ਤੇਜਿੰਦਰ ਸਿੰਘ ਅਨਜਾਨਾ ਦਾ ‘ਮਨ ਦੀ ਵੇਈਂ’ ਗ਼ਜ਼ਲ ਸੰਗ੍ਰਹਿ ਸਮਾਜਿਕਤਾ ਦਾ ਪ੍ਰਤੀਕ (ਪੁਸਤਕ ਪੜਚੋਲ )

ਉਜਾਗਰ ਸਿੰਘ   

Email: ujagarsingh48@yahoo.com
Cell: +91 94178 13072
Address:
India
ਉਜਾਗਰ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਤੇਜਿੰਦਰ ਸਿੰਘ ਅਨਜਾਨਾ ਦਾ ਪਲੇਠਾ ਗ਼ਜ਼ਲ ਸੰਗ੍ਰਹਿ ‘ਮਨ ਦੀ ਵੇਈਂ’ ਸਮਾਜਿਕ ਸਰੋਕਾਰਾਂ ਦਾ ਪ੍ਰਤੀਕ ਹੈ। ਇਸ ਗ਼ਜ਼ਲ ਸੰਗ੍ਰਹਿ ਵਿੱਚ 7 ਸ਼ਿਅਰਾਂ ਵਾਲੀਆਂ 47 ਗ਼ਜ਼ਲਾਂ ਹਨ। ਇਹ ਗ਼ਜ਼ਲਾਂ ਪਿੰਗਲ ਦੇ ਨਿਯਮਾ ‘ਤੇ ਪੂਰੀਆਂ ਉਤਰਦੀਆਂ ਹਨ। ਅਨਜਾਨਾ ਸੰਵੇਦਨਸ਼ੀਲ ਸ਼ਾਇਰ ਹੈ। ਉਸ ਦੀਆਂ ਗ਼ਜ਼ਲਾਂ  ਬਹੁ-ਪੱਖੀ ਵਿਸ਼ਿਆਂ ਦੀ ਪ੍ਰਤੀਨਿਧਤਾ ਕਰਦੀਆਂ ਹਨ। ਉਹ ਸਚਾਈ ਦੇ ਮਾਰਗ ‘ਤੇ ਚਲਣ ਵਾਲਾ ਸ਼ਾਇਰ ਹੈ। ਉਸ ਦੀਆਂ ਗ਼ਜ਼ਲਾਂ ਸਮਾਜਿਕ ਕਦਰਾਂ ਕੀਮਤਾਂ ਤੇ ਪਹਿਰਾ ਦਿੰਦੀਆਂ ਹਨ। ਸਮਾਜ ਵਿੱਚ ਵਾਪਰ ਰਹੀਆਂ ਅਸਮਾਜਿਕ ਘਟਨਾਵਾਂ ਸ਼ਾਇਰ ਨੂੰ ਲੋਕ ਹਿੱਤਾਂ ‘ਤੇ ਪਹਿਰਾ ਦੇਣ ਵਾਲੀਆਂ ਗ਼ਜ਼ਲਾਂ ਲਿਖਣ ਲਈ ਪ੍ਰੇਰਦੀਆਂ ਹਨ। ਸਮਾਜ ਵਿੱਚ ਕੁਝ ਲੋਕ ਪ੍ਰਾਕ੍ਰਿਤਕ ਵਾਤਾਵਰਨ ਨਾਲ ਖਿਲਵਾੜ ਕਰ ਰਹੇ ਹਨ, ਉਨ੍ਹਾਂ ਦੀਆਂ ਸਰਗਰਮੀਆਂ ਦਾ ਪਰਦਾ ਫਾਸ਼ ਕਰਨ ਵਾਲੀਆਂ ਗ਼ਜ਼ਲਾਂ ਵੀ ਉਹ ਲਿਖਦਾ ਹੈ। ਪਰਿਵਾਰਿਕ ਰਿਸ਼ਤਿਆਂ ਵਿੱਚ ਆ ਰਹੀ ਗਿਰਾਵਟ ਨੂੰ ਵੀ ਉਹ ਆਪਣੀਆਂ ਗ਼ਜ਼ਲਾਂ ਦਾ ਵਿਸ਼ਾ ਬਣਾ ਰਿਹਾ ਹੈ। ਪੰਜਾਬੀਆਂ ਵਿੱਚ ਕਿਰਤ ਸਭਿਆਚਾਰ ਖ਼ਤਮ ਹੋਣ ਦੇ ਕਿਨਾਰੇ ਪਹੁੰਚ ਗਿਆ ਹੈ। ਪੰਜਾਬੀ ਨੌਜਵਾਨੀ ਆਪਣੇ ਦੇਸ਼ ਵਿੱਚ ਕੰਮ ਕਰਨ ਨੂੰ ਤਿਆਰ ਨਹੀਂ ਪ੍ਰੰਤੂ ਪਰਵਾਸ ਵਿੱਚ ਜਾ ਕੇ ਹਰ ਕਿਸਮ ਦਾ ਕੰਮ ਕਰਨ ਨੂੰ ਤਿਆਰ  ਹੈ। ਆਲਸੀ ਲੋਕਾਂ ਬਾਰੇ ਤੇਜਿੰਦਰ ਸਿੰਘ ਅਨਜਾਨਾ ਦਾ ਸ਼ਿਅਰ ਹੈ:

