ਜਦੋਂ ਕੇਹਰੂ ਨੇ ਸਰਪੰਚੀ ਦੀ ਚੋਣ ਲੜੀ (ਵਿਅੰਗ )

ਸਾਧੂ ਰਾਮ ਲੰਗਿਆਣਾ (ਡਾ.)   

Email: dr.srlangiana@gmail.com
Address: ਪਿੰਡ ਲੰਗੇਆਣਾ
ਮੋਗਾ India
ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਭੜੋਲੂ ਦੇ ਦਾਦਾ 'ਕੇਹਰ ਸਿਓਂ'  ਨੇ ਇਸ ਵਾਰ ਫੇਰ ਗ੍ਰਾਮ ਪੰਚਾਇਤ ਦੀਆਂ ਚੋਣਾਂ ਵਿੱਚ ਬਤੌਰ ਸਰਪੰਚੀ ਦੇ ਉਮੀਦਵਾਰ ਵਜੋਂ ਝੰਡਾ ਗੱਡਿਆ ਹੋਇਆ ਸੀ।ਇਸ ਚੋਣ ਤੋਂ ਪਹਿਲਾਂ ਉਸਨੇ ਦੋ ਵਾਰ ਸਰਪੰਚੀ ਦੀ ਚੋਣ ਲੜੀ ਸੀ। ਜਿਸ ਦੌਰਾਨ ਪਹਿਲੀ ਵਾਰ ਸਰਪੰਚੀ ਤਾਂ ਹਾਸਲ ਕਰਨ ਲਈ ਉਹ ਕਾਮਯਾਬ ਗਏ ਸਨ। ਪ੍ਰੰਤੂ ਫ਼ਤਵਾ ਹਾਸਲ ਕਰਨ ਉਪਰੰਤ ਲੋਕਾਂ ਨੂੰ ਨਿੱਤ ਨਵੇਂ ਤੋਂ ਨਵਾਂ ਫੈਂਟਰ ਸੁਣਾ ਕੇ ਘਰ ਪੂਰਾ ਕਰਦਾ ਰਹਿੰਦਾ ਸੀ। ਲੋਕ ਮਸਲਿਆਂ ਅਤੇ  ਉਮੀਦਾਂ ਤੇ ਖਰਾ ਨਾਂ ਉਤਰਨ ਕਰਕੇ ਲੋਕਾਂ ਵੱਲੋਂ ਉਸਦਾ 'ਕੇਹਰ ਸਿਓਂ' ਤੋਂ ਨਾਮ ਬਦਲ ਕੇ 'ਕੇਹਰੂ ਫ਼ੋਕੇ ਫੈਂਟਰਾ ਵਾਲਾ' ਦਾ ਇੱਕ ਟੈਗ ਵੀ ਲਗਾ ਦਿੱਤਾ ਗਿਆ ਸੀ। ਅਤੇ ਇਸ ਕਰਕੇ  ਉਸਨੂੰ ਦੂਸਰੀ ਟਰਮ ਚੋਂ ਬੁਰੀ ਤਰ੍ਹਾਂ ਹਾਰ ਦਾ ਮੂੰਹ ਵੀ ਦੇਖਣਾ  ਪਿਆ ਸੀ। ਅਤੇ ਹੁਣ ਉਸਦਾ ਇਹ ਚੋਣ ਲੜਨਾ ਲਗਾਤਾਰ ਤੀਸਰੀ ਵਾਰ ਦਾ ਇਲੈਕਸ਼ਨ ਸੀ। ਸਰਪੰਚੀ ਹਾਸਲ ਕਰਨ ਲਈ ' ਕੇਹਰੂ ਫ਼ੋਕੇ ਵਾਲਾ' ਨੇ ਜਿੱਥੇ ਆਪਣੀ ਪਹਿਲੀ ਪਾਰਟੀ ਛੱਡ ਕੇ ਕਿਸੇ ਹੋਰ ਪਾਰਟੀ ਚ ਸ਼ਮੂਲੀਅਤ ਕਰ ਲਈ ਸੀ। ਉੱਥੇ ਬਾਕੀ ਨਸ਼ੇ - ਪੱਤੇ ਤੋਂ ਇਲਾਵਾ ਸ਼ਾਮ ਦੇ ਟਾਇਮ ਸ਼ਕਤੀ ਵਾਟਰ ( ਸ਼ਰਾਬ) ਨਾਲ ਲੋਕਾਂ ਨੂੰ ਟੁੰਨ ਕਰਨ ਵਾਲ਼ੀ ਕੋਈ ਕਸਰ ਬਾਕੀ ਨਹੀਂ ਸੀ ਛੱਡਦਾ।
                 ਇੱਕ ਦਿਨ ਸ਼ਾਮ ਦੇ ਸਮੇਂ ਕੇਹਰੂ ਦੇ ਛੋਟੇ ਮੁੰਡੇ ਦੀ ਪਿੰਡ ਦੇ ਕੁਝ ਲੋਕਾਂ ਨਾਲ ਦਾਰੂ ਪੀ ਕੇ ਉਨ੍ਹਾਂ ਦੇ ਘਰ ਵਿੱਚ ਖ਼ਰੂਦ ਪਾਉਣ ਦੇ ਮਾਮਲੇ ਚ ਕੁਝ ਤਕਰਾਰਬਾਜ਼ੀ ਹੋ ਗਈ ਸੀ। ਮਸਲਾ ਸੁਲਝਣ ਉਪਰੰਤ ਕੇਹਰੂ ਨੇ ਰਾਤ ਸਮੇਂ ਸਾਰੇ ਟੱਬਰ ਨੂੰ ਇਕੱਠੇ ਬਿਠਾ ਕੇ ਸਮਝਾਉਂਦਿਆਂ ਕਿਹਾ , ਕਿ ਹੁਣ ਸਾਡਾ ਲੋਕਾਂ ਨਾਲ ਬਹਿਸਬਾਜ਼ੀ ਕਰਨ ਦਾ ਸਮਾਂ ਨਹੀਂ ਹੈ। ਸਗੋਂ ਉਹਨਾਂ ਦੀ ਇੱਜ਼ਤ ਕਰਨ ਦਾ ਫਰਜ਼ ਬਣਦਾ ਹੈ। ਜਿੱਤਣ ਤੋਂ ਬਾਅਦ ਫੇਰ ਆਪਣੀ   5 ਸਾਲ ਮਰਜ਼ੀ ਹੋਵੇਗੀ। ਸਿਆਣੇ ਕਹਿੰਦੇ ਹੁੰਦੇ ਸਨ। ਕਿ ਲੋੜ ਸਮੇਂ ਤਾਂ ਗਧੇ ਨੂੰ ਵੀ ਬਾਪੂ ਕਹਿਣਾਂ ਪੈਂਦਾ ਹੈ। ਨਾਲੇ ਹੁਣ ਤਾਂ ਜੇਕਰ ਕੋਈ ਆਪਣੇ ਸਿਰ ਵਿੱਚ  ਮੂਤੀ ਵੀ ਕਿਉਂ ਨਾਂ ਜਾਵੇ 'ਤਾਂ ਉਹ ਵੀ ਝੱਲੀ ਚੱਲੋ। ਕੋਈ ਕਿੰਨੀਆਂ ਬੋਤਲਾਂ ਆਪਣੇ  ਘਰ ਚ ਬੈਠ ਕੇ ਪੀ ਜਾਵੇ, ਲਲਕਾਰੇ ਮਾਰੀ ਜਾਵੇ। ਤਾਂ ਹੁਣ ਅਜਿਹੀਆਂ ਗਿਣਤੀਆਂ- ਮਿਣਤੀਆਂ ਨਾਂ ਕਰੋ , ਉਨ੍ਹਾਂ ਨੂੰ ਐਵੇਂ ਚੰਗਾ- ਮੰਦਾ ਬੋਲਣ ਦੀ ਬਜਾਏ ਸਗੋਂ ਉਨ੍ਹਾਂ ਦੇ ਪੈਰੀਂ ਹੱਥ ਲਾਇਆ ਕਰੋ,ਸੋ ਹੁਣ ਅੱਗੇ ਤੋਂ ਆਪਾਂ ਸਾਰਾ ਟੱਬਰ  ਨਿਮਰਤਾ ਨਾਲ ਗਧੇ ਨੂੰ ਬਾਪੂ - ਬਾਪੂ ਕਹਿਣ ਵਾਲਾ  ਸਬਕ ਹੀ ਅਗਲਿਆਂ ਮੂਹਰੇ ਰਟੀ ਚੱਲੋ।
