ਖ਼ਬਰਸਾਰ

  •    ‘ਤੂੰ ਹੱਸਦਾ ਸੁਹਣਾ ਲੱਗਦਾ ਏਂ’ ਦਾ ਲੋਕ ਅਰਪਣ / ਪੰਜਾਬੀਮਾਂ ਬਿਓਰੋ
  •    ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਹੀ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਈ ਦੀਵਾਨ ਸੋਸਾਇਟੀ ਕੈਲਗਰੀ ਵੱਲੋਂ ਕਵੀ ਦਰਬਾਰ / ਈ ਦੀਵਾਨ ਸੋਸਾਇਟੀ ਕੈਲਗਰੀ
  •    ਸਰਕਾਰੀ ਕਾਲਜ ਟਾਂਡਾ ਵਿਖੇ ਕਹਾਣੀਕਾਰ ਲਾਲ ਸਿੰਘ ਨਾਲ ਰੂਬਰੂ / ਪੰਜਾਬੀਮਾਂ ਬਿਓਰੋ
  •    ਤਰਕਸ਼ੀਲ ਬਾਲ ਨਾਵਲ " ਭੂਤਾਂ ਦੇ ਸਿਰਨਾਵੇਂ " ਲੋਕ ਅਰਪਣ / ਸਾਹਿਤ ਸਭਾ ਬਾਘਾ ਪੁਰਾਣਾ
  •    ਸਮਾਜ ਸੇਵੀ ਮਾ. ਜਗਜੀਤ ਸਿੰਘ ਬਾਵਰਾ ਦਾ ਵਿਸ਼ੇਸ਼ ਸਨਮਾਨ / ਸਾਹਿਤ ਸਭਾ ਬਾਘਾ ਪੁਰਾਣਾ
  •    ਇਕਵਾਕ ਸਿੰਘ ਪੱਟੀ ਦੀ ਪੁਸਤਕ ‘ਨਿੱਕ-ਸੁੱਕ’ ਲੋਕ ਅਰਪਣ ਹੋਈ / ਪੰਜਾਬੀਮਾਂ ਬਿਓਰੋ
  •    ਪੰਜਾਬੀ ਲੇਖਕ ਅਤੇ ਕਾਲਮਿਸਟ ਸੰਜੀਵ ਝਾਂਜੀ ਦਾ ਸਨਮਾਨ / ਪੰਜਾਬੀਮਾਂ ਬਿਓਰੋ
  • ਮਹਾਨ ਗ਼ਦਰੀ ਯੋਧਾ ਸ਼ਹੀਦ ਕਰਤਾਰ ਸਿੰਘ ਸਰਾਭਾ (ਲੇਖ )

    ਮਲਕੀਤ ਸਿੰਘ   

    Email: malkeet83.singh@gmail.com
    Cell: +91 94177 30049
    Address: ਪਿੰਡ : ਕੋਟਲੀ ਅਬਲੂ
    ਸ੍ਰੀ ਮੁਕਤਸਰ ਸਾਹਿਬ India
    ਮਲਕੀਤ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਭਾਰਤ ਦੀ ਅਜ਼ਾਦੀ ਦੇ ਕਿੱਸੇ ਦੀ ਦਾਸਤਾਨ ਦਾ ਹਰ ਪੰਨਾ ਵਤਨ ਪ੍ਰਸਤਾਂ ਦੇ ਲਹੂ ਸੰਗ ਲਿਖਿਆ ਹੋਇਆ ਹੈ । ਭਾਰਤ ਨੂੰ ਆਜ਼ਾਦ ਕਰਵਾਉਣ ਲਈ ਗ਼ਦਰ ਲਹਿਰ ਦਾ ਬਹੁਮੁੱਲਾ ਯੋਗਦਾਨ ਰਿਹਾ । ਗ਼ਦਰ ਲਹਿਰ ਦਾ ਮੁੱਢ ਭਾਰਤ ਦੀ ਅਜ਼ਾਦੀ ਤੇ ਸਮਾਜਿਕ ਬਰਾਬਰੀ ਲਈ ਲੜਨ ਵਾਲੇ ਯੋਧਿਆਂ ਦੁਆਰਾ ਬੰਨ੍ਹਿਆ ਗਿਆ । ਅੱਜ ਅਸੀਂ ਜਿਸ ਅਜ਼ਾਦ ਫਿਜ਼ਾ ਵਿੱਚ ਸਾਹ ਲੈ ਰਹੇ ਹਾਂ
