ਹੱਸਦਾ ਵੱਸਦਾ ਰਹਿ ਮਿੱਤਰਾ
ਜੋ ਜੀਅ ਕਰਦਾ ਕਹਿ ਮਿੱਤਰਾ
ਕੰਮ ਤਾਂ ਚੱਲਦੇ ਰਹਿਣੇ ਨੇ
ਦਮ ਲੈਣ ਨੂੰ ਬਹਿ ਮਿੱਤਰਾ।
ਚਲ ਖੁੰਢਾ ਤੇ ਰਲ਼ ਬਹੀਏ
ਕੁਝ ਸੁਣੀਏ ਤੇ ਕੁਝ ਕਹੀਏ
ਤੱਤੇ ਭੱਠੀ ਦੇ ਦਾਣੇ ਨੇ
ਭਰ ਖੀਸਾ ਆਪਣਾ ਲੈ ਮਿੱਤਰਾ ।
ਸੁਣਿਆ ਚੜ੍ਹਦੀ ਕਲਾ ਜਵਾਨਾਂ ਦੀ
ਸਾਡੇ ਕਿਰਤੀ ਤੇ ਕਿਰਸਾਨਾ ਦੀ
ਇੱਕ ਮਿੱਕ ਹੋ ਕੇ ਚੱਲਣਗੇ
ਤਾਂ ਸਭ ਦੀ ਹੋਜੂ ਜੈ ਮਿੱਤਰਾ।
ਦੁੱਖ ਕਿਸੇ ਨੂੰ ਦਈਏ ਨਾ
ਘਰ ਕਿਸੇ ਦੇ ਰਹੀਏ ਨਾ
ਸਾਰੇ ਹੀ ਆਪਣੇ ਲੱਗਦੇ ਨੇ
ਹੈ ਸਾਨੂੰ ਕਾਹਦਾ ਭੈ ਮਿੱਤਰਾ।
ਲੱਗਾ ਦੁਨੀਆ ਦਾ ਮੇਲਾ ਏ
ਇਹ ਆਉਣ ਜਾਣ ਦਾ ਖੇਲ੍ਹਾ ਏ
ਲੁੱਟਣ ਖੋਹਣ ਦੀ ਮੰਡੀ ਏ
ਏਥੇ ਵਿਕਦੀ ਹਰ ਸ਼ੈ ਮਿੱਤਰਾ ।
ਗਰ ਹੱਕ ਕਿਸੇ ਦਾ ਖੋਹੀਏ ਨਾ
ਤੱਦ ਭਾਰ ਦੁੱਖਾਂ ਦਾ ਢੋਈਏ ਨਾ
ਜ਼ੁਲਮ ਕਿਸੇ ਦਾ ਸਹੀਏ ਨਾ
ਸੱਚ ਦੀ ਸਾਨੂੰ ਸਹਿ ਮਿੱਤਰਾ।
ਪ੍ਰਵਾਹ ਨਾ ਕਰੀਏ ਲੋਕਾਂ ਦੀ
ਸਮਾਜੀ ਰੋਕਾਂ ਟੋਕਾਂ ਦੀ
ਹੈ ਕਾਹਦਾ ਸਾਨੂੰ ਭੈ ਮਿੱਤਰਾ।
ਮਿਲਦਾ ਗਿਲਦਾ ਰਹਿ ਮਿੱਤਰਾ
ਦਿਨ ਰਾਤ ਕਹਾਣੀ ਪਾਈ ਜਾ
ਜਿੰਨਾ ਮਰਜ਼ੀ ਡੂੰਘਾ ਜਾਈ ਜਾ
ਡੰਡੀ ਅਮਲਾਂ ਦੀ ਪਏ ਬਿਨਾ
ਸਫਰ ਨਹੀਂ ਹੋਣਾ ਤਹਿ ਮਿੱਤਰਾ।
ਰੱਬ ਦੇ ਸਾਰੇ ਬੰਦੇ ਆਂ
ਲੱਗੇ ਆਪੋ ਆਪਣੇ ਧੰਦੇ ਆਂ
ਜ਼ਾਤਾਂ ਵਿੱਚ ਜਕੜੇ ਲੋਕਾਂ ਨੂੰ
ਤੇਰੀ ਕੀ ਏ ਰਾਇ ਮਿੱਤਰਾ।
ਕਦੇ ਗੁੱਡੀ ਚੜ੍ਹਦੀ ਅਰਸ਼ਾਂ ਤੇ
ਪੈਰ ਨਾ ਲੱਗਦੇ ਫ਼ਰਸ਼ਾਂ ਤੇ
ਸੁੱਖ ਦੁੱਖ ਆਉਂਦੇ ਜਾਂਦੇ ਨੇ
ਰੱਬ ਦੀ ਰਜਾ ਵਿੱਚ ਰਹਿ ਮਿੱਤਰਾ।
ਕੋਈ ਕੁੱਲੀ ਪਾ ਕੇ ਸੁੱਖ ਲੈਂਦਾ
ਕੋਈ ਮਹਿਲਾਂ ਵਿੱਚ ਦੁੱਖ ਸਹਿੰਦਾ
ਕੋਈ ਸੌਂਦਾ ਛਾਵੇਂ ਤਰਿਆ ਦੀ
ਔਖੇ ਦਿਨ ਲੈਂਦਾ ਸਹਿ ਮਿੱਤਰਾ।
ਦੇਖਾਂ ਚਿੱਟੀ ਦਾੜ੍ਹੀ ਜੁੱਸਾ ਢਲਿਆ
ਫੁਰਤੀ ਨਾਲ ਨਾ ਜਾਏ ਚਲਿਆ
ਸਮੇ ਦਾ ਪੰਛੀ ਉੱਡਦਾ ਜਾਏ
ਅਸਰ ਸਮੇ ਦਾ ਹੈ ਮਿੱਤਰਾ।
ਆਪੇ ਹੀ ਹੁਣ ਫੁਲਕਾ ਲਾਹੀਏ
ਰੁੱਖੀ ਸੁੱਕੀ ਮਿਲ ਕੇ ਖਾਈਏ
ਕਾੜ੍ਹਨੀ ਵਾਲਾ ਦੁੱਧ ਰਿਹਾ ਨਾ
ਨਾ ਰਹੀ ਕੋਈ ਮਹਿ ਮਿੱਤਰਾ।
ਨਿਰਮਲ ਕਿਹੜੇ ਦੇਸ਼ੋਂ ਆਇਆ
ਕਿਵੇਂ ਡੇਰਾ ਏਥੇ ਲਾਇਆ
ਛੱਡ ਕੇ ਭਰਿਆ ਮੇਲਾ
ਇਕ ਦਿਨ ਜਾਣਾ ਪੈ ਮਿੱਤਰਾ
ਤਦ ਮੁੱਕ ਜਾਣੀ ਮੈਂ ਮਿੱਤਰਾ ।