹੋਰ-ਹੋਰ ਨਵੀਆਂ ਥਾਵਾਂ ਵੇਖਣ-ਘੋਖਣ ਦੀ ਰੁਚੀ ਨੇ ਹੀ ਸਫ਼ਰਨਾਮਾ ਸਾਹਿਤ ਵਿਧਾ ਨੂੰ ਪ੍ਰਫੁੱਲਤ ਕੀਤਾ। ਇਸੇ ਪਰਿਪੇਖ ਵਿੱਚ ਦਵਿੰਦਰ ਸਿੰਘ ਸੇਖਾ ਦੀ ਕ੍ਰਿਤ'ਸਤਲੁਜ ਤੋਂ ਨਿਆਗਰਾ ਤੱਕ' (ਸਫ਼ਰਨਾਮਾ) ਪੜ੍ਹੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਇਸੇ ਕਲਮ ਤੋਂ ਵਧਾਈਆਂ (ਨਾਵਲ), ਪਹੁ-ਫੁਟਾਲਾ (ਨਾਵਲ) ਤੇ 'ਤੀਜੀ ਅਲਵਿਦਾ' (ਨਾਵਲ) ਲਿਖੇ ਜਾ ਚੁੱਕੇ ਹਨ। ਨਾਵਲ ਦੀ ਬਿਰਤਾਂਤਿਕ ਵਿਧੀ, ਵਾਲਾ ਪ੍ਰਭਾਵ ਹਥਲੇ ਸਫ਼ਰਨਾਮੇ ਵਿੱਚ ਪ੍ਰਤੱਖ ਵੇਖਿਆ ਜਾ ਸਕਦਾ ਹੈ। ਲੇਖਕ ਦੀ ਲਿਖਣ-ਸ਼ੈਲੀ ਬੜੀ ਪਰਪੱਕ ਤੇ ਪਾਠਕ ਨੂੰ ਨਾਲ ਜੋੜੀ ਰੱਖਦੀ ਹੈ। ਇਸ ਪੁਸਤਕ ਵਿੱਚ ਦੋ ਮਹਾਂਦੇਸਾਂ ਅਮਰੀਕਾ ਅਤੇ ਕੈਨੇਡਾ ਦੀ ਸੈਰ ਦਾ ਜ਼ਿਕਰ ਹੈ। ਮੁੱਢਲੇ ਪੰਨਿਆਂ ਵਿੱਚ ਲੇਖਕ ਨੇ ਵੀਜ਼ਾ ਮਿਲਣਾ ਤੇ ਖੱਜਲ-ਖੁਆਰੀ ਬਾਰੇ ਜਾਣਕਾਰੀ ਦਿੱਤੀ ਹੈ। ਹਵਾਈ ਸਫ਼ਰ ਦਾ ਅਨੰਦ ਤੇ ਨਵੀਂ ਧਰਤੀ ਦਾ ਅਨੁਭਵ ਬੜਾ ਰੌਚਿਕ ਹੈ। ਅਮਰੀਕਾ ਦੇ ਲੋਕਾਂ ਦੀ ਜੀਵਨ ਸ਼ੈਲੀ ਦੇ ਨਾਲ-ਨਾਲ ਭਾਰਤੀ ਵਿਸ਼ੇਸ਼ ਤੌਰ 'ਤੇ ਪੰਜਾਬੀ ਵਸੇ ਪਰਿਵਾਰਾਂ ਦਾ ਜੀਵਨ ਵਰਤਾਰਾ ਵੀ ਚਿਤਰਿਆ ਹੈ। ਅਮਰੀਕਾ ਦਾ ਅਜਾਇਬ ਘਰ, ਵਾਲ- ਸਟਰੀਟ, ਬਰੁਕਲਿਨ ਬਰਿੱਜ, ਆਜ਼ਾਦੀ ਦੀ ਦੇਵੀ, ਅਟਲਾਂਟਿਕ ਸਿਟੀ, ਰਿਚਮੰਡ ਹਿੱਲ, ਵਾਈਟ ਹਾਊਸ, ਮੇਰੀ ਲੈਂਡ ਆਦਿਕ ਥਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਲੇਖਕ ਨੇ ਆਪਣੇ ਬੇਟੇ, ਨੂੰਹ, ਪੋਤਰੇ,

 

ਪੋਤਰੀਆਂ ਅਤੇ ਹੋਰ ਰਿਸ਼ਤੇਦਾਰਾਂ ਦੇ ਵਰਤਾਰੇ ਦੀ ਪ੍ਰਸੰਸਾ ਕਰਦਿਆਂ, ਪੰਜਾਬੀ ਪ੍ਰਾਹੁਣਚਾਰੀ, ਮੇਜ਼ਬਾਨੀ ਅਤੇ ਪੰਜਾਬੀ ਸਭਿਆਚਾਰ ਦੇ ਵੀ ਦਰਸ਼ਨ ਕਰਵਾਏ ਹਨ। ਪੁਸਤਕ ਦੇ ਦੂਜੇ ਭਾਗ ਕੈਨੇਡਾ ਦਰਸ਼ਨ 'ਚ ਵੀਜ਼ਾ ਲੈਣ ਦੀ ਕਹਾਣੀ ਤੋਂ ਆਰੰਭ ਕਰਕੇ ਨਿਆਗਰਾ ਫਾਲਜ਼, ਗੁਲਫ ਸ਼ਹਿਰ, ਸੀ.ਐਨ. ਟਾਵਰ, ਫਲੀਹਾ ਮਾਰਕੀਟ, ਬਿਰਧ ਆਸ਼ਰਮ, ਕਾਰ ਵਾਸ਼ਰ ਤੇ ਮੁੜ ਵਾਪਸੀ ਰਾਹੀਂ ਕੈਨੇਡਾ ਬਾਰੇ ਅੱਖੀਂ ਡਿੱਠੇ ਦ੍ਰਿਸ਼ਾਂ, ਥਾਵਾਂ ਤੇ ਅਨੁਭਵਾਂ ਦਾ ਵਰਨਣ ਬੜੀ ਹੀ ਸਰਲ ਭਾਸ਼ਾ ਵਿੱਚ ਕੀਤਾ ਹੈ। ਕਿਤੇ ਕਿਤੇ ਤਾਂ ਇਹ ਰਚਨਾ ਸਫ਼ਰਨਾਮਾ ਦੀ ਥਾਂ ਲੇਖਕ ਦੀ ਸਵੈ-ਜੀਵਨੀ- ਮੂਲਕ ਲੱਗਣ ਲੱਗ ਜਾਂਦੀ ਹੈ ਕਿਉਂਕਿ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਬਾਰੇ ਗੱਲਾਂ ਵਧੇਰੇ ਹਨ, ਸਫ਼ਰਨਾਮੇ ਵਾਲੀਆਂ ਥਾਵਾਂ ਬਾਰੇ ਜਾਣਕਾਰੀ ਸੰਕੇਤਕ ਹੀ ਹੈ। ਪੁਸਤਕ 'ਚ ਸਤਾਰਾਂ ਰੰਗਦਾਰ ਤਸਵੀਰਾਂ ਇਸ ਸਫ਼ਰਨਾਮੇ ਦੀ ਗੁਆਹੀ ਭਰਨ ਵਿੱਚ ਸੁੰਦਰ ਭੂਮਿਕਾ ਨਿਭਾਉਂਦੀਆਂ ਹਨ।