ਕੀ ਗੁਣ ਕਹੀਏ ਗੁਣਵੰਤੀ ਦੇ
ਗਾਗਰ ਦੇ ਵਿੱਚ ਸਾਗਰ ਭਰਿਆ
ਤੇਜਵੰਤਿ ਪ੍ਰਵਾਨ ਚੜ੍ਹੀ ਦੇ,
ਮੁੱਖ-ਮਸਤਕ ਤੇ ਚਿਹਨ ਉਘਰਿਆ
ਸਤਵੰਤੀ ਸੱਚੇ ਵਿੱਚ ਸਮਾਈ
ਬੂੰਦ ਸਮਾਈ ਜਿਉਂ ਵਿੱਚ ਦਰਿਆ
ਰੂਪਵੰਤਿ ਦਰਗਾਹ ਵਿੱਚ ਸੋਹੇ
ਭੀ ਧਰਤੀ ਤੇ ਚੰਨ ਉਤਰਿਆ
ਧੰਨ ਧੰਨ ਧਨਵੰਤੀ ਹੋ ਗਈ
ਕਰੀ ਸੁ-ਕਰਨੀ ਫਲ ਪੁੰਗਰਿਆ
ਹਰਿ ਧਨ ਪਾ ਕੇ ਭਾਗਵੰਤਿ ਨੇ
ਨਾਮ ਖ਼ਜ਼ਾਨਾ ਤੁੰਨ ਤੁੰਨ ਭਰਿਆ
ਸੁਹਾਗਵੰਤਿ ਹੈ ਸਦਾ ਸੁਹਾਗਣ,
ਜਿਸਦਾ ਸਾਂਈ ਕਦੇ ਨਾ ਮਰਿਆ
ਨਾਂਹ ਕੋਈ ਕਾੜ੍ਹਾ ਸ਼ੀਲਵੰਤਿ ਨੂੰ,
ਸ਼ਾਂਤ-ਚਿੱਤ ਮਨ ਠੰਡਾ ਠਰਿਆ
ਸੁੰਦਰ ਮੱਤ ਅਚਾਰਵੰਤਿ ਨੇ,
ਅਵਗੁਣ ਕੱਢਕੇ ਸ਼ੁਭ ਗੁਣ ਕਰਿਆ
ਬਲਵੰਤੀ ਕਿਉਂ ਤਾਣ ਲੁਕਾਵੇ,
ਹਰ ਮੈਦਾਨ ਦੀਬਾਨ ਨੂੰ ਹਿਰਿਆ
ਪੁੱਤਰਵੰਤੀ ਹੈ ਸਭ ਜਾਣੇ
ਪ੍ਰਭ ਬਿਨ ਕੋਈ ਨਾ ਬਣਦਾ ਧਿਰਿਆ
ਤਾਂ ਜਸਵੰਤੀ ਸਿਫਤ ਸਲਾਹੇ,
ਰੋਮ ਰੋਮ ’ਚੋਂ ਰਾਮ ਉਚਰਿਆ
ਭਗਤੀ ਕਰਿ, ਹੋਈ ਸ਼ੋਭਾਵੰਤੀ,
ਚਹੁੰ ਕੁੰਟਾਂ ਵਿੱਚ ਡਉਰੂ ਫਿਰਿਆ
ਹਰਿ ਜੀ ਤਾਰੇ ਕੁਲਵੰਤੀ ਨੂੰ
ਤੇ ਕੁੱਲ ਦਾ ਜੀਅ ਕਹਿ ਸੁਣਿ ਤਰਿਆ
ਰੱਖ ਲਿਆ ਪੜਦਾ ਲਾਜਵੰਤਿ ਦਾ,
ਲੇਖੇ ਦਾ ਕਾਗ਼ਜ਼ ਹੀ ਗਰਿਆ
ਉਚ-ਦੁਮਾਲਾ ਪਤਵੰਤੀ ਦੇ
‘ਪ੍ਰੇਮਸਿੰਘਾ’ ਸਿਰ ਮਸਤਕ ਧਰਿਆ