ਕਾਲ ਚੱਕਰ (ਕਹਾਣੀ)

ਬਲਵੰਤ ਭਨੇਜਾ   

Cell: +1613 244 1979
Address:
Ottawa Ontario Canada
ਬਲਵੰਤ ਭਨੇਜਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਇਸ ਬਾਰ ਮੀਂਹ ਸਾਰੇ ਸ਼ਹਿਰ ਵਿੱਚ ਹਦੋਂ ਵੱਧ ਪੈ ਰਿਹਾ ਸੀ l ਤੇਰਾਂ ਮੰਜ਼ਿਲੀ ਇਮਾਰਤ ਦੀ ਛੱਤ ਉਤੋਂ ਇਸ ਤਰ੍ਹਾਂ ਮਹਿਸੂਸ ਹੁੰਦਾ ਸੀ ਕਿ ਧਰਤੀ ਤੇ ਅਕਾਸ਼ ਇੱਕੋ ਜਿਹੇ ਲੱਗ ਰਹੇ ਹੋਣ l ਕੁੱਝ ਦੇਰ ਪਹਿਲਾਂ ਛੱਤ ਉੱਤੇ ਖੜੇ ਕਰਤਾਰ ਸਿੰਘ ਨੂੰ ਜੋ ਮੋਟਰ ਕਾਰਾਂ ਖਿਡਾਉਣਿਆਂ ਦੀ ਤਰ੍ਹਾਂ ਚਲਦੀਆਂ  ਦਿੱਸ  ਰਹੀਆਂ ਸੀ, ਹੁਣ ਪਤਾ ਨਹੀਂ ਕਿੱਥੇ ਗੁਆਚ ਗਈਆਂ ਸੀ l ਬੋਰੀ ਦਾ ਟੁੱਕੜਾ ਸਿਰ ਤੇ ਲਈ ਲੱਕੜੀ ਦੇ ਫੱਟੇ ਤੇ ਬੈਠਾ ਕਰਤਾਰ ਸਿੰਘ ਬੁੜ ਬੜਾ ਰਿਹਾ ਸੀ "ਸਤਿਗੁਰ ਧਨ ਹੈ ਤੇਰੀ ਮਾਇਆ " l 
ਜਦ ਦੁਪਹਿਰ ਤੋਂ ਬਾਅਦ ਓਵਰਸੀਅਰ ਛੱਤ ਤੇ ਕੰਮ ਦੇਖਣ ਆਇਆ ਸੀ,  ਉਦੋਂ  ਤਾਂ ਅਸਮਾਨ ਬਿਲਕੁਲ ਸਾਫ ਸੀ l ਹਾਲਾਂਕਿ ਹਲਕੀ ਹਲਕੀ ਠੰਡ ਜਰੂਰ ਸੀ, ਪਰ ਫ਼ਰਵਰੀ ਦੀ  ਧੁੱਪ ਸੁਹਣੀ ਮਹਿਸੂਸ ਹੁੰਦੀ ਸੀ l ਸਾਰਾ ਜੀਵਨ ਓਵਰਸੀਅਰ ਨੇ ਕਰਤਾਰ ਸਿੰਘ ਤੋਂ ਪੁੱਛਿਆ " ਕਿਓਂ ਕਦੋਂ ਤੱਕ ਤਿਆਰ ਹੋ ਜਾਏਗੀ ਛੱਤ?  
ਕਰਤਾਰ ਸਿੰਘ ਨੇ ਹੌਲ਼ੀ ਜਿਹੀ ਜਵਾਬ ਦਿੱਤਾ "ਰਾਏ ਸਾਹਿਬ ਲੁਹਾਰ ਨੂੰ ਸਰੀਆਂ ਦਾ ਕੰਮ ਕਰਨ ਲਈ ਉੱਪਰ ਭੇਜ ਦਿਓ, ਮੇਰਾ ਕੰਮ ਤਾਂ ਹੋਇਆ ਹੀ ਸਮਝੋ l " 
ਰਾਏ ਸਾਹਿਬ ਨੇ ਰੋਅਬ ਨਾਲ ਛੱਤ ਤੇ ਨਿਗ਼ਾਹ ਘੁੰਮਾਈ,  ਦੋ ਚਾਰ ਲੱਕੜੀ ਦੇ ਫੱਟਿਆਂ ਨੂੰ ਠੋਕ ਕੇ ਦੇਖਿਆ l ਛੱਤ ਤੋਂ ਥੱਲੇ ਨੂੰ ਨਿਗ੍ਹਾ ਮਾਰੀ l  ਐਨੀ ਉਚਾਈ ਤੋਂ ਥੱਲੇ ਐਨੀ ਭੀੜ ਭਾੜ ਦੇਖ ਕੇ ਸ਼ਾਇਦ ਓਵਰਸੀਅਰ ਘਬਰਾਹ ਗਿਆ ਸੀ l ਕਈ ਲੋਕਾਂ ਨੂੰ ਉਚਾਈ ਤੋਂ ਘਬਰਾਹਟ ਹੁੰਦੀ ਹੈ l ਘਹਬਰਾਇਆ ਹੋਇਆ ਉਹ ਜਲਦੀ ਜਲਦੀ ਥੱਲੇ ਉੱਤਰਨ ਹੀ ਲੱਗਿਆ ਸੀ, ਉਦੋਂ ਹੀ ਕਰਤਾਰ ਸਿੰਘ ਨੇ ਉਸਨੂੰ ਟੋਕਦੇ ਹੋਏ ਕਿਹਾ "ਬਾਦਸ਼ਾਹੋ ਵਾਹਿਗੁਰੂ ਦਾ ਨਾਂ ਲੈਕੇ ਉੱਪਰ ਆਓ, ਤਾਂ ਘਬਰਾਹਟ ਬਿਲਕੁਲ ਨਹੀਂ ਹੁੰਦੀ l 
ਲੱਕੜੀ ਦੀ ਪੌੜੀ ਤੋਂ ਥੱਲੇ ਉੱਤਰਦੇ ਹੋਇਆਂ ਓਵਰਸੀਅਰ ਨੇ ਆਪਣੀ ਕਮਜ਼ੋਰੀ ਲੁਕਾਉਂਦੇ ਹੋਏ ਰੋਅਬ ਨਾਲ਼  ਕਿਹਾ "ਕਰਤਾਰ ਸਿੰਘ ਆਥਣ ਤੱਕ ਛੱਤ ਪੂਰੀ ਹੋ ਜਾਣੀ ਚਾਹੀਦੀ ਹੈ l ਕੱਲ ਸਵੇਰੇ ਸਕੈਫੋਲਡਿੰਗ ਦੇ ਠੇਕੇਦਾਰ ਤੋਂ ਪੈੜ ਲੱਗਾ ਦਿੱਤੀ ਹੈ"l 
ਕਰਤਾਰ ਸਿੰਘ ਸਿਰਫ਼ ਮੁਸਕਰਾਇਆ “ਰੱਖ ਆਸਰਾ ਰਾਮ ਦਾ” ਕਹਿਕੇ ਹਥੌੜੀ ਦੀ ਸੱਟ ਦੀ ਆਵਾਜ਼ ਵਾਤਾਵਰਨ ਵਿੱਚ ਗੂੰਜਣ ਲੱਗੀ l 
ਅੱਜ ਇੱਕ ਅਜੀਬ ਜਿਹੀ ਮਸਤੀ ਕਰਤਾਰ ਸਿੰਘ ਉੱਪਰ ਦਿੱਸ ਰਹੀ ਸੀ,  ਸਵੇਰੇ ਅੰਮ੍ਰਿਤ ਵੇਲ਼ੇ ਉਹ ਨਵੇਂ ਰਾਗੀ ਦੇ ਸ਼ਬਦ ਕੀਰਤਨ ਨਾਲ਼ ਚਿਮਟਾ ਪੂਰੀ ਮਸਤੀ ਨਾਲ਼ ਵਜ੍ਹਾ ਰਿਹਾ ਸੀ l ਹਰ ਸਵੇਰੇ ਸਵੱਖਤੇ ਉੱਠ ਕੇ ਗੁਰਦੁਆਰੇ ਤਾਂ ਉਹ ਬਚਪਨ ਤੋਂ ਹੀ ਜਾਂਦਾ ਸੀ l ਪਰ ਕੀਰਤਨ ਵਿੱਚ ਪੂਰੀ ਤਰ੍ਹਾਂ ਮੰਤਰਮੁਗਧ ਅੱਜ ਪਹਿਲੀ ਵਾਰ ਹੋਇਆ ਸੀ l 
ਗੁਰਦੁਆਰੇ ਦੇ ਕੀਰਤਨ ਦਾ ਸਾਜ ਚਿਮਟਾ ਹਥੌੜੀ ਦੀ ਤਰ੍ਹਾਂ ਸਾਰਾ ਜੀਵਨ ਉਹਦੇ ਨਾਲ਼ ਹੀ ਰਿਹਾ ਹੈ l ਦੋ ਲੋਹੇ ਦੀਆਂ ਚਪਟੀਆਂ ਸੁਲਾਖਾਂ ਉੱਤੇ ਛੋਟੀਆਂ ਛੋਟੀਆਂ ਲੋਹੇ ਦੀਆਂ ਪਲੇਟਾਂ ਵਿੱਚੋਂ ਨਿਕਲਦੀ ਹੋਈ ਸ਼ਨ ਸ਼ਨਾਉਂਦੀ ਜਾਦੂ ਭਰੀ ਆਵਾਜ਼ ਵਿੱਚ ਉਹ ਸਾਰੀ ਦੁਨੀਆਂ ਨੂੰ ਭੁੱਲ ਚੁੱਕਾ ਸੀ l  
