ਪੁਸਤਕ ----ਕੋਮਲ ਪੱਤੀਆਂ ਦਾ ਉਲਾਂਭਾ
ਲੇਖਕ ----ਦਵਿੰਦਰ ਪਟਿਆਲਵੀ
ਪ੍ਰਕਾਸ਼ਕ ----ਕੇ ਪਬਲੀਕੇਸ਼ਨਜ਼ ਬਰੇਟਾ( ਮਾਨਸਾ )
ਪੰਨੇ ------98 ਮੁੱਲ ----195 ਰੁਪਏ
ਦਵਿੰਦਰ ਪਟਿਆਲਵੀ ਪਟਿਆਲਾ ਤੋਂ ਨਿਕਲਦੇ ਮਿੰਨੀ ਕਹਾਣੀ ਤ੍ਰੈਮਾਸਿਕ ਦਾ ਆਨਰੇਰੀ ਸੰਪਾਦਕ ਹੈ। ਖੁਦ ਵੀ ਚੰਗੇ ਮਿੰਨੀ ਕਹਾਣੀਕਾਰਾਂ ਵਿਚ ਸ਼ੁਮਾਰ ਹੈ । ਉਸਦਾ ਇਕ ਮਿੰਨੀ ਕਹਾਣੀ ਸੰਗ੍ਰਹਿ ‘ਛੋਟੇ ਲੋਕ’ ਪਿਛੇ ਜਿਹੇ ਛਪਿਆ ਤਾਂ ਪਾਠਕਾਂ ਵਿਚ ਉਹ ਬਹੁਤ ਪੜ੍ਹਿਆ ਗਿਆ। ਆਲ਼ੋਚਕਾਂ ਨੇ ਵੀ ਉਸਦਾ ਨੋਟਿਸ ਲਿਆ । ਉਸਦੀਆਂ ਰਚਨਾਵਾਂ ਦਾ ਇਕ ਮਿੰਨੀ ਕਹਾਣੀ ਸੰਗ੍ਰਹਿ ਹਿੰਦੀ ਦੇ ਪਾਠਕਾਂ ਲਈ ‘ਉਡਾਣ ‘ ਮੂਲ ਪੰਜਾਬੀ ਤੋ ਹਿੰਦੀ ਵਿਚ ਅਨੁਵਾਦ ( ਅਨੁਵਾਦਕ ਹਰਦੀਪ ਸਭਰਵਾਲ) ਵੀ ਛਪਿਆ ਹੈ । ਕਈ ਸਿਖਾਂਦਰੂ ਕਲਮਕਾਰਾਂ ਨੂੰ ਉਂਗਲ ਫੜ ਕੇ ਉਸਨੇ ਮਿੰਨੀ ਕਹਾਣੀ ਦੇ ਲੜ ਲਾਇਆ ਛਿਣ ਵਿਚ ਥਾਂ ਦਿਤਾ ਤੇ ਹੋਰਾਂ ਨੂੰ ਉਤਸ਼ਾਹਿਤ ਕਰਕੇ ਮਿੰਨੀ ਕਹਾਣੀ ਸੰਗ੍ਰਹਿ ਛਪਵਾਏ । ਜਿਸ ਵਿਚ ਮੇਰਾ ਆਪਣਾ ਮਿੰਨੀ ਕਹਾਣੀ ਸੰਗ੍ਰਹਿ ‘ਮਖਣਪੀਸ਼’ ਵੀ ਸ਼ਾਮਲ ਹੈ । ਖੈਰ ! ਹੁਣ ਅਚਾਨਕ ਜਿਹੇ ਉਸਦਾ ਚਰਚਾ ਅਧੀਂਨ ਕਾਵਿ ਸੰਗ੍ਰਹਿ ਛਪ ਕੇ ਆਇਆ ਤਾਂ ਪਾਠਕ ਸੋਚਣ ਲਗੇ ਕਿ ਪਟਿਆਲ਼ਵੀ ਨੇ ਕਰਵਟ ਕਿਉਂ ਬਦਲ ਲਈ। ਮਿੰਨੀ ਕਹਾਣੀ ਤੋਂ ਕਵਿਤਾ ਵਲ ਮੁਹਾਰਾਂ ਮੋੜ ਲਈਆਂ ਹਨ । ਕਿਉਂ ਕਿ ਸਾਡੇ ਪੰਜਾਬੀ ਵਿਚ ਆਮ ਸਾਹਿਤਕਾਰ ਕਵਿਤਾ ਤੋਂ ਕਹਾਣੀ ਤੇ ਨਾਵਲ ਵਲ ਆਉਂਦੇ ਵੇਖੇ ਹਨ । ਨਾਮ ਬਹੁਤ ਹਨ । ਪਰ ਲਿਖਣੇ ਨਹੀਂ । ਕਿਉਂ ਕਿ ਹੁਣ ਅਸੀਂ ਦਵਿੰਦਰ ਪਟਿਆਲਵੀ ਦੀ ਕਵਿਤਾ ਕਿਤਾਬ ਦੀ ਗਲ ਕਰਨੀ ਹੈ ।
ਦਵਿੰਦਰ ਪਟਿਆਲਵੀ ਬਾਰੇ ਮੇਰੇ ਉਪਰੋਕਤ ਸ਼ੰਕੇ ਨੂੰ ਦੂਰ ਕਰਨ ਵਿਚ ਇਸ ਕਿਤਾਬ ਦਾ ਤੇ ਸ਼ਾਇਰ ਪਟਿਆਲਵੀ ਦੀ ਸ਼ਖਸੀਅਤ ਦਾ ਤੁਆਰਫ ਕਰਾਉਣ ਵਾਲੇ ਛੇ ਨਾਮਵਰ ਸਾਹਿਤਕਾਰ --- ਡਾ ਦਰਸ਼ਨ ਸਿੰਘ ਆਸਟ ,ਨਵਦੀਪ ਸਿੰਘ ਮੁੰਡੀ ਡਾ ਹਰਪ੍ਰੀਤ ਸਿੰਘ ਰਾਣਾ ,ਜਗਦੀਸ਼ ਰਾਏ ਕੁਲਰੀਆ,ਅਜੀਤ ਸਿੰਘ ਮੋਦੀ ਕਾਲਜ ਪਟਿਆਲਾ ,ਬਲਬੀਰ ਸਿੰਘ ਦਿਲਦਾਰ, ਗੀਤਕਾਰ ਤੇ ਗਾਇਕ ਕਲਾਕਾਰ , ਇਸ ਕਿਤਾਬ ਵਿਚ ਹਾਜ਼ਰ ਹਨ । ਸ਼ਰੋਮਣੀ ਬਾਲ ਸਾਹਿਤਕਾਰ ਡਾ ਦਰਸ਼ਨ ਸਿੰਘ ਆਸ਼ਟ ਨੇ ਕਿਤਾਬ ਦੇ ਦੋ ਸ਼ਬਦ ਲਿਖਕੇ ਪਟਿਆਲਵੀ ਦੀ ਕਾਵਿ ਸ਼ਿਲਪ ਕਲਾ ਦਾ ਵਿਸ਼ਲੇਸ਼ਣ ਕੀਤਾ ਹੈ । ਅਜੋਕੀ ਪੰਜਾਬੀ ਕਵਿਤਾ ਆਲ਼ੇ ਦੁਆਲੇ ਦੀ ਉਪਜ ਹੈ। ਕਵੀ ਦਾ ਨਿਤਾਪ੍ਰਤੀ ਦਾ ਰੁਝਾਨ ਹੀ ਕਵਿਤਾ ਦਾ ਸਰੋਤ ਹੈ । ਕਵੀ ਪਟਿਆਲਵੀ ਸੰਵੇਦਨਸ਼ੀਲ ਹੈ । ਉਹ ਨਿਕੇ ਨਿਕੇ ਪਲਾਂ ਵਿਚੋਂ ਕਵਿਤਾ ਦਾ ਰੂਪ ਦੇਣ ਵਿਚ ਮਾਹਰ ਹੈ । ਛੰਦਾ ਬੰਦੀ ਦੀ ਕੋਈ ਪ੍ਰਵਾਹ ਨਹੀਂ ਕਰਦਾ। ਵਾਰਤਕ ਨੂੰ ਟੋਟੇ ਕਰਕੇ ਕਵਿਤਾ ਦੀਆਂ ਤੁਕਾਂ ਬਣਾ ਲੈਂਦਾ ਹੈ । ਖੈਰ ਅਜੋਕੀ ਕਵਿਤਾ ਵਿਚ ਇਹ ਆਮ ਵਰਤਾਰਾ ਹੈ । ਹੁਣ ਇਹ ਕੋਈ ਕੋਈ ਐਬ ਨਹੀ ਹੈ। ਨਾ ਹੀ ਉਸਦਾ ਕਾਵਿਕ ਕਟੜਤਾ ਵਿਚ ਯਕੀਨ ਹੈ । ਹਾਂ ਉਸਦੀ ਖੁਲ੍ਹੀ ਕਵਿਤਾ ਦਾ ਕੋਈ ਅਰਥ ਜ਼ਰੂਰ ਹੈ ਬੇਅਰਥੀ ਕਵਿਤਾ ਨਹੀ ਹੈ । ਕਵਿਤਾ ਦਾ ਭਾਵ ਹੀ ਅਰਥ ਭਰਪੂਰ ਸ਼ਬਦ ਹਨ । ਨਹੀ ਤਾਂ ਕਈ ਸ਼ਾਂਇਰ ਇਹੋ ਜਿਹੀ ਕਵਿਤਾ ਰਚਦੇ ਵੇਖੇ ਗਏ ਹਨ ।ਜਿਸ ਨੂੰ ਸਮਝਣ ਲਈ ਪਾਠਕ ਨੂੰ ਦਿਮਾਗੀ ਕਸਰਤ ਕਰਨੀ ਪੈਂਦੀ ਹੈ ਜਾਂ ਫਿਰ ਆਧੁਨਿਕ ਆਲੋਚਕਾਂ ਵਾਂਗ ਆਪੋ ਆਪਣੇ ਅਰਥ ਕਢ ਲਏ ਜਾਂਦੇ ਹਨ ।ਪਟਿਆਲਵੀ ਦੀ ਕਵਿਤਾ ਦੇ ਇਸ ਸਾਦਗੀ ਵਾਲੇ ਗੁਣ ਦੀ ਮੈਂ ਪ੍ਰਸੰਸਾ ਕਰਦਾ ਹਾਂ । ਉਸਦੀ ਕਵਿਤਾ ਦੇ ਇਸ ਗੁਣ ਦਾ ਕਾਇਲ ਹਾਂ ।
ਇਸ ਕਿਤਾਬ ਦੀ ਕੋਈ ਕਵਿਤਾ ਪੜ੍ਹ ਲਓ । ਪਿਆਰ , ਮੁਹਬਤ ਸੰਵੇਦਨਾ ਰਿਸ਼ਤਿਆਂ ਦੀ ਪਾਕੀਜ਼ਗੀ ,ਸਮਾਜਿਕ ਸਰੋਕਾਰ ਕਿਰਤ, ਬੱਚਿਆਂ ਨਾਲ ਮੋਹ, ਰਸੋਈ ਵਿਚ ਕੰਮ ਕਰਦੀ ਤ੍ਰੀਮਤ ਦੀ ਮਿਹਨਤ, ਸਕੂਲ ਕਾਲਜ ਜਾਂਦੇ ਬੱਚੇ, । ਦਫਤਰ ਨੂੰ ਜਾਂਦਾ ਮਿਹਨਤੀ ਮੁਲਾਜ਼ਮ , ਉਸ ਦੀ ਜੇਬ ਵਿਚ ਘਰੋਂ ਮਿਲੇ ਸਮਾਨ ਦੀ ਪਰਚੀ , ਦਫਤਰੀ ਔਰਤਾਂ ਦੇ ਦੂਹਰੇ ਕੰਮ ,ਘਰ ਵੀ ਕੰਮ ਦਫਤਰ ਦੀਆਂ ਫਾਂਈਂਲਾਂ ਨਾਲ ਦੋ ਚਾਰ ਹੋਣਾ , ਘਰ ਤੋਂ ਲਿਆ ਬੈਗ ਹਥ ਵਿਚ ਪਕੜਿਆ ਅਖਬਾਰ , ਅਖਬਾਰਾਂ ਵੇਖਦੇ ਬੱਚਿਆਂ ਦਾ ਮਨੋਵਿਗਿਆਨ ,ਕੰਟੀਂਨ ਤੇ ਕੰਮ ਕਰਦਾ ਬੱਚਾ , ਬਾਰਿਸ਼ ਦੇ ਨਜ਼ਾਰੇ , ਟਿਫਿਨ ਤਿਆਰ ਕਰਕੇ ਘਰੋਂ ਦਫਤਰ ਭੇਜਦੀ ਪਤਨੀ ਦੀ ਮਿਹਨਤ , ਦਫਤਰ ਚ ਪਿਆ ਟਿਫਿਨ ਪਾਰਕ ਵਿਚ ਸ਼ੈਰ ਕਰਦੇ ਲੋਕ, ਸਾਹਿਤਕ ਸਮਾਤਗਮ ਵਿਚ ਲੇਖਕ ਦੀ ਹਾਜ਼ਰੀ , ਕਵਿਤਾ ਜੇ ਰੁਸ ਗਈ ਤਾਂ ਕਵਿਤਾ ਮਨਾਉਂਦਾ ਸ਼ਾਇਰ , ਵਿਆਹ ਦੀ ਵਰ੍ਹੇ ਗੰਢ ਮਨਾਉਂਦਾ ਜੋੜਾ, ਜੋੜੇ ਦੀਆ ਭਵਿਖ ਦੀਆਂ ਯੋਜਨਾਵਾਂ, ਘਰੋਂ ਦਫਤਰ ਨੂੰ ਤਿਆਰ ਹੁੰਦੇ ਨੂੰ ਵੇਖ ਕੇ ਨਿਕੇ ਬੱਚੇ ਦੀ ਮੁਸਕਾਨ । ਪਤਨੀ ਦਾ ਜਨਮ ਦਿਨ ਮਨਾਉਣ ਵੇਲੇ ਪਤੀ ਦੀ ਤੇ ਬੱਚਿਆ ਦੀ ਮਾਨਸਿਕਤਾ, ਬੇਟੀਆਂ ਨੂੰ ਕੋਰੋਨਾ ਸਮੇਂ ਵਿਚ ਪਿਤਾ ਦੇ ਬਾਹਰ ਨਾ ਜਾਣ ਦੀ ਚਿੰਤਾ ,ਆਦਿ ਵਿਸ਼ੇ ਇਸ ਕਿਤਾਬ ਦੀਆਂ ਕਵਿਤਾਵਾਂ ਵਿਚ ਹਨ ।