                ਬਣਾਉਣੇ ਕੀ ਉਨ੍ਹਾਂ ਨੇ ਆਸ਼ਿਆਨੇ ਤਿਣਕਿਆਂ ਦੇ ਸੰਗ,

               ਜੋ ਡੂੰਘੀ  ਨੀਂਦਰੇ ਰਹਿੰਦੇ ਨੇ ਸੁਤੇ ਸੁਪਨਿਆਂ ਦੇ ਸੰਗ।

  ਤੇਜਿੰਦਰ ਸਿੰਘ ਅਨਜਾਨਾ ਦੀਆਂ ਗ਼ਜ਼ਲਾਂ ਪੜ੍ਹਕੇ ਮਹਿਸੂਸ ਹੁੰਦਾ ਹੈ ਕਿ ਉਹ ਸਮਾਜ ਵਿੱਚ ਵਾਪਰ ਰਹੀਆਂ ਅਣਸੁਖਾਵੀਆਂ ਘਟਨਾਵਾਂ ਨੂੰ ਮਾਨਵਤਾ ਦੀ ਨੈਤਿਕ ਗਿਰਾਵਟ ਦਾ ਜ਼ਿੰਮੇਵਾਰ ਸਮਝਦਾ ਹੈ। ਇਸ ਲਈ ਸਮਾਜਿਕ ਤਾਣੇ ਬਾਣੇ ਵਿੱਚ ਲੋਕਾਈ ਨੂੰ ਨੈਤਿਕਤਾ ਦਾ ਪੱਲਾ ਫੜ੍ਹਕੇ ਜੀਵਨ ਬਸਰ ਕਰਨਾ ਚਾਹੀਦਾ ਹੈ। ਲੋਕਾਈ ਦੇ ਮਨਾ ਵਿੱਚ ਗੰਧਲਾਪਣ ਆ ਗਿਆ ਹੈ। ਇਸ ਨੂੰ ਸਾਫ਼ ਕਰਨ ਲਈ ਪੜ੍ਹਾਈ ਦੀ ਅਤਿਅੰਤ ਜ਼ਰੂਰਤ ਹੈ, ਜਿਹੜੀ ਇਨਸਾਨ ਨੂੰ ਸਿੱਧੇ ਰਸਤੇ ਚਲਣ ਦਾ ਰਾਹ ਵਿਖਾ ਸਕਦੀ ਹੈ। ਦੋ ਸ਼ਿਅਰਾਂ ਤੋਂ ਗ਼ਜ਼ਲਗੋ ਦੀ ਸੋਚ ਦਾ ਪ੍ਰਗਟਾਵਾ ਹੁੰਦਾ ਹੈ ਕਿ ਪੜ੍ਹਾਈ ਤੋਂ ਬਿਨਾ ਇਨਸਾਨ ਦੀ ਮਾਨਸਿਕਤਾ ਤੰਦਰੁਸਤ ਨਹੀਂ ਹੋ ਸਕਦੀ:

                    ਭਾਵੇਂ ਗੰਧਲੀ ਹੁੰਦੀ ਜਾਂਦੀ ਅੱਜ ਕਲ੍ਹ ਮਨ ਦੀ ਵੇਈਂ,

                     ਸ਼ਬਦਾਂ ਦੀ ਸਿੱਖਿਆ ਨੇ ਕਰਨੀ ਨਿਰਮਲ ਮਨ ਦੀ ਵੇਈਂ।

                     ਮਨ ਦੀ ਵੇਈਂ ਵਿੱਚ ਸਮਾਧੀ ਲਾਈ ਅਨਜਾਨੇ ਜਿਨ੍ਹਾਂ,

                     ਆਣੀ ਜਾਣੀ ਵਾਲ਼ੀ ਉਹ ਤਾਣੀ ਤੋਂ ਵੱਖਰੇ ਹੋ ਗਏ।

   ਤੇਜਿੰਦਰ ਸਿੰਘ ਅਨਜਾਨਾ ਨੂੰ ਸਮਾਜ ਵਿੱਚ ਹੋ ਰਹੇ ਬਲਾਤਕਾਰਾਂ ਵਰਗੀਆਂ ਘਿਨੌਣੀਆਂ ਹਰਕਤਾਂ ਬਹੁਤ ਦੁੱਖੀ ਕਰਦੀਆਂ ਜਾਪਦੀਆਂ ਹਨ, ਜਿਸ ਕਰਕੇ ਉਹ ਇਨ੍ਹਾਂ ਨੂੰ ਆਪਣੀਆਂ  ਗ਼ਜ਼ਲਾਂ ਵਿੱਚ ਲਿਖਦਾ ਹੈ ਕਿ ਪਾਕਿ ਪਵਿਤਰ ਪਿਆਰ ਮੁਹੱਬਤ ਵਰਗੇ ਅਫ਼ਸਾਨੇ ਵਰਤਮਾਨ ਸਮਾਜ ਵਿੱਚ ਸਾਰਥਿਕ ਸਾਬਤ ਨਹੀਂ ਹੋ ਰਹੇ। ਪਿਆਰ ਦੇ ਨਾਮ ‘ਤੇ ਸਰੀਰਕ ਹਵਸ ਪੂਰੀ ਕਰਕੇ ਪਿਆਰ ਮੁਹੱਬਤ ਨੂੰ ਕਲੰਕਤ ਕੀਤਾ ਜਾ ਰਿਹਾ ਹੈ। ਸਾਡੀ ਨੌਜਵਾਨੀ ਆਪਣੇ ਰਸਤੇ ਤੋਂ ਥਿੜਕ ਚੁੱਕੀ ਹੈ, ਜਿਸ ਕਰਕੇ ਉਹ ਗ਼ਲਤ ਰਸਤੇ ਪੈ ਚੁੱਕੇ ਹਨ। ਇਨਸਾਨ ਦੀ ਗੰਧਲੀ ਫਿਤਰਤ ਬਾਰੇ ਇਹ ਸ਼ਿਅਰ ਪ੍ਰਗਟਾਵਾ ਕਰ ਰਹੇ ਹਨ:

