ਉਲਟੀ ਗੰਗਾ (ਕਹਾਣੀ)

ਓਮਕਾਰ ਸੂਦ ਬਹੋਨਾ   

Email: omkarsood4@gmail.com
Cell: +91 96540 36080
Address: 2467,ਐੱਸ.ਜੀ.ਐੱਮ.-ਨਗਰ
ਫ਼ਰੀਦਾਬਾਦ Haryana India 121001
ਓਮਕਾਰ ਸੂਦ ਬਹੋਨਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕਰਤਾਰੋ ਬਹੁਤ ਹੀ ਅੜਬ ਸੁਭਾਅ ਦੀ ਔਰਤ ਸੀ।ਆਪਣੇ ਪਤੀ ਅਮਰ ਨਾਲ ਦਿਨ ਵਿੱਚ ਕਈ ਵਾਰ ਝਗੜਾ ਕਰਦੀ।ਬਿਨ ਲੜਿਆ ਤਾਂ ਜਿਵੇਂ ਉਸ ਨੂੰ ਰੋਟੀ ਹਜ਼ਮ ਨਾ ਹੁੰਦੀ।ਹਮੇਸ਼ਾ ਬਾਤ ਦਾ ਬਤੰਗੜ ਬਣਾ ਕੇ ਲੜਾਈ ਦਾ ਆਗਾਜ਼ ਕਰਦੀ ਤੇ ਅੰਤ ਲੜਾਈ ਘਰ ਦੀ ਸ਼ਾਂਤੀ ਭੰਗ ਹੋਣ ਤੱਕ ਜੰਗ ਜਾਰੀ ਰਹਿੰਦੀ।ਅਮਰ ਤੋਂ ਇਲਾਵਾ ਉਸ ਦੇ ਮਾਂ-ਬਾਪੂ ਵੀ ਕਰਤਾਰੋ ਦੀ ਰੋਜ਼-ਰੋਜ਼ ਦੀ ਝਗੜੇਬਾਜੀ ਤੋਂ ਪਰੇਸ਼ਾਨ ਸਨ।ਅਮਰ ਸਾਊ ਜਿਹਾ ਮਰਦ ਸੀ।ਘਰ ਵਾਲੀ ਨਾਲ ਬੋਲ-ਬੁਲਾਰਾ ਕਰਨਾ ਉਸ ਨੂੰ ਚੰਗਾ ਨਾ ਲਗਦਾ।ਸੋਚਦਾ- ਹਜਾਰਾਂ ਔਰਤਾਂ ’ਚੋਂ ਕਿਸੇ ਕਿਸੇ ਤੀਵੀਂ ਦਾ ਅੜਬ ਸੁਭਾਅ ਹੋ ਸਕਦਾ ਹੈ।ਸਭ ਔਰਤਾਂ ਅਜਿਹੀਆਂ ਨਹੀਂ ਹੁੰਦੀਆਂ।ਲੋਕਾਂ ਦੀਆਂ ਚੰਗੇ ਤੋਂ ਚੰਗੇ ਸੁਭਾਅ ਦੀਆਂ ਔਰਤਾਂ ਨੂੰ ਵੇਖਦਾ ਤਾਂ ਉਸ ਨੂੰ ਆਪਣੀ ਘਰ ਵਾਲੀ ਦਾ ਅਵੈੜਾ ਜਿਹਾ ਸੁਭਾਅ ਦੇਖ ਕੇ ਦੁੱਖ ਹੁੰਦਾ ਪਰ ਫਿਰ ਇਹ ਸੋਚਕੇ ਕਿ ਚਲੋ ਮੈਂ ਚੁੱਪ ਰਹਿੰਦਾ ਹਾਂ ਆਪੇ ਬੋਲ-ਬਾਲ ਕੇ ਆਖਰ ਨੂੰ ਚੁੱਪ ਕਰ ਜਾਂਦੀ ਹੈ।ਮੈਂ ਨਿੱਘਾ ਰਹਾਂ ਤਾਂ ਸ਼ਾਇਦ ਇੱਕ ਦਿਨ ਇਹ ਵੀ ਸੁਧਰ ਹੀ ਜਾਵੇਗੀ।