ਵੋਟਾਂ ਆਲੇ (ਮਿੰਨੀ ਕਹਾਣੀ)

ਮਨਦੀਪ ਸਿੰਘ   

Cell: +91 95172 22420
Address: ਪਿੰਡ ਤੇ ਡਾਕ ਖ਼ਾਨਾ: ਅਬਲੂ
ਬਠਿੰਡਾ India
ਮਨਦੀਪ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕਿਵੇਂ ਆਂ ਸੇਮਿਆਂ,ਪਤੰਦਰਾ ਅੱਸੂ ਅੱਧਾ ਟੱਪਣ ਆਲਾ ਹਾਲੇ ਗਰਮੀਂ ਆਲੇ ਵੱਟ ਕੜਾਈ ਆਉਣਾਂ ਜਰ!"ਸੱਥ ਵਿੱਚ ਆਉਦਿਆਂ ਸਾਰ ਹੀ ਤਾਏ ਬਿਸ਼ਨੇ ਨੇ ਬਖਤੌਰੇ ਕੇ ਸੇਮੇ ਨੂੰ ਟਕੋਰ ਮਾਰੀ।
 "ਓ ਕਾਹਨੂੰ ਚਾਚਾ! ਆਪਾਂ ਕਾਹਨੂੰ ਕਰਾਈ ਆ ਗਰਮੀਂ, ਗਰਮੀਂ ਤਾਂ ਆਹ ਵੋਟਾਂ ਆਲੇ ਕਰਾਈ ਆਉਦੇ ਆ,,,ਸੇਮੇ ਨੇ ਆਪਣੇ ਵੱਲ ਆਉਦੀ ਗੱਲ ਬੋਚਦੇ ਨੇ ਕਿਹਾ।
 ਹਲਾ! ਪਿੰਡ ਦੇ ਦੋਨੇ ਸਿਰਿਆਂ ਤੇ ਮਘਦਾ ਖਾੜਾ ਪੂਰਾ ਤਾਇਆ ਸ਼ਾਮਾਂ ਨੂੰ... ਪੂਰੀਆਂ ਰੌਣਕਾਂ ਹੁੰਦੀਆਂ ਆ... ਕੇਰਾਂ ਤਾ ਐ ਲੱਗਦਾ ਜਿਮੇਂ ਮੇਲਾ ਲੱਗਿਆ ਹੁੰਦਾ ਜਰ ਪਿੰਡ 'ਚ," ਕੋਲ ਟੇਢੀ ਇੱਟ ਤੇ ਬੈਠਾ ਜੀਤਾ ਪੂਰੇ ਚਾਅ ਚ ਬੋਲਿਆ।
ਹਾਂ ਉਹ ਤਾਂ ਹੈ ਜੀਤਿਆ... ਸੁਣੀਂਦਾ ਕਹਿੰਦੇ ਰੋਜ ਦਾ ਲੱਖ ਲੱਗਦਾ ਦੋਨਾਂ ਦਾ... ਵੋਟਾਂ ਤੱਕ ਇੱਕ ਜਣਾ ਵੀਹ ਆਲੀ ਸੂਈ ਪਾਰ ਕਰ ਜੂ... ਕਿ ਨਹੀਂ???" ਬਿਸ਼ਨੇ ਸੁਆਲੀਆ ਜੇ ਲਹਿਜੇ ਚ ਪੁੱਛਿਆ।
"ਓ ਕਰਾ ਦਾਂਗੇ ਚਾਚਾ .. ਮਸਾਂ ਸੂਤ ਆਏ ਜਰ..,"ਜੀਤੇ ਨੇ ਫਿਰ ਟਕੋਰ  ਜੀ ਮਾਰੀ।
ਤਾਇਆ ਖਰੀਦਣੀਆਂ ਵੀ ਪੈਂਦੀਆਂ ਵੋਟਾਂ... ਪੰਜ ਲੱਖ ਤਾਂ ਓਦਣ ਈ ਵੋਟਾਂ ਤੋਂ ਇੱਕ ਦਿਨ ਪਹਿਲਾਂ ਆਲੀ ਰਾਤ ਈ ਲੱਗ ਜਾਂਦਾ ਭਰਾਵਾ" ਸੇਮੇ ਨੇ ਜਿਵੇਂ ਕੋਈ ਪੁਰਾਣਾ ਤਜਰਬਾ ਸਾਂਝਾ ਕਰਦੇ ਨੇ ਕਿਹਾ।