ਹਥੌੜੀ ਦੀ ਹਰ ਸੱਟ ਨਾਲ਼ "ਬਿਨ ਰਾਮ ਸਿਮਰ ਪਛਤਾਏਂਗਾ ਮਨ, ਰਾਮ ਸਿਮਰ" ਇਹ ਬੋਲ ਉਸਦੇ ਕੰਨਾਂ ਵਿੱਚ ਹਾਲੇ ਵੀ ਗੂੰਜ ਰਹੇ ਸੀ l ਇਸ ਨਵੇਂ ਰਾਗੀ ਦੀ ਆਵਾਜ਼  ਵਿੱਚ ਗਾਏ ਇਸ ਸ਼ਬਦ ਨੇਂ  ਉਸ ਨੂੰ ਇੰਨ੍ਹਾਂ ਮੰਤਰਮੁਗਧ ਕਰ ਦਿੱਤਾ ਕਿ ਉਸ ਨੂੰ ਲੱਗ ਰਿਹਾ ਸੀ ਕਿ ਇਹ ਸ਼ਬਦ ਰਾਗੀ ਜੀ ਨੇ ਸਿਰਫ਼ ਉਸ ਲਈ ਹੀ ਗਾਇਆ ਸੀ l ਰਾਗੀ ਜੀ ਦੇ ਮਿੱਠੇ ਬੋਲਾਂ ਅਤੇ ਚਿੱਮਟੇ ਦੀ ਤਾਲ ਵਿੱਚ ਉਸ ਨੂੰ ਸਾਲਾਂ ਬਾਅਦ ਜਸਬੰਤੋ ਦਾ ਅਕਸ ਦਿਸਿਆ, ਜਿਵੇਂ ਜਸਬੰਤੋ ਉਹਦੇ ਸਾਹਮਣੇ ਚੁਲ੍ਹੇ ਕੋਲ਼ ਬੈਠੀ ਹੋਈ ਇਸਦੇ ਲਈ ਖਾਣਾ ਪਰੋਸੀ ਓਹਦੇ ਘਰ ਆਉਣ ਦੀ ਵਾਟ ਦੇਖ ਰਹੀ ਹੈ ਤੇ ਗੁਰਦਿਆਲ ਤੇ ਭੁਪਿੰਦਰ ਦੇ ਪੂਰੇ ਦਿਨ ਦੇ ਕਾਰਨਾਮੇ ਦੱਸ ਰਹੀ ਹੈ l 
ਕੀਰਤਨ ਖਤਮ ਹੋਣ ਤੇ ਉਹ ਰਾਗੀ ਜੀ ਦੇ ਕੋਲ਼ ਆਉਣਾ ਚਾਹੁੰਦਾ ਸੀ l ਪਰ ਜਦੋਂ ਤੱਕ ਉਹ ਗੁਰਦੁਆਰੇ ਤੋਂ ਬਾਹਰ ਆਪਣੀ ਜੁੱਤੀ ਪਾਕੇ ਨਿਕਲਿਆ, ਰਾਗੀ ਜੀ ਆਪਣੀ ਸਾਇਕਲ ਤੇ ਠੰਢੀ ਸਵੇਰ ਵਿੱਚ ਦੂਰ ਨਿੱਕਲ ਗਏ ਸੀ l  
"ਜਿੰਨੀ ਆਤਮ ਚੀਨਿਆ, ਪਰਮਾਤਮਾ ਸੋਈ, ਇੱਕੋ ਅੰਮ੍ਰਿਤ ਬਿਰਖ ਹੈ ਫ਼ਲ ਅੰਮ੍ਰਿਤ ਸੋਈ " l 
ਜਸਬੰਤੋ, ਗੁਰਦਿਆਲ, ਭੁਪਿੰਦਰ ਤੇ ਉਹ ਵੱਖਰੇ ਸੁਭਾਉ ਹੋਣ ਦੇ ਬਾਵਜੂਦ ਵੀ ਅਸਲੋਂ ਇੱਕੋ ਹੀ ਤੱਤ ਦੇ ਸਨ l ਫਿਰ ਜਸਬੰਤੋ, ਗੁਰਦਿਆਲ ਤੇ ਭੂਪੀ - ਇਹ ਤਿੰਨੋ ਉਸਤੋਂ ਐਨੀ ਜਲਦੀ ਅਲੱਗ ਕਿਵੇਂ ਹੋ ਗਏ  l 
ਛੋਟੇ ਭਰਾ ਗੁਰਦਿਆਲ ਨੇ ਕਈ ਵਾਰ ਕਰਤਾਰ ਸਿੰਘ ਨੂੰ ਕਿਹਾ ਸੀ ਕਿ ਭਾਈ ਜੀ ਸ਼ਟਰਿੰਗ ਦਾ ਕੰਮ ਛੱਡ ਦਿਓ, ਤਰਖਾਣਾ ਕੰਮ ਹੀ ਕਰਨਾ ਹੈ ਤਾਂ ਕੋਈ ਛੋਟੀ-ਮੋਟੀ ਦੁਕਾਨ ਹੀ ਖੋਲ੍ਹ ਲਵੋ, ਮੇਰੇ ਨਾਲ ਠੇਕੇਦਾਰੀ 'ਚ ਹੀ ਆ ਜਾਓ l   
ਕਰਤਾਰ ਸਿੰਘ ਛੋਟੇ ਭਾਈ ਦੀਆਂ ਇਹਨਾਂ ਤਾਨੇ ਭਰੀਆਂ ਗੱਲਾਂ ਤੇ ਹੱਸਕੇ ਹੀ ਰਹਿ ਗਿਆ ਸੀ l ਕਿੰਨਾਂ ਮਸੂਮ ਸੀ ਉਹ ਜਦੋਂ  ਫਗਵਾੜੇ ਸ਼ਹਿਰ ਆਇਆ ਸੀ l ਉਹ ਉਨ੍ਹੀ ਸਾਲ ਦਾ ਸੀ l ਜਸਬੰਤੋ ਗਵਾਂਢੀਆਂ ਨੂੰ ਦੱਸਦੀ “ਇਹ ਮੇਰਾ ਦਿਓਰ ਨ੍ਹੀ, ਮੇਰਾ ਪੁੱਤ ਆ” ਗੁਰਦਿਆਲ ਨੂੰ ਪਹਿਲੀ ਵਾਰ ਆਪਣੇ ਨਾਲ਼ ਅੱਡੇ ਤੇ ਜਾਂਦੇ ਹੋਏ ਕਰਤਾਰ ਦਾ ਸੀਨਾ ਮਾਣ ਨਾਲ਼ ਫ਼ੁਲ ਗਿਆ l ਸੋਚਿਆ ਸੀ, ਗੁਰਦਿਆਲ ਦੇ ਨਾਲ਼ ਭਾਈ ਤੇ ਪੁੱਤ ਵਰਗੀ ਨੇੜਤਾ ਰਹੇਗੀ, ਪਰ ਅਚਾਨਕ ਇੱਕ ਦਿਨ ਗੁਰਦਿਆਲ ਕੰਮ ਤੇ ਨਹੀਂ ਪਹੁੰਚਿਆ l  ਉਸ ਸ਼ਾਮ ਉਸਨੇ ਦੱਸਿਆ ਕਿ ਉਸ ਨੂੰ ਤਰਖਾਣਾ ਕੰਮ ਦਾ ਭੋਰਾ ਵੀ ਚਾਅ ਨਹੀਂ l ਉਸਨੇ ਇੱਕ ਰੋਹਤਗੀ ਮਟੀਰੀਅਲ ਸਪਲਾਇਰ ਦੇ ਕੰਮ ਕਰਨਾ ਸ਼ੁਰੂ ਕਰ ਲਿਆ ਹੈ l ਕਰਤਾਰ ਸਿੰਘ ਨੂੰ ਸਮਝ ਨਹੀਂ ਆਇਆ ਕਿ ਭਰਾ ਨੂੰ ਪੁਸ਼ਤੀ ਹੁਨਰ ਛੱਡ ਦੇਣ ਤੇ ਕੀ ਕਹੇ l  ਇਹ ਪੰਦਰਾਂ ਸਾਲ ਪਹਿਲਾਂ ਦੀ ਗੱਲ ਹੈ l ਹੁਣ ਗੁਰਦਿਆਲ ਲੋਨ-ਲੀਜ਼ ਤੇ ਖਰੀਦੇ ਛੇ ਟਰੱਕਾਂ ਦਾ ਮਾਲਕ ਹੈ l ਦਿੱਲੀ ਦੇ ਵੱਡੇ ਵੱਡੇ ਪ੍ਰੋਜੈਕਟਾਂ ਨੂੰ ਬਿਲਡਿੰਗ ਮਟੀਰੀਅਲ ਸਪਲਾਈ ਕਰਦਾ ਹੈ l ਇੱਕ ਪੈਟਰੋਲ ਪੰਪ ਖਰੀਦਿਆ ਹੋਇਆ ਤੇ ਜਮਨਾ ਦੇ ਪਰਲੇ ਪਾਸੇ ਗੈਸ ਦੀ ਆਪਣੀ ਏਜੇਂਸੀ ਹੈ l 
ਕੌਣ ਸਹੀ ਤੇ ਕੌਣ ਗ਼ਲਤ ਨਿਕਲਿਆ ਲਗਦਾ ਸੀ l  ਜਿਵੇਂ ਗੁਰਦਿਆਲ ਨੇ ਸ਼ਹਿਰ ਦੀ ਨਬਜ਼ ਫ਼ੜ ਲਈ ਹੋਵੇ l ਤੇ ਇਹ ? ਉਸਨੂੰ ਲੱਗਿਆ ਕਿ ਛੋਟੇ ਭਾਈ ਦੀ ਤੁਲਨਾ ਵਿੱਚ ਇਹ ਅਨਾੜੀ ਦਾ ਅਨਾੜੀ ਹੀ ਰਿਹਾ l ਹਥੌੜੀ ਦੀ ਸੱਟ ਨਾਲ ਕਰਤਾਰ ਸਿੰਘ ਦੇ ਕੰਨਾਂ ਵਿੱਚ ਫਿਰ ਤੋਂ ਗੁਰਦੁਆਰੇ ਦੇ ਕੀਰਤਨ ਦੀ ਧੁਨ ਮਨ ਵਿੱਚ ਗੂੰਜਣ ਲੱਗੀ ''ਧਨ ਜੋਬਨ ਕਾ ਗਰਭ ਨਾ ਕੀਜੈ, ਕਾਗ਼ਜ਼ ਜਿਓਂ ਗਲ ਜਾਵੇਗਾ ਰਾਮ ਸਿਮਰਿ, ਪਛਤਾਵੇਂਗਾ ਮਨ, ਰਾਮ ਸਿਮਰਿ l” 
ਗੁਰਦਿਆਲ ਨੇ ਕਿਹਾ ਸੀ ''ਭਾਈ ਜੀ ਮੇਰੀ ਕਾਫ਼ੀ ਜਾਣ ਪਹਿਚਾਣ ਹੋ ਗਈ ਹੈ, ਦੋਂ ਤੱਕ ਮਜ਼ਦੂਰੀ ਕਰਦੇ ਰਹੋਂਗੇ ?’’
ਪੁਰਖਾਂ ਤੋਂ ਮਿਲ਼ੀ ਹੁਨਰ ਦੀ ਦਾਤ ਨੂੰ ਗੁਰਦਿਆਲ ਅੱਜ ਤੱਕ ਮਜ਼ਦੂਰੀ ਹੀ ਸਮਝ ਰਿਹਾ ਸੀ l ਓਹਦਾ ਕਹਿਣਾ ਸੀ ਕਿ ਹੁਨਰ ਨੂੰ ਮਜ਼ਦੂਰੀ ਦੀ ਤਰ੍ਹਾਂ ਖਰੀਦਿਆ ਜਾ ਸਕਦਾ ਹੈ, ਪਰ ਗੁਰਦਿਆਲ ਅੱਜ ਸੱਭ ਕੁੱਝ ਖਰੀਦ ਸਕਦਾ ਸੀ ਕਾਰੀਗਰ, ਮਜ਼ਦੂਰ, ਅਫ਼ਸਰ... 