ਅਮਰ ਧਾਰਮਿਕ ਪ੍ਰਵਿਰਤੀ ਦਾ ਮਾਲਕ ਇੱਕ ਠੰਡੇ ਜਿਹੇ ਸੁਭਾਅ ਦਾ ਲੜਕਾ ਸੀ।ਉਹ ਬੱਚਿਆਂ ਬੁੱਢਿਆਂ ਸਭ ਨੂੰ ਪਿਆਰਦਾ।ਹਰ ਆਪਣੇ ਦੀ ਕਦਰ ਕਰਦਾ।ਯਾਰਾਂ ਦਾ ਯਾਰ ਸੀ ਅਮਰ।ਕਰਤਾਰੋ ਨਹੀਂ ਚਾਹੁੰਦੀ ਸੀ ਕਿ ਅਮਰ ਮੇਰੇ ਸਿਵਾ ਕਿਸੇ ਨਾਲ ਪਿਆਰ ਨਾਲ ਬੋਲੇ।ਕਿਸੇ ਦਾ ਭਲਾ ਕਰੇ।ਭੈਣ ਭਰਾਵਾਂ ਨੂੰ ਪਿਆਰ ਕਰੇ।ਉਹਦਾ ਮਹਾਂਭਾਰਤ ਘਰ ਵਿੱਚ ਚਾਲੂ ਰਹਿੰਦਾ।ਉਹ ਮਾਂ ਪਿਓ ਵਾਸਤੇ ਕਿਉਂ ਕੁਝ ਕਰਦਾ ਹੈ!ਭੈਣ-ਭਰਾਵਾਂ ਦੇ ਦੁੱਖ ਸੁੱਖ ਕਿਉਂ ਸੁਣਦਾ ਹੈ,ਇਹੀ ਚਿੰਤਾ ਕਰਤਾਰੋ ਨੂੰ ਵੱਢ-ਵੱਢ ਕੇ ਖਾਂਦੀ ਰਹਿੰਦੀ ਸੀ।ਗੱਲ ਇਹ ਵੀ ਨਹੀਂ ਸੀ ਕਿ ਅਮਰ ਉਹਦੀ ਕੋਈ ਗੱਲ ਨਹੀਂ ਸੁਣਦਾ ਸੀ।ਉਹ ਕਰਤਾਰੋ ਦੇ ਹਰ ਦੁੱਖ-ਸੁਖ ਦਾ ਖਿਆਲ ਰੱਖਦਾ ਸੀ।ਉਹਦੀ ਹਰ ਲੋੜ ਪੂਰਦਾ ਸੀ ਪਰ ਪਤਾ ਨਹੀਂ ਕਰਤਾਰੋ ਅੰਦਰਲੀ ਹਿੰਸਕ ਔਰਤ ਕਿਉਂ ਨਹੀਂ ਮਰਦੀ ਸੀ।ਉਹਦੇ ਅੰਦਰ ਰਹਿਮ ਦਾ ਵਾਸ ਕਿਉਂ ਨਹੀਂ ਸੀ ਹੁੰਦਾ।ਉਹ ਸ਼ੁਰੂ ਤੋਂ ਹੀ ਅਜਿਹੀ ਸੀ।ਉਸ ਨੇ ਵਿਆਹ ਤੋਂ ਕੁਝ ਦਿਨ ਬਾਅਦ ਹੀ ਅਮਰ ਨੂੰ ਮੂਹਰੇ ਲਾ ਲਿਆ ਸੀ।ਹੁਣ ਵਿਆਹ ਨੂੰ ਤਿੰਨ ਸਾਲ ਹੋ ਗਏ ਸਨ ਪਰ ਕਰਤਾਰੋ ਦਾ ਪੱਲੜਾ ਅਜੇ ਵੀ ਭਾਰੀ ਸੀ।ਸਮਝੋ ਅਜੇ ਵੀ ਕਰਤਾਰੋ ਦਾ ਸਿੱਕਾ ਹੀ ਚੱਲਦਾ ਸੀ।ਉਹ ਆਪਣੇ ਮਾਂ-ਬਾਪੂ ਕੋਲ ਘੜੀ ਪਲ ਬੈਠ ਜਾਂਦਾ ਤਾਂ ਕਰਤਾਰੋ ਆਨੀ ਬਹਾਨੀ ਆਪਣਾ ਲੜਾਈ ਦਾ ਸਿਲਸਿਲਾ ਸ਼ੁਰੂ ਕਰਦੀ ਤਾਂ ਅਖੀਰ ਸਭ ਦੀ ਖਾਣਾ ਪੀਣਾਂ ਛੱਡਣ ਦੀ ਨੌਬਤ ਆ ਜਾਂਦੀ।