    ਇਹ ਸਾਡੇ ਦੇਸ਼  ਦੇ ਜਾਇਆਂ ਨੇ ਸ਼ਹਾਦਤਾਂ ਦੇ ਕੇ ਇਸ ਦਾ ਮੁੱਲ ਤਾਰਿਆ ਹੈ । ਅਜ਼ਾਦੀ ਸਾਨੂੰ ਬੇਰਾਂ ਵੱਟੇ ਨਹੀਂ ਮਿਲੀ ।
    ਦੇਸ਼ ਲਈ ਕੁਰਬਾਨੀਆਂ ਦੇਣ ਵਾਲਿਆਂ ਵਿੱਚ ਪੰਜਾਬੀਆਂ ਨੇ ਸਭ ਤੋਂ ਵੱਧ ਯੋਗਦਾਨ ਪਾਇਆ ।
    ਇਹਨਾਂ ਵਿੱਚੋਂ ਹੀ ਇਸ ਲਹਿਰ ਦੇ ਸਭ ਤੋਂ ਛੋਟੀ ਉਮਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਦੇਸ਼ ਦੀ ਅਜ਼ਾਦੀ ਲਈ ਮਹਿਜ਼ 19ਵੇਂ ਵਰ੍ਹੇ ਅੱਜ ਦੇ ਦਿਨ ਹੱਸਦਿਆਂ ਹੋਇਆਂ ਫਾਂਸੀ ਦਾ ਰੱਸਾ ਚੁੰਮ ਕੇ ਸ਼ਹਾਦਤ ਦਾ ਜਾਮ ਪੀਤਾ ਸੀ । ਕਰਤਾਰ ਸਿੰਘ ਇਸ ਲਹਿਰ ਦਾ ਸ਼੍ਰੋਮਣੀ ਨਾਇਕ ਸੀ ।ਉਹ ਅਨੁਭਵੀ,ਪ੍ਰਤਿਭਾਸ਼ਾਲੀ ਅਤੇ ਅਦੁੱਤੀ ਕਰਮਯੋਗੀ ਜਿਹੇ ਲਾਸਾਨੀ ਗੁਣਾਂ ਦਾ ਮਾਲਿਕ ਸੀ ।

    ਵਤਨ ਨੂੰ ਅਜ਼ਾਦ ਕਰਾਉਣ ਲਈ ਕਰਤਾਰ ਸਿੰਘ  ਨੇ ਆਪਣੇ ਲਹੂ ਦਾ ਕਤਰਾ ਕਤਰਾ ਬਹਾ ਦਿੱਤਾ ਫਿਰ ਕਿਤੇ ਜਾ ਕੇ ਗੁਲਾਮੀ ਦਾ ਜੂਲ਼ਾ ਗਲੋਂ ਲਾਹਿਆ ।
     
    ਕਿਸੇ ਸ਼ਾਇਰ ਨੇ ਬਹੁਤ ਖ਼ੂਬ ਕਿਹਾ;
    ਬਹੁਤ ਕਰਨਾ ਪੜਤਾ ਹੈ ਖ਼ੂਨ ਪਸੀਨਾ ਅਪਨਾ
    ਕਿਸਮਤੇਂ ਯੂੰਹੀਂ ਨਾ ਥੋੜਾ ਚਮਕ ਜਾਤੀ ਹੈ ।

    ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ 1896 ਈ ਵਿੱਚ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਸਰਾਭਾ ਵਿਖੇ ਪਿਤਾ ਸ. ਮੰਗਲ ਸਿੰਘ ਅਤੇ ਮਾਤਾ ਸਾਹਿਬ ਕੌਰ ਦੇ ਘਰ ਹੋਇਆ । ਆਪ ਮਸਾਂ ਪੰਜ ਕੁ ਸਾਲਾਂ ਦੇ ਸਨ ਜਦੋਂ ਪਿਤਾ ਜੀ ਦਾ ਅਕਾਲ ਚਲਾਣਾ ਹੋਇਆ ਅਤੇ ਸੱਤ ਸਾਲਾਂ ਬਾਅਦ ਮਾਤਾ ਜੀ ਵੀ ਚਲਾਣਾ ਕਰ ਗਏ ਸਨ । ਆਪ ਦੇ ਦਾਦਾ ਜੀ ਸ. ਬਦਨ ਸਿੰਘ ਨੇ ਆਪ ਦਾ ਪਾਲਣ ਪੋਸ਼ਣ ਕੀਤਾ । ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ ।
    ਦੇਸ਼ ਛੱਡਣ ਤੋਂ ਪਹਿਲਾਂ ਕਰਤਾਰ ਸਿੰਘ ਦਸਵੀਂ ਜਮਾਤ ਦਾ ਇਮਤਿਹਾਨ ਪਾਸ ਕਰ ਚੁੱਕਾ ਸੀ ।ਬਚਪਨ ਤੋਂ ਹੀ ਉਸਦਾ ਸੁਭਾਅ ਕ੍ਰਾਂਤੀਕਾਰੀਆਂ ਵਰਗਾ ਹੋਣ ਕਰਕੇ ਉਹ ਆਪਣੇ ਸਕੂਲ-ਸਾਥੀਆਂ ਨਾਲੋਂ ਵੱਖਰੀ ਕਿਸਮ ਦੀ ਸੋਚ ਵਾਲਾ ਵਿਦਿਆਰਥੀ ਸੀ ।
    1912 ਵਿੱਚ ਕੈਲੇਫੋਰਨੀਆ ਦੀ ਸਾਂਨਫਰਾਂਸਿਸਕੋ ਬੰਦਰਗਾਹ ‘ਤੇ ਉੱਤਰਿਆ ਅਤੇ ਬਹੁਤ ਸਾਰੇ ਭਾਰਤੀਆਂ ਵਾਂਗ ਕੈਲੇਫੋਰਨੀਆ ਦੇ ਖੇਤਾਂ ਵਿੱਚ ਮਜ਼ਦੂਰੀ ਕਰਨ ਲੱਗਾ ।ਉੱਥੇ ਉਸ ਨੂੰ ਅਮਰੀਕਨ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸ਼ੋਸ਼ਣ ਅਤੇ ਭਾਰਤੀ ਕਾਮਿਆਂ ਲਈ ਨਫ਼ਰਤ ਭਰੇ ਵਤੀਰੇ ਦਾ ਸਾਹਮਣਾ ਕਰਨਾ ਪਿਆ ।ਉਸ ਨੂੰ ਅਜ਼ਾਦ ਮੁਲਕ ਵਿੱਚ ਗੁਲਾਮ ਰਹਿਣ ਦਾ ਅਹਿਸਾਸ ਹੋਇਆ । ਉਸ ਨੇ ਆਪਣੇ ਮੁਲਕ ਦੇ ਲੋਕਾਂ ਨਾਲ ਵਿਚਾਰ ਵਟਾਂਦਰਾ ਕੀਤਾ । ਅਮਰੀਕਨਾਂ ਦੁਆਰਾ ਕੀਤੇ ਜਾਂਦੇ ਨਸਲੀ ਅਤੇ ਅਪਮਾਨਜਨਕ ਵਿਵਹਾਰ ਤੋਂ ਸਾਰੇ ਭਾਰਤੀ ਦੁਖੀ ਸਨ ।ਕਰਤਾਰ ਸਿੰਘ ਨੇ ਹੋਰਨਾਂ ਭਾਰਤੀਆਂ ਨਾਲ ਮਿਲ ਕੇ ਇਸ ਗੁਲਾਮੀ ਤੋਂ ਛੁਟਕਾਰਾ ਪਾਉਣ ਲਈ ਇੱਕ ਸਭਾ ਬੁਲਾਈ ਜਿਸ ਵਿੱਚ ਲਾਲਾ ਹਰਦਿਆਲ ,ਪੰਡਤ ਜਗਤ ਰਾਮ ,ਭਾਈ ਜਵਾਲਾ ਸਿੰਘ ਅਤੇ ਹੋਰ ਬਹੁਤ ਸਾਰੇ ਭਾਰਤੀ ਕਾਮਿਆਂ ਨੇ ਹਿੱਸਾ ਲਿਆ ।ਇਸ ਸਭਾ ਵਿੱਚ ਇੱਕ ਸ਼ਕਤੀਸ਼ਾਲੀ ਜਥੇਬੰਦੀ ਬਣਾਉਣ ਦਾ ਮੁੱਢ ਬੰਨ੍ਹਿਆ ਗਿਆ ਪਰ ਆਪਣੇ ਆਪ ਇਹ ਕਿਸੇ ਏਜੰਡੇ ਉੱਪਰ ਵਿਚਾਰ ਨਾ ਕਰ ਸਕੀ।
    ਇਸ ਸਮੇਂ ਦੌਰਾਨ ਅਮਰੀਕੀ ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਭਾਰਤੀ ਕਾਮਿਆਂ ਵਿੱਚ ਪੈਦਾ ਹੋਈ ਚੇਤਨਾ ਸਦਕਾ ਵਸ਼ਿੰਗਟਨ ਦੇ ਸ਼ਹਿਰ ਅਸਟਰੀਆ ਵਿਖੇ ਮਾਰਚ 1913 ਵਿੱਚ ਗਦਰ ਪਾਰਟੀ ਦੀ ਨੀਂਹ ਰੱਖੀ ਗਈ । ਇਹ ਖ਼ਬਰ ਸੁਣ ਕੇ ਕਰਤਾਰ ਸਿੰਘ ਬਹੁਤ ਖ਼ੁਸ਼ ਹੋਇਆ ਅਤੇ ਉਹ ਪਾਰਟੀ ਦਾ ਮੈਂਬਰ ਬਣ ਗਿਆ ।