                       ਇੱਕ ਦਿਨ 'ਕੇਹਰੂ' ਜਿਉਂ ਹੀ ਪਿੰਡ ਦੇ ਦੌਰੇ ਉਪਰੰਤ ਸ਼ਾਮ ਦੇ ਟਾਇਮ ਜਦੋਂ ਘਰੇ ਆਇਆ ਤਾਂ ਉਨ੍ਹਾਂ ਦੀ ਗਲੀ ਦੇ ਨਾਲ ਲਗਦੀ ਬੈਠਕ ਜਿਸ ਵਿੱਚ ਪਈਆਂ 6-7 ਸ਼ਰਾਬ ਦੀਆਂ ਪੇਟੀਆਂ ਗ਼ਾਇਬ ਹੋ ਗਈਆਂ ਸਨ। ਰਾਮੂ ਭਈਏ ਅਤੇ ਬਾਕੀ ਟੱਬਰ ਦੀ ਪੁੱਛਗਿੱਛ ਤੋਂ ਉਪਰੰਤ ਉਸਨੇ ਘਰ ਵਿੱਚ ਲੱਗਿਆ ਸੀ.ਸੀ.ਟੀ.ਵੀ. ਕੈਮਰਾ ਖੰਘਾਲਣ ਤੋਂ ਬਾਅਦ ਤੁਰੰਤ ਆਪਣੇ ਮਾਸੂਮ ਪੋਤਰੇ ਅਤੇ ਕੁਝ ਹੋਰ ਸਾਥੀਆਂ ਨੂੰ ਗੱਡੀ ਵਿੱਚ ਬਿਠਾਇਆ ਅਤੇ ਸੜਕ ਤੇ ਗੱਡੀ ਫੁੱਲ ਸਪੀਡ ਨਾਲ ਖਿੱਚ ਦਿੱਤੀ ਅਤੇ  ਨਾਲੋਂ - ਨਾਲ ਹੀ  ਆਪਣੇ ਪੋਤਰੇ ਤੋਂ ਵੇਰਵਾ ਜਾਨਣਾ  ਚਾਹਿਆ, 
                   ਤਦ ਅੱਗੇ ਭੜੋਲੂ ਨੇ ਵੀ ਬੜਾ ਖੁਸ਼ ਹੁੰਦਿਆਂ ਦੱਸਣਾਂ ਸ਼ੁਰੂ ਕਰ ਦਿੱਤਾ, ਕਿ ਦਾਦੂ ਜੀ ਅੱਜ ਆਪਣੀ ਪਿਛਲੀ ਗਲ਼ੀ ਵਿਚਦੀ ਆਪਣੇ ਬਹੁਤ ਸਾਰੇ ਬਾਪੂ ਲੰਘ ਰਹੇ ਸਨ। ਤਾਂ ਮੈਂ ਬਗੈਰ ਕਿਸੇ ਨੂੰ ਹੋਰ ਦੱਸਿਆਂ ਫਟਾਫਟ ਆਪਣੀ ਬੈਠਕ ਦਾ ਪਿਛਲੇ ਪਾਸਿਓਂ ਦਰਵਾਜ਼ਾ ਖੋਲ੍ਹਿਆ, ਫੇਰ ਮੈਂ ਜਿਵੇਂ ਤੁਸੀਂ ਉਦੇਂ ਸਾਰੇ ਟੱਬਰ ਨੂੰ ਸਬਕ ਸਮਝਾਇਆ ਸੀ। ਉਵੇਂ ਹੀ ਪਹਿਲਾਂ ਮੈਂ ਸਾਰੇ ਬਾਪੂਆਂ ਦੇ ਪੈਰੀਂ ਹੱਥ ਲਾਏ, ਫੇਰ ਮੈਂ ਬਾਪੂਆਂ ਦੇ ਸਾਰੇ ਡਰਾਈਵਰਾਂ ਨੂੰ ਅਤੇ ਬਾਕੀ ਪੈਦਲ ਉਨ੍ਹਾਂ ਦੇ ਨਾਲ ਵਾਲਿਆਂ ਨੂੰ ਸ਼ਰਾਬ ਦੀਆਂ  ਬੋਤਲਾਂ ਨਾਲ ਭਰਪੂਰ ਕਰ ਦਿੱਤਾ, ਭੁਜੀਏ ਦੇ ਪੈਕਟ ਵੀ ਸਾਰੇ  ਉਨ੍ਹਾਂ ਨੂੰ ਫ਼ੜਾ ਦਿੱਤੇ ਅਤੇ ਨਾਲ਼ੇ ਮੈਂ ਉਨ੍ਹਾਂ ਨੂੰ ਕਿਹਾ ਕਿ ਵੋਟਾਂ ਵਾਲੇ ਦਿਨ ਮੇਰੇ ਦਾਦੂ ਜੀ ਨੂੰ ਆਪਣਾ ਮਤਦਾਨ ਕਰਕੇ ਕਾਮਯਾਬ ਕਰਿਓ,ਦਾਦੂ ਜੀ ਮੈਂ ਸਾਰੇ ਬਾਪੂਆਂ ਦੇ ਚਿਹਰਿਆਂ ਤੇ ਵਾਰੋ- ਵਾਰੀ ਹੱਥ ਫੇਰ- ਫੇਰ ਕੇ ਦੇਖਿਆ, ਉਨ੍ਹਾਂ ਨੇ ਮੈਨੂੰ ਜਵਾਂ ਵੀ ਨਹੀਂ ਕੁੱਝ ਕਿਹਾ ,ਭੜੋਲੂ ਦੀ ਵਾਰਤਾਲਾਪ  ਜਾਰੀ ਹੀ ਸੀ, ਅਜੇ 6-7 ਕਿਲੋਮੀਟਰ ਦਾ ਸਫ਼ਰ ਤੈਅ ਹੀ ਹੋਇਆ ਸੀ। ਕਿ 'ਕੇਹਰੂ ਫੋਕੇ ਫੈਂਟਰਾ ਵਾਲਾ' ਨੇ ਰਸਤੇ ਵਿੱਚ ਆਏ ਇੱਕ ਪਿੰਡ ਦੀ ਫਿਰਨੀ ਦੇ ਸੱਜੇ ਪਾਸੇ ਤੇ ਸਥਿਤ ਇੱਕ ਛੱਪੜੀ ਕੰਢੇ ਜਿਉਂ ਹੀ ਨਿਗਾਹ ਘੁੰਮਾਂ ਕੇ ਦੇਖਿਆ, ਤਾਂ ਸਾਹਮਣੇ ਭੁਜੀਏ ਦੇ ਪੈਕਟਾਂ ਵਾਲੇ  ਖ਼ਾਲੀ ਲਿਫਾਫੇ ਹਵਾ ਵਿੱਚ ਉੱਡੇ ਫਿਰਦੇ ਸਨ ਅਤੇ ਨਾਲ ਹੀ ਖ਼ਾਲੀ ਸ਼ਰਾਬ ਵਾਲੀਆਂ ਬੋਤਲਾਂ ਦਾ ਢੇਰ ਲੱਗਾ ਪਿਆ ਸੀ, ਸਾਰੇ 'ਟੱਪਰੀਵਾਸ'ਦਾਰੂ ਨਾਲ਼ ਟੁੰਨ ਹੋਏ ਪਏ ਸਨ ਅਤੇ ਉਨ੍ਹਾਂ ਦੇ ਖੁੱਲ੍ਹੇ ਹੋਏ ਗਧੇ ਅਤੇ ਕੁੱਕੜ,ਕੁੱਕੜੀਆਂ,ਕੁੱਤੇ ਵੀ ਧਰਤੀ ਤੇ ਕੁਝ ਡੁੱਲੇ ਹੋਏ ਭੁਜੀਏ ਦਾ ਸਵਾਦ ਚੱਖਣ ਲਈ ਜ਼ੋਰ ਅਜ਼ਮਾਈ ਕਰ ਰਹੇ ਸਨ।