ਘਰ ਵਿੱਚ ਨਾ ਰੋਟੀ ਪੱਕਦੀ ਨਾ ਕਿਸੇ ਦਾ ਖਾਣ ਨੂੰ ਜੀ ਕਰਦਾ।ਘਰ ਵਿੱਚ ਮੁਰਦੇਹਾਣੀ ਜਿਹੀ ਛਾ ਜਾਂਦੀ।ਇੱਕ ਦੋ ਦਿਨ ਘਰ ਦਾ ਮਾਹੌਲ ਵਿਗੜਿਆ ਰਹਿੰਦਾ ਫਿਰ ਹੌਲੀ ਹੌਲੀ ਗੱਡੀ ਲੀਹ ’ਤੇ ਆਉਂਦੀ ਸੀ।ਕੋਈ ਅਮਰ ਦਾ ਦੋਸਤ ਮਿੱਤਰ ਆਇਆ ਹੋਵੇ ਤਾਂ ਵੀ ਉਹ ਅਮਰ ਦੀ ਲਾਹ-ਪਾਹ ਕਰਨ ਲੱਗੀ ਸੰਗ ਨਹੀਂ ਕਰਦੀ ਸੀ।
                    ਇੱਕ ਦਿਨ ਤਾਂ ਇੱਕ ਚਮਤਕਾਰ ਹੀ ਹੋ ਗਿਆ।ਦੀਵਾਲੀ ਤੋਂ ਦੋ ਕੁ ਦਿਨ ਪਹਿਲਾਂ ਦੀ ਗੱਲ ਹੈ।ਅਮਰ ਦਾ ਇੱਕ ਦੋਸਤ ਉਸ ਨੂੰ ਕਲਕੱਤਿਓਂ ਮਿਲਣ ਲਈ ਆਇਆ।ਉਹ ਉੱਥੇ ਟਰੱਕ ਡਰਾਈਵਰ ਸੀ।ਕਈਆਂ ਸਾਲਾਂ ਤੋਂ ਉੱਥੇ ਹੀ ਰਹਿ ਰਿਹਾ ਸੀ।ਸ਼ਾਮ ਦੇ ਚਾਰ ਵਜੇ ਹੋਣਗੇ।ਉਹ ਬੈਠਕ ’ਚ ਬੈਠੇ ਚਾਹ ਪੀ ਰਹੇ ਸਨ।ਅਚਾਨਕ ਕਰਤਾਰੋ ਆ ਧਮਕੀ।ਉਹ ਗੁੱਸੇ ਨਾਲ ਭਰੀ ਪੀਤੀ ਪਈ ਸੀ।ਮੂੰਹੋਂ ਗਾਹਲਾਂ ਦੇ ਗੋਲੇ ਬਰਸਾ ਰਹੀ ਸੀ।ਅਸਲ ਵਿੱਚ ਤਾਜੀ ਸੂਈ ਗਾਂ ਦਾ ਵੱਛਾ ਖੁੱਲ੍ਹ ਕੇ ਸਾਰਾ ਦੁੱਧ ਪੀ ਗਿਆ ਸੀ।ਵੱਛਾ ਸਵੇਰੇ ਧਾਰ ਚੋ ਕੇ ਅਮਰ ਨੇ ਹੀ ਬੰਨਿ੍ਹਆਂ ਸੀ।ਇਸ ਲਈ ਉਹ ਅਮਰ ਨੂੰ ਹੀ ਇਸ ਵਰਤਾਰੇ ਦਾ ਦੋਸ਼ੀ ਸਮਝ ਰਹੀ ਸੀ।ਅਮਰ ਨੂੰ ਸੰਬੋਧਿਨ ਹੋ ਕੇ ਬੁਰਾ ਭਲਾ ਕਹਿ ਰਹੀ ਸੀ, “ਇਹ ਬੰਨਿ੍ਹਆਂ ਕਿਵੇਂ ਸੀ ਆਵਦਾ ਪਿਓ!ਸਾਰਾ ਦੁੱਧ ਪੀ ਗਿਆ ਤੇਰੀ ਮਾਂ ਗਾਂ ਦਾ……….ਸਾਰਾ ਦਿਨ ਕਦੇ ਚਾਹ ਪੀ ਲਈ,ਕਦੇ ਅੰਨ ਖਾ ਲਿਆ।ਹੋਰ ਵੀ ਕੋਈ ਸੋਝੀ ਹੋਵੇ ਬੰਦੇ ਨੂੰ……।” ਇਓਂ ਕਰਤਾਰੋ ਬਿਨਾਂ ਸੋਚੇ ਸਮਝੇ ਹੀ ਜੋ ਮੂਹ ਆਇਆ ਬੋਲਦੀ ਜਾ ਰਹੀ ਸੀ।