ਗਰੀਨ ਦੀਵਾਲੀ ਮਨਾਉਣ ਦਾ ਹੋਕਾ (ਖ਼ਬਰਸਾਰ)


ਲੁਧਿਆਣਾ : ਸ਼ਨਿੱਚਰਵਾਰ ਨੂੰ ਸਿਰਜਣਧਾਰਾ ਸਾਹਿਤਕ ਸੰਸਥਾ ਮਹੀਨਾਵਾਰ ਮੀਟਿੰਗ ਡਾ ਗੁਰਚਰਨ ਕੌਰ ਕੋਚਰ ਦੀ ਪ੍ਰਧਾਨਗੀ ਹੇਠ ਪੰਜਾਬੀ ਭਵਨ ਵਿਖੇ ਹੋਈ। ਮੀਟਿੰਗ ਦੇ ਸ਼ੁਰੂ ਵਿੱਚ ਪ੍ਰਧਾਨ ਕੋਚਰ ਨੂੰ ਸਾਹਿਤ ਸਭਾ ਬਰਨਾਲਾ ਵੱਲੋਂ 3 ਨਵੰਬਰ ਨੂੰ ਪ੍ਰਦਾਨ ਕੀਤੇ ਜਾ ਰਹੇ ਕਰਨਲ ਭੱਠਲ ਕਲਾਕਾਰ ਸਨਮਾਨ 2024 ਦੀਆਂ ਮੁਬਾਰਕਾਂ ਦਿੱਤੀਆਂ ਗਈਆਂ। ਇਸ ਮੀਟਿੰਗ ਵਿੱਚ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਾਬਕਾ ਜਨਰਲ ਸਕੱਤਰ ਤਾ ਗੁਰਇਕਬਾਲ ਸਿੰਘ ਅਤੇ ਉੱਘੇ ਨਾਵਲਿਸਟ ਐਡਵੋਕੇਟ ਮਿੱਤਰ ਸੈਨ ਮੀਤ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਉਨ੍ਹਾਂ ਕਿਹਾ ਕਿ ਸਾਨੂੰ ਵਾਤਾਵਰਣ ਸੰਭਾਲ ਸਬੰਧੀ ਆਪਣੀਆਂ ਕਵਿਤਾਵਾਂ ਅਤੇ ਗੀਤਾਂ ਰਾਂਹੀ ਲੋਕਾਈ ਨੂੰ ਵੱਧ ਤੋਂ ਵੱਧ ਜਾਗਰੂਕ ਕਰਨਾ ਚਾਹੀਦਾ ਹੈ। ਉਨ੍ਹਾਂ ਚੰਗਾ ਸਾਹਿਤ ਪੜ੍ਹਨ ਅਤੇ ਲਿਖਣ ਦੀ ਸਲਾਹ ਵੀ ਦਿੱਤੀ।
ਕਹਾਣੀਕਾਰਾ ਇੰਦਰਜੀਤਪਾਲ ਕੌਰ, ਲੇਖਕ ਚਰਨਜੀਤ ਸਿੰਘ, ਗੁਰਦੀਪ ਸਿੰਘ ਅਤੇ ਰਣਜੀਤ ਸਿੰਘ ਨੇ ਸਾਂਝੇ ਤੌਰ ਤੇ ਕਿਹਾ ਕਿ ਸਾਨੂੰ ਸਾਡਾ ਆਲਾ ਦੁਆਲਾ ਸਾਫ਼ ਸੁੱਥਰਾ ਰੱਖਣ ਦੇ ਲਈ ਖੁਦ ਪਹਿਲ ਦੇ ਅਧਾਰ ਤੇ ਯਤਨ ਕਰਨਾ ਹੋਵੇਗਾ, ਇਸ ਨੂੰ ਇੱਕ ਮੁਹਿੰਮ ਬਣਾ ਕੇ ਸੇਵਾ ਤੌਰ ਤੇ ਸਭਨਾਂ ਨੂੰ ਸ਼ਾਮਿਲ ਕਰਨਾ ਹੋਵੇਗਾ ਅਤੇ ਚਾਰ ਚੁਫੇਰੇ ਨਵੇਂ ਰੁੱਖ ਲਗਾ ਕੇ ਹਰਾ ਭਰਾ ਕਰਨ ਦਾ ਅਹਿਦ ਕਰਨਾ ਚਾਹੀਦਾ ਹੈ। ਇਸ ਨਾਲ ਵਾਤਾਵਰਣ ਤਾਂ ਸ਼ੁੱਧ ਹੋਵੇਗਾ ਹੀ ਤੇ ਸਾਡਾ ਜੀਵਨ ਵੀ ਖੁਸ਼ਹਾਲ ਹੋਵੇਗਾ। ਉਪਰੰਤ ਹੋਏ ਕਵੀ ਦਰਬਾਰ ਦੀ ਸ਼ੁਰੂਆਤ ਡਾ.