ਪੁਸਤਕ ------ਆਓ ਕਵਿਤਾ ਸਿਖੀਏ
ਲੇਖਕ -------ਜੋਧ ਸਿੰਘ ਮੋਗਾ
ਪ੍ਰਕਾਸ਼ਕ ----ਚੇਤਨਾ ਪ੍ਰਕਾਸ਼ਨ ਲੁਧਿਆਣਾ
ਪੰਨੇ ----106 ਮੁੱਲ ----225 ਰੁਪਏ
ਮੋਗਾ ਦੇ ਬਜ਼ੁਰਗ ਸਾਹਿਤਕਾਰ ਦੀ ਇਹ ਛੇਵੀ ਕਿਤਾਬ ਹੈ। 95 ਸਾਲ; ਦੀ ਉਮਰ ਵਿਚ ਵੀ ਜੋਧ ਸਿੰਘ ਮੋਗਾ ਦੀ ਕਲਮ ਜਵਾਨਾਂ ਵਾਂਗ ਚਲ ਰਹੀ ਹੈ । ਉਸ ਦੀ ਕਲਮ ਨੇ ਪਹਿਲਾਂ 2019 ਤੋਂ ਸ਼ੁਰੂ ਕਰਕੇ ਹਰ ਸਾਲ ਇਕ ਪੁਸਤਕ ਪੰਜਾਬੀ ਸਾਹਿਤ ਨੂੰ ਦਿਤੀ ਹੈ । ਜਿਂਨ੍ਹਾਂ ਵਿਚ “ਤੁਹਾਡੇ ਵਾਸਤੇ” ‘,ਮਾਲੀ ਹਥ ਪਨੀਰੀ’ ‘,ਰੰਗ ਬਰੰਗੀਆਂ ‘‘ਕਿਉਂ ਅਤੇ ਕਿਵੇਂ ‘ਤੇ “ਅਸਲੀ ਮੋਗਾ ‘। ਉਸਦੀਆਂ ਸਾਰੀਆਂ ਕਿਤਾਬਾ ਸਾਹਿਤ ਖੇਤਰ ਵਿਚ ਚਰਚਿਤ ਹੋਈਆਂ ਹਨ । ਵਿਸ਼ੇਸ਼ ਗਲ ਇਹ ਹੈ ਕਿ ਜੋਧ ਸਿੰਘ ਮੋਗਾ ਕਿਤਾਬਾਂ ਵਿਚ ਚਿਤਰ ਵੀ ਖੁਦ ਬਨਾਉਂਦਾ ਹੈ। ਕਿਉਂ ਕਿ ਉਹ ਕਲਾ ਅਧਿਆਪਕ ਵਜੋਂ ਲੰਮੇ ਸਮੇਂ ਤਕ ਸਕੂਲੀ ਵਿਦਿਆਰਥੀਆਂ ਨੂੰ ਸਿਖਿਆ ਦਾ ਖਜ਼ਾਨਾ ਵੰਡਦਾ ਰਿਹਾ ਹੈ ।।ਵਿਦਿਆਰਥੀਆਂ ਨਾਲ ਉਸਦੀ ਮੁਹੱਬਤ ਉਸਦੀਆਂ ਕਿਤਾਬਾਂ ਵਿਚ ਝਲਕਦੀ ਹੈ । ਉਹ ਚਾਹੁੰਦਾ ਹੈ ਕਿ ਪੰਜਾਬ ਦੇ ਵਿਦਿਆਰਥੀ ਮਾਂ ਬੋਲੀ ਪੰਜਾਬੀ ਦਾ ਸਿਰ ਉੱਚਾ ਕਰਨ । ਉਹ ਸਾਹਿਤ ਨਾਲ ਜੁੜਂਨ । ਕਿਉਂ ਕਿ ਸਾਹਿਤ ਨਾਲ ਜੁੜ ਕੇ ਜ਼ਿੰਦਗੀ ਵਿਚ ਸਫ਼ਲਤਾ ਦੀ ਪਉੜੀ ਆਸਾਨੀ ਨਾਲ ਚੜ੍ਹਿਆ ਜਾ ਸਕਦਾ ਹੈ । ਸਾਹਿਤ ਨਾਲੋਂ ਟੁਟਿਆਂ ਵਿਦਿਆਰਥੀ ਅਧੂਰੀ ਸ਼ਖਸੀਅਤ ਹੈ ।।