,ਕਵਿਤਾ ਪਿੰਗਲਵਾੜਾ ਆਸਰਮ ਵਿਚ ਮਜ਼ਬੂਰ ਤੇ ਅਪਾਹਜ ਬੱਚਿਆਂ ਨੂੰ ਮਿਲਦੀਆਂ ਸਹੂਲਤਾਂ ਨੂੰ ਵੇਖ ਕਵੀ ਮਨ ਦਰਦ ਦਾ ਦਰਿਆ ਬਣਦਾ ਹੈ । ਕਵਿਤਾ ‘ਪ੍ਰੀਤੀ ਦੇ ਨਾ’ ਵਿਚ ਉਹ ਧੀਆਂ ਦੀਆਂ ਪ੍ਰਾਪਤੀਆਂ ਵੇਖ ਕੇ ਖੁਸ਼ ਹੁੰਦਾ ਹੈ ।ਅਜ ਧੀਆਂ ਉੱਚੀ ਉਡਾਰੀ ਮਾਰ ਰਹੀਆਂ ਹਨ । ਕਿਤਾਬਾਂ ਨਾਲ ਮੁਹਬਤ ਇਕ ਕਵਿਤਾ ਵਿਚ ਹੈ । ਕਵੀ ਨੂੰ ਕਿਤਾਬਾਂ ਨਾਲ ਬੇਹੱਦ ਪਿਆਰ ਹੈ । ਦਵਿੰਦਰ ਪਟਿਆਲਵੀ ਨੂੰ ਹਰ ਦਿਸਦੀ ਜਾਂ ਮਹਿਸੂਸ ਕੀਤੀ ਜਾ ਸਕਦੀ ਵਸਤ ਨਾਲ ਪਿਆਰ ਹੈ ।, ਉਸਦਾ ਕਵੀ ਮਨ ਧੀਆਂ ਤੋਂ ਕੁਰਬਾਨ ਹੋ ਹੋ ਜਾਂਦਾ ਹੈ ।ਇਸੇ ਲਈ ਉਸਦੀਆਂ ਤਿਂਨ ਚਾਰ ਕਵਿਤਾਵਾਂ( ਮੁਸਕਾਨ ਦੇ ਨਾਂ 5ਵੀਂ, ,ਸਕੂਲ ਜਾਣ ਸਮੇਂ ਮੁਸਕਾਨ ਦੀ ਐਕਟਿੰਗ 35ਵੀਂ ਮੁਸਕਾਨ ਦੇ ਨਾ 41 ਵੀਂ ਵਿਚ ਮੁਸਕਾਨ ਦਾ ਜ਼ਿਕਰ ਹੈ ਮੁਸਕਾਨ ਉਸਦੀ ਲਾਡਲੀ ਧੀ ਹੈ । ਕਿਤਾਬ ਵਿਚ ਪਾਪਾ ਦੇ ਨਾਂ ,ਕੰਟੀਨ ਵਾਲਾ ਟਿੰਕਾ ,ਬੱਚਿਆਂ ਦੀ ਚੀਜ਼ੀ ,ਟਿਫਿਨ ,ਮੈਂ ਇਥੇ ਠੀਕ ਹਾਂ ,ਪਤਨੀ ਦਾ ਜਨਮ ਦਿਨ ,ਅਖਬਾਰ ਪੜ੍ਹਦੇ ਬੱਚੇ ,ਦਫਤਰ ਵਾਲਾ ਬੈਗ, ਬੇਟੀਆ ਦਾ ਫਿਕਰ ਭਾਵਕ ਤੇ ਸੰਵੇਦਨਸ਼ੀਲ ਰਚਨਾਵਾਂ ਹਨ । ਸ਼ਾਇਰ ਨੇ ਪੁਸਤਕ ਆਪਣੇ ਵਡੇ ਵਡੇਰਿਆ ਨੂੰ ਸਮਰਪਿਤ ਕੀਤੀ ਹੈ ਤੇ ਆਪਣਿਆਂ ਤੋਂ ਆਸ਼ੀਰਵਾਦ ਹਾਸਲ ਕੀਤਾ ਹੈ । ਪੁਸਤਕ ਦਾ ਸਵਾਗਤ ਹੈ ।