ਗੁਰਦਿਆਲ ਨੂੰ ਉਹ ਬੇਝਿਜਕ ਕਹਿਣਾ ਚਹੁੰਦਾ ਸੀ “ਕਿਉਂ ਤੂੰ ਆਪਣੀ ਸੁਧ -ਬੁੱਧ ਗੁਆਈ ਬੈਠਾਂ ਹੈਂ ਤੂੰ ? ਦਲਾਲੀ ਹਰਾਮਖੋਰਾਂ ਨੂੰ ਸੁਹੰਦੀ ਹੈ, ਰਾਮਗੜ੍ਹੀਆਂ ਨੂੰ ਨਹੀਂ l”
ਫਗਵਾੜੇ ਵਿਚ ਲੱਕੜ ਤੇ ਲੋਹੇ ਦੇ ਕੰਮ ਵਿੱਚ ਰਾਮਗੜ੍ਹੀਆਂ ਦਾ ਸਿੱਕਾ ਜੰਮਿਆ ਹੋਇਆ ਸੀ l ਸਿੱਖ ਕਾਰੀਗਰਾਂ ਦੀ ਮਹਾਰਤ ਤੇ ਲਗਨ ਦੀ ਕੋਈ ਬਰਾਬਰਤਾ ਨਹੀਂ ਕਰ ਸਕਦਾ ਸੀ l ਤਰਖਾਣਾ ਕੰਮ ਉਸਨੇ ਫ਼ਗਵਾੜਿਓਂ ਤਾਏ ਦੇ ਕਾਰਖਾਨੇ ਤੋਂ ਸਿੱਖਿਆ ਸੀ l  ਤਾਇਆ ਓਹਦੇ ਛੋਟੇ ਛੋਟੇ ਆਪਣੇ ਹੱਥਾਂ ਵਿੱਚ ਵੱਡੀ ਸਾਰੀ ਆਰੀ ਤੇ ਭਾਰਾ ਰੰਦਾ ਦੇਖ ਮਜ਼ਾਕ ਕਰਕੇ ਹੱਸ ਪੈਂਦਾ l ਤਾਏ ਦੇ ਕਾਰਖਾਨੇ ਵਿੱਚੋਂ ਲੱਕੜੀ ਦੇ ਬੂਰੇ ਦੀ ਮਹਿਕ ਹੁਣ ਤੱਕ ਉਸਦੇ ਨੱਕ ਵਿੱਚ ਤਾਜ਼ਾ ਸੀ l ਉਸਨੂੰ ਤਾਏ ਨਾਲ਼ ਕਾਰੀਗਰੀ ਸਿੱਖਣ ਦੇ ਪਹਿਲੇ ਦਿਨ ਦੇ ਅਨੁਭਵ ਦੀ ਯਾਦ ਤਾਜ਼ਾ ਹੋ ਗਈ l ਉਸਨੇ ਤਾਏ ਨਾਲ਼ ਸਿੱਖਿਆ ਕਿ ਰੰਦੇ ਨੂੰ ਕਾਲ਼ੇ ਗਿੱਲੇ ਪੱਥਰ ਤੇ ਕਿਵੇਂ ਤੇਜ਼ ਕਰਨਾ, ਰੇਤੀ ਕਿਵੇਂ ਵਰਤਣੀ ਆ, ਉਹਨੇ ਲਕੜੀ ਦੇ ਘੋੜੇ ਰੇਲ ਦੇ ਇੰਜਣ, ਮੋਟਰਾਂ,  ਬੰਦੂਕਾਂ, ਤਲਵਾਰਾਂ ਨਾ ਜਾਣੇ ਹੋਰ ਕਿੰਨ੍ਹੇ ਖਿਡੌਣੇ ਆਪਣੇ ਹੱਥਾਂ ਨਾਲ ਬਣਾਏ l ਪੁਰਖਾਂ ਤੋਂ ਵਿਰਾਸਤ ਵਿੱਚ ਮਿਲ਼ੀ ਕਾਰੀਗਰੀ ਪਰਮਾਤਮਾ ਦੀ ਦੇਣ ਹੈ, ਇਹ ਉਸ ਨੂੰ ਉਸ ਤਾਏ ਨੇ ਹੀ ਦੱਸਿਆ ਸੀ l ਉਹਦੇ ਹੱਥਾਂ ਦੀ ਬਣੀ ਪਹਿਲੀ ਕੁਰਸੀ ਤਾਏ ਨੇ ਪਿੰਡ ਦੇ ਗੁਰਦੁਆਰੇ ਨੂੰ ਭੇਟ ਕੀਤੀ ਸੀ l 
ਪਿੰਡ ਤੋਂ ਸ਼ਹਿਰ ਦਾ ਫ਼ਾਸਲਾ ਐਨਾ ਨੇੜੇ ਹੁੰਦਾ ਹੋਇਆ ਵੀ ਕਿੰਨੀ ਦੂਰ ਹੋ ਗਿਆ ਸੀ l ਇਹਨਾਂ 25 ਸਾਲਾਂ ਵਿੱਚ ਫ਼ਗਵਾੜਾ, ਪਿੰਡ ਤੋਂ ਬਦਲ ਕੇ ਆਪਣੇ ਆਪ ਇੱਕ ਸ਼ਹਿਰ ਬਣ ਗਿਆ ਸੀ l  ਜਦੋਂ ਪਿੰਡ ਪਿੰਡ ਨਾ ਰਿਹਾ ਤਾ ਪਿੰਡ ਵਾਪਿਸ ਜਾਣ ਦਾ ਕੋਈ ਮਤਲਵ ਹੀ ਨਹੀਂ ਬਣਦਾ ਸੀ l  ਉਹਨੇ ਹਮੇਸ਼ਾਂ ਫ਼ਗਵਾੜੇ ਵਾਪਿਸ ਆਉਣ ਦੇ ਸੋਚਿਆ ਹੋਇਆ ਸੀ l ਇੱਕ ਦਿਨ ਤੇ ਤਾਏ ਨੇ ਉਹਨੂੰ ਜਲੰਧਰ ਫਰਨੀਚਰ ਦਾ ਕੰਮ ਸਿੱਖਣ ਭੇਜਿਆ ਸੀ l ਪਰ ਜਲੰਧਰ ਦੀਆਂ ਤੰਗ ਦੁਕਾਨਾਂ ਵਿੱਚ ਉਸਦਾ ਦਮ ਘੁੱਟਣ ਲੱਗ ਪਿਆ ਸੀ l  ਕੰਸਟਰਕਸ਼ਨ ਸਾਈਟ ਤੇ ਉਸ ਨੂੰ ਕੰਮ ਬੁਹਤ ਹੀ ਸੁਖਾਲਾ ਮਿਲ ਗਿਆ ਸੀ l ਸ਼ੁਰੂ ਵਿੱਚ ਉਸਦਾ ਕੰਮ ਘਰਾਂ ਦੇ ਦਰਵਾਜ਼ੇ,  ਖਿੜਕੀਆ ਅਤੇ ਉਨ੍ਹਾਂ ਦੀਆਂ ਚੁਗਾਠਾਂ ਲਾਉਣ ਦਾ ਸੀ l ਪਰ ਹੌਲ਼ੀ ਹੌਲ਼ੀ ਉਸ ਨੂੰ ਛੱਤ ਦੀ ਸ਼ਟਰਿੰਗ ਦਾ ਕੰਮ ਮਿਲ ਗਿਆ ਸੀ l ਛੱਤਾਂ ਤੇ ਵੱਡੇ ਵੱਡੇ ਪ੍ਰੋਜੈਕਟਸ ਤੇ ਉਸਨੂੰ ਕੰਮ ਮਿਲਣ ਲੱਗ  ਪਿਆ l 
ਉੱਚੀਆਂ ਬਿਲਡਿੰਗਾਂ ਦੇ ਉੱਪਰ ਛੱਤ ਦੀ ਸ਼ਟਰਿੰਗ ਦਾ ਕੰਮ ਕਾਰੀਗਰੀ ਦੇ ਨਾਲ ਹਿੰਮਤ ਤੇ ਜਿੰਮੇਵਾਰੀ ਦਾ ਹੋਣਾ ਬਹੁਤ ਜਰੂਰੀ ਸੀ l   ਉਸਨੂੰ ਬਿਲਡਿੰਗ ਦੀ ਉਸਾਰੀ ਹੁੰਦੀ ਤੇ ਉਪਰਲੀ ਮੰਜ਼ਿਲ ਤੇ ਕੰਮ ਕਰਨ ਦਾ ਅਨੰਦ ਬਹੁਤ ਆਉਂਦਾ ਸੀ l ਉਹ ਬਿਲਡਿੰਗ ਦੇ ਚੌਹੀਂ ਪਾਸੀਂ ਬੰਨ੍ਹੇ ਹੋਏ ਲੱਕੜੀ ਦੇ ਬਾਲਿਆਂ ਦੇ ਜਾਲ਼ ਉੱਤੇ ਇਸ ਤਰ੍ਹਾਂ ਭੱਜਿਆ ਫ਼ਿਰਦਾ ਜਿਵੇਂ ਸਰਕਸ ਵਿੱਚ ਰੱਸੀ ਤੇ ਤੁਰਨ ਵਾਲ਼ਾ ਕਲਾਬਾਜ਼ ਭੱਜਿਆ ਫ਼ਿਰਦਾ ਹੋਵੇ l ਉਸਦਾ ਕੰਮ ਕਰਨ ਦਾ ਦਿਆਲੂ ਤੌਰ ਤਰੀਕਾ ਦੇਖਕੇ ਠੇਕੇਦਾਰਾਂ ਵਿੱਚ ਉਸਦੇ ਕੰਮ ਦੀ ਮੰਗ ਹੋਰ ਵੀ ਵੱਧ ਗਈ ਸੀ l ਉਹ ਮਾਨ ਨਾਲ ਕਹਿੰਦਾ ਕਿ ਇਨ੍ਹਾਂ ਪੱਚੀ ਸਾਲਾਂ ਵਿੱਚ ਅੰਮ੍ਰਿਤਸਰ ਤੋਂ ਲੈਕੇ ਬੰਗਲੌਰ ਤੱਕ ਸੱਭ ਮੰਨੀਆਂ ਪ੍ਰਮੰਨੀਆਂ ਇਮਾਰਤਾਂ ਦੀਆਂ ਛੱਤਾਂ ਨੂੰ ਉਸਦੇ ਹੱਥ ਲੱਗੇ ਹੋਏ ਸੀ l 
ਉਹ ਬੜਬੜਾਇਆ ''ਗੁਰਦਿਆਲ ਨੂੰ ਪੈਸੇ ਨਾਲ ਪਿਆਰ ਹੈ ਤੇ ਮੈਂਨੂੰ ਆਪਣੇ ਹੁਨਰ ਤੇ ਕਾਰਗਾਰੀ ਨਾਲ l" 
ਉਹ ਗੁਰਦਿਆਲ ਦੇ ਵਿਆਹ ਦੀ ਗੱਲ ਬਾਤ ਕਿਵੇਂ ਭੁੱਲ ਸਕਦਾ ਸੀ l  ਬਿਨਾਂ ਕਿਸੇ ਨੂੰ ਦੱਸਿਆਂ ਉਸਨੇ ਭਾਪੇ ਪਰਿਵਾਰ ਵਿੱਚ ਆਪਣੇ ਵਿਆਹ ਦੀ ਗੱਲ ਸ਼ੁਰੂ ਕਰ ਦਿੱਤੀ ਸੀ l ਉਹ ਲੜਕੀ ਖ਼ੁਦ ਹੀ ਦੇਖ ਆਇਆ ਤੇ ਹੁਣ ਉਹ ਆਪਣੀ ਭਾਬੀ ਨੂੰ ਗੱਲ ਪੱਕੀ ਕਰਵਾਉਣ ਲਈ ਕਹਿ ਰਿਹਾ ਸੀ l  
ਭਾਪਿਆਂ ਦੇ ਪਰਿਵਾਰ ਵਿੱਚ ਵਿਆਹ ? ਕਰਤਾਰ ਸਿੰਘ ਨੂੰ ਬਹੁਤ ਗੁੱਸਾ ਆਇਆ l ਕੀ ਰਾਮਗੜ੍ਹੀਆਂ ਦੀਆਂ ਕੁੜੀਆਂ ਹੈ ਨਹੀਂ ?  ਪਰ ਗੁਰਦਿਆਲ ਨੇ ਭਾਪਿਆਂ ਦੇ ਨਾਲ ਸੰਬੰਧ ਬਣਾਕੇ ਆਪਣਾ ਧੰਦਾ ਵਧਾਉਣ ਦੀ ਗੱਲ ਕੀਤੀ l ਕਹਿ ਰਿਹਾ ਸੀ ਬਹੁਤ ਪ੍ਰਭਾਵਸ਼ਾਲੀ ਪਰਿਵਾਰ ਹੈ l ਹਾਲਾਂ ਕਿ ਉਹਨਾਂ ਕੋਲ਼ ਆਪਣਾ ਬਹੁਤ ਪੈਸਾ ਨਹੀਂ ਹੈ,ਪਰ ਸੱਭ ਰਿਸ਼ਤੇਦਾਰ ਵੱਡੇ ਵੱਡੇ ਸਰਕਾਰੀ ਅਹੁਦਿਆਂ ਤੇ ਹਨ, ਠੇਕੇਦਾਰ ਹਨ, ਇੰਪੋਰਟ ਤੇ ਐਕਸਪੋਰਟ ਵਿੱਚ ਹਨ l  
ਭਰਾ ਦੀ ਨਾਸਮਝੀ ਉੱਪਰ ਕਰਤਾਰ ਸਿੰਘ ਨੂੰ ਬਹੁਤ ਗੁੱਸਾ ਆ ਰਿਹਾ ਸੀ, 'ਗੁਰਦਿਆਲ, ਧੰਦਾ ਤੇ ਪੈਸਾ ਹੀ ਨਹੀਂ ਸੱਭ ਕੁੱਝ ਦੁਨੀਆ ਵਿੱਚ l’ 
ਜਸਬੰਤੋ ਨੇ ਪਤੀ ਨੂੰ ਟੋਕਿਆ “ਆਪਾਂ ਤੋਂ ਵੱਡੇ ਹੋਏ ਤਾਂ ਕੀ ਹੋਇਆ l ਤੁਸੀਂ ਗੁਰਦਿਆਲ ਦੀ ਚਿੰਤਾ ਨਾ ਕਰੋ l  “ ਜੋ ਉਸਦੇ ਕਰਮਾਂ ਵਿੱਚ ਲਿਖਿਆ ਹੈ, ਉਹ ਹੀ ਹੋਵੇਗਾ l ਤੁਸੀਂ ਕਿਓਂ ਵਿਅਰਥ ਵਿੱਚ ਵਿਘਨ ਪਾ ਰਹਿਓਂ l”
