ਢੁੱਡੀਕੇ ਜਿਲ੍ਹਾ ਫਿਰੋਜ਼ਪੁਰ, ਕਾਉਂਕੇ ਦਾ ਲੁਧਿਆਣਾਂ,
ਨਾਨਕਿਆਂ ਨੂੰ ਚਾਰ ਕੋਹਾਂ ਤੇ, ਚਾਈਂ ਤੁਰ ਕੇ ਜਾਣਾ l
ਪਿਛਲੇ ਸਾਲ ਮਿਲਣ ਸੀ ਆਇਆ, ਸਾਡਾ ਬਾਪੂ ਬਾਈ,
ਅਫ਼ਰੀਕਾ 'ਚ ਕੰਮ ਕਰਕੇ, ਸਾਨੂੰ ਭੇਜੀ ਗਿਆ ਕਮਾਈ l
ਬਾਬੇ ਨੇ ਅੱਡ ਕਰਕੇ, ਦਿੱਤਾ ਸੀ ਘਰ ਬਾਹਰਲਾ,
ਦੋ ਭੈਣਾਂ ਤੇ ਪੰਜ ਭਰਾਵਾਂ, ਦਾ ਮੈਂ ਵਿਚਕਾਰਲਾ l
ਤੀਜੀ ਜਮਾਤ 'ਚ ਪੜ੍ਹਦਾ, ਸੀ ਮਸਾਂ ਅੱਠ ਨੌਂ ਸਾਲ ਦਾ,
ਹਾਣੀਆਂ 'ਚ ਭੱਜਾਂ ਤਾਂ, ਪਿੱਛੇ ਰਹਿ ਜਾਂਦਾ ਸੀ ਨਾਲ਼ ਦਾ l
ਉਂਨੀ ਸੌ ਸਤਵੰਜਾ, ਢਲ਼ਦੀ ਧੁੱਪ ਤੇ ਰੁੱਤ ਸਿਆਲ਼ ਦੀ,
ਕੇਸੀਂ ਨਹਾਉਣਾ ਵੱਡੀ ਬਿਪਤਾ ਬਚਪਨ ਦੇ ਖਿਆਲ ਦੀl
ਗੁੱਸੇ ਹੋ ਨਾਲ਼ ਭੈਣ ਦੇ, ਭੱਜ ਕੇ ਬਾਹਰ ਨੂੰ ਆਇਆ,
ਸਿਰ ਪੈਰਾਂ ਤੋਂ ਨੰਗਾ, ਤੇੜ ਕੁੜਤਾ ਕੱਛਾ ਹੀ ਪਾਇਆ l
ਚੂੜ੍ਹਚੱਕ ਦੀ ਫਿਰਨੀ ਪੈ, ਰਾਹ ਕਾਉਂਕੇ ਦਾ ਆਇਆ,
ਪਿੱਪਲ਼ਾਂ ਵਾਲ਼ੀ ਸਮਾਧ ਕੋਲ਼, ਕਾਵਾਂ ਰੌਲ਼ਾ ਪਾਇਆ l
ਢਲ਼ਦੀ ਸ਼ਾਮ ਦੇਖ ਹਨ੍ਹੇਰਾ, ਜਲਦੀ ਕਦਮ ਉਠਾਵਾਂ,
ਕੱਚੇ ਰਸਤੇ ਕੂਲ਼ੀ ਧੁੱਧਲ, ਪੈਰਾਂ ਨਾਲ਼ ਉਡਾਵਾਂ l
ਦੇਖ਼ ਬਲ਼ਦਾ ਸਿਵਾ ਕਿਸੇ ਦਾ, ਦਿਲ ਮੇਰਾ ਘਬਰਾਏ,
ਚੇਤੇ ਆਈ ਬਾਤ ਭੂਤਾਂ ਦੀ, ਮੈਨੂੰ ਹੋਰ ਡਰਾਏ l
ਸੱਜੇ ਗੁੱਟ ਕੜਾ ਲੋਹੇ ਦਾ, ਦੇਖ ਦਲੇਰੀ ਆਈ,
ਤੇਜ ਘੋੜੇ ਵਾਂਗ ਭੱਜਿਆ, ਜਾਂਦਾਂ ਧੂੜ ਉਡਾਈl
ਸਿਰ ਪੈਰਾਂ ਤੇ ਘੱਟਾ ਪਾ ਕੇ, ਘਰ ਨਾਨਕੇ ਆਇਆ,
ਹਾਲ ਦੇਖ ਮੇਰਾ ਨਾਨੀ ਨੇ, ਸੀਨੇ ਆਪਣੇ ਲਾਇਆ l
ਹੱਥ ਮੂੰਹ ਧੋਕੇ ਜਦ ਸੁਰਤ ਜਿਹੀ ਆਈ
ਮਾਮੀ ਰੋਟੀ ਸ਼ੱਕਰ ਘਿਓ ਦੇ ਨਾਲ ਲਿਆਈ l
ਤਾਰਿਆਂ ਥੱਲੇ ਪਏ ਤੇ, ਰਜਾਈ ਮਾਮੀ ਨੇ ਪਾਈ,
ਰਸਤੇ ਦੇ ਥੱਕੇ ਹੋਏ ਨੂੰ, ਨੀਂਦ ਛੇਤੀ ਹੀ ਆਈ l
ਚਹਿਕ ਸੁਣੀ ਜਦ ਚਿੜੀਆਂ ਦੀ ਅੱਖ ਮੇਰੀ ਖੁੱਲੀ,
ਧੁੱਪ ਸੁਨਹਿਰੀ ਸੂਰਜ ਦੀ ਚੌਂਹ ਪਾਸੀਂ ਡੁਲੀ l
ਸਿਰ੍ਹਾਣੇ ਵੱਲ ਮੁੜ ਦੇਖਿਆ, ਮੇਰੀ ਮਾਂ ਖੜ੍ਹੀ ਏ,
ਭੋਰਾ ਵੀ ਨਾ ਪਤਾ ਲੱਗਿਆ, ਕਦੋਂ ਆ ਖੜ੍ਹੀ ਏ l
ਪਿਆਰੀ ਮਾਂ ਦੇ ਮੁੱਖ ਤੇ, ਮੱਠੀ ਜਿਹੀ ਮੁਸਕਾਣ ਏ,
ਝੋਲੇ ਚ ਕੱਪੜੇ ਤੇ ਮੌਜੇ ਮੇਰੇ, ਲਿਆਈ ਨਾਲ਼ ਏ l