     "ਓ ਨਾ ਬਾਈ ਆਪਾਂ ਈ ਕਮਲੇ ਆ!  ਜੇ ਇੱਕ ਦਾ ਜੇ ਪੰਝੀ ਲੱਖ ਲੱਗਦਾ ਤੇ ਦੋਹਾਂ ਦਾ ਪੰਜਾਹ ਲੱਗ ਜੂ.. ਤੇ ਜੇ ਸਿਆਣੇ ਹੋਣ ਤਾਂ ਦੋਹਾਂ ਤੋ ਵੀਹ ਵੀਹ ਲੱਖ ਸਾਂਝੇ ਥਾਂ ਰੱਖਾ ਲੈਣ ਤੇ ਦੋ ਦੋ ਲੱਖ ਬੰਬਰਾਂ ਤਾਂ ਲੈਣ ... ਬੰਬਰਾਂ ਦਾ ਸਰਮ ਸਮਤੀ ਜੀ ਕਰਾ ਦੇਣ ਤੇ ਸਰਪੰਚੀ ਢਾਈ ਢਾਈ ਸਾਲੀ ਦੋਨਾਂ ਨੂੰ ਕਰ ਲੈਣ ਦੇਣ.. ਪੰਜਾਹ ਲੱਖ ਦਾ ਕੋਈ ਗਰਾਊਂਡ ਗਰੂਂਡ ਜਾ ਕੁਸ ਹੋਰ ਬਣਾ ਲੈਣ ਪਿੰਡ ਚ ... ਵੀਹ ਲੱਖ ਦੀ ਦਾਰੂ ਪੀ ਕੇ ਵੀ ਆ ਜੀਤੇ ਅਰਗਿਆਂ  ਨੇ ਮੂਤਣਾਂ ਈ ਆ.." ਪਰਲੇ ਫੱਟੇ ਤੇ ਬੈਠੇ ਤੇਜੇ ਕਲੇਸੀ ਨੇ ਚੱਲਦੀ ਹੱਲ ਚ ਗੰਭੀਰਤਾ ਲਿਆਉਦੇ ਨੇ ਗੱਲ ਰੱਖੀ,,
 ਜਾ ਓਏ ਤੁਰਜਾ,ਆ ਹੇਠ ਰੱਖੀ ਆਹ ਇੱਟ ਈ ਮਾਰੂੰ ਮੇਰੇ ਸਾਲਕੜੇ ਦੇ ਸਿਰ ਚ... ਵੱਡਾ ਸਿਆਣਾ ਆ ਗਿਆ ਤੂੰ... ਨਾ ਦੁਨੀਆਂ ਕਮਲੀ ਈ ਆ ਤੂੰ ਸਿਆਣਾ... ਅਗਲੇ ਮਾਣ ਤਾਣ ਨਾਲ ਸੱਦਦੇ ਆ... ਤਾਂ ਜਾਈਦਾ.. ਤੈਨੂੰ ਨਹੀ ਸੱਦਦਾ ਮਲੰਗ ਨੂੰ ਕੋਈ... ਆਹੀ ਗੱਲਾਂ ਕਰਕੇ ਤਾਂ ਪਿੰਡ ਚ ਥੋਡੇ ਟੱਬਰ ਨੂੰ ਮੂਰਖ ਕਹਿੰਦੇ ਆ... ਚੱਜ ਦੀ ਗੱਲ ਇੱਕ ਨਹੀ ਆਉਦੀ...  ਜੀਤੇ ਨੇ ਪੂਰੇ ਰੋਹਬ ਤੇ ਤਲਖੀ ਨਾਲ ਤੇਜੇ ਵੱਲ ਹੁੰਦੇ ਨੇ ਕਿਹਾ ਪਰ ਕੋਲ ਬੈਠੇ ਬਿਸ਼ਨੇ ਨੇ ਉਹਨੂੰ ਬਾਂਹ ਫੜ ਬਿਠਾਉਦੇ ਰੋਕਿਆ ਤੇ ਸੇਮੇ ਨੇ ਤੇਜੇ ਨੂੰ ਸੈਨਤ ਮਾਰ ਕੇ ਬਹਿਣ ਲਈ ਕਿਹਾ ਤੇ ਹੁੰਦੀ ਹੁੰਦੀ ਲੜਾਈ ਟਲ ਗਈ।
ਕੋਲ ਬੱਸ ਦੀ ਉਡੀਕ ਚ ਖੜਾ ਮੈਂ ਓਦੋਂ ਦਾ ਖੜਾ ਸਭ ਦੀਆਂ ਗੱਲਾਂ ਸੁਣ ਰਿਹਾ ਸੀ ਤੇ ਆਹ ਹੁਣ ਤੇਜੇ ਤੇ ਜੀਤੇ ਦੀ ਤਲਖੀ ਵੇਖ ਹੁਣ ਸੋਚ ਰਿਹਾ ਸੀ ਕਿ ਤੇਜੇ ਨੇ ਗੱਲ ਤਾਂ ਸਹੀ ਕਹੀ ਆ ਪਰ ਸ਼ਾਇਦ ਕਹਿ ਗਲਤ ਵੇਲੇ ਗਲਤ ਬੰਦਿਆ ਕੋਲ ਦਿੱਤੀ …।