ਉਸਨੇ ਕਸਕੇ ਹਥੌੜੀ ਦੀ ਸੱਟ ਨਾਲ ਕਿੱਲ ਨੂੰ ਫੱਟੇ ਵਿੱਚ ਠੋਕ ਦਿੱਤਾ l ਕੌਣ ਛੋਟਾ ਸਿੱਖ ਕੌਣ ਵੱਡਾ ਸਿੱਖ ਸਭ ਇੱਕ ਨੂਰ ਤੋਂ ਹੀ ਉਪਜੇ ਹਨ l ਐਨੇ ਸਾਲਾਂ ਤੋਂ ਉਹ ਫੱਟਿਆਂ ਵਿੱਚ ਮੇਖਾਂ ਠੋਕਦਾ ਆ ਰਿਹਾ ਸੀ l ਅੱਜ ਤੱਕ ਉਸਦੀ ਉਂਗਲੀ ਜਾਂ ਅੰਗੂਠੇ ਤੇ ਕਦੇ ਇੱਕ ਵੀ ਸੱਟ ਨਹੀਂ ਲੱਗੀ ਸੀ l ਸੱਟ ਤਾਂ ਉਦੋਂ ਹੀ ਲੱਗਦੀ ਹੈ ਜਦੋਂ ਮਨ ਅਸਥਾਈ ਹੋਵੇ l ਗੁੱਸਾ, ਜਲਨ ਅਤੇ ਹੰਕਾਰ ਹੀ ਮਨ ਨੂੰ ਅਸਥਾਈ ਕਰਦੇ ਹਨ  l ਉਹ ਕਿਹਾ ਕਰਦਾ ਸੀ ''ਸਤਿਗੁਰ ਦਾ ਨਾਂ ਲੈਕੇ ਅੱਡੇ ਉੱਪਰ ਕੰਮ ਸ਼ੁਰੂ ਹੋਉਗਾ, ਤਾਂ ਹੀ ਮਨ ਸਾਰਾ ਦਿਨ ਤਕੜਾ ਤੇ ਸ਼ਾਂਤ ਰਹੂਗਾ।” 
ਹਥੌੜੀ ਦੀ ਸੱਟ ਨਾਲ ਕਰਤਾਰ ਸਿੰਘ ਗੁਣਗੁਣਾਉਂਣ ਲੱਗਿਆ ''ਪਾਪੀ ਮਨੂਆ ਲੋਭ ਕਰਤ ਹੈ ਰਾਤ-ਦਿਨ ਉੱਠ ਜਾਵੇਗਾ, ਰਾਮ ਸਿਮਰ ਮਨ, ਰਾਮ ਸਿਮਰ ਰਾਮ ਸਿਮਰ, ਪਛਤਾਏਗਾ।” 
ਦੂਰ ਬੱਦਲ ਗਰਜੇ । ਅਸਮਾਨ ਨੀਲੇ ਤੋਂ ਸਲੇਟੀ ਹੋਣ ਲੱਗਾ ਸੀ। ਅਚਾਨਕ ਕਰਤਾਰ ਸਿੰਘ ਨੇ ਆਪਣੇ ਮੱਥੇ ਉੱਪਰ ਮੋਟੀਆਂ ਮੋਟੀਆਂ ਕਣੀਆਂ ਮਹਿਸੂਸ ਕੀਤੀਆਂ l ਦੋ ਚਾਰ ਅੱਠ ਦਸ ਅਤੇ ਕਣੀਆਂ ਇੱਕ ਦਮ ਬਾਛੜ ਵਿੱਚ ਬਦਲ ਗਈਆਂ l ਕਰਤਾਰ ਸਿੰਘ ਨੇ ਕੋਲ ਪਏ ਹੋਏ ਟਾਟ ਦੇ ਟੁੱਕੜੇ ਨਾਲ਼ ਆਪਣਾ ਸਿਰ ਢੱਕ ਲਿਆ ਸੀ।
ਛੱਤ ਦੇ ਦੂਜੇ ਪਾਸੇ ਕਰਤਾਰ ਸਿੰਘ ਨੂੰ ਸਾਥੀ ਬਤਨ ਚੰਦ ਦੀ ਆਵਾਜ਼ ਸੁਣਾਈ ਦਿੱਤੀ  ''ਭਾਈ ਜੀ ਮੀਂਹ ਤਾਂ ਲੱਗਦਾ ਜਮਕੇ ਆਊਗਾ.. ਆਓ ਥੱਲੇ ਚਲੀਏ। ਥੱਲੇ ਕੰਟੀਨ ਵਿੱਚ ਜਾਕੇ ਚਾਹ ਪੀਨੇਆਂ।”
ਬਰਸਾਤੀ ਮੌਸਮ ਵਿੱਚ ਉਸਨੂੰ ਸ਼ਹਿਰ ਦੇ ਰੌਲੇ ਰੱਪੇ ਤੋਂ ਦੂਰ ਇਕਾਂਤ ਵਿੱਚ ਬੈਠਣ ਦਾ ਆਨੰਦ ਆਉਂਦਾ ਸੀ। ਉਸਨੇ ਥੱਲੇ ਥੱਲੇ ਉਤਰਨ ਤੋਂ ਨਾ ਕਰਦੇ ਕਿਹਾ ''ਬਤਨੇ ਤੂੰ ਚਲ। ਮੈਂ ਕੰਮ ਖ਼ਤਮ ਕਰਕੇ ਹੀ ਥੱਲੇ ਉਤਰੂੰਗਾ।” 
ਬਤਨ ਚੰਦ ਮੀਂਹ ਵੱਧਣ ਤੋਂ ਪਹਿਲਾਂ ਹੀ ਜਲਦੀ ਨਾਲ਼ ਪੌੜੀਆਂ ਤੋਂ ਥੱਲੇ ਉੱਤਰ ਗਿਆ l 
ਉੱਪਰ ਇੱਕਲਾ ਕਰਤਾਰ ਸਿੰਘ ਛੱਤ ਤੇ ਟਾਟ ਦਾ ਟੁੱਕੜਾ ਉੱਤੇ ਲਈ ਗੁਰਦਿਆਲ ਨੂੰ ਭੁੱਲ ਕੇ ਮੀਂਹ ਦੀਆਂ ਕਣੀਆਂ ਵਿੱਚੋਂ ਗੁਰਦੁਆਰੇ ਦੀ ਸਵੇਰ ਦੀ ਅਵੱਸਥਾ ਨੂੰ ਦੁਹਰਾਉਣ ਚਹੁੰਦਾ ਸੀ l ਉਸਦੀਆਂ ਅੱਖਾਂ ਇੱਕ ਵਾਰ ਫ਼ਿਰ ਜਸਬੰਤੋ ਨੂੰ ਮਿਲਣ ਦੀ ਚਾਹ ਸੀ।  ਜਿਵੇਂ ਝਾਲਰ ਵਾਲੇ ਪਰਦੇ ਦੇ ਦੂਜੇ ਪਾਸੇ ਉਸ ਦੀ ਤਰ੍ਹਾਂ ਮਸਤੀ ਨਾਲ ਚਿਮਟਾ ਵਜਾਉਂਦੀ ਹੋਈ ਜਸਬੰਤੋ ਕਹਿ ਰਹੀ ਹੋਵੇ ''ਆਓ ਸਰਦਾਰ ਜੀ, ਦੋਨੋ ਮਿਲਕੇ ''ਰਾਮ ਸਿਮਰਿ ਮਨ, ਰਾਮ ਸਿਮਰਿ''' ਗਾਈਏ l
ਬਹੁਤ ਯਤਨ ਕਰਨ ਤੇ ਵੀ ਕਰਤਾਰ ਸਿੰਘ ਗੁਰਦਿਆਲ ਦੇ ਬਾਰੇ ਸੋਚਣ ਤੋਂ ਰਹਿ ਨਹੀਂ ਸਕਿਆ, ਆਖ਼ਰ ਹੈ ਤਾਂ ਦੋਨੋਂ ਇੱਕ ਹੀ ਮਾਂ ਦੇ ਪੁੱਤ, ਫ਼ਿਰ ਉਨ੍ਹਾਂ ਦੋਨਾਂ ਵਿੱਚ ਐਨਾ ਫ਼ਰਕ ਕਿਵੇਂ ਆ ਗਿਆ ਗੁਰਦਿਆਲ ਤਾਂ ਵਿਆਹ ਹੁੰਦੇ ਹੀ ਪਰਮਜੋਤ ਨੂੰ ਲੈਕੇ ਅਲੱਗ ਹੋ ਗਿਆ ਸੀl  ਉਸ ਨੇ ਆਪਣਾ ਨਵਾਂ ਮਕਾਨ ਬਣਨ ਤੇ ਵੱਡੇ ਭਾਈ ਤੇ ਭਾਬੀ ਨੂੰ ਇੱਕਠੇ ਰਹਿਣ ਲਈ ਕਿਹਾ ਤਾਂ ਜਸਬੰਤੋ ਨੇ ਨਾ ਕਰ ਦਿੱਤੀ ਸੀ ''ਪਰਮਜੋਤ ਵੱਡੇ ਘਰ ਦੀ ਕੁੜੀ ਹੈ, ਕੁੱਛ ਗ਼ਲਤ ਗੱਲ ਹੋ ਗਈ ਤਾਂ ਤੁਹਾਡੇ ਦੋਹਾ ਭਰਾਵਾਂ ਵਿੱਚ ਔਰਤਾਂ ਕਰਕੇ ਪਿਆਰ ਨਾ ਘੱਟ ਜਾਵੇ l'' ਉਹ ਜਾਣਦਾ ਸੀ ਝਗੜਾ ਔਰਤਾਂ ਕਰਕੇ ਨਹੀਂ ਸੀ, ਝਗੜੇ ਦਾ ਕਾਰਨ ਭਾਈਆਂ ਵਿੱਚ ਸੀ l  ਕੀ ਦੋਹਾਂ ਭਾਈਆਂ ਦੀ ਅਲੱਗ ਸੋਚ ਨੂੰ ਸਾਰੇ ਲੋਕ ਖੁੱਲੀ ਕਿਤਾਬ ਦੀ ਤਰ੍ਹਾਂ ਪੜ੍ਹ ਸਕਦੇ ਸੀ? ਉਸ ਨੂੰ ਲੱਗਿਆ ਕਿ ਗੁਰਦਿਆਲ ਦੇ ਵਿਆਹ ਤੋਂ ਬਾਅਦ ਸਿਰਫ਼ ਭੂਪੀ ਸੀ ਜਿਸਨੇ ਦੋਨਾਂ ਪਰਿਵਾਰਾਂ ਨੂੰ ਤਲਸਮੀ ਧਾਗੇ ਨਾਲ ਬੰਨਿਆਂ ਹੋਇਆ ਸੀ l
ਭੂਪੀ ਨੂੰ ਚਾਚੇ ਨਾਲ ਬਚਪਨ ਤੋਂ ਹੀ ਲਗਾਓ ਸੀ l ਗੁਰਦਿਆਲ ਜਦੋਂ ਦਾ ਫ਼ਗਵਾੜੇ ਤੋਂ ਆਇਆ ਸੀ ਤਾਂ ਦਿਨ ਭਰ ਭੂਪੀ ਨੂੰ ਮੋਢਿਆਂ ਤੇ ਬਿਠਾ ਘੋੜੇ ਵਾਂਗੂ ਭੱਜਦਾ ਤੇ ਭੂਪੀ ਗੁਰਦਿਆਲ ਨਾਲ ਹਰ ਵਕਤ ਮੋਹਰ ਦੀ ਤਰਾਂ ਚਿਪਕਿਆ ਰਹਿੰਦਾ l ਸ਼ਾਮ ਨੂੰ ਕਰਤਾਰ ਸਿੰਘ ਜਦੋਂ ਕੰਮ ਤੋਂ ਵਾਪਸ ਆਉਂਦਾ ਤਾਂ ਉਹ ਦੋਨੋਂ ਕਰਤਾਰ ਸਿੰਘ ਦੀ ਐਟਲਸ ਸਾਈਕਲ ਚੁੱਕ ਕੇ ਸ਼ਹਿਰ ਦੀ ਸੈਰ ਨੂੰ ਨਿੱਕਲ ਜਾਂਦੇ l ਜਦੋਂ ਗੁਰਦਿਆਲ ਨੇ ਆਪਣਾ ਸਪਲਾਈ ਦਾ ਕੰਮ ਸ਼ੁਰੂ ਕੀਤਾ ਸੀ ਉਦੋਂ ਭੂਪੀ ਚਾਚੇ ਦਾ ਟਰੱਕ ਚਲਦਾ ਦੇਖ ਕੇ ਬਹੁਤ ਪ੍ਰਭਾਵਿਤ ਹੋ ਕੇ ਕਿਹਾ ਕਿ ਮੈਂ ਵੀ ਵੱਡਾ ਹੋਕੇ ਚਾਚੇ ਵਾਂਗੂੰ ਡ੍ਰਾਈਵਰ ਬਣੂਗਾ l  ਗੁਰਦਿਆਲ ਨੇ ਹੱਸ ਕੇ ਕਿਹਾ ਸੀ ''ਕਾਕੇ ਤੈਨੂੰ ਤਾਂ ਮੈਂ ਆਪਣਾ ਪਾਰਟਨਰ ਬਣਾਊਂਗਾ'' ਚਾਚੇ ਭਤੀਜੇ ਦੇ ਇਸ ਅਸੀਮ ਪਿਆਰ ਨੂੰ ਦੇਖ ਕੇ ਜਸਬੰਤੋ ਕਿਹਾ ਕਰਦੀ ਸੀ ਕਿ ਗੁਰਦਿਆਲ ਭੂਪੀ ਨੂੰ ਆਪਣੇ ਪੁੱਤ ਵਾਂਗੂੰ ਸੰਭਾਲ ਰੱਖੂ  ਕਿੰਨਾ ਸੱਚ ਨਿਕਲਿਆ ਜਸਬੰਤੋ ਦਾ ਕਹਿਣਾ l ਕਿਵੇਂ ਚੁਸਤੀ ਨਾਲ ਗੁਰਦਿਆਲ ਅਤੇ ਪਰਮਜੋਤ  ਦੋਨਾਂ ਨੇ ਭੂਪੀ ਨੂੰ ਉਸਤੋਂ ਖੋਹ ਲਿਆ l  
ਉਹ ਇਸ ਮੀਂਹ ਵਿੱਚ ਬੈਠਾ ਜਾਨਣਾ ਚਹੁੰਦਾ ਸੀ ਕਿ ਉਸਦੇ ਨਾਲ ਗੁਰਦਿਆਲ ਦਾ ਕਿਸ ਤਰ੍ਹਾਂ ਦਾ ਵਿਉਹਾਰ ਸੀ  ਕਿ ਗੁਰਦਿਆਲ ਦੀ ਤਰ੍ਹਾਂ ਭੂਪੀ ਦਾ ਬਹਿਕ ਜਾਣਾ ਜਰੂਰੀ ਸੀ l  ਭੂਪੀ ਚਾਚੇ ਦੀ ਕਿੰਨੀ ਇੱਜਤ ਕਰਦਾ ਸੀ l ਅਗਰ ਗੁਰਦਿਆਲ ਖ਼ੁਦ ਪੁਰਖਾਂ ਦੇ ਦਿੱਤੇ ਹੋਏ ਈਸ਼ਵਰ ਦੇ ਇਸ ਹੁਨਰ ਨੂੰ ਹੱਥ ਨਹੀਂ ਲਾਉਣਾ ਚਹੁੰਦਾ ਸੀ ਤਾਂ ਘੱਟ ਤੋਂ ਘੱਟ ਭੂਪੀ ਨੂੰ ਤਾਂ ਸਹੀ ਸਲਾਹ ਦੇ ਸਕਦਾ ਸੀ l ਕੀ ਉਹ ਜਾਣਦਾ ਨਹੀਂ  ਸੀ ਕਿ ਰਾਮਗੜ੍ਹੀਆਂ ਲਈ ਕਾਰੀਗਰੀ ਦਾ ਦੂਸਰਾ ਨਾਂ ਧਰਮ ਅਤੇ ਕਰਮ ਹੈ ਅਤੇ ਧਰਮ ਤੇ ਕਰਮ ਦੇ ਸਿਰ ਤੇ ਹੀ ਤਾਂ ਸਾਰੀ ਸ੍ਰਿਸ਼ਟੀ ਟਿੱਕੀ ਹੋਈ ਹੈ  l
ਕਰਤਾਰ ਸਿੰਘ ਨੇ ਜਦੋਂ ਪੁੱਤ ਤੋਂ ਕਾਰਖਾਨੇ ਤੇ ਜਾਣ ਬਾਰੇ ਫਿਰ ਪੁੱਛਿਆ ਤਾਂ ਉਦੋਂ ਵੀ ਗੁਰਦਿਆਲ ਨੇ ਭੂਪੀ ਦੀ ਤਰਫ਼ਦਾਰੀ ਕਰਦੇ ਕਿਹਾ ਸੀ ''ਭਾਈ ਜੀ, ਬੱਚੇ ਨੂੰ ਕਿਓਂ ਗੁੱਸੇ ਹੋ ਰਹੇ ਓਂ, ਇਹ ਬਾਰਵੀਂ ਵਿੱਚ ਜਾਣ ਵਾਲਾ ਹੈ, ਇਹਨੇ ਪੜ੍ਹਾਈ ਵੀ ਕਰਨੀ l”
ਪਰ ਉਸ ਨੂੰ ਲੱਗਿਆ ਕਿ ਪੜ੍ਹਾਈ ਤਾਂ ਭੂਪੀ ਲਈ ਅੱਡੇ ਕਰਖ਼ਾਨੇ ਤੇ ਨਾ ਆਉਣ ਦਾ ਬਹਾਨਾ ਹੀ ਸੀ l ਹੁਣ ਜਦੋਂ ਕਦੇ ਭੂਪੀ ਉਸਨੂੰ ਕੰਮ ਤੇ ਮਿਲਣ ਆਉਂਦਾ, ਤਾਂ ਉਹ ਕਾਰਖਾਨੇ ਵਿੱਚ ਹਥੌੜੀ ਜਾਂ ਆਰੀ ਚੁੱਕਣ ਲੱਗਾ ਝਿਜਕਦਾ, ਉਹ ਕਹਿੰਦਾ ਕਿ ਉਹਦੇ ਕਪੜੇ ਮੈਲੇ ਹੋ ਜਾਣਗੇ  l ਗੁਰਦਿਆਲ ਵਾਂਗ ਉਹ ਵੀ ਕਸੀ ਹੋਈ ਟੇਢੀ ਪੱਗ ਬੰਨ੍ਹਣ ਲੱਗਿਆ ਸੀ l ਸਾਰਾ ਦਿਨ ਗੁਰਦਿਆਲ ਦੀ ਮੋਟਰ ਸਾਈਕਲ ਤੇ ਤੰਗ ਪਤਲੂਨ ਪਾ ਸਾਰੇ ਸ਼ਹਿਰ ਭੂਪੀ ਉਸਨੂੰ ਮੋਰ ਦੀ ਤਰ੍ਹਾਂ ਘੁੰਮਦਾ ਫ਼ਿਰਦਾ ਦਿੱਸਦਾ l  ਖੁਦ ਨੂੰ ਉਹ ਹੁਣ ਭੂਪੀ ਦੀ ਥਾਂ ਬੌਬੀ ਦੱਸਦਾ ਸੀ l  ਉਸਨੇ ਗੁਰਦਿਆਲ ਦੀ ਤਰ੍ਹਾਂ ਭੂਪੀ ਨੂੰ ਆਪਣੇ ਆਪ ਨੂੰ ਭਾਪਾ ਕਹਿੰਦੇ ਹੋਏ ਸੁਣਿਆਂ ਸੀ l 
ਭੂਪੀ ਦੇ ਬੌਬੀ ਅਖਵਾਉਣ ਤੋਂ ਦੋ ਸਾਲ ਪਹਿਲਾਂ ਦੀ ਝੜਪ ਨੂੰ ਭੁੱਲਿਆ ਨਹੀਂ ਸੀ l  ਗੁਰਦਿਆਲ ਨੇ ਭੂਪੀ ਦਾ ਭੁਪਿੰਦਰ ਦੀ ਥਾਂ ਬੌਬੀ ਕਹਾਉਣਾ ਬਹੁਤ ਸਿਆਣੀ ਗੱਲ ਲੱਗੀ ਸੀ l 
''ਭਾਈ ਜੀ ਬੌਬੀ ਤਾ ਬਹੁਤ ਹੀ ਮੌਡਰਨ ਨਾਂ ਹੈ l”  ਫਿਰ ਉਹ ਭੂਪੀ ਨੂੰ ਪੁਚਕਾਰਦੇ ਹੋਏ ਬੋਲਿਆ ਸੀ ''ਕਾਕੇ, ਤੇਰੇ ਕੇਸ ਕਟਾ ਤੈਨੂੰ ਬੌਬੀ ਸਿੰਘ ਜੇਂਟਲਮੈਨ ਬਣਾ ਦੇਣਾ'' ਆਹ ਕੀ ਤੂੰ ਪੱਗ ਸ਼ੱਗ ਬੰਨੀ ਹੋਈ ਆ ''
''ਗੁਰਦਿਆਲ l” ਕਰਤਾਰ ਸਿੰਘ ਗਰਜ ਕੇ ਬੋਲਿਆ, “ਇਹ ਗ਼ਲਤ ਸਲਾਹ ਨਾ ਦੇ ਮੇਰੇ ਮੁੰਡੇ ਨੂੰ l ਕੀ ਇਹ ਹੀ ਸਿਖਾਇਆ ਹੈ ਪਰਮਜੋਤ ਤੇ ਤੂੰ ਇਸਨੂੰ?”   
ਕਰਤਾਰ ਸਿੰਘ ਗੁੱਸੇ ਨਾਲ ਕੰਬ ਰਿਹਾ ਸੀ l ਇਹ ਕਿਸ ਗੱਲ ਦਾ ਬਦਲਾ ਲਿਆ ਜਾ ਰਿਹਾ, ਜਾਣੀ ਦੋਨੋਂ ਹੀ ਭਰਾ ਤੇ ਪੁੱਤ ਮਿਲਕੇ ਉਸਤੋਂ ਕਿਸੇ ਪਿਛਲੇ ਜਨਮ ਦਾ ਬਦਲਾ ਲੈ ਰਹੇ ਹੋਣ  l ਗੁਰਦਿਆਲ ਵੱਡੇ ਭਰਾ ਦੇ ਗ਼ੁੱਸੇ ਨਾਲ਼ ਭਰੇ ਮੂੰਹ ਨੂੰ ਦੇਖ ਕੇ ਸਹਿਮ ਗਿਆ l
ਮੀਂਹ ਲਗਾਤਾਰ ਪੈਂਦਾ ਦੇਖ ਕੇ ਕਰਤਾਰ ਸਿੰਘ ਦਾ ਦਿਲ ਘਟਣ ਲੱਗਿਆ, ਆਖ਼ਰ ਕਰ ਗੁਰਦਿਆਲ ਉਸਦਾ ਛੋਟਾ ਭਰਾ ਤਾਂ  ਸੀ l   ਕੋਈ ਕਦੋਂ ਤੱਕ ਆਪਣੇ ਖ਼ੂਨ ਨਾਲ਼ ਗੁੱਸੇ ਰਹਿ ਸਕਦਾ ਸੀ l ਗੁਰਦਿਆਲ ਨੂੰ ਜਸਬੰਤੋ ਤੇ ਉਸਨੇ ਆਪਣੇ ਬੱਚਿਆਂ ਵਾਂਗ ਪਾਲਿਆ ਸੀ l ਉਹ ਗੁਰਦਿਆਲ ਦੇ ਬਾਰੇ ਆਪਣੇ ਮਨ ਵਿੱਚੋਂ ਕੁੜੱਤਣ ਬਾਹਰ ਕੱਢ ਸੁੱਟਣੀ ਚਾਹੁੰਦਾ ਸੀ l 
ਕਰਤਾਰ ਸਿੰਘ ਨੇ ਮਨ ਹੀ ਮਨ ਠੰਡੀ ਆਹ ਭਰੀ ''ਵਾਹਿਗੁਰੂ ਜੀ ਦਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਦੀ ਫ਼ਤਹਿ '' ਉਹ ਕਾਫ਼ੀ ਸਮੇਂ ਤੱਕ ਗੁਰਬਾਣੀ ਦੇ ਇਸ ਵਾਕ ਨੂੰ ਮਨ ਹੀ ਮਨ ਦੁਹਰਾਉਂਦਾ ਰਿਹਾ l  ਜਸਬੰਤੋ ਦੀ ਬੇਵਕਤੀ ਮੌਤ ਤੋਂ ਬਾਅਦ ਉਸਨੂੰ ਗੁਰਬਾਣੀ ਦਾ ਬਹੁਤ ਆਸਰਾ ਮਿਲ ਗਿਆ ਸੀ l ਸੁਖਮਨੀ ਸਾਹਿਬ ਦਾ ਪਾਠ ਹਰੀ ਨਾਮ ਦਾ ਸਿਮਰਨ, ਹਰਿ ਦੇ ਨਾਮ ਵਿੱਚ ਡੁੱਬਕੀ,  ਇਹ ਪ੍ਰਭੂ -ਸਿਮਰਨ ਨਾਲ ਭਰੀ ਗੜਵੀ ਨਾਲ ਇਸ਼ਨਾਨ ਕਰਦਾ ਕਦੇ ਨਾ ਥੱਕਦਾ l ਗੁਰਬਾਣੀ ਵਿੱਚ ਰਸ ਤੇ ਬਲ ਦਾ ਇਹੋ ਜਿਹਾ ਅਨੋਖਾ ਮਿਸ਼ਰਣ ਸੀ ਜਿਸਨੂੰ ਜਪਿ ਉਹ ਗੁਰਦਿਆਲ ਅਤੇ ਭੂਪੀ ਦੇ ਵਿਉਹਾਰ ਨੂੰ ਅਣਸੁਣਿਆ ਕਰ ਸਕਿਆ l
ਸ਼ਾਇਦ ਜੇ ਜਸਬੰਤੋ ਜਿਉਂਦੀ ਹੁੰਦੀ ਤਾਂ ਇਥੋਂ ਤੱਕ ਦੀ ਨੌਬਤ ਨਾ ਆਉਂਦੀ l  ਭੂਪੀ ਘਰ ਛੱਡਕੇ ਚਾਚੇ ਵੱਲ ਨਾ ਜਾਂਦਾ l  ਜਸਬੰਤੋ ਦੇ ਪਰਲੋਕ ਸਧਾਰਨ ਬਾਅਦ ਉਹ ਆਪਣੀ ਸੁੱਧ ਬੁੱਧ ਗੁਆ ਬੈਠਾ ਸੀ l ਭੂਪੀ ਦਾ ਗੁਰਦਿਆਲ ਤੇ ਪਰਮਜੋਤ ਨਾਲ ਰਹਿਣ ਦਾ ਖ਼ਿਆਲ ਉਹ ਬੇਨਜ਼ਰ ਨਾ ਸਕਿਆ l ਭੂਪੀ ਦਾ ਸਕੂਲ ਤੇ ਪੜ੍ਹਾਈ ਕਾਰਨ ਉਹਨਾਂ ਨਾਲ ਰਹਿਣਾ ਕਰਤਾਰ ਸਿੰਘ ਦੀ ਸਮਝ ਤੋਂ ਬਾਹਰ ਦੀ ਗੱਲ ਸੀ l
ਪੜ੍ਹਾਈ ! ਉਹ ਬੇਬਸ ਜਿਹਾ ਹਾਸਾ ਹੱਸਿਆ l ਇਹ ਕਿਸ ਤਰ੍ਹਾਂ ਦੀ ਪੜ੍ਹਾਈ ਸੀ, ਜਿਸ ਨੇ ਆਪਣੇ ਧਰਮ, ਆਪਣੇ  ਬੁਜ਼ੁਰਗਾਂ ਦੀ ਦੇਣ ਅਤੇ ਆਪਣੇ ਨਾਂ ਤੱਕ ਦੀ ਸ਼ਰਮਿੰਦਗੀ ਮਹਿਸੂਸ ਕਰਨ ਲਈ ਤੁਹਾਨੂੰ ਮਜਬੂਰ ਮਜਬੂਰ ਕਰ ਦਿੱਤਾ ਹੋਵੇ l ਉਹ ਜਾਣਦਾ ਸੀ ਕਿ ਭੂਪੀ ਨੇ ਤਾਂ ਸਕੂਲ ਕਦੋਂ ਦਾ ਛੱਡ ਦਿੱਤਾ ਸੀ l ਸਕੂਲ ਦੀ ਔਖੀ ਪੜ੍ਹਾਈ ਵਿੱਚ ਗੁਰਦਿਆਲ ਦੇ ਟਰੱਕਾਂ ਤੇ ਮੋਟਰਸਾਈਕਲ ਜਿੰਨੀ ਉਤੇਜਿਤਾ ਕਿੱਥੇ ਸੀ ?
ਕੁੱਝ ਮਹੀਨੇਂ ਪਹਿਲਾਂ ਭੂਪੀ ਨੇ ਦੱਸਿਆ ਸੀ ਕਿ ਗੁਰਦਿਆਲ ਅਗਲੇ ਸਾਲ ਉਸਨੂੰ ਬਿਲਡਿੰਗ ਮਟੀਰੀਅਲ ਦੇ ਨਾਲ ਸ਼ਰਾਬ ਦਾ ਠੇਕਾ ਵੀ ਖੋਲ੍ਹਕੇ ਦੇਵੇਗਾ, ''ਸ਼ਰਾਬ ਦਾ ਠੇਕਾ ?  ਭੂਪੀ ਬੋਲਿਆ ''ਦਾਰ ਜੀ ਵਾਈਨ ਦੀ ਦੁਕਾਨ ਦਾ ਲਾਇਸੰਸ ਤਾ ਕਿਸਮਤ ਵਾਲਿਆਂ ਨੂੰ ਹੀ ਮਿਲਦਾ ਹੈ ''ਜਦੋਂ ਤੱਕ ਕਰਤਾਰ ਸਿੰਘ ਕੁੱਝ ਬੋਲਣ ਹੀ ਲੱਗਿਆ ਸੀ ਕਿ ਗੁਰਦਿਆਲ ਵਾਂਗੂ ਭੂਪੀ ਵੀ ਉਸ ਨੂੰ ਸਮਝਾਉਂਦਾ ਹੋਇਆ ਬੋਲਿਆ ''ਦਾਰੂ ਵੇਚਣਾ ਤੇ ਦਾਰੂ ਪੀਣਾ ਦੋ ਅਲੱਗ ਚੀਜ਼ਾਂ ਹਨ l
ਕਰਤਾਰ ਸਿੰਘ ਚੁੱਪ ਰਹਿ ਗਿਆ ਸੀ l
ਅੱਜ ਸ਼ਾਮ ਨੂੰ ਭੁਪਿੰਦਰ ਪਿਤਾ ਨੂੰ ਕੰਮ ਤੇ ਆਪਣਾ ਨਵਾਂ ਟਰੱਕ ਦਿਖਾਉਣ ਲਈ ਆ ਰਿਹਾ ਸੀ l ਕਰਤਾਰ ਸਿੰਘ ਜਾਣਦਾ ਸੀ ਕਿ ਗੁਰਦਿਆਲ ਨੇ ਵੱਡੇ ਭਰਾ ਤੇ ਆਪਣੇ ਵਿੱਚ ਵੱਧਦੀ ਹੋਈ ਦੂਰੀ ਨੂੰ ਘਟਾਉਣ ਲਈ ਭੂਪੀ ਨੂੰ ਉਸਨੂੰ ਮਿਲਣ ਲਈ ਭੇਜਿਆ ਸੀ l  ਕਰਤਾਰ ਸਿੰਘ ਅੱਜ ਆਪਣੀਆਂ ਭਾਵਨਾਵਾਂ ਨੂੰ ਇਮਾਨਦਾਰੀ ਨਾਲ਼ ਜ਼ਾਹਿਰ ਕਰ ਭੂਪੀ ਨੂੰ ਅੱਜ ਦੱਸਣਾ ਚਾਹੁਣਾ ਸੀ ਕਿ ਉਸਨੇ ਜੀਵਨ ਭਰ ਕਾਰੀਗਰੀ ਅਤੇ ਧਰਮ ਨੂੰ ਕਿਉਂ ਐਂਨੀ ਪ੍ਰਮੁੱਖਤਾ ਦਿੱਤੀ ਸੀ ? ਗੁਰਦਿਆਲ ਵਾਂਗ ਠੇਕੇਦਾਰੀ ਵਰਗੇ ਧੰਦੇ ਤੋਂ ਦੂਰ ਕਿਉਂ ਰਿਹਾ ?
ਇਹ ਕੇਵਲ ਕਿਰਤ ਤੇ ਕਾਰੀਗਰੀ ਸੀ ਜਿਸ ਨਾਲ ਦੁਨਿਆਵੀ ਸੋਚ ਨੂੰ ਅਧਿਆਤਮਿਕਤਾ ਵਿੱਚ ਬਦਲਿਆ ਜਾ ਸਕਦਾ ਸੀ  l ਇਹ ਦੇਣ ਪਰਮਾਤਮਾ ਨੇ ਕਿਸੇ ਕਿਸੇ ਨੂੰ ਹੀ ਦਿੱਤੀ ਹੈ ਅਤੇ ਰਾਮਗੜ੍ਹੀਏ ਉਹਨਾਂ ਵਿੱਚੋਂ ਇੱਕ ਹਨ l ਪਰੰਤੂ  ਉਸਨੂੰ ਡਰ ਲਗਿਆ ਕਿ ਭੂਪੀ ਇਸ ਗੱਲਬਾਤ ਦਾ ਗ਼ਲਤ  ਮਤਲਵ ਨਾ ਸਮਝੇ l ਭੂਪੀ ਸਿਰਫ਼ ਐਨਾ ਹੀ ਸਮਝੇਗਾ ਕਿ ਉਸਦਾ ਰੂੜਵਾਦੀ ਬਾਪ ਉਸਦੀਆਂ ਖਵਾਇਸ਼ਾਂ ਵਿੱਚ ਰੁਕਾਵੱਟ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ l ਉਹਦੇ ਬਾਪ ਨੂੰ ਗੁਰਦਿਆਲ ਸਫਲਤਾ ਨਾਲ਼ ਈਰਖ਼ਾ ਹੈ l ਬਾਪ ਬੇਟੇ ਦੀ ਇਸ ਗੱਲਬਾਤ ਨੂੰ ਉਹ ਲੜਾਈ ਵਿੱਚ ਨਹੀਂ ਬਦਲਣਾ ਚਹੁੰਦਾ ਸੀ l  ਉਸਨੇ ਭੂਪੀ ਦੇ ਕੰਮ ਧੰਦੇ ਤੱਕ ਗੱਲਬਾਤ ਸੀਮਤ ਰੱਖਣ ਦਾ ਫੈਸਲਾ ਕੀਤਾ l
ਆਪਣਾ ਖ਼ਿਆਲ ਬਦਲ ਕੇ ਕਰਤਾਰ ਸਿੰਘ ਤੇਰ੍ਹਵੀਂ ਮੰਜ਼ਿਲ ਤੋਂ ਫ਼ਿਰ ਹੇਠਾਂ ਦਾ ਦ੍ਰਿਸ਼ ਦੇਖਣ ਦਾ ਯਤਨ ਕੀਤਾ l ਮੀਂਹ ਦਾ ਪਰਦਾ ਉੱਠਣ ਹੀ ਲੱਗਾ  ਸੀ l ਪਹਿਲਾਂ ਵਾਲ਼ਾ ਮੋਟਰਾਂ, ਸਕੂਟਰਾਂ, ਤਾਂਗੇ-ਭੀੜ ਦਾ ਦ੍ਰਿਸ਼ ਸਾਹਮਣੇ ਆਉਣਾ ਸ਼ੁਰੂ ਹੋ ਰਿਹਾ ਸੀ l 
ਉਸਨੇ ਆਪਣੇ ਸਿਰ ਤੋਂ ਬੋਰੀ ਦਾ ਟੁੱਕੜਾ ਲਾਹ ਕੇ ਇੱਕ ਪਾਸੇ ਰੱਖ ਦਿੱਤਾ ਗੋਡਿਆਂ ਭਰਨੇ ਬੈਠੇ ਬੈਠੇ ਉਸਦੇ ਗੋਡੇ  ਥੱਕ ਗਏ ਸੀ l ਆਕੜੇ ਹੋਏ ਸਰੀਰ ਨੂੰ ਸਿੱਧਾ ਕਰਨਾ ਚਾਹੁੰਦੇ ਹੋਏ ਉਸਨੇ ਆਪਣੇ ਹੱਥਾਂ ਨੂੰ ਫੈਲਾਇਆ l ਉਸਦਾ ਕੰਮ ਪੂਰਾ ਹੋਣ ਹੀ ਵਾਲ਼ਾ ਸੀ l  ਕੋਨੇ ਤੇ ਕੁੱਛ  ਮੇਖਾਂ ਠੋਕਣ ਤੋਂ ਬਾਅਦ ਉਹ ਉੱਠ ਖੜਾ ਹੋਇਆ l  
ਮੀਂਹ ਨਾਲ਼ ਉਸਦੀ ਦਾੜੀ, ਕੇਸ ਤੇ ਸਾਰਾ ਸਰੀਰ ਭਿੱਜ ਗਿਆ ਸੀ l ਉਸਨੇ ਸੰਦਾਂ ਵਾਲ਼ੇ ਬਕਸੇ ਵਿੱਚੋਂ  ਦੁਪੱਟਾ ਕੱਢ ਕੇ ਆਪਣਾ ਸਰੀਰ ਪੂੰਝਿਆ, ਦਾੜ੍ਹੀ ਨੂੰ ਸੁਕਾਂਦੇ ਹੋਏ ਚਿੱਟੇ ਵਾਲਾਂ ਦੇ ਗੁੱਛੇ ਨੂੰ ਆਪਣੀਆਂ ਉਂਗਲਾਂ ਵਿੱਚ ਦੇਖਕੇ ਉਸਨੂੰ ਲੱਗਿਆ ਕਿ ਜਸਬੰਤੋ ਦੀ ਮੌਤ ਤੋਂ ਬਾਅਦ ਇਹਨਾਂ ਅੱਠਾਂ ਸਾਲਾਂ ਵਿੱਚ ਉਸਦੇ ਸਾਰੇ ਵਾਲ ਤੇਜ਼ੀ ਨਾਲ਼ ਚਿੱਟੇ ਹੋ ਗਏ ਸੀ l 
ਜੀਵਨ ਦੇ ਪਰਵਾਹ ਨੂੰ ਕੌਣ ਰੋਕ ਸਕਦਾ ਸੀ l  ਭੂਪੀ ਵੀ ਹੁਣ ਬੱਚਾ ਨਹੀਂ ਰਿਹਾ l ਅਗਲੇ ਮਹੀਨੇ  ਉਹ ਵੀਹ ਸਾਲ ਦਾ ਹੋ ਜਾਣਾ ਸੀ l ਉਸਨੇ ਦੁਪੱਟੇ ਨਾਲ਼ ਆਪਣੇ ਸਿਰ ਦੇ ਵਾਲ ਸੁਕਾਏ,  ਫ਼ਿਰ ਦੁਪੱਟਾ ਬਕਸੇ ਵਿੱਚ ਰੱਖ ਦਿੱਤਾ l ਉਸਨੇ ਸਿਰ ਦੇ ਵਾਲਾਂ ਨੂੰ ਕੰਘਾ ਕਰਕੇ ਜੂੜਾ ਕੀਤਾ  ਤੇ ਕੋਲ਼ ਪਈ ਪਤਲੂਣ ਪਾਈ, ਉਸਨੇ ਹੇਠਾਂ ਨਿਗਾਹ ਮਾਰੀ ਕਿ ਕਿਤੇ ਬਤਨ ਚੰਦ ਤੇ ਉਸਦੇ ਬਾਕੀ ਸਾਥੀ ਕੰਟੀਨ ਤੋਂ ਚਾਹ ਪੀਕੇ ਵਾਪਿਸ ਤਾਂ ਨਹੀਂ ਆ ਰਹੇ ਸੀ l ਉਸਨੇ ਆਪਣੀ ਜਾਮਣੀ ਰੰਗ ਦੀ ਪੱਗ ਬੰਨਕੇ ਹੱਥ ਨਾਲ ਸਿੱਧੀ ਕਰਦੇ ਹੋਏ ਆਦਤਣ ਦੂਜੇ ਹੱਥ ਨਾਲ ਬੰਨੇ ਤੇ ਰੱਖਿਆ ਹੋਇਆ ਸੰਦਾਂ ਦਾ ਬਕਸਾ ਚੱਕਣਾ ਚਾਹਿਆ,  ਪਰ ਅਚਾਨਕ ਹਵਾ ਦਾ ਤੇਜ਼ ਬੁੱਲ੍ਹਾ ਆ ਗਿਆ l  ਉਸਦੇ ਹੱਥੋਂ ਸੰਦਾਂ ਦਾ ਬਕਸਾ ਛੁੱਟ ਕੇ ਹਵਾ ਵਿੱਚ ਉੜ  ਗਿਆ l
ਹਵਾ ਵਿੱਚ ਗੇਂਦ ਦੀ ਤਰ੍ਹਾਂ ਲੱਕੜੀ ਦੇ ਬਾਲਿਆਂ ਤੇ ਇੱਟਾਂ ਦੀ ਕੰਧ ਵਿਚਾਲੇ ਝੂਲਦਾ ਹੋਇਆ ਕਰਤਾਰ ਸਿੰਘ ਬਹੁਤ ਤੇਜ਼ੀ ਨਾਲ਼ ਥੱਲੇ ਨੂੰ ਜਾ ਰਿਹਾ ਸੀ  l ਉਹ ਅੱਖਾਂ ਮੀਚ ਕੇ ਜ਼ੋਰ ਦੀ ਚੀਕ ਮਾਰਨਾ ਚਹੁੰਦਾ  ਸੀ, ਪਰ ਜਿਵੇਂ ਕਿਸੇ ਨੇ ਹਵਾ ਵਿੱਚੋਂ ਉਸਨੂੰ ਫ਼ੜ ਲਿਆ ਹੋਵੇ l  ਉਹ  ਬਿਲਡਿੰਗ ਦੀ ਸੱਤਵੀਂ ਮੰਜਿਲ ਤੋਂ ਬਾਹਰ ਨਿੱਕਲੀ ਹੋਈ ਲਕੜੀ ਦੇ ਦੋ ਬਾਲਿਆਂ ਵਿਚਾਲੇ ਲਟਕ ਰਿਹਾ ਸੀ l
ਸਾਈਟ ਤੇ ਖਤਰੇ ਦੀ ਘੰਟੀ ਵੱਜੀ l ਢਹਿੰਦੀ ਹੋਈ ਸਕੈਫੋਲਡਿੰਗ ਦੇ ਜਾਲ ਤੋਂ ਬਚਣ ਲਈ ਲੋਕ ਇੱਧਰ ਉੱਧਰ ਭੱਜਣ ਲੱਗ ਪਏ ਸੀ l
'ਕਰਤਾਰ ਸਿੰਘ ਦਾ ਐਕਸੀਡੈਂਟ ਹੋ ਗਿਆ, ਜਲਦੀ ਨਾਲ਼ ਫਾਇਰ ਬਰਗੇਡ ਤੇ ਐਮਬੂਲੈਂਸ ਬੁਲਾਓ '
''ਕਰਤਾਰ ਸਿੰਘ ਘਬਰਾਓ ਨਹੀਂ,  ਫਾਇਰ ਬਰਗੇਡ ਤੇ ਐਮਬੂਲੈਂਸ ਆ ਰਹੇ ਆ,  ਤੈਨੂੰ ਛੇਤੀ ਹੀ ਥੱਲੇ ਲਾਹ ਲੈਣਗੇ ' l
ਧਰਤੀ ਤੇ  ਅਕਾਸ਼ ਵਿੱਚ ਇੱਕ ਜ਼ਖ਼ਮੀ ਬਾਜ਼ ਦੀ ਤਰ੍ਹਾਂ ਬਾਲਿਆਂ ਦੇ ਵਿਚਾਲ਼ੇ ਲਟਕਦੇ ਹੋਏ ਕਰਤਾਰ ਸਿੰਘ ਨੇ ਆਪਣੀ ਸਥਿੱਤੀ ਨੂੰ ਜਾਚਣ ਦੀ ਕੋਸ਼ਿਸ਼ ਕੀਤੀ, ਉਸਦੀ ਕਮੀਜ਼, ਸਵੈਟਰ ਤੇ ਪਤਲੂਨ ਫੱਟ ਗਈ ਸੀ l ਪੱਗ ਲਹਿ ਕੇ ਖੁੱਲੀ ਹਵਾ ਨਾਲ ਉਡਕੇ ਸੜਕ ਵਿੱਚਕਾਰ ਜਾ ਡਿੱਗੀ ਸੀ l ਉਸਨੂੰ ਆਪਣੇ ਸਰੀਰ ਦੇ ਜ਼ਖ਼ਮਾਂ ਵਿਚੋਂ ਲਹੂ ਸਿਮਦਾ ਮਹਿਸੂਸ ਹੋ ਰਿਹਾ ਸੀ 
ਉਹ ਉੱਪਰ ਬਾਲੇ ਵਿੱਚ ਫ਼ਸੇ ਕਮੀਜ਼ ਤੇ ਸਵੈਟਰ ਨੂੰ ਬਾਹਰ ਕੱਢਕੇ ਸਿੱਧਾ ਕਰਨ ਦੀ ਕੋਸ਼ਿਸ਼ ਕਰਨ ਲੱਗਿਆ, ਸਰੀਰ ਦੇ ਭਾਰ ਨੂੰ ਉਹ ਦੋਹਾਂ ਬਾਲਿਆਂ ਵਿਚਕਾਰ ਵੰਡਣਾ ਚਹੁੰਦਾ ਸੀ 
ਕਰਤਾਰ ਸਿੰਘ ਹੈਰਾਨੀ ਨਾਲ ਥੱਲੇ ਦੇਖ਼ ਰਿਹਾ ਸੀ  l ਉਸਨੂੰ ਆਪਣਾ ਬੱਚ ਜਾਣਾ ਇੱਕ ਵੱਡਾ ਚਮਤਕਾਰ ਲਗਿਆ, ਕੀ ਇਹ ਉਸਦੇ ਚੰਗੇ ਕਰਮਾ ਦਾ ਫ਼ਲ ਸੀ l ਜੋ ਸਤਿਗੁਰ ਨੇ ਉਸਨੂੰ ਮੌਤ  ਦੇ ਮੂੰਹ  ਵਿੱਚ ਲਿਆ ਖੜ੍ਹਾ ਕੀਤਾ ਸੀ, ਜਦ ਤੱਕ ਫਾਇਰ ਬਰਗੇਡ ਦਾ ਟਰੱਕ ਉਸਨੂੰ ਥੱਲੇ ਉਤਾਰਨ ਲਈ ਪਹੁੰਚ ਰਹੇ ਸੀ l ਉਹ ਮਨ ਹੀ ਮਨ ਗੁਰ-ਸਲੋਕੁ ਦੁਹਰਾ ਰਿਹਾ ਸੀ l ਜਸਵੰਤੋ ਦੀ ਕੈਂਸਰ ਦੀ ਬਿਮਾਰੀ ਦੇ ਸਮੇਂ ਜੀਵਨ-ਮ੍ਰਿਤੂ ਦੇ ਬਾਰੇ ਬਹੁਤ ਸਾਰੇ ਖ਼ਿਆਲ ਉਸਦੇ ਮਨ ਵਿੱਚ ਘੁੰਮ ਰਹੇ ਸੀ  l
ਪ੍ਰਮਾਤਮਾ ਦੀ ਦੇਣ ਮਨੁੱਖਾ ਜੀਵਨ ਉਸਦੇ ਪਾਪਾਂ ਤੇ ਪੁੰਨਾ ਦਾ ਫ਼ਲ ਹੀ ਹੁੰਦਾ ਹੈ l ਜਸਬੰਤੋ ਦੀ ਬੇਵਕਤੀ ਮੌਤ ਤੇ ਸੱਭ ਭੈਣ ਭਰਾਵਾਂ ਤੇ  ਮਿੱਤਰਾਂ ਨੇ ਹੌਸਲਾ ਦੇਂਦੇ ਹੋਏ ਕਿਹਾ ਸੀ  ''ਚੰਗੇ ਕਰਮਾਂ ਵਾਲਿਆਂ ਨੂੰ ਹੀ ਪਰਮਾਤਮਾ ਆਪਣੇ ਕੋਲ਼ ਜਲਦੀ ਬੁਲਾ ਲੈਂਦਾ ''ਉਸਨੂੰ ਸਮਝ ਨਾ ਆਇਆ ਕਿ ਇਸ ਜੀਵਨ ਮ੍ਰਿਤੂ ਦੇ ਚੱਕਰ ਵਿੱਚ ਉਹ ਵਾਹਿਗੁਰੂ ਤੋਂ ਕੀ ਮੰਗੇ? ਜੀਵਨ ਜਾਂ ਮੌਤ?  
