ਟੁੱਟੇ ਫੁੱਟੇ ਲਫ਼ਜ਼ਾਂ ‘ਚ ਕਰਦਾਂ ਬੇਨੰਤੀ ਪ੍ਰਭੂ,
ਢੰਗ ਮਰਯਾਦਾ ਨਾ ਤਰੀਕਾ ਕੋਈ ਖਾਸ ਜੀ
ਪਰ, ਪੂਰਨ ਭਰੋਸਾ ਰੱਖਾਂ ਦ੍ਰਿੜ ਵਿਸ਼ਵਾਸ ਜੀ,
ਅਦਬ ਤੇ ਪ੍ਰੇਮ ਨਾਲ ਕਰਾਂ ਅਰਦਾਸ ਜੀ
ਤਨ ਮਨ ਧਨ ਸਭ ਤੇਰਾ ਹੀ ਹੈ ਦਾਤਾ ਜੀਓ,
ਦੁੱਖ ਸੁੱਖ ਸਮੇਂ ਸਿਰ ਨੀਤਾਂ ਕਰੇਂ ਰਾਸ ਜੀ
ਦਾਸ ਤੇਰੇ ਦਰ ਤੋਂ ਹਮੇਸ਼ਾ ਦਾਨ ਪਾਂਵਦਾ ਏ,
ਜੋ ਵੀ ਤਨ ਮਨ ਨੇ ਚਿਤਾਰੀ ਭੁੱਖ ਪਿਆਸ ਜੀ
ਪੰਜੇ ਹੀ ਵਿਕਾਰ ਤਜਿ ਪੰਜੇ ਗੁਣ ਝੋਲੀ ਪਾ ਦੇਹ,
ਝੂਠ ਲੋਭ ਨਿੰਦਿਆ ਦਾ ਕਰ ਦੇਵੋ ਨਾਸ ਜੀ
ਦਹ ਦਿਸ ਧਾਂਵਦੇ ਦੇ ਮਨ ਉਤੇ ਪਾਓ ਕਾਬੂ,
ਰਸਾਂ ਕਸਾਂ ਵੱਲੋਂ ਕਰ ਦੇਵਣਾ ਉਦਾਸ ਜੀ
ਰੱਬੀ ਬਾਣੀ ਸ਼ਬਦ ਹੈ ਰੂਪ ਪ੍ਰਮਾਤਮਾ ਦਾ
ਇਸੇ ਨਾਮ-ਬਾਣੀ ਵਾਲਾ ਹੋਵੇ ਅਭਿਆਸ ਜੀ
ਜਿੱਥੇ ਬੋਲ ਬਾਲਾ ਹੋਵੇ ਗੁਰੂ ਗ੍ਰੰਥ ਪਾਤਸ਼ਾਹ ਦਾ,
ਉਥੇ ਸਾਧ ਸੰਗੇ ਕਰ ਦੇਵਣਾ ਨਿਵਾਸ ਜੀ
ਦਾਨਾਂ ਵਿੱਚੋਂ ਮੁੱਖ ਦਾਨ ਨਾਮ-ਦਾਨ ਦੇਵੋ ਗੁਰੂ,
ਚੱਲਦਾ ਜੋ ਰਹੇ ਵਿੱਚ ਸੁਆਸ ਤੇ ਗਿਰਾਸ ਜੀ
ਜ਼ਿੰਦਗੀ ਦਾ ਏਹੋ ਹੀ ਮਨੋਰਥ ਹੈ ਪਿਆਰਿਆ,
ਬਿਨੈ ਪਰਵਾਣੋ ਕਰੋ ਰਿਦ ਪਰਗਾਸ ਜੀ
ਮੰਗਤੇ ਨੂੰ ਖਾਲੀ ਹੱਥ ਮੋੜੀਂ ਨਾ ਦਾਤਾਰ ਜੀਓ,
ਤੇਰੇ ਦਰ ਉਤੇ ਆਇ ਖੜਾ ਤੇਰਾ ਦਾਸ ਜੀ
ਪੂਰਨ ਭਰੋਸਾ ਰੱਖਾਂ ਦ੍ਰਿੜ ਵਿਸ਼ਵਾਸ ਜੀ,
ਅਦਬ ਤੇ “ਪ੍ਰੇਮ” ਨਾਲ ਕਰਾਂ ਅਰਦਾਸ ਜੀ