                     ਮਸਲ ਲਿਆ ਹੈ ਹਵਸ ਦੀ ਅਗਨੀ ਨੇ ਕਲੀਆਂ ਨੂੰ,

                     ਚਮਨ ‘ਚ ਛਾਈ ਕਿਵੇਂ ਦੋਸਤੋ! ਬਹਾਰ ਮਿਲੇ।

                     ਹਵਸ ਦੀ ਡੂੰਘੀ ਦਲ਼ ਦਲ਼ ਵਿੱਚ ਗਲੇ ਤੀਕਰ ਫਸੇ ਰਹਿੰਦੇ,

                     ਨਾ ਪੁੱਛੋ ਹਾਲ਼ ਮੇਰੇ ਦੌਰ ਦੇ ਰਾਂਝੇ ਤੇ ਹੀਰਾਂ ਦਾ।

  ਤੇਜਿੰਦਰ ਸਿੰਘ ਅਨਜਾਨਾ ਦੀਆਂ ਬਹੁਤ  ਸਾਰੀਆਂ ਗ਼ਜ਼ਲਾਂ ਸਮਾਜ ਵਿੱਚ ਝੂਠ ਦੇ ਬੋਲਬਾਲੇ ਦਾ ਜ਼ਿਕਰ ਆਉਂਦਾ ਹੈ। ਲੋਕਾਈ ਸਚਾਈ ਦੇ ਮਾਰਗ ‘ਤੇ ਚਲਣ ਦੀ ਥਾਂ ਧੋਖ਼ੇ, ਫ਼ਰੇਬ ਅਤੇ ਝੂਠ ਦਾ ਸਹਾਰਾ ਲੈ ਰਹੀ ਹੈ। ਵਰਤਮਾਨ ਯੁਗ ਵਿੱਚ ਸਚਾਈ ਦਾ ਮਾਰਗ ਵੀ ਬਹੁਤ ਕਠਨ ਹੋ ਗਿਆ ਹੈ ਕਿਉਂਕਿ ਹਰ ਪਾਸੇ ਝੂਠ ਦਾ ਪਸਾਰਾ ਹੈ। ਲੋਕਾਂ ਨੇ ਜ਼ਮੀਰ ਨੂੰ ਮਾਰ ਲਿਆ ਹੈ। ਸ਼ਾਇਰ  ਦੇ ਝੂਠ ਬਾਰੇ ਕੁਝ ਸ਼ਿਅਰ ਇਹ ਹਨ:

                   ਸੱਚਾਈ ਦਾ ਬਿਖੜਾ ਪੈਂਡਾ ‘ਅਨਜਾਨੇ‘ ਕਰ ਸੌਖਾ ਇੰਝ,

                   ਚਾਰ ਦਿਵਾਰੀ ਵਾਂਗੂੰ ਰੱਖ ਦੁਆਲੇ ਬਲਦੇ ਅੱਖਰ, ਵੇਖ।

                   ਲਿਖੀਂ ਹਮੇਸ਼ਾ, ਤੂੰ ਸੱਚ ਹੀ ਮਿੱਤਰ, ਤੇ ਰੱਖੀਂ ਜ਼ਿੰਦਾ, ਜ਼ਮੀਰ ਆਪਣਾ,

                   ਨ ਝੂਠ ਖ਼ਾਤਿਰ, ਨ ਕੁਫ਼ਰ ਖ਼ਾਤਿਰ, ਕਦੀ ਤੂੰ ਆਪਣਾ, ਕਲਮ ਉਠਾਵੀਂ।

                   ਕਦੀ ਸੂਰਜ ਵੀ ਛੁਪਿਐ ਸੱਚ ਦਾ ਸੋਚੋ, ਜ਼ਰਾ ਸੋਚੋ,

                    ਨਹੀਂ ਛੁਪਦਾ ਨਹੀਂ ਛੁਪਦਾ ਹਜ਼ਾਰਾਂ ਪਰਦਿਆਂ ਸੰਗ।

                    ਝੂਠ ਆਖਿਰ ਝੂਠ ਹੈ ਤੇ ਸੱਚ ਅੰਤਿਮ ਸੱਚ ਹੈ,

                    ਨਹੀਂ ਹੈ ਸ਼ਹਿਰ ਤੇਰਾ, ਸ਼ਹਿਰ ਮੇਰੇ ਤੋਂ ਕੋਈ ਵੱਖਰਾ,

                   ਦੁਹਾਂ ਸ਼ਹਿਰਾਂ ‘ਚ ਹੀ ਵਿਓਪਾਰ ਹੁੰਦਾ ਹੈ ਜ਼ਮੀਰਾਂ ਦਾ।

  ਸਮਾਜਿਕ ਤਾਣੇ ਬਾਣੇ ਵਿੱਚ ਇਤਨਾ ਨਿਘਾਰ ਆ ਗਿਆ ਹੈ ਕਿ ਵਫ਼ਾ ਵੀ ਪਰ ਲਾ ਕੇ ਉਡ ਗਈ ਹੈ। ਲੋਕ ਵਿਸ਼ਵਾਸ਼ਘਾਤ ਕਰ ਰਹੇ ਹਨ। ਆਪਣਿਆਂ ਤੇ ਯਕੀਨ ਕਰਨ ਤੋਂ ਡਰ ਲਗਦਾ ਹੈ। ਲੋਕ ਆਪਣਾ ਬਣਾਕੇ ਮਾਰਦੇ ਹਨ।  ਬੇਵਫ਼ਾਈ ਬਾਰੇ ਸ਼ਾਇਰ ਦੇ ਸ਼ਿਅਰ ਹਨ:

              ਉਹੀ ਮਕਤਲ, ਉਹੀ ਕਾਤਿਲ, ਉਹੀ ਮੁਨਸਿਫ਼ ਬਣ ਗਿਆ,

              ਬੇਵਫ਼ਾਈ ਸਹਿੰਦੇ ਆਏ ਹਾਂ ਵਫ਼ਾ ਦੇ ਹੀ ਭੁਲੇਖੇ।

              ਮਰ ਗਏ ਅਨਜਾਨੇ ਹੁੰਦੇ, ਨਾ ਉਮੀਦੇ ਹੁੰਦੇ ਜੇਕਰ,

               ਜੀਂਦੇ ਆਏ ਪਰ ਅਸੀਂ ਤੇਰੀ ਵਫ਼ਾ ਦੇ ਹੀ ਭੁਲੇਖ਼ੇ।

               ਨਿਰਾਲੀ ਮੁਹੱਬਤ, ਨਿਰਾਲੀ ਵਫ਼ਾ ਹੈ,

                ਸ਼ਹਿਦ ਵਿੱਚ ਉਹ ਦਿੰਦਾ ਹੈ ਮੁਹਰਾ ਮਿਲਾ ਕੇ।

 ਸਮਾਜਿਕ ਰਿਸ਼ਤਿਆਂ ਨੂੰ ਵੀ ਲੋਕ ਕਲੰਕਤ ਕਰਨ ਲੱਗ ਪਏ ਹਨ। ਅਜਿਹੀਆਂ ਘਟਨਾਵਾਂ  ਨਾਲ ਸਮੁੱਚੇ ਸਮਾਜ ਵਿੱਚ ਗਿਰਾਵਟ ਆ ਗਈ ਹੈ। ਮਾਂ ਬਾਪ, ਭੈਣ ਭਰਾ ਅਤੇ ਦੋਸਤ ਮਿੱਤਰ ਵੀ ਦਗ਼ਾ ਦੇਣ ਲੱਗ ਪਏ ਹਨ, ਅਜਿਹੇ ਹਾਲਾਤ ਹੋਣ ਕਰਕੇ ਪਰਿਵਾਰਾਂ ਵਿੱਚ ਖਟਾਸ ਪੈਦਾ ਹੋ ਗਈ ਹੈ। ਸ਼ਾਇਰ ਲੋਕਾਈ  ਨੂੰ ਆਪਣੀਆਂ ਗ਼ਜ਼ਲਾਂ ਰਾਹੀਂ ਰਿਸ਼ਤਿਆਂ ਨੂੰ ਬਣਾਈ ਰੱਖਣ ਦੀ ਪ੍ਰੇਰਨਾ ਦਿੰਦਾ ਹੈ। ਕੁਝ ਸ਼ਿਅਰ ਇਸ ਪ੍ਰਕਾਰ ਹਨ:

              ਸਦਾ ਹੀ ਰਿਸ਼ਤਿਆਂ ਦੇ ਬੋਝ ਨੂੰ ਨ  ਬੋਝ ਸਮਝੋ,

               ਕਦੇ ਖ਼ੁਦ ਨੂੰ ਤੁਸੀਂ ਐਨਾ ਵੀ ਨ ਲਾਚਾਰ ਰੱਖਣਾ।

               ਬਗ਼ਲ ਵਿੱਚ ਜੋ ਛੁਰੀ ਰੱਖੇ ਤੇ ਮਿਸਰੀ ਬੋਲ ਬੋਲੇ,

               ਕਦੇ ਨੇੜੇ ਨ ਅਨਜਾਨੇ ਅਜੇਹਾ ਯਾਰ ਰੱਖਣਾ।

                ਅਸੀਸਾਂ ਮਾਂ ਦੀਆਂ ਤੇ ਥਾਪੜੇ ਬਾਪੂ ਦੇ ਵੰਡੋ,

                ਘਰਾਂ ਖ਼ਾਤਿਰ ਨ ਇੱਕ ਦੂਜੇ ਦੇ ਸਿਰ ਤਲਵਾਰ ਰੱਖਣਾ।

                 ਇਸ ਕਦਰ ਗ੍ਰਿਹਸਥੀ ਦੀ ਸੰਸਥਾ ਵਿਚ ਗਿਰਾਵਟ ਆ ਗਈ,

                 ਇੱਕ ਦਾ ਰਾਜਾ ਹੋਰ ਹੈ ਦੂਜੇ ਦੀ ਰਾਣੀ ਹੋਰ ਹੈ।

  ਮਿਹਨਤ ਕਰਨ ਵਾਲੇ ਇਨਸਾਨ ਹਮੇਸ਼ਾ ਬੁਲੰਦੀਆਂ ‘ਤੇ ਪਹੁੰਚਕੇ ਨਾਮਣਾ ਖੱਟਦੇ ਹਨ। ਸਮਾਜ ਵਿੱਚ ਅਜਿਹਾ ਕੋਈ ਕੰਮ ਨਹੀਂ ਜਿਸ ਨੂੰ ਕੀਤਾ ਨਾ ਜਾ ਸਕੇ ਪ੍ਰੰਤੂ ਮਨੁੱਖ ਵਿੱਚ ਦ੍ਰਿੜ੍ਹਤਾ, ਹੌਸਲਾ ਅਤੇ ਲਗਨ ਹੋਣੀ ਜ਼ਰੂਰੀ ਹੈ। ਤੇਜਿੰਦਰ ਸਿੰਘ ਅਨਜਾਨਾ ਲੋਕਾਈ ਨੂੰ ਕਿਰਤ ਕਰਨ ਦੀ ਪ੍ਰੇਰਨਾ ਦਿੰਦਾ ਹੋਇਆ ਲਿਖਦਾ ਹੈ:

                    ਹੌਸਲੇ ਦੀ ਅੱਗ ਭਖਦੀ ਰੱਖਣਾ ਅੰਦਰ ਸਦਾ,

                    ਯੱਖ਼ ਤੂਫ਼ਾਨਾਂ ‘ਚ ਕਿਧਰੇ ਠਰ ਨ ਜਾਵਣ ਕਿਸ਼ਤੀਆਂ।

 ਕੁਝ ਲੋਕ ਕਹਿੰਦੇ ਕੁਝ ਅਤੇ ਕਰਦੇ ਕੁਝ ਹੋਰ ਹਨ, ਭਾਵ ਲੋਕ ਮਖੌਟੇ ਪਾਈ ਫਿਰਦੇ ਹਨ। ਉਹ ਆਪਣੀ ਅਸਲੀ ਪਛਾਣ ਨੂੰ ਲੁਕੋਈ ਫਿਰਦੇ ਹਨ। ਇਸ ਲਈ ਇਨਸਾਨੀਅਤ ਦੀ ਪਛਾਣ ਕਰਨੀ ਮੁਸ਼ਕਲ ਹੋਈ ਪਈ ਹੈ। ਸ਼ਾਇਰ ਲਿਖਦਾ ਹੈ:

                  ਬਸ਼ਰ ਮਿਲਦੇ ਅਸਾਨੂੰ ਰੋਜ਼ ਨਕਲੀ ਚਿਹਰਿਆਂ ਦੇ ਸੰਗ।

                 ਮੈਂ ਜੋ ਵੀ ਹਾਂ, ਮਿਰੀ ਪਹਿਚਾਣ ਤਾਂ ਵੱਖ਼ਰੀ ਰਹੇ ਯਾਰੋ!

                 ਮੁਖੌਟਾ ਪਹਿਨਣਾ  ਮੈਨੂੰ ਗਵਾਰਾ ਹੀ ਨਹੀਂ ਕੋਈ।

  ਸਾਹਿਤਕਾਰਾਂ ਅਤੇ ਵਾਰਤਕਾਰਾਂ ਦੇ ਕਿਰਦਾਰ ਵਿੱਚ ਆਈ ਗਿਰਾਵਟ ਵੀ ਸ਼ਾਇਰ ਦੀ ਮਾਨਸਿਕਤਾ ਨੂੰ ਝੰਜੋੜ ਰਹੀ ਹੈ। ਲੋਭ ਲਾਲਚ ਦੀ ਪ੍ਰਵਿਰਤੀ ਕਰਕੇ ਅਜਿਹੇ ਲੋਕ ਆਪਣੀ ਇੱਜ਼ਤ ਗੁਆ ਲੈਂਦੇ ਹਨ ਤੇ ਅਸਲੀਅਤ ਨੂੰ ਸਾਹਮਣੇ ਨਹੀਂ ਆਉਣ ਦਿੰਦੇ। ਇਸ ਸੰਬੰਧੀ ਤੇਜਿੰਦਰ ਸਿੰਘ ਅਨਜਾਨਾ ਦੇ ਕੁਝ  ਸ਼ਿਅਰ ਹਨ:

                    ਕਲਮ ਜਿਸ ਦਿਨ ਹੈ ਵਿਕ ਜਾਂਦੀ ਮਿਰੇ ਯਾਰ! ਉਸੇ ਦਿਨ ਤੋਂ,

                   ਭਲਾਂ ਕੀ ਕੀ ਨਹੀਂ ਹੁੰਦਾ ਲਿਖਾਰੀ ਨਾਲ, ਕੀ ਦੱਸਾਂ?

