ਸੱਚੇ ਮਨ 'ਚੋਂ ਗੀਤ ਪਿਆਰ ਦਾ ਆਪਾਂ ਗਾਈਏ।
ਆਓ ਸਾਰੇ ਰਲ ਮਿਲ ਕੇ ਦੀਵਾਲੀ ਮਨਾਈਏ।
ਧੂਆਂ ਰਹਿਤ ਮੁਹੱਬਤ ਵਾਲੀ ਹਰੀ ਦੀਵਾਲੀ,
ਹੁੰਦੀ ਸਦਾ ਹੀ ਚਾਵਾਂ ਦੇ ਨਾਲ ਭਰੀ ਦੀਵਾਲੀ,
ਦੂਸ਼ਤ ਹੋਣੋਂ ਆਪਾਂ ਵਾਤਾਵਰਨ ਬਚਾਈਏ।
ਆਓ ਸਾਰੇ ਰਲ ਮਿਲ ਕੇ ਦੀਵਾਲੀ ਮਨਾਈਏ।
ਖਾਈਏ ਕਸਮ ਕਿ ਸ਼ੁੱਧ ਮਿਠਾਈ ਆਪਾਂ ਖਾਣੀ।
ਵਿਕਦੀ ਵਿੱਚ ਬਜ਼ਾਰਾਂ ਜੋ ਉਹ ਮੂੰਹ ਨਹੀਂ ਲਾਣੀ।
ਮਿਲਾਵਟ ਖੋਰਾਂ ਨੂੰ ਆਪਣਾ ਰੋਸ ਦਿਖਾਈਏ।
ਆਓ ਸਾਰੇ ਰਲ ਮਿਲ ਕੇ ਦੀਵਾਲੀ ਮਨਾਈਏ।
ਹਿੰਮਤ ਕਰਕੇ ਸ਼ੁੱਧ ਮਿਠਾਈ ਘਰੇ ਬਣਾਈਏ,
ਖਾਈਏ ਭਾਵੇਂ ਥੋੜ੍ਹੀ ਆਪਾਂ ਸ਼ੁੱਧ ਹੀ ਖਾਈਏ,
ਮਿਲਾਵਟ ਖੋਰਾਂ ਦੀ ਸਭ ਚਾਲ ਅਸਫਲ ਬਣਾਈਏ।
ਆਓ ਸਾਰੇ ਰਲ ਮਿਲ ਕੇ ਦੀਵਾਲੀ ਮਨਾਈਏ।
ਪਟਾਖੇ ਘੱਟ ਵਜਾਉਣੇ ਹੈ ਮਤਾ ਪਕਾਉਣਾ,
ਚਾਰ ਚੁਫੇਰਾ ਆਪਾਂ ਹੈ ਸ਼ੁਧ ਬਣਾਉਣਾ,
ਜੂਏ ਸ਼ਰਾਬ ਜਿਹੇ ਨਸ਼ੇ ਨੂੰ ਦੁਰਕਾਰ ਵਖਾਈਏ।
ਆਓ ਸਾਰੇ ਰਲ ਮਿਲ ਕੇ ਦੀਵਾਲੀ ਮਨਾਈਏ।
ਆਪਣੇ ਆਪਣੇ ਸਾਰਿਆਂ ਨੇ ਰੱਬ ਧਿਆਉਣੇ,
ਰਲਕੇ ਸੰਗ ਪਰੀਵਾਰ ਦੇ ਹੈ ਸੀਸ ਨਿਵਾਉਣੇ,
ਉੱਦਮ ਕਰ ਮਾਂ ਲਕਸ਼ਮੀ ਦੀ ਕਿਰਪਾ ਪਾਈਏ,
ਆਓ ਸਾਰੇ ਰਲ ਮਿਲ ਕੇ ਦੀਵਾਲੀ ਮਨਾਈਏ।
ਦੂਈ ਦਵੈਤ ਨੂੰ ਮਨਾ 'ਚੋਂ ਕੱਢ ਪਾਸੇ ਧਰਨਾ,
ਮੱਸਿਆ ਦੀ ਕਾਲੀ ਰਾਤ ਨੂੰ ਹੈ ਰੌਸ਼ਨ ਕਰਨਾ,
ਦੀਵਿਆਂ ਤੇ ਮੋਮਬੱਤੀਆਂ ਦੀ ਲੜੀ ਸਜਾਈਏ।
ਆਓ ਸਾਰੇ ਰਲ ਮਿਲ ਕੇ ਦੀਵਾਲੀ ਮਨਾਈਏ।