ਜ਼ਿੰਦਗੀ ਦੀ ਸਭ ਤੋਂ ਕੀਮਤੀ ਸ਼ੈਅ ‘ਸਮਾਂ’
(ਲੇਖ )
ਪ੍ਰਸਿੱਧ ਦਾਰਸ਼ਨਿਕ ਸ਼ੇਕਸਪੀਅਰ ਦਾ ਕਥਨ ਹੈ- ‘ਜੋ ਸਮੇਂ ਨੂੰ ਨਸ਼ਟ ਕਰਦਾ ਹੈ, ਸਮਾਂ ਉਸ ਨੂੰ ਨਸ਼ਟ ਕਰ ਦਿੰਦਾ ਹੈ।’ ਪੰਜਾਬ ਦੀ ਆਮ ਪ੍ਰਸਿੱਧ ਕਹਾਵਤ ਵੀ ਹੈ- ‘ਵੇਲੇ ਦੀ ਨਮਾਜ਼ ਤੇ ਕੁਵੇਲੇ ਦੀਆਂ ਟੱਕਰਾਂ’ ਭਾਵ ਯੋਗ ਸਮਾਂ ਬੀਤਣ ਮਗਰੋਂ ਕੰਮ ਠੀਕ ਨਹੀਂ ਹੁੰਦਾ। ਇਸ ਲਈ ਜ਼ਿੰਦਗੀ ਵਿੱਚ ਖਾਣ-ਪੀਣ, ਸੌਣ-ਜਾਗਣ, ਖੇਡਣ-ਮੱਲਣ, ਪੜਾਈ -ਲਿਖਾਈ ਅਤੇ ਹੋਰ ਵੀ ਨਿੱਜੀ ਜਾਂ ਜ਼ਰੂਰੀ ਕੰਮਾਂ ਲਈ ਸਮਾਂ ਨਿਰਧਾਰਿਤ ਕਰਨਾ ਚਾਹੀਦਾ ਹੈ।
ਕਹਿੰਦੇ ਨੇ ਸਮੇਂ ਦੀ ਅਸਲ ਕੀਮਤ, ਅਕਸਰ ਸਮਾਂ ਲੰਘ ਜਾਣ ਤੋਂ ਬਾਅਦ ਪੈਂਦੀ ਹੈ। ਪਰ ਜਿਸਨੇ ਸਮੇਂ ਦੀ ਕੀਮਤ ਤੋਂ ਪਹਿਚਾਣ ਕੇ ਇਸ ਦੀ ਸਦਵਰਤੋਂ ਕੀਤੀ, ਉਸਨੂੰ ਸਮਾਂ ਮਣਾਂ-ਮੂੰਹੀ ਇੱਜ਼ਤ, ਮਾਣ-ਸਨਮਾਨ ਅਤੇ ਤਰੱਕੀਆਂ ਦਿੰਦਾ ਹੈ। ਸ਼ਾਇਦ ਇਹ ਵੀ ਇੱਕ ਕਾਰਨ ਹੈ ਕਿ ਸਮੇਂ ਨੂੰ ਧਨ ਦੇ ਬਰਾਬਰ ਦਾ ਦਰਜਾ ਮਿਲਿਆ ਹੋਇਆ ਹੈ ਅਤੇ ਧਨ ਦੀ ਮਹੱਤਤਾ ਸਾਡੀ ਰੋਜ਼ਮਰਾ ਜ਼ਿੰਦਗੀ ਦੀ ਗੱਡੀ ਨੂੰ ਰੇੜ੍ਹਨ ਲਈ ਕਿੰਨੀ ਅਹਿਮ ਹੈ ਇਹ ਕਿਸੇ ਤੋਂ ਲੁਕਿਆ ਨਹੀਂ। ਬਸ ਇਸੇ ਤਰ੍ਹਾਂ ਜੇਕਰ ਧਨ ਅਤੇ ਸਮੇਂ ਦੀ ਮਹੱਤਤਾ ਦਾ ਸਾਨੂੰ ਅੰਦਾਜ਼ਾ ਹੈ ਤਾਂ ਸਾਨੂੰ ਸਫਲਤਾ ਦੀ ਪੌੜੀ ਚੜ੍ਹਨ ਤੋਂ ਕੋਈ ਰੋਕ ਨਹੀਂ ਸਕਦਾ। ਜਿਸ ਤਰ੍ਹਾਂ ਕਿਸੇ ਵਾਧੇ ਲਈ ਅਸੀਂ ਧਨ ਦਾ ਨਿਵੇਸ਼ ਕਰਦੇ ਹਾਂ, ਇਸੇ ਤਰ੍ਹਾਂ ਸਮੇਂ ਦਾ ਨਿਵੇਸ਼ ਯਾਨੀ ਕਿ ਸਮੇਂ ਦੀ ਸਹੀ ਕੰਮਾਂ ਵਿੱਚ ਸਹੀ ਵਰਤੋਂ ਕਰਨ ਨਾਲ ਸਾਨੂੰ ਲਾਭ ਹੀ ਪ੍ਰਾਪਤ ਹੋਵੇਗਾ।
