ਆਪ ਸੁਖੀ ਰਹੀਏ ਅਤੇ ਦੂਜਿਆਂ ਨੂੰ ਰਹਿਣ ਦਈਏ,
ਹੋਵੇ ਜ਼ਿੰਦਗੀ ਦਾ ਇੱਕੋ ਹੀ ਅਸੂਲ ਦੋਸਤੋ।
ਮੁੱਲ ਦਾ ਜੇ ਬੋਲੀਏ ਤਾਂ ਚੰਗਾ ਲੱਗੇ ਸਭਨਾਂ ਨੂੰ,
ਐਵੇਂ ਬੋਲੀਏ ਨਾ ਕਿਸੇ ਨੂੰ ਫਜ਼ੂਲ ਦੋਸਤੋ।
ਮਾੜੀ ਲੱਗੂ ਸਭਨਾਂ ਨੂੰ ਗੱਲ ਉਹੋ ਮੂੰਹੋਂ ਬੋਲੀ,
ਗਰ ਬੋਲੀਏ ਜੇ ਊਲ ਤੇ ਜਲੂਲ ਦੋਸਤੋ।
ਗੱਲ ਵਿੱਚ ਦਮ ਹੋਵੇ ਕਿਰਨ ਜੇ ਮੂੰਹੋਂ ਫੁੱਲ,
ਉਹੋ ਗੱਲ ਹੁੰਦੀ ਸੱਭ ਨੂੰ ਕਬੂਲ ਦੋਸਤੋ।
ਕਦੇ ਗਾਲੀ ਤੇ ਗਲੋਚ ਨਾਲ ਮੂੰਹ ਗੰਦਾ ਕਰੀਏ ਨਾ,
ਉਹੋ ਚੁੱਭਦੀ ਹੈ ਗੱਲ ਬਣ ਸੂਲ ਦੋਸਤੋ।
ਪਰਹੇ ਵਿੱਚ ਬੋਲੀਏ ਜੇ ਬਾਂਹ ਖੜੀ ਕਰਕੇ ਤੇ,
ਗੱਲ ਪਿੰਡ ਵਿੱਚ ਘੁੰਮੂ ਬਣ ਤੂਲ ਦੋਸਤੋ।
ਕਹਾਵਤ ਇਹ ਸਭਨਾਂ ਨੂੰ ਸੱਚੀ ਵੀਰੋ ਭਾਸਦੀ ਹੈ,
ਪਿਆਰਾ ਹੁੰਦਾ ਨਹੀਂ ਵਿਆਜ ਨਾਲੋਂ ਮੂਲ ਦੋਸਤੋ।
ਦੱਦਾਹੂਰ ਵਾਲਾ ਸਦਾ ਲਿਖਦਾ ਰਹੂ ਖਰੀਆਂ ਹੀ,
ਉਹ ਬਿਨਾਂ ਸੱਚ ਤੋਂ ਲਿਖੂ ਨਾ ਕਦੇ ਮੂਲ ਦੋਸਤੋ।