    ਅਮਰੀਕਾ -ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਰਹਿੰਦੇ ਭਾਰਤੀਆਂ ਨੂੰ ਅੰਗਰੇਜ਼ ਹਕੂਮਤ ਦੁਆਰਾ ਕੀਤੇ ਜਾਂਦੇ ਜ਼ੁਲਮਾਂ ਬਾਰੇ ਜਾਣੂੰ ਕਰਵਾਉਣ ਲਈ ਇੱਕ ਨਵੰਬਰ 1913 ਨੂੰ ‘ਗਦਰ ‘ ਅਖ਼ਬਾਰ ਦੀ ਪ੍ਰਕਾਸ਼ਨਾ ਕਰਤਾਰ ਸਿੰਘ ਦੀਆਂ ਕੋਸ਼ਿਸ਼ਾਂ ਦਾ ਹੀ ਸਿੱਟਾ ਸੀ।ਇਹ ਅਖਬਾਰ ਹੱਥ ਨਾਲ ਚੱਲਣ ਵਾਲੀ ਮਸ਼ੀਨ ਉੱਪਰ ਛਾਪਿਆ ਜਾਂਦਾ ਸੀ ਅਤੇ ਮਸ਼ੀਨ ਨੂੰ ਚਲਾਉਣ ਦੇ ਨਾਲ ਨਾਲ ਕਰਤਾਰ ਸਿੰਘ ਇਸ ਅਖ਼ਬਾਰ ਦੇ ਪੰਜਾਬੀ ਭਾਗ ਲਈ ਲੇਖ ਅਤੇ ਕਵਿਤਾਵਾਂ ਵੀ ਲਿਖਿਆ ਕਰਦਾ ਸੀ ।ਉਹ ਪਾਰਟੀ ਦੇ ਕੰਮਾਂ ਨੂੰ ਪੂਰੀ ਸ਼ਿੱਦਤ ਨਾਲ ਨੇਪਰੇ ਚਾੜਦਾ ਸੀ ।ਪ੍ਰੈੱਸ ਚਲਾਉਂਦਿਆਂ ਜਦ ਉਹ ਥੱਕ ਜਾਂਦਾ ਤਾਂ ਉਹ ਅਕਸਰ ਆਪਣੀ ਕਵਿਤਾ ਗਾਇਆ ਕਰਦਾ ਸੀ;
    ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ,
    ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
    ਜਿੰਨ੍ਹਾਂ ਦੇਸ ਸੇਵਾ ਵਿੱਚ ਪੈਰ ਪਾਇਆ ,
    ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ।

    ਅਖ਼ਬਾਰ ਦਾ ਕੰਮ ਵਧਣ ਨਾਲ ਕਈ ਹੋਰ ਸਾਥੀ ਉਸ ਕੋਲ ਆ ਗਏ ਅਤੇ ਕਰਤਾਰ ਸਿੰਘ ਕੰਮ  ਵਿੱਚ ਉਨ੍ਹਾਂ ਸਾਰਿਆਂ ਦੀ ਬਹੁਤ ਮਦਦ ਕਰਦਾ ਸੀ । ਦੇਸ਼ ਪ੍ਰੇਮ ਵਿੱਚ ਮਸਤ ਹੋਇਆ ਉਹ ਭੱਜ ਭੱਜ ਕੰਮ ਕਰਦਿਆਂ ਸਭ ਨੂੰ ਖ਼ੁਸ਼ ਰੱਖਦਾ। ਇੱਕ ਸੱਚੇ ਕ੍ਰਾਂਤੀਕਾਰੀ ਵਾਂਗ ਉਹਨੇ ਆਪਣੀ ਹਉਂਮੈਂ ਉੱਪਰ ਕਾਬੂ ਪਾ ਕੇ ਆਪਣੀ ਜ਼ਿੰਦਗੀ ਦੇਸ਼ ਦੀ ਸੇਵਾ ਲਈ ਅਰਪਣ ਕਰ ਦਿੱਤੀ ਸੀ ।
    ਕਰਤਾਰ ਸਿੰਘ ਨੇ ਕੈਲੇਫੋਰਨੀਆ ਵਾਲੇ ਸਾਥੀਆਂ ਨੂੰ ਪਾਰਟੀ ਵਿੱਚ ਲਿਆਉਣ ਲਈ ਬਹੁਤ ਵੱਡਾ ਯੋਗਦਾਨ ਪਾਇਆ । ਫ਼ਰਵਰੀ 1914 ਵਿੱਚ ਕੈਲੇਫੋਰਨੀਆ ਦੇ ਸ਼ਹਿਰ ਸਟਾਕਟਨ ਵਿਖੇ ਓਰੀਗਨ,ਵਸ਼ਿੰਗਟਨ ਅਤੇ ਕੈਲੇਫੋਰਨੀਆ ਦੇ ਪ੍ਰਤੀਨਿਧਾਂ ਦੀ ਇੱਕ ਕਾਨਫਰੰਸ ਰੱਖੀ ਗਈ ਜਿਸ ਵਿੱਚ ਕੈਲੇਫੋਰਨੀਆ ਦੇ ਪ੍ਰਤੀਨਿਧਾਂ ਨੂੰ ਰਸਮੀਂ ਤੌਰ ‘ਤੇ ਗ਼ਦਰ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ।ਇਸ ਨਾਲ ਗ਼ਦਰ ਲਹਿਰ ਨਵੀਂ ਸ਼ਕਤੀਸ਼ਾਲੀ ਪਾਰਟੀ,ਇੱਕ ਸ਼ਕਤੀਸ਼ਾਲੀ ਜਥੇਬੰਦੀ ਬਣ ਗਈ । ਜਿਉਂ ਹੀ ਪਹਿਲੀ ਸੰਸਾਰ ਜੰਗ ਸ਼ੁਰੂ ਹੋਈ ਭਾਰਤੀਆਂ ਨੇ ਅੰਗਰੇਜ਼ਾਂ ਵਿਰੁੱਧ ਬਗਾਵਤ ਦਾ ਝੰਡਾ ਚੁੱਕਣ ਲਈ ਸੈਕਰੋਮੈਂਟਾ ਵਿਖੇ ਜੰਗੀ ਸਲਾਹਕਾਰ ਕਮੇਟੀ ਦਾ ਗਠਨ ਕੀਤਾ । ਕਰਤਾਰ ਸਿੰਘ  ਹਵਾਈ ਜਹਾਜ਼ ਉਡਾਉਣ ਦੀ ਸਿਖਲਾਈ ਲੈਣ ਵਾਲਾ ਪਹਿਲਾ ਸਿੱਖ ਪਾਇਲਾਟ ਬਣਿਆ ।
    ਜਦੋਂ ਪਾਰਟੀ ਨੇ ਕ੍ਰਾਂਤੀ ਲਈ ਕੰਮ ਕਰਨ ਵਾਸਤੇ ਮੈਬਰਾਂ ਨੂੰ ਭਾਰਤ ਭੇਜਣ ਦਾ ਫ਼ੈਸਲਾ ਕੀਤਾ ਤਾਂ ਕਰਤਾਰ ਸਿੰਘ ਪਹਿਲੇ ਬੈਚ ਵਿੱਚ ਹੀ ਭਾਰਤ ਜਾਣ ਵਾਲੇ ਲੋਕਾਂ ਵਿੱਚ ਸਭ ਤੋਂ ਪਹਿਲਾ ਵਿਅਕਤੀ ਸੀ ।
    ਉਹ ਭੇਸ ਬਦਲਣ ਵਿੱਚ ਮਾਹਰ ਸੀ ਉਹ ਭੇਸ ਬਦਲ ਕੇ ਪੁਲਿਸ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਭਾਰਤ ਵਿੱਚ ਦਾਖਲ ਹੋਇਆ ਅਤੇ ਆਉਣ ਸਾਰ ਕ੍ਰਾਂਤੀਕਾਰੀ ਕੰਮਾਂ ਵਿੱਚ ਰੁੱਝ ਗਿਆ ।
    ਉਹ ਪਿੰਗਲੇ ਰਾਹੀਂ ਸਚਿੰਦਰ ਨਾਥ ਸਾਨਿਆਲ ਅਤੇ ਰਾਸ ਬਿਹਾਰੀ ਬੋਸ ਨੂੰ ਮਿਲਿਆ ।ਉਹ ਪਿੰਗਲੇ ਅਤੇ ਸਾਨਿਆਲ ਨਾਲ ਪੰਜਾਬ ਤੋਂ ਬਾਹਰ ਬੜੀ ਅਜ਼ਾਦੀ ਨਾਲ ਆਉਂਦਾ ਜਾਂਦਾ ਸੀ ।
    ਬਗਾਵਤ ਦਾ ਪ੍ਰਚਾਰ ਕਰਨ ਲਈ ਉਹ ਫੌਜੀ ਛਾਉਣੀਆਂ ਵਿੱਚ ਜਾਂਦਾ ਸੀ ।ਫ਼ਰਵਰੀ 1915 ਵਿੱਚ ਬਗਾਵਤ ਦੀ ਤਿਆਰੀ ਸੀ।ਬਗਾਵਤ ਲਈ ਕਰਤਾਰ ਸਿੰਘ ਪਹਿਲੇ ਹਫ਼ਤੇ ਪਿੰਗਲੇ ਅਤੇ ਦੋ ਤਿੰਨ ਹੋਰ ਸਾਥੀਆਂ ਨਾਲ ਆਗਰਾ ,ਕਾਨਪੁਰ,ਅਲਾਹਾਬਾਦ,ਲਖਨਊ ,ਮੇਰਠ ਮਿਲਣ ਗਏ । ਆਖ਼ਰ ਉਹ ਦਿਨ ਨੇੜੇ ਆਉਣ ਲੱਗਾ,ਜਿਸ ਦਾ ਬੜੇ ਚਿਰ ਤੋਂ ਇੰਤਜ਼ਾਰ ਸੀ ।ਬਗਾਵਤ ਕਰਨ ਲਈ 21 ਫਰਵਰੀ 1915 ਦਾ ਦਿਨ ਮੁਕੱਰਰ ਹੋਇਆ ਸੀ । ਉਸ ਦੇ ਮੁਤਾਬਿਕ ਤਿਆਰੀ ਹੋ ਰਹੀ ਸੀ ।