ਸਿਰਜਣਧਾਰਾ ਦੀ ਮਹੀਨਾਵਾਰ ਮੀਟਿੰਗ
(ਖ਼ਬਰਸਾਰ)
ਲੁਧਿਆਣਾ : ਸਾਹਿਤਕ ਸੰਸਥਾ ਸਿਰਜਣਧਾਰਾ ਦੀ ਮਹੀਨਾਵਾਰ ਮੀਟਿੰਗ ਪੰਜਾਬੀ ਭਵਨ ਲੁਧਿਆਣਾ ਵਿਖੇ ਸੰਸਥਾ ਦੀ ਪ੍ਰਧਾਨ ਡਾ. ਗੁਰਚਰਨ ਕੌਰ ਕੋਚਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਜਨਰਲ ਸਕੱਤਰ ਡਾ ਗੁਰਇਕਬਾਲ ਸਿੰਘ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਮੀਟਿੰਗ ਦੇ ਸ਼ੁਰੂ ਵਿੱਚ ਉੱਘੀ ਕਵਿੱਤਰੀ ਅਮਰਜੀਤ ਕੋਰ ਨਾਜ਼ ਅਤੇ ਉੱਘੇ ਸ਼ਾਇਰ ਰਾਮ ਸ਼ਰਨ ਮਨਸੂਰਵੀ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਅਰਪਿਤ ਕੀਤੀ ਗਈ।
ਉਪਰੰਤ ਮਹਾਨ ਇਨਕਲਾਬੀ ਯੋਧੇ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਨ ਮੌਕੇ ਉਨਾਂ ਦੀ ਜੀਵਨੀ ਤੇ ਵਿਸ਼ੇਸ਼ ਗੋਸ਼ਟੀ ਕਰਵਾਈ ਗਈ ਜਿਸ ਵਿੱਚ ਸਾਬਕਾ ਈਟੀਓ (ਰਿਟਾ) ਬਾਪੂ ਬਲਕੌਰ ਸਿੰਘ, ਡਾ ਗੁਰਇਕਬਾਲ ਸਿੰਘ, ਡਾ ਗੁਰਚਰਨ ਕੌਰ ਕੋਚਰ, ਸੁਰਿੰਦਰ ਸਿੰਘ ਪਾਇਲ, ਜਨਮੇਜਾ ਸਿੰਘ ਜੌਹਲ ਅਤੇ ਡਾ.ਇੰਦਰਜੀਤਪਾਲ ਕੌਰ ਨੇ ਭਾਗ ਲਿਆ। ਉਨਾਂ ਸਾਂਝੇ ਤੌਰ 'ਤੇ ਕਿਹਾ ਕਿ ਭਗਤ ਸਿੰਘ ਇੱਕ ਸੋਚ ਸੀ ਜੋ ਦੇਸ਼ ਵਿੱਚ ਫੈਲੀ ਅਰਾਜਕਤਾ ਅਤੇ ਸਾਮਰਾਜੀ ਸੋਚ ਦਾ ਵਿਰੋਧੀ ਸੀ, ਉਸ ਨੇ ਸਮਾਜ ਲਈ ਹਮੇਸ਼ਾਂ ਬਰਾਬਰਤਾ ਦੇ ਅਧਿਕਾਰਾਂ ਦੀ ਗੱਲ ਕੀਤੀ। ਉਸ ਸਮੇਂ ਦੇ ਰਾਜਨੀਤਕ ਆਗੂਆਂ ਨੇ ਆਪਣੇ ਮਨਸੂਬਿਆਂ ਲਈ ਸਿੱਧੇ ਅਤੇ ਅਸਿੱਧੇ ਤੌਰ ਤੇ ਗੋਰੀ ਸਰਕਾਰ ਨਾਲ ਸਾਂਝ ਪਰ ਭਗਤ ਸਿੰਘ ਅਤੇ ਸਾਥੀਆਂ ਨੇ ਦੇ ਤਖ਼ਤਿਆਂ ਤੇ ਝੂਲ ਕੇ ਕੁਰਬਾਨੀ ਦਿੱਤੀ। ਸਭਨਾਂ ਨੇ ਗੱਲਬਾਤ ਰਾਹੀਂ ਉਨਾਂ ਦੇ ਜੀਵਨ ਅਤੇ ਸੋਚ ਤੇ ਭਰਪੂਰ ਚਾਨਣਾ ਪਾਇਆ।
ਮੰਚ ਸੰਚਾਲਨ ਦੀ ਕਾਰਵਾਈ ਸਭਾ ਦੇ ਜਨਰਲ ਸੈਕਟਰੀ ਗਾਇਕ ਤੇ ਗੀਤਕਾਰ ਅਮਰਜੀਤ ਸ਼ੇਰਪੁਰੀ ਨੇ ਬਾਖੂਬੀ ਨਿਭਾਈ। ਉਪਰੰਤ ਹੋਏ ਕਵੀ ਦਰਬਾਰ ਵਿੱਚ ਹਾਜ਼ਰ ਸ਼ਾਇਰਾਂ ਨੇ ਚੰਗਾ ਰੰਗ ਬੰਨ੍ਹਿਆ। ਡਾ ਕੋਚਰ ਨੇ ਗ਼ਜ਼ਲ ਜੋ ਪਰਬਤ ਹਵਾ ਤਾਈ ਰਾਹ ਨਹੀਂ ਸੀ ਦਿੰਦਾ, ਡਾ ਗੁਰਇਕਬਾਲ ਸਿੰਘ ਨੇ ਜ਼ਿੰਦਗੀ ਮੌਤ ਤੋਂ ਪਹਿਲਾਂ ਹੈ, ਸੁਰਿੰਦਰ ਸਿੰਘ ਪਾਇਲ ਨੇ ਕਵਿਤਾ ਵਿਚਾਰਾਂ ਦਾ ਹਲ ਵਾਹਿਆ ਭਗਤ ਸਿੰਘ, ਅਮਰਜੀਤ ਸ਼ੇਰਪੁਰੀ ਨੇ ਗੀਤ ਖਟਕੜ ਕਲਾਂ ਦੀ ਧਰਤੀ ਤੋਂ ਮੈਂ ਵਾਰੇ ਵਾਰੇ ਜਾਵਾਂ,ਜੋਰਾਵਰ ਸਿੰਘ ਪੰਛੀ ਨੇ ਗ਼ਜ਼ਲ ਚਿਰਾਂ ਤੋਂ ਪਾਲਿਆ ਰਿਸ਼ਤਾ ਪਤਾਸੇ ਵਾਂਗ ਖੁਰ ਜਾਣਾ, ਇੰਦਰਜੀਤ ਕੌਰ ਲੋਟੇ ਨੇ ਗੀਤ ਸੋਹਣਿਆਂ ਮੈਂ ਤੇਰੀ ਹੀ ਉਡੀਕ ਵਿੱਚ ਰਹਿਨੀ ਆਂ, ਮਲਕੀਤ ਮਾਲੜਾ ਨੇ ਗੀਤ ਭਾਰਤ ਮਾਤਾ ਮੁਕਤ ਕਰਾਂਗੇ ਰਾਹੀਂ ਆਪਣੀ ਹਾਜ਼ਰੀ ਲਵਾਈ। ਅੰਤ ਵਿੱਚ ਪ੍ਰਧਾਨ ਡਾ ਗੁਰਚਰਨ ਕੌਰ ਕੋਚਰ ਨੇ ਸਭਨਾਂ ਦਾ ਧੰਨਵਾਦ ਕੀਤਾ।