                      ਜਿਹੜੇ ਕਲਮਾ ਵਾਲ਼ੇ ਵਿਕ ਜਾਵਣ ਸਨਮਾਨਾ ਖ਼ਾਤਿਰ ਹੀ,

                      ਸੱਜਣ ਠੱਗਾਂ ਦੀ ਉਸ ਮਹਿਫ਼ਿਲ ਤੋਂ ਚੰਗਾ ਇੱਕ ਪਾਸਾ ਹੈ।

                     ਮਿਰਾ ਸ਼ੌਕ ਮੇਰਾ, ਤਿਰਾ ਸ਼ੌਕ ਤਿਰਾ,

                     ਮੈਂ ਚੁਣਦਾ ਹਾਂ ਕੰਡੇ, ਤੂੰ ਜਾਵੇਂ ਵਿਛਾ ਕੇ।

                     ਤਿਰੀ ਕੀਮਤ ਤਿਰੇ ਕਿਰਦਾਰ ਨੇ ਕਰਨੀ ਹੈ ਤੈਅ  ਆਖ਼ਿਰ, ਹਕੀਕਤ ਹੈ,

                     ਇਹ ਜ਼ਿੰਮਾ ਸਾਰੇ ਦਾ ਸਾਰਾ ਖ਼ੁਦਾ ਦੀ ਜ਼ਾਤ ‘ਤੇ ਧਰਨਾ ਨਹੀਂ ਚੰਗਾ।

                     ਂਰੱਖ ਭਾਵੇਂ ਪਾਸ ਗੀਤਾ, ਗ੍ਰੰਥ ਜਾਂ ਕੁਰਆਨ ਰੱਖ।

                     ਕਿਵੇਂ ਪਹਿਚਾਨ ਪਾਵਾਂਗੇ ਅਸੀਂ ਚੰਗੇ ਬੁਰੇ ਨੂੰ ਵੀ,

                    ਜਿਸ ਨੂੰ ਬਾਹਰ ਲੱਭਦਾ ਫਿਰਦੈਂ ਜੰਗਲ, ਬੇਲੇ, ਪਰਬਤ,

                    ਅੰਗ ਸੰਗ ਉਹ ਤੇਰੇ ਹਰਦਮ ਵੇਖ ਤੂੰ ਆਪਣੇ ਅੰਦਰ।

  ਇੰਟਰਨੈਟ ਦੇ ਜ਼ਮਾਨੇ ਨੇ ਬਾਲਪਨ ਹੀ ਬੱਚਿਆਂ ਤੋਂ ਖੋਹ ਲਿਆ ਹੈ। ਦੋਸਤਾਂ ਮਿੱਤਰਾਂ ਨਾਲ ਬਚਪਨ ਗੁਜ਼ਾਰਨ ਤੋਂ ਪ੍ਰਹੇਜ਼ ਕੀਤਾ ਜਾ ਰਿਹਾ ਹੈ। ਬੱਚਿਆਂ ਵੱਲੋਂ ਮੋਬਾਈਲ ਦੀ ਵਰਤੋਂ ਕਰਨ ਬਾਰੇ ਇੱਕ ਸ਼ਿਅਰ ਹੈ:

                   ਇੱਕ ਮੁਬਾਈਲ ਨੇ ਹੀ ਬੱਚੇ ਘਰ ‘ਚ ਕੈਦ ਕਰ ਲਏ,

                  ਦੋਸਤਾਂ ਦੀ ਆਪਣੀ ਢਾਣੀ ਤੋਂ ਵੱਖਰੇ ਹੋ ਗਏ।

 ਤੇਜਿੰਦਰ ਸਿੰਘ ਅਨਜਾਨਾ ਤੋਂ ਭਵਿਖ ਵਿੱਚ  ਹੋਰ ਵਡਮੁੱਲੀਆਂ ਗ਼ਜ਼ਲਾਂ ਲਿਖਣ ਦੀ ਕਾਮਨਾ ਕਰਦਾ ਹਾਂ।