ਅਮਰ ਆਪਣੇ ਦੋਸਤ ਮੂਹਰੇ ਬੇਵੱਸ ਬੈਠਾ ਕਰਤਾਰੋ ਦੀਆ ਸਭ ਬੁਰੀਆਂ ਗੱਲਾਂ ਚੁੱਪ ਚਾਪ ਸੁਣੀ ਜਾ ਰਿਹਾ ਸੀ।ਉਹਦਾ ਦੋਸਤ ਵੇਖ ਕੇ ਹੈਰਾਨ ਹੋ ਰਿਹਾ ਸੀ।ਕਰਤਾਰੋ ਦੇ ਬੋਲ-ਬਾਲ ਕੇ ਹਲਕੀ ਹੋ ਕੇ ਜਾਣ ਤੋਂ ਬਾਅਦ ਅਮਰ ਦੇ ਦੋਸਤ ਨੇ ਇਸ਼ਾਰੇ ਨਾਲ ਅਮਰ ਨੂੰ ਪੁੱਛਿਆ ਕਿ ਇਹ ਕੀ ਡਰਾਮਾਂ ਹੈ?ਤਾਂ ਅਮਰ ਬੋਲਿਆ, “ਯਾਰ ਇਹਦਾ ਸੁਭਾਅ ਹੀ ਐਸਾ ਹੈ।ਥੋੜ੍ਹੀ ਦੇਰ ਨੂੰ ਆਪੇ ਚੁੱਪ ਕਰ ਜਾਵੇਗੀ।”
“ਨਹੀਂ ਨਹੀਂ ਅਮਰ ਬੇਲੀਆ,ਇਹ ਸੁਭਾਅ ਦੀ ਗੱਲ ਨਹੀਂ! ਸਗੋਂ ਇਹਨੂੰ ਤੇਰੇ ਨਰਮ ਸੁਭਾਅ ਨੇ ਸਿਰ ’ਤੇ ਚੜ੍ਹਾ ਰੱਖਿਆ ਹੈ!ਤੇਰੇ ਵਿੱਚ ਹੀ ਦਮ ਹੈ ਨਹੀਂ।ਆਪਣੀ ਔਰਤ ਦੀਆਂ ਐਨੀਆਂ ਵਾਹਯਾਤ ਗੱਲਾਂ ਸੁਣ ਕੇ ਵੀ ਚੁੱਪ ਬੈਠਾ ਏਂ।ਮੈਨੂੰ ਤਾਂ ਤੂੰ ਹੀ ਨਾਮਰਦ ਲੱਗਦਾ ਏਂ!”
                    “ਨਹੀਂ……ਈ!!!” ਅਮਰ ਇੱਕ ਦਮ ਚੀਕ ਜਿਹਾ ਹੀ ਪਿਆ ਸੀ।ਦੋਸਤ ਦੀ ਗੱਲ ਅਮਰ ਦੇ ਸੀਨੇ ਵਿੱਚ ਤੀਰ ਵਾਂਗ ਖੁੱਭ ਗਈ ਸੀ।ਉਹਦਾ ਚਿਹਰਾ ਲਾਲ ਸੁਰਖ ਹੋ ਗਿਆ ਸੀ।ਉਹਦੇ ਠੰਡੇ ਯੱਖ ਸ਼ਰੀਰ ਵਿੱਚ ਇੱਕ ਅੱਗ ਦੀ ਲਹਿਰ ਫਿਰ ਗਈ ਸੀ।ਉਹ ਗੁੱਸੇ ਨਾਲ ਤਮਤਮਾ ਉੱਠਿਆ ਸੀ।ਉਸ ਦਾ ਆਪਾ ਬਗਾਵਤ ’ਤੇ ਉੱਤਰ ਆਇਆ ਸੀ।ਅਮਰ ਦੀ ਹਾਲਤ ਵੇਖ ਕੇ ਉਹਦਾ ਮਿੱਤਰ ਡਰ ਜਿਹਾ ਗਿਆ।ਉਸ ਨੇ ਸੋਚਿਆ ਕਿ ਇਹ ਸਾਰਾ ਗੁੱਸਾ ਮੇਰੇ ’ਤੇ ਕੱਢੇਗਾ!ਪਰ ਨਹੀਂ……ਅਮਰ ਉੱਠ ਕੇ ਗਾਂ ਦੀ ਖੁਰਲੀ ਕੋਲ ਗਿਆ।ਉਸ ਨੇ ਵੱਛੇ ਦਾ ਰੱਸਾ ਦੇਖਿਆ।