ਮਾੜੇ ਦਿਨ (ਮਿੰਨੀ ਕਹਾਣੀ)

ਨੀਲ ਕਮਲ ਰਾਣਾ   

Email: nkranadirba@gmail.com
Cell: +91 98151 71874
Address: ਦਿੜ੍ਹਬਾ
ਸੰਗਰੂਰ India 148035
ਨੀਲ ਕਮਲ ਰਾਣਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਤਮਾਮ ਜ਼ਮੀਨ ਜਾਇਦਾਦ ਨਸ਼ੇ ਦੇ ਲੇਖੇ ਲਾ, ਕੱਖੋ ਹੌਲਾ ਹੋਇਆ ਪਾਲਾ ਹੁਣ ਦਿਹਾੜੀ ਕਰਨ ਲਈ ਮਜ਼ਬੂਰ ਸੀ।
 "ਐਦੂ ਮਾੜੇ ਦਿਨ ਹੋਰ ਕੀ ਆਉਣਗੇ ਪਾਲਿਆ ?" ਚੌਂਂਕ 'ਚ ਮਜ਼ਦੂਰਾਂ ਦੇ ਅੱਡੇ ਤੇ ਖੜ੍ਹਾ ਅਤੀਤ ਨੂੰ ਯਾਦ ਕਰਦਾ ਪਾਲਾ ਆਪਣੇ ਆਪ ਨਾਲ ਗੱਲਾਂ ਕਰ ਰਿਹਾ ਸੀ।
"ਕਿਤਨੀ ਦਿਹਾੜੀ ਲੋਗੇ ? ਹਮਨੇ ਅਪਨੇ ਘਰ ਦਾ ਕੁਛ ਕਾਮ ਕਰਵਾਨਾ ਹੈ ?" ਮਧਰੇ ਕੱਦ ਤੇ ਪੱਕੇ ਰੰਗ ਦੇ ਇੱਕ ਪਰਵਾਸੀ ਵੱਲੋਂ ਆਖੇ ਬੋਲ ਪਾਲੇ ਦੇ ਜਿਵੇਂਂ ਦਿਲ 'ਚ ਨਸ਼ਤਰ ਬਣ ਜਾ ਚੁਭੇ।
"ਕੀ ਕਿਹਾ ? ਅਸੀਂ ਹੁਣ ਭਈਆਂ ਦੇ ਦਿਹਾੜੀ ਕਰਾਂਗੇ ? ਨ .. ਨਹੀਂ ਅਜੇ ਐਨੇ ਵੀ ਮਾੜੇ ਦਿਨ ਨੀਂ ਆਏ।" ਨੱਕ ਸੁਕੇੜਦਿਆਂ, ਕੱਛਾਂ 'ਚ ਹੱਥ ਦੇ ਮੰਦਾਰੀ ਦੇ ਡਮਰੂ ਵਾਂਗ ਸਿਰ ਮਾਰ ਪਾਲਾ ਦੂਜੇ ਪਾਸੇ ਮੂੰਹ ਭੁਆ ਕੇ ਖੜ੍ਹ ਗਿਆ।