ਜ਼ਿੰਦਗੀ ਅਤੇ ਕਾਰੋਬਾਰ ਸਬੰਧੀ ਸਹੀ ਸਮੇਂ ਅਨੁਸਾਰ ਲਏ ਗਏ ਸਹੀ ਫ਼ੈਸਲੇ ਇਨਸਾਨ ਨੂੰ ਬੇਅੰਤ ਉਪਲੱਬਧੀਆਂ ਦਿਵਾ ਸਕਦੇ ਹਨ। ਪਰ ਅਫਸੋਸ ਕਿ ਇਸਦੇ ਬਾਵਜੂਦ ਅਸੀਂ ਸਮੇਂ ਦੀ ਕਦਰ ਨਹੀਂ ਕਰਦੇ। ਬੇਸ਼ੱਕ ਸਮੇਂ ਦੇ ਇਕ ਵੱਡੇ ਹਿੱਸੇ ਤੇ ਸਾਡਾ ਕੰਟਰੋਲ ਨਹੀਂ ਰਹਿੰਦਾ। ਇੱਕ ਖੋਜ ਅਨੁਸਾਰ ਰੋਜ਼ਾਨਾ ਨੀਂਦ, ਇਸ਼ਨਾਨ ਅਤੇ ਖਾਣ-ਪੀਣ ਵਿੱਚ ਸਾਡਾ ਲਗਭਗ 10 ਘੰਟੇ ਦਾ ਸਮਾਂ ਲੱਗਦਾ ਹੈ, ਜਿਸ ਕਾਰਣ ਦਿਨ ਦੇ 24 ਘੰਟਿਆਂ ਵਿੱਚੋਂ ਕੇਵਲ 14 ਘੰਟਿਆਂ ਨੂੰ ਅਸੀਂ ਕੰਟਰੋਲ ਕਰ ਸਕਦੇ ਹਾਂ। ਭਾਵ ਕੇ ਜੀਵਣ ਵਿੱਚ 58 ਫੀਸਦੀ ਸਮੇਂ ਸਾਡੇ ਕੰਟਰੋਲ ਵਿੱਚ ਆਉਂਦਾ ਹੈ ਅਤੇ ਲਗਭਗ 42 ਫੀਸਦੀ ਸਾਡੇ ਵੱਸੋਂ ਬਾਹਰ। ਪਰ ਬਿਨ੍ਹਾਂ ਸ਼ੱਕ ਬਾਵਜੂਦ ਇਸਦੇ ਅਸੀਂ ਸਮੇਂ ਦੀ ਸਹੀ ਵੰਡ-ਸਾਰਣੀ ਨਾਲ ਸਮੇਂ ਨੂੰ ਬਿਨ੍ਹਾਂ ਅਜ਼ਾਈਂ ਗੁਵਾਏ ਵੱਡੀਆਂ ਪ੍ਰਾਪਤੀਆਂ ਕਰ ਸਕਦੇ ਹਾਂ, ਜਿਵੇਂ ਕਿ ਅਮਰੀਕਾ ਦੇ ਪ੍ਰਸਿੱਧ ਲੇਖਕ ਐੱਚ.ਜੈਕਸਨ ਬਰਾਊਨ ਦੇ ਲਫਜ਼ਾਂ ਵਿੱਚ ਸੌਖਿਆਂ ਸਮਝਿਆ ਜਾ ਸਕਦਾ ਹੈ। ਉਹ ਲਿਖਦੇ ਹਨ ਕਿ, ‘ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਤੁਹਾਡੇ ਕੋਲ ਕਾਫੀ ਸਮਾਂ ਨਹੀਂ ਹੈ? ਤੁਹਾਡੇ ਕੋਲ ਇੱਕ ਦਿਨ ਵਿੱਚ ਉੱਨੇ ਹੀ ਘੰਟੇ ਹਨ, ਜਿੰਨੇ ਹੇਲਨ ਕੇਲਰ, ਲੁਈ ਪਾਸ਼ਚਰ, ਮਾਈਕਲ ਏਂਜਲੇ, ਮਦਰ ਟੇਰੇਸਾ, ਲਿਓਨਾਰਡੋ ਦੀ ਵਿੰਸ਼ੀ, ਥਾਮਸ ਜੇਫ਼ਰਸਨ ਅਤੇ ਅਲਬਰਟ ਆਈਨਸਟੀਨ ਦੇ ਕੋਲ ਸਨ।’ ਬਰਾਊਨ ਦੇ ਇਹ ਲਫਜ਼ ਵਾਕੇਈ ਸਾਨੂੰ ਸੋਚਣ ਲਈ ਮਜ਼ਬੂਰ ਕਰਦੇ ਹਨ।