ਵੱਛਾ ਖੁੱਲਿ੍ਹਆ ਨਹੀਂ ਸੀ ਸਗੋਂ ਖੁਦ ਹੀ ਵੱਛੇ ਨੇ ਰੱਸਾ ਚੱਬ-ਚੱਬ ਕੇ ਤੋੜ ਲਿਆ ਸੀ।ਇਸ ਵਿੱਚ ਅਮਰ ਦਾ ਕੋਈ ਦੋਸ਼ ਨਹੀਂ ਸੀ।ਕਰਤਾਰੋ ਦਾ ਅਮਰ ਲਈ ਗੁੱਸੇ ਹੋਣਾ ਜਾਇਜ ਨਹੀਂ ਸੀ। ਕਰਤਾਰੋ ਰੱਸੇ ਨੂੰ ਗੰਢ ਮਾਰ ਕੇ ਅੰਦਰ ਚਲੀ ਗਈ ਸੀ।ਉੱਥੇ ਬੈਠੀ ਅਜੇ ਵੀ ਬੁੜਬੁੜ ਕਰੀ ਜਾ ਰਹੀ ਸੀ।ਅਮਰ ਬੌਂਦਲੀ ਜਿਹੀ ਹਾਲਤ ਵਿੱਚ ਬਾਪੂ ਦੇ ਮੰਜੇ ਕੋਲ ਗਿਆ।ਬਾਪੂ ਪਰ੍ਹੇ ਨੂੰ ਮੂੰਹ ਕਰੀ ਕੰਧ ਵੱਲ ਵੇਖ ਰਿਹਾ ਸੀ।ਉਹਦੀਆਂ ਬੁੱਢੀਆਂ ਅੱਖਾਂ ਵਿੱਚ ਇੱਕ ਬੇਬੱਸ ਜਿਹਾ ਦਰਦ ਕਰਾਹ ਰਿਹਾ ਸੀ।ਉਹ ਬਹੂ ਦੇ ਆਏ ਦਿਨ ਦੇ ਕਲੇਸ਼ ਤੋਂ ਦੁਖੀ ਜਾਪਦਾ ਸੀ।ਪਰ ਬਾਪੂ ਬੇਵੱਸ ਸੀ!ਕੋਲ ਬੈਠੀ ਮਾਂ ਵੀ ਬੇਵੱਸ ਸੀ।
                    ਅਮਰ ਨੇ ਬਾਪੂ ਦੇ ਮੰਜੇ ਦੀ ਬਾਹੀ ਨਾਲ ਖੜ੍ਹਾ ਕੀਤਾ ਤੂਤ ਦਾ ਖੂੰਡਾ ਚੁੱਕ ਲਿਆ।ਉਹ ਸਿੱਧਾ ਅੰਦਰ ਚਲਾ ਗਿਆ।ਮਾਂ ਨੇ ਅਵਾਜ ਮਾਰ ਕੇ ਉਸ ਨੂੰ ਰੋਕਣਾ ਚਾਹਿਆ ਪਰ ਉਸ ਨੇ ਤੇਜੀ ਨਾਲ ਕਮਰੇ ਦਾ ਗੇਟ ਬੰਦ ਕਰ ਲਿਆ।ਬੱਸ……ਫਿਰ ਅੰਦਰ ਖੂੰਡੇ ਦਾ ਖੜਕਾ-ਦੜਕਾ ਸੀ ਜਾਂ ਕਰਤਾਰੋ ਦੀਆਂ ਲੇਰਾਂ ਦਾ ਸ਼ੋਰ ਸੀ।ਕਮਰੇ ਦੇ ਬਾਹਰ ਆਂਢ ਗੁਆਂਢ ’ਕੱਠਾ ਹੋਇਆ ਪਿਆ ਸੀ।ਪੰਜਾਂ ਮਿੰਟਾਂ ਬਾਅਦ ਹੀ ਕਮਰੇ ਦਾ ਗੇਟ ਖੁਲਿ੍ਹਆ।ਕਰਤਾਰੋ ਅਮਰ ਦੇ ਪੈਰਾਂ ਵਿੱਚ ਪਈ ਮਾਫ਼ੀਆਂ ਮੰਗ ਰਹੀ ਸੀ ਪਰ ਅਮਰ ਦੀਆਂ ਅੱਖਾਂ ਵਿੱਚ ਚੜ੍ਹਿਆ ਗੁੱਸੇ ਦਾ ਭੂਤ ਅਜੇ ਵੀ ਬਰਕਰਾਰ ਸੀ।ਕਮਰੇ ਦੇ ਬਾਹਰ ਖੜ੍ਹੇ ਸਭ ਲੋਕ ਇਹ ਉਲਟੀ ਗੰਗਾ ਵਹਿੰਦੀ ਵੇਖ ਕੇ ਹੈਰਾਨ ਹੋ ਰਹੇ ਸਨ।