ਪਰ  ਉਹਨਾਂ ਨੂੰ ਸ਼ੱਕ ਪੈ ਗਿਆ ਕਿ ਕਿਰਪਾਲ ਸਿੰਘ  ਨੇ ਅੰਗਰੇਜ਼ ਅਫਸਰਾਂ ਕੋਲ ਮੁਖਬਰੀ ਕਰ ਦਿੱਤੀ ਹੈ। ਇਸੇ ਡਰ ਕਰਕੇ ਹੀ ਕਰਤਾਰ ਸਿੰਘ ਨੇ ਰਾਸ ਬਿਹਾਰੀ ਬੋਸ ਨੂੰ ਬਗਾਵਤ ਦੀ ਤਾਰੀਖ਼ 21 ਫ਼ਰਵਰੀ ਦੀ ਬਜਾਏ 19 ਫ਼ਰਵਰੀ ਕਰਨ ਲਈ ਕਿਹਾ ।ਪਰ ਇਸ ਗੱਲ ਦੀ ਵੀ ਕਿਰਪਾਲ ਸਿੰਘ ਨੂੰ ਸੂਹ ਮਿਲ ਗਈ ।  ਕਰਤਾਰ ਸਿੰਘ ਪੰਜਾਹ ਸੱਠ ਇਨਕਲਾਬੀਆਂ ਨਾਲ ਪਿਛਲੇ ਫ਼ੈਸਲੇ ਮੁਤਾਬਕ 19 ਫ਼ਰਵਰੀ ਨੂੰ ਫ਼ਿਰੋਜ਼ਪੁਰ ਜਾ ਪਹੁੰਚੇ । ਆਪਣੇ ਸਾਥੀ ਫੌਜੀ ਹੌਲਦਾਰ ਨੂੰ ਮਿਲੇ ਤੇ ਬਗਾਵਤ ਕਰਨ ਦੀ ਗੱਲ ਕੀਤੀ । ਪਰ ਕਿਰਪਾਲ ਸਿੰਘ ਨੇ ਤਾਂ ਸਾਰਾ ਮਾਮਲਾ ਪਹਿਲਾਂ ਹੀ ਤਿੱਤਰ ਬਿਤਰ ਕਰ ਦਿੱਤਾ ਸੀ । ਭਾਰਤੀ ਸਿਪਾਹੀ ਨਿਹੱਥੇ ਕਰ ਦਿੱਤੇ ਗਏ ਸਨ ।ਉਹਨਾਂ ਦੀਆਂ ਗ੍ਰਿਫ਼ਤਾਰੀਆਂ ਸ਼ੁਰੂ ਹੋ ਗਈਆਂ ।ਹੌਲਦਾਰ ਨੇ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ । ਇਸ ਤਰ੍ਹਾਂ ਗੱਦਾਰੀ ਕਾਰਨ ਬਗਾਵਤ ਕਰਨ ਦੀ ਕੋਸ਼ਿਸ਼ ਅਸਫਲ ਹੋ ਗਈ ।ਪੰਜਾਬ ਭਰ ਵਿੱਚ ਗਦਰੀਆਂ ਦੀਆਂ ਗ੍ਰਿਫ਼ਤਾਰੀਆਂ ਹੋਣ ਲੱਗੀਆਂ। ਗਦਰ ਦੇ ਅਸਫ਼ਲ ਹੋ ਜਾਣ ਪਿੱਛੋਂ,ਪਾਰਟੀ ਦੇ ਕੁਝ ਮੈਂਬਰਾਂ ਨੇ ਭਾਰਤ ਵਿਚੋਂ ਬਚ ਕੇ ਨਿਕਲ ਜਾਣ ਦਾ ਫ਼ੈਸਲਾ ਕੀਤਾ ।ਕਰਤਾਰ ਸਿੰਘ,ਹਰਨਾਮ ਸਿੰਘ ਟੁੰਡੀਲਾਟ ਅਤੇ ਜਗਤ ਸਿੰਘ ਆਦਿ ਨੂੰ ਅਫਗਾਨਿਸਤਾਨ ਜਾਣ ਲਈ ਕਿਹਾ ਅਤੇ ਉਹ ਉੱਥੇ ਪਹੁੰਚ ਵੀ ਗਏ ਸਨ । ਜਿਸ ਵੇਲੇ ਕਰਤਾਰ ਸਿੰਘ ਦੇ ਸਾਥੀ ਭਾਰਤ ਵਿੱਚ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਸਨ ਤਾਂ ਉਹਦੀ ਜ਼ਮੀਰ ਨੇ ਉਹਨੂੰ ਇਸ ਤਰ੍ਹਾਂ ਗੀਦੀਆਂ ਵਾਂਗ ਭੱਜ ਜਾਣ ਦੀ ਆਗਿਆ ਨਹੀਂ ਦਿੱਤੀ ।ਉਹ ਆਪਣੇ ਦੋ ਸਾਥੀਆਂ ਨਾਲ ਵਾਪਸ ਸਰਗੋਧਾ ਦੇ ਨੇੜੇ ਚੱਕ ਨੰਬਰ ਪੰਜ ਵਿੱਚ  ਪਹੁੰਚ ਗਿਆ ।ਇੱਥੇ ਫੌਜੀਆਂ ਦਾ ਘੋੜਿਆਂ ਦਾ ਫਾਰਮ ਸੀ ਉਹਨੇ ਮੁੜ ਫੌਜੀਆਂ ਵਿੱਚ ਬਗਾਵਤ  ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ । ਇੱਕ ਰਸਾਲਦਾਰ ਨੇ ਉਹਨੂੰ ਪਛਾਣ ਲਿਆ ਅਤੇ ਸਾਥੀਆਂ ਸਮੇਤ ਉਹਨੂੰ ਗ੍ਰਿਫ਼ਤਾਰ ਕਰਵਾ ਦਿੱਤਾ ।