ਹੇਠਾਂ ਉੱਪਰ ਦੇਖ  ਰਹੀ ਭੀੜ ਦੇ ਮੂੰਹਾਂ ਵਿੱਚੋਂ  ਭੂਪੀ ਦਾ ਚਿਹਰਾ  ਧੁੰਦਲਾ ਜਿਹਾ ਦਿਸਿਆ, ਹਾਂ,  ਉਹ ਭੂਪੀ ਹੀ ਸੀ, ਬਾਪ ਨੂੰ ਆਪਣਾ ਟਰੱਕ ਦਿਖਾਉਣ ਲਈ ਆਇਆ ਸੀ l ਉਹ ਆਪਣੇ ਟਰੱਕ ਤੇ ਖੜ੍ਹਾ ਹੈਰਾਨੀ ਨਾਲ ਉੱਪਰ ਨੂੰ ਦੇਖ ਰਿਹਾ ਸੀ l ਉਸਨੂੰ ਅੱਜ ਪਹਿਲੀ ਵਾਰ ਕਰਤਾਰ ਸਿੰਘ ਨੂੰ ਲੱਗਿਆ ਕਿ ਭੂਪੀ ਦੀਆਂ ਅੱਖਾਂ ਵਿੱਚ ਪਿਤਾ ਲਈ ਕਦਰ ਸੀ l  ਨਫ਼ਰਤ ਦੀ ਥਾਂ ਉਸਨੂੰ ਉਹਨਾਂ ਅੱਖਾਂ ਵਿੱਚ ਡਰ ਤੇ ਉਦਾਸੀ ਦਿਖਾਈ ਦਿੱਤੀ ਜਾਣੀ ਭੂਪੀ ਕਹਿਣਾ ਚਹੁੰਦਾ ਹੋਵੇ ''ਦਾਰ  ਜੀ ਮੈਨੂੰ ਇੱਕਲੇ ਛੱਡਕੇ ਨਾ ਜਾਓ,  ਮੈਂ ਤੁਹਾਡਾ ਪੁੱਤ ਹਾਂ,  ਮੇਰਾ ਨਾਮ ਭੁਪਿੰਦਰ ਸਿੰਘ ਰਾਮਗੜੀਆ ਹੈ... '' ਪੁੱਤ ਨੂੰ ਆਪਣੀਆਂ ਬਾਹਾਂ ਵਿੱਚ ਲੈ ਲੈਣ ਲਈ ਕਰਤਾਰ ਸਿੰਘ ਦਾ ਮਨ ਉਮੜ ਆਇਆ l
ਅਚਾਨਕ ਹੇਠਲੇ ਬਾਲੇ,  ਜਿਸ ਉੱਪਰ ਕਰਤਾਰ ਸਿੰਘ ਦੇ ਪੈਰ ਟਿਕੇ ਹੋਏ ਸੀ ਭਾਰ ਨਾ ਸਹਿ ਸਕਿਆ ਤੇ ਚੱਟਕ ਕਰਕੇ ਟੁੱਟ ਗਿਆ l ਹੇਠਲੇ ਬਾਲੇ ਦੇ ਟੁੱਟਦੇ ਹੀ ਕਰਤਾਰ ਸਿੰਘ ਦੇ ਹੱਥ ਮਜਬੂਤੀ ਨਾਲ ਉੱਪਰ ਵਾਲ਼ੇ ਬਾਲੇ ਉੱਪਰ ਖਿੱਚੇ ਗਏ l ਲੱਤਾਂ ਹਵਾ ਵਿੱਚ ਲਟਕ ਰਹੀਆਂ ਸੀ l    
ਹੇਠਾਂ ਭੀੜ ਵਿੱਚ ਰੌਲਾ ਪੈ ਗਿਆ, ਫਾਇਰ ਬਰਗੇਡ ਦਾ ਅਫ਼ਸਰ ਆਪਣੇ ਮਾਈਕ ਉੱਪਰ ਉੱਚੀ ਅਵਾਜ਼ ਨਾਲ਼ ਚਿਲਾਕੇ ਬੋਲਿਆ  '' ਕਰਤਾਰ ਸਿੰਘ, ਬਾਲੇ ਨੂੰ ਮਜਬੂਤੀ ਨਾਲ਼ ਫ਼ੜ ਕੇ ਰੱਖੋ, ਬਸ ਥੋੜੀ ਦੇਰ ਦਾ ਕੰਮ ਹੈ, ਦੇਖੋ ਇਹ ਜਾਲ਼ ਤੁਹਾਡੇ ਲਈ ਵਛਾਇਆ ਜਾ ਰਿਹਾ ਹੈ l
''ਓ ਵਾਹਿਗੁਰੂ ਮੇਰਾ ਕੀ ਇਮਤਿਹਾਨ ਲੈ ਰਿਹਾ ਹੈਂ”, ਕਰਤਾਰ ਸਿੰਘ ਆਪਣੇ ਆਪ ਪੁੱਛ ਰਿਹਾ ਸੀ l ਗੁਰਦੁਆਰੇ ਜਾਣਾ, ਗੁਰਬਾਣੀ ਪੜ੍ਹਨਾ, ਸੱਚ ਬੋਲਣਾ, ਆਪਣੀ ਕਾਰੀਗਰੀ ਤੇ ਹੁੱਨਰ ਨੂੰ ਪਰਮਾਤਮਾ ਸਮਾਨ ਸਮਝਣਾ--ਸੱਭ ਕੀਤਾ ਸੀ l ਸਾਰੇ ਕੰਮ ਤਾਂ ਕੀਤੇ ਸੀ -- ਪਤੀ,  ਪਿਤਾ ਭਾਈ ਹੋਣ ਦੇ ਨਾਤੇ, ਫ਼ਿਰ ਇਹ ਕਿਹੋ ਜਿਹਾ ਜੀਵਨ ਮੌਤ ਦਾ ਖੇਲ੍ਹ, ਇਹ ਮੈਨੂੰ ਕਿੰਨ੍ਹਾ ਕੰਮਾਂ ਦਾ ਫ਼ਲ ਦੇ ਰਿਹਾ ਹੈ? 
ਉਸਦੀ ਸੱਜੀ ਮੁੜ੍ਹਕੇ ਨਾਲ਼ ਭਿੱਜੀ ਹਥੇਲੀ ਬਾਲੇ ਤੇ ਟਿੱਕ ਨਾ ਸਕੀ l ਹਵਾ ਵਿੱਚ ਝੂਲਦਾ ਦੇਖ ਫਾਇਰ  ਬਰਗੇਡ ਦਾ ਅਫ਼ਸਰ ਮੈਗਾ ਫੋਨ ਵਿੱਚ ਬੋਲਿਆ ''ਕਰਤਾਰ ਸਿੰਘ ਛਾਲ਼ ਮਾਰੋ, ਤੈਨੂੰ ਇਸ ਜਾਲ਼ ਉਤੇ ਛਾਲ਼ ਮਾਰਨੀ ਪੈਣੀ ਹੈ l
ਇੱਕ ਹੱਥ ਨਾਲ਼ ਬਾਲੇ ਤੇ ਲਟਕਦਿਆਂ ਹੋਇਆਂ ਪਤਾ ਨਹੀਂ ਕਿਓਂ ਉਸ ਦਾ ਮਨ ਭੂਪੀ ਤੇ ਗੁਰਦਿਆਲ ਨੂੰ ਮਿਲਣ ਲਈ ਉਤਾਵਲਾ ਹੋ ਰਿਹਾ ਸੀ l ਉਹ ਇਹ ਵਿਗਰਤਾ ਨੂੰ ਸਮਝ ਨਹੀਂ ਸਕਿਆ, ਜਸਵੰਤੋ, ਗੁਰਦਿਆਲ ਤੇ ਭੂਪੀ ਹੋਰਾਂ ਨੂੰ ਮਨਾਉਣਾ, ਉਹਨਾਂ ਨੂੰ ਮਿਲਣਾ,  ਉਹਨਾਂ ਨੂੰ ਬਦਲਣ ਦੀ ਇੱਛਾ,  ਕੀ ਇਹ ਉਸਦੀ ਹਉਮੈ ਦਾ ਭਰਮ ਨੀ ਸੀ?   ਅੰਤ ਵਿੱਚ ਸਿਰਫ਼ ਇਸ ਨਿਰਣੇ ਤੇ ਪਹੁੰਚਿਆ ਸੀ ਕਿ ਉਸਨੇ ਆਪਣੇ ਧਰਮ ਤੇ ਕਰਮਾਂ ਨੂੰ ਇਮਾਨਦਾਰੀ ਤੇ ਸਚਾਈ ਨਾਲ਼ ਨਿਭਾਇਆ ਸੀ  l ਉਹ ਗੁਰਦਿਆਲ ਜਾਂ ਭੂਪੀ ਕਿਸੇ ਨੂੰ ਵੀ ਕੁੱਛ ਕਰਨ ਤੋਂ ਰੋਕ ਨਹੀਂ ਸਕਦਾ ਸੀ  l ਹੁੰਦਾ ਕੌਣ ਸੀ ਕਿਸੇ ਨੂੰ ਬਨਾਉਣ ਜਾ ਵਿਗਾੜਨ ਵਾਲ਼ਾ  l
ਉਸਦੀਆਂ ਅੱਖਾਂ ਹੰਝੂ ਤੇ ਪਸੀਨੇ ਨਾਲ਼ ਭਰ ਆਈਆਂ  l ਉਸ ਧੁੰਦਲੇਪਨ ਵਿੱਚ ਸਵੇਰੇ ਰਾਗੀ ਦੀਆਂ ਤੇਜ ਭਰੀਆਂ ਅੱਖਾਂ ਉਸਨੂੰ ਮਨ ਮੁਗਧ ਕਰ ਰਹੀਆਂ ਸਨ ਜਿਵੇਂ ਉਹ ਕਹਿ ਰਹੀਆਂ ਹੋਣ ਚੰਗਾ ਬੁਰਾ ਪੰਡਿਤ ਪਾਪੀ, ਰਾਮ ਰਾਵਣ ਕੋਈ ਨਹੀਂ ਬਚ ਸਕਿਆ ਅੱਜ ਤੱਕ ਇਸ ਕਾਲਚੱਕ੍ਰ ਤੋਂ, ਰਾਮ ਸਿਮਰਿ ਕਰਿ, ਮਨ ਰਾਮ ਸਿਮਰਿ ਕਰਿ, ਹੇਠਾਂ ਵਿਛਿਆ ਜਾਲ਼ ਧਰਮ ਕਰਮ ਦੇ ਮਾਇਆਜਾਲ ਦੀ ਤਰਾਂ ਲਗਿਆ, ਜਿਸ ਵਿੱਚ ਉਹ ਦੁਬਾਰਾ ਫ਼ਿਰ ਨਹੀਂ ਫਸਣਾ ਚਹੁੰਦਾ ਸੀ  l ਇੱਕ ਵਾਰ ਫ਼ਿਰ ਉਸਦੇ ਕੰਨਾਂ ਵਿੱਚ ਸਵੇਰੇ ਗੁਰਦੁਆਰੇ ਦੇ ਕੀਰਤਨ ਦੇ ਚਿਮਟਿਆਂ ਦੀ ਧੁਨ ਗੂੰਜ ਉੱਠੀ, “ਜਾ ਜਮ ਆਵੈ ਕੇਸ ਗਹੇ ਪਟਕੇ ਤਾ ਦਿਨ ਭੀ ਨਾ ਬਚਾਵੇਗਾ ਰਾਮ ਸਿਮਰਿ,  ਪਛਤਾਵੇਂਗਾ ਮਨ ਰਾਮ ਸਿਮਰਿ” l
ਕਰਤਾਰ ਸਿੰਘ ਨੇ ਆਪਣੀਆਂ ਅੱਖਾਂ ਵਿੱਚੋਂ ਹੰਝੂ ਤੇ ਮੁੜ੍ਹਕੇ ਦੀ ਝਲਕ ਨੂੰ ਬਾਹਰ ਕੱਢਣਾ ਚਾਹਿਆ l ਪਰ ਉਸਨੂੰ ਲੱਗਿਆ ਇੱਕ ਥੱਕੇ ਹੋਏ ਤੈਰਾਕ ਦੀ ਤਰ੍ਹਾਂ ਉਹ ਡੂੰਘੇ ਪਾਣੀ ਵਿੱਚ ਡੁੱਬਦਾ ਜਾ ਰਿਹਾ ਸੀ l  ਫਿਰ ਇੱਕ ਦਮ ਉਸਦੀ ਸੱਜੀ ਹਥੇਲ਼ੀ ਵੀ ਬਾਲੇ ਤੋਂ ਫ਼ਿਸਲ ਗਈ  '' ਹੱਟ ਜਾਓ '' ਉਹ ਉੱਚੀ ਬੋਲਿਆ “ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ”
ਕਰਤਾਰ ਸਿੰਘ ਦਾ ਹਵਾ ਵਿੱਚ ਗੋਤੇ ਖਾਂਦਾ ਸਰੀਰ ਅੱਠ ਮੰਜ਼ਿਲਾਂ ਦੀ ਉਚਾਈ ਤੋਂ ਥੱਲੇ ਜਾਂਦਾ ਹੋਇਆ l  ਫਾਇਰ ਬਰਗੇਡ ਦੇ ਵਛਾਏ ਜਾਲ ਤੋਂ ਬੁੜ੍ਹਕ ਕੇ ਇੱਕ ਧਮਾਕੇ ਦੀ ਆਵਾਜ਼ ਨਾਲ਼ ਲੁੱਕ ਦੀ ਸੜਕ ਤੇ ਜਾ ਡਿੱਗਿਆ l

------------

ਹਿੰਦੀ ਕਹਾਣੀ ਦੇ ਅਨੁਵਾਦਕ- ਸੁਖਦੇਵ ਕੌਰ