ਹਥਲੀ ਕਿਤਾਬ ਵਿਚ ਉਸਦੀ ਚਾਹਤ ਹੈ ਕਿ ਸਾਡੇ ਵਿਦਿਆਰਥੀ ਕਵਿਤਾ ਲਿਖਣੀ ਸਿਖਣ ।ਤੇ ਭਵਿਖ ਦੇ ਸਾਹਿਤਕਾਰ ਬਣ ਕੇ ਪੰਜਾਬੀ ਮਾਂ ਬੋਲੀ ਨੂੰ ਰੌਸ਼ਨ ਕਰਨ । ਬਦਕਿਸਮਤੀ ਨਾਲ ਪੰਜਾਬ ਵਿਚ ਪੰਜਾਬੀ ਨਾਲ ਮੋਹ ਘਟ ਰਿਹਾ ਹੈ । ਕਾਰਨ ਬਹੁਤ ਹਨ ।
ਸਾਡੇ ਕੁਝ ਨਿਜੀ ਪੱਧਰ ਦੇ ਸਕੂਲ ਬੱਚਿਆਂ ਨੂੰ ਪੰਜਾਬੀ ਵਿਚ ਸਿਖਿਆ ਦੇਣ ਤੋਂ ਪਾਸਾ ਵਟ ਗਏ ਹਨ । ਹੋਰ ਜ਼ਬਾਨਾਂ ਹਿੰਦੀ ਅੰਗਰੇਜ਼ੀ ਨੂੰ ਪਹਿਲ ਦੇ ਕੇ ਪੰਜਾਬੀ ਨੂੰ ਪਿਛੈ ਪਾਇਆ ਜਾ ਰਿਹਾ ਹੈ ।
ਕੁਝ ਪਬਲਿਕ ਸਕੂਲ ਤਾਂ ਪੰਜਾਬੀ ਵਿਚ ਗੱਲਬਾਤ ਕਰਨ ਤੇ ਵੀ ਰੋਕਾਂ ਲਾਉਂਦੇ ਹਨ ਇਸ ਕਿਸਮ ਦੀ ਚਰਚਾ ਆਮ ਅਖਬਾਰਾਂ ਵਿਚ ਹੁੰਦੀ ਹੈ ।ਸਿਤਮ ਇਹ ਹੈ ਕਿ ਇਹ ਸਾਰਾ ਕੁਝ ਪੰਜਾਬ ਸਰਕਾਰ ਦੇ ਨੱਕ ਹੇਠ ਹੋ ਰਿਹਾ ਹੈ। ਹੁਣੇ ਜਿਹੇ ਖੌਲ੍ਹੇ ਗਏ ਐਮੀਨੈਂਟ ਸਕੂਲ ਅਠਵੀਂ ਪਾਸ ਵਿਦਿਆਰਥੀ ਨੂੰ ਯੋਗਤਾ ਟੈਸਟ ਲੈ ਕੇ ਨੌਵੀ ਵਿਚ ਦਾਖ਼ਲ ਕਰਦੇ ਹਨ ।ਜਦ ਕਿ ਪਹਿਲਾ ਚਲਦੇ ਆਮ ਸਰਕਾਰੀ ਸਕੂਲਾਂ ਵਿਚ ਅਠਵੀ ਪਾਸ ਹਰੇਕ ਬੱਚਾ ਨੌਵੀਂ ਵਿਚ ਦਾਖ਼ਲ ਹੁੰਦਾ ਸੀ । ਸਰਕਾਰੀ ਨੀਤੀ ਵਿਚ ਅਠਵੀਂ ਵੀ ਹਰੇਕ ਨੂੰ ਪਾਸ ਕਰਾਈ ਜਾਂਦੀ ਰਹੀ ਹੈ । ਖੈਰ ਇਹੋ ਜਿਹੀਆ ਸਥਿਤੀਆਂ ਵਿਚ ਹਥਲੀ ਕਿਤਾਬ ਹਨੇਰੇ ਵਿਚ ਰੌਸ਼ਨੀ ਪੈਦਾ ਕਰਨ ਵਾਲੀ ਕਿਤਾਬ ਹੈ। ਪੁਸਤਕ ਦੀ ਭੂਮਿਕਾ ਮੋਗੇ ਦੇ ਪ੍ਰਸਿਧ ਹਾਸ ਵਿਅੰਗ ਸਾਹਿਤਕਾਰ ਕੇ ਐਲ ਗਰਗ ਨੇ ਲਿਖੀ ਹੈ । ਭੂਮਿਕਾ ਵਿਚ ਕਿਤਾਬ ਦੇ ਲੇਖਕ ਬਾਰੇ ਬੇਸ਼ਕੀਮਤੀ ਸ਼ਬਦ ਲਿਖੇ ਹਨ । ਕਹਾਣੀਕਾਰ ਗੁਰਮੀਤ ਕੜਿਆਲਵੀ ਨੇ ਪੁਸਤਕ ਲੇਖਕ ਨੂੰ ਮੋਗੇ ਦਾ ਸਭ ਤੋਂ ਵਡੀ ਉਮਰ ਦਾ ਦਾਨਿਸ਼ਵਰ ਲੇਖਕ ਕਿਹਾ ਹੈ।। ਵਿਸ਼ੇਸ਼ਤਾ ਇਹ ਹੈ ਕੀ ਕਿਤਾਬ ਵਿਚ ਇਕ ਛੋਟੀ ਜਿਹੀ ਪਰਚੀ ਹਥ ਨਾਲ ਲਿਖਕੇ ਲਾਈ ਹੈ ----- ਇਹ ਪੁਸਤਕ 25 ਸਕੂਲਾਂ ਦੇ 125 ਵਡੇ ਵਿਦਿਆਰਥਿਆਂ ਨੂੰ ਵੰਡੀ ਜਾਣੀ ਹੈ ਕਵਿਤਾ ਦੀ ਜਾਗ ਲਾਉਣ ਵਾਸਤੇ ----। ਅਜੋਕੇ ਪਦਾਰਥ ਵਾਦੀ ਸਮੇਂ ਵਿਚ ਲੇਖਕ ਦੇ ਇਸ ਉਪਰਾਲੇ ਦੀ ਪ੍ਰਸੰਸਾ ਕਰਨੀ ਬਣਦੀ ਹੈ ਤੇ ਲੇਖਕ ਦਾ ਕਿਤਾਬ ਲਿਖਣ ਦਾ ਮੰਤਵ ਵੀ ਆਪਣੇ ਆਪ ਸਪਸ਼ਟ ਹੋ ਜਾਂਦਾ ਹੈ । ਇਹ ਹੈ ਮਾਂ ਬੋਲੀ ਪੰਜਾਬੀ ਦੀ ਸੇਵਾ ਦਾ ਅਮਲੀ ਰੂਪ । ਆਓ! ਹੁਣ ਵੇਖੀਏ ਕਿ ਲੇਖਕ ਨੇ ਕਵਿਤਾ ਦੀ ਸਿਖਲਾਈ ਕਿਵੇਂ ਦਿਤੀ ਹੈ । ਲੇਖਕ ਦਾ ਕਥਨ ਹੈ ---ਹਰ ਬੱਚਾ ਕਵੀ ਹੈ । ਬੱਚੇ ਆਮ ਵਰਖਾ ਰੁਤ ਦਾ ਗੀਤ ਗਾਉਂਦੇ ਹਨ ---ਰੱਬਾ ਰੱਬਾ ਮੀਂਹ ਵਸਾ, ਸਾਡੀ ਕੋਠੀ ਦਾਣੇ ਪਾ ।ਬੱਚਿਆ ਦੀ ਖੇਡ ਹੈ---- ਤੂੰ ਕਹਿ ਗਲਾਸ ।: ਗਲਾਸ ----ਤੂੰ ਫੇਲ੍ਹ ਮੈਂ ਪਾਸ । ਅਗਲੀ ਮਿਸਾਲ ----ਆਈਏ ਆਈਏ, ਪੈਸ਼ਾ ਕਢ ਜਲੇਬੀ ਖਾਈਏ । ਕਿਤਾਬ ਵਿਚ ਇਹ ਮਿਸਾਲਾਂ ਵਿਦਿਆਰਥੀਆ ਨੂੰ ਸੰਬੋਧਿਤ ਹੋ ਕੇ ਲਿਖੀਆਂ ਹਨ । ਲੇਖਕ ਪਿਆਰੇ ਵਿਦਿਆਰਥੀਆਂ ਨੂੰ ਹਲਾਸ਼ੇਰੀ ਦਿੰਦਾ ਹੈ ---ਕਵਿਤਾ ਲਿਖਣੀ ਔਖਾ ਕੰਮ ਨਹੀਂ। ਕੋਸ਼ਿਸ਼ ਜ਼ਰੂਰ ਕਰਿਓ। ।