    ਕਰਤਾਰ ਸਿੰਘ ਨੇ ਲਾਹੌਰ ਦੀ ਸੈਂਟਰਲ ਜੇਲ ਵਿੱਚ ਨਜ਼ਰਬੰਦੀ ਦੌਰਾਨ ਜੇਲ ਤੋੜ ਕੇ ਭੱਜਣ ਦੀ ਅਸਫਲ ਕੋਸ਼ਿਸ਼ ਕੀਤੀ । ਉਹ ਆਰੀ ਅਤੇ ਕੱਟਣ ਵਾਲੇ ਹੋਰ ਸੰਦਾਂ ਅਤੇ ਬੰਬ ਬਣਾਉਣ ਵਾਲੀ ਸਮੱਗਰੀ ਸਮੇਤ ਫੜਿਆ ਗਿਆ ।ਪਰ ਉਹਦਾ ਆਤਮ ਵਿਸ਼ਵਾਸ ਬਰਕਰਾਰ ਰਿਹਾ ।ਉਹ ਪਹਿਲਾਂ ਵਾਂਗ ਹੀ ਹੱਸਦਾ ਰਿਹਾ ਅਤੇ ਆਪਣੇ ਸਾਥੀਆਂ ਨੂੰ ਹਸਾਉਂਦਾ ਰਿਹਾ ।ਮੁਕੱਦਮੇ ਦੀ ਸੁਣਵਾਈ ਦੌਰਾਨ ਉਹ ਜੱਜਾਂ ਨੂੰ ਅਣਗੋਲੇ ਕਰ ਆਪਣੇ ਸਾਥੀਆਂ ਨੂੰ ਲਤੀਫ਼ੇ ਸੁਣਾਇਆ ਕਰਦਾ । ਜੱਜ ਵਾਰ ਵਾਰ ਘੰਟੀਆਂ ਵਜਾਉਂਦੇ ਸਨ ਪਰ ਉਹ ਉਨ੍ਹਾਂ ਦੀ ਕੋਈ ਪ੍ਰਵਾਹ ਨਹੀਂ ਸੀ ਕਰਦਾ ।
     ਗਵਾਹਾਂ ਦੀਆਂ ਗਵਾਹੀਆਂ ਸੁਣਨ ਪਿੱਛੋਂ ਜੱਜ ਨੇ ਕਰਤਾਰ ਸਿੰਘ ਨੂੰ ਆਪਣੀ ਸਫਾਈ ਪੇਸ਼ ਕਰਨ ਲਈ ਆਖਿਆ ।ਉਹਨੇ ਗਦਰ ਲਹਿਰ ਵਿੱਚ ਪਾਏ ਆਪਣੇ ਯੋਗਦਾਨ ਨੂੰ ਸਵੀਕਾਰ ਕੀਤਾ ਤੇ ਬੜੇ ਫਖਰ ਨਾਲ ਐਲਾਨ ਕੀਤਾ ਕਿ ਉਹਨੇ ਜੋ ਕੁਝ ਕੀਤਾ ਆਪਣੀ ਜਿੰਮੇਵਾਰੀ ਦੇ ਅਹਿਸਾਸ ਨਾਲ ਕੀਤਾ ਸੀ ।ਅੰਗਰੇਜ਼ਾਂ ਦੀ ਗੁਲਾਮੀ ਵਿਰੁੱਧ ਲੋਕਾਂ ਨੂੰ ਲਾਮਬੰਦ ਕਰਨਾ ਉਹ ਆਪਣਾ ਇਖਲਾਕੀ ਫਰਜ਼ ਸਮਝਦਾ ਸੀ । ਉਹਦਾ ਬਿਆਨ ਲਿਖਣ ਪਿੱਛੋਂ ਜੱਜਾਂ ਨੇ ਉਹਨੂੰ ਪੁੱਛਿਆ, “ ਕਰਤਾਰ ਸਿੰਘ, ਤੈਨੂੰ ਪਤਾ ਹੈ ਤੇਰਾ ਇਹ ਬਿਆਨ ਤੈਨੂੰ ਕਿੱਥੇ ਪਹੁੰਚਾ ਦੇਵੇਗਾ?” ਕਰਤਾਰ ਸਿੰਘ ਨੇ ਜਵਾਬ ਦਿੰਦਿਆਂ ਕਿਹਾ ਕਿ, “ਮੈਨੂੰ ਆਪਣੀ ਹੋਣੀ ਦਾ ਪਤਾ ਹੈ ।ਮੈਨੂੰ ਜਾਂ ਤਾਂ ਦੇਸ਼ ਨਿਕਾਲਾ ਮਿਲੇਗਾ ਜਾਂ ਫਾਂਸੀ ਦੇ ਤਖ਼ਤੇ ਉੱਤੇ ਲਟਕਾ ਦਿੱਤਾ ਜਾਵੇਗਾ ।” ਜੱਜ ਨੇ ਆਖਿਆ,”ਮੈਂ ਤੈਨੂੰ ਇੱਕ ਰਾਤ ਹੋਰ ਸੋਚਣ ਲਈ ਦਿੰਦਾ ਹਾਂ ।” ਪਰ ਅਗਲੇ ਦਿਨ ਵੀ ਕਰਤਾਰ ਸਿੰਘ ਆਪਣੇ ਪਹਿਲੇ ਬਿਆਨਾਂ ‘ ਤੇ ਕਾਇਮ ਰਿਹਾ ਅਤੇ ਜੱਜ ਨੂੰ ਕਿਹਾ ਕਿ ਉਹ ਆਪਣੇ ਪਹਿਲਾਂ ਦਿੱਤੇ ਬਿਆਨਾਂ ਤੋਂ ਇਨਕਾਰ ਨਹੀਂ ਕਰਦਾ ।