ਕੋਚਰ ਨੇ ਗ਼ਜ਼ਲ ਕੰਕਰੀਟ ਦੇ ਜੰਗਲ ਹੁਣ ਤਾਂ ਥਾਂ ਥਾਂ ਅਸੀਂ ਬਣਾ ਦਿੱਤੇ ਨੇ ਦੇ ਨਾਲ ਕੀਤੀ। ਡਾ ਗੁਰਇਕਬਾਲ ਨੇ ਜ਼ਿੰਦਗੀ ਮੌਤ ਤੋਂ ਪਹਿਲਾਂ ਹੈ ਨਕਾਰਦੀ ਆਈ ਹੈ ਦੁਨੀਆਂ, ਉੱਘੇ ਕਵੀ ਤਰਲੋਚਨ ਲੋਚੀ ਨੇ ਆਪਣੀਆਂ ਚੋਣਵੀਆਂ ਗ਼ਜ਼ਲਾਂ ਅਤੇ ਕਵਿਤਾਵਾਂ ਨਾਲ ਚੰਗਾ ਰੰਗ ਬੰਨ੍ਹਿਆ। ਸਭਾ ਦੇ ਜਨਰਲ ਸੈਕਟਰੀ ਅਮਰਜੀਤ ਸ਼ੇਰਪੁਰੀ ਨੇ ਗੀਤ ਤੂੰ ਚਿੰਤਾ ਨਾਂ ਕਰ ਸੱਜਣਾਂ ਉਹ ਦਿਨ ਦੂਰ ਨਹੀਂ, ਬੁੱਧ ਸਿੰਘ ਨੀਲੋਂ ਨੇ ਕਹਾਣੀ ਥੱਲੀਆਂ ਚੁੱਗਦੀ ਮਾਂ ਪੇਸ਼ ਕਰਕੇ ਮਾਹੌਲ ਗ਼ਮਗੀਨ ਕਰ ਦਿੱਤਾ। ਹਰਬੰਸ ਮਾਲਵਾ ਨੇ ਕਿਉਂ ਨਸ਼ਿਆਂ ਵਿੱਚ ਉਡਾਉਨਾਂ ਏਂ ਜੋ ਪਿਓ ਨੇ ਕਰੀ ਕਮਾਈ, ਪਰਮਿੰਦਰ ਅਲਬੇਲਾ ਨੇ ਝੂਠੀ ਤੇਰੀ ਹਸਤੀ ਤੇ ਝੂਠੀ ਤੇਰੀ ਸ਼ਾਨ ਏਂ, ਸੁਰਜੀਤ ਲਾਂਬੜਾਂ ਨੇ ਗੀਤ ਦਿਵਾਲੀ ਜੋ ਸਭਨਾਂ ਦੇ ਲਈ ਖੁਸ਼ੀ ਦਾ ਤਿਉਹਾਰ ਹੈ, ਸੁਰਜੀਤ ਅਲਬੇਲਾ ਨੇ ਵਿੱਚ ਅੰਧਕਾਰਾਂ ਬੰਦਾ ਫਸਿਆ ਕਿਉਂ ਜਿੱਤੀ ਬਾਜ਼ੀ ਹਾਰ ਰਿਹਾ, ਸਤਨਾਮ ਸਿੰਘ ਕੋਮਲ, ਸੁਰਿੰਦਰ ਦੀਪ ਕਹਾਣੀਕਾਰਾ, ਸੰਪੂਰਨ ਸਨਮ, ਸਤਨਾਮ ਸਿੰਘ ਗਹਿਲੇ, ਸਾਹਨੇਵਾਲ, ਮਲਕੀਤ ਮਾਲੜਾ ਆਦਿ ਨੇ ਦਿਲ ਟੁੰਬਮੀਆਂ ਰਚਨਾਵਾਂ ਨਾਲ ਭਰਪੂਰ ਹਾਜ਼ਰੀ ਲਵਾਈ। ਅੰਤ ਵਿੱਚ ਪ੍ਰਧਾਨ ਡਾ ਗੁਰਚਰਨ ਕੌਰ ਕੋਚਰ ਨੇ ਸਭ ਦਾ ਧੰਨਵਾਦ ਕੀਤਾ।