ਅੱਧੇ ਪੌਣੇ ਹੋਏ ਹਾਂ ਅਸੀਂ ਬਿਨ ਸੱਜਣ ।
ਕੱਲ੍ਹੇ ਬਹਿ ਕੇ ਰੋਏ ਹਾਂ ਅਸੀਂ ਬਿਨ ਸੱਜਣ ।
ਸੱਜਣ ਆਏ ਤੋਂ ਮੁਸਕਾਨਾਂ ਆਉਣਗੀਆਂ,
ਰਹਿੰਦੇ ਖੋਏ ਖੋਏ ਹਾਂ ਅਸੀਂ ਬਿਨ ਸੱਜਣ ।
ਮਾਰ ਮੁਹੱਬਤ ਦੀ ਇਹ ਕੈਸੀ ਪੈ ਗਈ ਹੈ,
ਸੱਚ ਮੁੱਚ ਹੀ ਅੱਧਮੋਏ ਹਾਂ ਅਸੀਂ ਬਿਨ ਸੱਜਣ ।
ਕਿੱਦਾਂ ਕਿੱਦਾਂ ਰਾਤਾਂ ਕਿੱਦਾਂ ਦਿਨ ਬੀਤਣ,
ਕਿੱਦਾਂ ਦੇ ਅਸੀਂ ਹੋਏ ਹਾਂ ਅਸੀਂ ਬਿਨ ਸੱਜਣ ।
ਲਾਰਾ ਲਾ ਕੇ ਤੁਰ ਗਿਆ ਸੱਜਣ 'ਆਇਆ ਮੈਂ',
ਅੱਧੇ ਪਾਗਲ ਹੋਏ ਹਾਂ ਅਸੀਂ ਬਿਨ ਸੱਜਣ ।
ਸੁਪਨੇ ਦੇ ਵਿੱਚ ਆਵੇ ਜੇ ਕਰ ਸੌਂ ਜਾਈਏ,
ਸੌਣਾ ਹੀ ਭੁੱਲੇ ਹੋਏ ਹਾਂ ਅਸੀਂ ਬਿਨ ਸੱਜਣ ।
ਸੱਜਣ ਦਾ ਕੋਈ ਪਤਾ ਬਹੋਨੇ ਨੂੰ ਦੱਸੋ,
ਹੰਝੂ ਹਾਰ ਪਰੋਏ ਹਾਂ ਅਸੀਂ ਬਿਨ ਸੱਜਣ ।