ਕਰਤਾਰ ਸਿੰਘ ਹੋਰਾਂ ‘ਤੇ ਮੁਕੱਦਮਾ ਚਲਾਉਣ ਉਪਰੰਤ  ਉਸ ਨੂੰ ਸਾਥੀਆਂ ਸਮੇਤ ਸਜ਼ਾ ਸੁਣਾਈ ਗਈ ।ਆਪਣੀ ਮੋਤ ਦੀ ਸਜ਼ਾ ਸੁਣ ਕੇ ਉਹ ਬੜੇ ਜ਼ੋਰ ਨਾਲ ਉੱਚੀ-ਉੱਚੀ ਹੱਸਿਆ ਅਤੇ ਜੱਜ ਦਾ ਧੰਨਵਾਦ ਕੀਤਾ । ਉਹਨਾਂ ਨੂੰ ਫਾਂਸੀ ਵਾਲੇ ਮੁਜਰਮਾਂ ਵਾਲੇ ਕੱਪੜੇ ਪੁਆ ਕੇ ਅਜਿਹੇ ਮੁਜ਼ਰਮਾਂ ਲਈ ਬਣੀਆਂ ਖਾਸ ਕੋਠੜੀਆਂ ਵਿੱਚ ਬੰਦ ਕਰ ਦਿੱਤਾ ਗਿਆ ।ਜੇਲ ਸੁਪਰਡੈਂਟ ਕਾਨੂੰਨੀ ਕਾਰਵਾਈ ਪੂਰੀ ਕਰਨ ਲਈ ਕਰਤਾਰ ਸਿੰਘ ਕੋਲ ਗਿਆ ਅਤੇ ਉਹਨੂੰ ਪੁੱਛਿਆ ਕਿ ਕੀ ਉਹ ਰਹਿਮ ਦੀ ਅਪੀਲ ਕਰਨਾ ਚਾਹੁੰਦਾ ਸੀ? ਕਰਤਾਰ ਸਿੰਘ ਨੂੰ ਜਵਾਬ ਦਿੱਤਾ,”ਮੈਨੂੰ ਰਹਿਮ ਦੀ ਅਪੀਲ ਵਿੱਚ ਕੋਈ ਦਿਲਚਸਪੀ ਨਹੀਂ । ਸਗੋਂ ਮੈਂ ਬੇਨਤੀ ਕਰਦਾ ਹਾਂ ਕਿ ਮੈਨੂੰ ਛੇਤੀ ਤੋਂ ਛੇਤੀ ਫਾਂਸੀ ਦਿੱਤੀ ਜਾਵੇ ਤਾਂਕਿ ਮੈਂ ਦੁਬਾਰਾ ਜਨਮ ਲੈ ਕੇ ਮੁੜ ਗੁਲਾਮੀ ਵਿਰੁੱਧ ਲੜ ਸਕਾਂ ।”
    16 ਨਵੰਬਰ 1915 ਵਾਲੇ ਦਿਨ ਕਰਤਾਰ ਸਿੰਘ ਅਤੇ ਉਸਦੇ ਛੇ ਸਾਥੀਆਂ ਨੂੰ ਲਾਹੌਰ ਦੀ ਸੈਂਟਰਲ ਜੇਲ ਵਿੱਚ ਫਾਂਸੀ ਦਿੱਤੀ ਗਈ ।  ਇਸ ਵੇਲੇ ਉਹਦੀ ਉਮਰ ਮਹਿਜ਼ ਉੱਨੀ ਸਾਲ ਦੀ ਸੀ ।
    ਆਪਣੀ ਜ਼ਿੰਦਗੀ ਦੇ ਬਹੁਤ ਥੋੜ੍ਹੇ ਸਮੇਂ ਵਿੱਚ ਉਹ ਸਮੁੱਚੀ ਮਨੁੱਖਤਾ ਅਤੇ ਖਾਸ ਕਰ ਆਪਣੇ ਵਤਨ ਵਾਸੀਆਂ ਦੀ ਅਜ਼ਾਦੀ ਦੇ ਵੱਡੇ ਕਾਰਜ ਲਈ ਆਪਣੀ ਸ਼ਹਾਦਤ ਦੇ ਕੇ ਅਜ਼ਾਦੀ ਦੀ ਸ਼ਮਾ ਰੌਸ਼ਨ ਕਰ ਗਿਆ ।  
    ਬਾਕੌਲ ਸ਼ਾਇਰ :
    ਹੁਨਰ ਏ ਤਦਬੀਰ ਸੇ ਜਾਗ ਉਠਤਾ ਹੈ ਕੌਮੋਂ ਕਾ ਨਸੀਬ
    ਕਭੀ ਬਦਲਤੀ ਨਹੀਂ ਤਕਦੀਰ ਅਰਮਾਨੋਂ  ਸੇ ।

    ਆਓ , ਅਹਿਦ ਕਰੀਏ ਕਿ ਸਾਡੇ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਅਸੀਂ ਉਨ੍ਹਾਂ ਦੇ ਵਿਚਾਰਾਂ ਸੰਗ ਜੋਟੀ ਪਾਈਏ ।
    ਇਹੀ ਉਨ੍ਹਾਂ  ਪ੍ਰਤੀ ਸਾਡੀ ਸੱਚੀ ਸ਼ਰਧਾਂਜਲੀ ਹੋਵੇਗੀ ।