ਕਵੀ ਜੋਧ ਸਿੰਘ ਇਸ ਕੰਮ ਲਈ ਬੱਚਿਆਂ ਨੂੰ ਇਕ ਡਾਇਰੀ ਲਾਉਣ ਲਈ ਕਹਿੰਦਾ ਹੈ –ਜਿਸ ਵਿਚ ਵਿਦਿਆਰਥੀ ਇਕੋ ਸੁਰ ਵਾਲੇ ਸ਼ਬਦ ਲਿਖ ਲੈਣ ।ਜਿਵੇਂ ਬਾਈ, ਸਫਾਈ, ਲਿਖਾਈ, ਖੁਦਾਈ ,ਸਚਾਈ, ਲੜਾਈ ,ਰਜਾਈ ਦਵਾਈ ,ਆਦਿ । ਉਸਦੀ ਪਹਿਲੀ ਕਵਿਤਾ ਦੀ ਸਾਦਗੀ ਵੇਖੋ ---ਕਾਕਾ ਸਾਡਾ ਬੜਾਂ ਹੀ ਬੀਬਾ /ਦੇਖਣ ਨੂੰ ਸਭ ਤੋਂ ਨਿਆਰਾ ਹੈ / ਚੁੱਕਣ ਨੂੰ ਸਭ ਦਾ ਜੀ ਕਰਦਾ /ਗੁਗਲੂ ਐਨਾ ਪਿਆਰਾ ਹੈ। ਇਸ ਤਰਾ ਦੀ ਤੁਕਬੰਦੀ ਸਾਰੀ ਕਵਿਤਾ ਵਿਚ ਹੈ ।ਇਸ ਨਾਲ ਬੱਚੇ ਅੰਦਰਲੇ ਜਜ਼ਬਾਤ ਬਾਹਰ ਆਉਂਦੇ ਹਨ । ਇਹ ਸਾਰਾ ਕੰਮ ਅਭਿਆਸ ਅਤੇ ਲਗਨ ਦਾ ਹੈ । ਇਸੇ ਕਵਿਤਾ ਵਿਚ ਇਕ ਤਸਵੀਰ ਹੈ ਜਿਸ ਉਤੇ ਲਿਖਿਆ ਹੈ ---- ਚੋਰ ਮੋਰ ਹੋਰ ਤੋਰ ਜੋਰ ਲੋਰ /ਮਾਈ ਤਾਈ ਲਾਈ ਬਾਈ ਲੜਾਈ ਸਫਾਈ । ਇਹ ਡਾਇਰੀ ਦਾ ਇਕ ਪੰਨਾ ਹੈ । ਕਵਿਤਾ ਮੇਰਾ ਅਧਿਆਪਕ ---- ਦੁਨੀਆਂ ਵਿਚ ਮਹਾਨ /ਜੇ ਹੈ ਕੋਈ ਇਨਸਾਨ /,ਜਿਸ ਦੀ ਉੱਚੀ ਸ਼ਾਂਨ /ਉਹ ਮੇਰਾ ਅਧਿਆਪਕ ਹੈ । ਇਹੋ ਜਿਹੀ ਮੁਢਲੀ ਤੁਕਬੰਦੀ ਕਵਿਤਾ ਲਿਖਣ ਦਾ ਅਭਿਆਸ ਹੈ।
ਕਿਤਾਬ ਦੀਆਂ ਸਾਰੀਆਂ ਕਵਿਤਾਵਾਂ ਵਿਦਿਆਰਥੀ ਦੇ ਆਲੇ ਦੁਆਲ਼ੇ ਵਿਚੋਂ ਹਨ । ਅਠਵੀਂ ਤੋਂ ਬਾਰਵੀ ਤਕ ਦੇ ਵਿਦਿਆਰਥੀ ਲਿਖ ਸਕਦੇ ਹਨ । ਇਕ ਵਾਰੀ ਜਾਗ ਲਗ ਗਈ । ਫੇਰ ਸਾਰੀ ਉਮਰ ਬੱਚਾ ਯਾਦ ਰਖਦਾ ਹੈ। ਲੇਖਕ ਦੀਆਂ ਹੋਰ ਕਵਿਤਾਵਾਂ ਹਨ ---ਮੋਰ ,ਭਾਰਾ ਬਸਤਾ ,ਪਹੀਆ ,ਮਤੀਰਾ, ਬਦੱਲ ,ਸਾਡੀ ਬੁਲਬੁਲ, ਕੁਦਰਤ ਬੀਬੀ, ਆਲੂ ਬਾਈ ,ਬਿਜੜੈ ਦਾ ਘਰ , ਮਟਰ, ਤਿਤਲੀਆ, ਬਰਖਾ ਆਈ, ਗੁਲਮੋਹਰ ਲਾਓ ,,ਫੋਟੋ ਕੈਪਸ਼ਨ, ਬੁਝਾਰਤਾਂ । ਇਸ ਕਿਸਮ ਦੀਆਂ ਛੋਟੀਆਂ ਕਵਿਤਾਵਾਂ ਅਖਬਾਰਾਂ ਦੇ ਬਾਲ ਪੰਨਿਆਂ ਤੇ ਆਮ ਛਪਦੀਆਂ ਹਨ। ਜੇਕਰ ਸਕੂਲ ਦੇ ਅਧਿਆਪਕ ਵੀ ਇਸ ਪਾਸੇ ਰੁਚੀ ਲੈਣ ਤਾਂ ਵਿਦਿਆਰਥੀ ਆਸ਼ਾਨੀ ਨਾਲ ਕਵਿਤਾ ਲਿਖ ਸਕਦੇ ਹਨ । ਬਾਲ ਸਾਹਿਤਕਾਰ ਜਸਪ੍ਰੀਤ ਜਗਰਾਓਂ , ਬਲਜਿੰਦਰ ਮਾਨ ਤੇ ਹੋਰ ਕਈ ਬਾਲ ਸਾਹਿਤਕਾਰ ਇਹੋ ਜਿਹੇ ਕਈ ਤਜ਼ਰਬੇ ਅਕਸਰ ਕਰਦੇ ਹਨ । ਕੁਝ ਬਾਲ ਸੰਸਥਾਵਾਂ ਵੀ ਇਸ ਪਾਸੇ ਕੰਮ ਕਰ ਰਹੀਆਂ ਹਨ ।“ ਤਾਰੇ ਭਲਕ ਦੇ “ਸੰਸਥਾਂ (ਪਟਿਆਲਾ ) ਇਹ ਕੰਮ ਕਰ ਰਹੀ ਹੈ । ਇਹ ਕਿਤਾਬ ਅਧਿਆਪਕ ,ਵਿਦਿਆਰਥੀ ਤੇ ਨਵੀਆਂ ਕਲਮਾਂ ਖਾਸ ਕਰਕੇ ਲਈ ਮਾਰਗ ਦਰਸ਼ਕ ਹੈ ਕਿਤਾਬ ਦੇ ਮਹੱਤਵ ਨੂੰ ਸਮਝਦੇ ਹੋਏ ਪੰਜਾਬ ਦੇ ਸਾਰੇ ਸਕੂਲਾਂ ( ਸਰਕਾਰੀ ਗੈਰਸਰਕਾਰੀ ) ਵਿਚ ਕਿਤਾਬ ਜਾਣੀ ਚਾਹੀਦੀ ਹੈ ਬਜ਼ੁਰਗ ਲੇਖਕ ਦੀਆਂ ਆਂਸਾਂ ਨੂੰ ਬੂਰ ਜ਼ਰੂਰ ਪਵੇਗਾ। ਅਜਿਹੀ ਮੇਰੀ ਆਸ ਹੈ । ਕਵਿਤਾ ਸਿਰਜਨਾ ਦੇ ਇਸ ਕਾਰਜ ਨੂੰ ਲਹਿਰ ਬਨਾਉਣ ਦੀ ਲੋੜ ਹੈ। ਜੋਧ ਸਿੰਘ ਮੋਗਾ ਨੇ ਵਿਦਿਆਰਥੀਆਂ ਨੂੰ ਨਵੀ ਸੁਗਾਤ ਦੇ ਦਿਤੀ ਹੈ। ਅਗੇ ਅਧਿਆਪਕਾਂ ਤੇ ਵਿਦਿਆਰਥੀਆ ਦਾ ਕੰਮ ਹੈ ।