ਇੱਕ ਸਰਵੇ ਮੁਤਾਬਿਕ ਅਸੀਂ ਸਮੇਂ ਦਾ ਵੱਡਾ ਹਿੱਸਾ ਫਜ਼ੂਲ ਕੰਮਾਂ ਵਿੱਚ ਵਿਅਰਥ ਕਰ ਲੈਂਦੇ ਹਾਂ ਖ਼ਾਸ ਕਰ ਕੇ ਅੱਜ ਕਲ ਸੋਸ਼ਲ ਮੀਡੀਆ ਜਾਂ ਮੋਬਾਇਲ ਫੋਨਾਂ ਦੀ ਸਕਰੀਨ ’ਤੇ। ਪਰ ਇਹਨਾਂ ਤੋਂ ਕੁੱਝ ਦੂਰੀ ਬਣਾ ਕੇ ਅਸੀਂ ਆਪਣਾ ਸਮੇਂ ਨੂੰ ਚੰਗੀਆਂ ਪੁਸਤਕਾਂ ਪੜ੍ਹਨ, ਸਮਾਜ ਭਲਾਈ ਦੇ ਕਾਰਜਾਂ, ਆਪਣੇ ਭਾਈਚਾਰੇ ਵਿੱਚ ਸਾਂਝ ਵਧਾਉਣ ਲਈ, ਸਰੀਰਿਕ ਕਸਰਤ ਲਈ, ਆਪਣੇ ਪਰਿਵਾਰ ਲਈ ਅਤੇ ਕਾਰੋਬਾਰ ਲਈ ਬਰਾਬਰ ਵੰਡ ਕੇ ਵਰਤਣਾ ਸ਼ੁਰੂ ਕਰ ਦੇਈਏ ਤਾਂ ਜ਼ਿੰਦਗੀ ਜਿਊਣ ਦਾ ਇੱਕ ਵੱਖਰਾ ਅਨੰਦ ਪੈਦਾ ਹੋ ਜਾਵੇਗਾ, ਜੋ ਸਾਨੂੰ ਹਮੇਸ਼ਾਂ ਤਰੋ-ਤਾਜ਼ਾ ਤਾਂ ਰੱਖੇਗਾ ਹੀ, ਬਲਕਿ ਸਮੇਂ ਨੂੰ ਮਾਣਨ ਦਾ ਇੱਕ ਸੁਖਦ ਅਹਿਸਾਸ ਵੀ ਦੇਵੇਗਾ। ਸੋ ਸਮੇਂ ਦੀ ਕੀਮਤ ਨੂੰ ਸਮਾਂ ਲੰਘਣ ਤੋਂ ਬਾਅਦ ਮਾਪਣ ਨਾਲੋਂ ਚੰਗਾ ਹੈ ਕਿ ਸਮੇਂ ਦੀ ਕੀਮਤ ਨੂੰ ਪਹਿਲਾਂ ਹੀ ਮਾਪ ਕੇ ਹਰ ਕੰਮ ਯੋਜਨਾਬੱਧ ਢੰਗ ਨਾਲ ਕੀਤਾ ਜਾਵੇ। ਕਿਉਂਕਿ ਲੰਘਿਆ ਸਮਾਂ ਮੁੜ ਹੱਥ ਨਹੀਂ ਆਉਂਦਾ ਅਤੇ ਜੇਕਰ ਚਾਹੁੰਦੇ ਹੋ ਕਿ ਦੁਨੀਆ ਤੁੁਹਾਡੀ ਕਦਰ ਕਰੇ ਤਾਂ ਅੱਜ ਤੋਂ ਹੀ ਸਮੇਂ ਦੀ ਕਦਰ ਕਰਨੀ ਸ਼ੁਰੂ ਕਰ ਦਿਉ, ਕਿਉਂਕਿ ਜ਼ਿੰਦਗੀ ਦੀ ਸਭ ਤੋਂ ਕੀਮਤੀ ਸ਼ੈਅ ਇਹ ਸਮਾਂ ਹੀ ਹੈ ਅਤੇ ਜੇ ਇਹ ਖੁੱਸ ਗਿਆ ਤਾਂ ਮੁੜ ਹੱਥ ਨਹੀਂ ਆਉਣਾ।