‘ਤੂੰ ਹੱਸਦਾ ਸੁਹਣਾ ਲੱਗਦਾ ਏਂ’ ਦਾ ਲੋਕ ਅਰਪਣ
(ਖ਼ਬਰਸਾਰ)
ਅੰਮ੍ਰਿਤਸਰ ਖ਼ਾਲਸਾ ਕਾਲਜ ਵਿਖੇ ਚੱਲ ਰਹੇ 9ਵੇਂ ‘ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲੇ’ ਦੌਰਾਨ ਉਘੇ ਸਾਹਿਤਕਾਰ ਇਕਵਾਕ ਸਿੰਘ ਪੱਟੀ ਵੱਲੋਂ ਲਿਖਤ ਸ਼ਾਇਰੀ ਦੀ ਕਿਤਾਬ ‘ਤੂੰ ਹੱਸਦਾ ਸੁਹਣਾ ਲੱਗਦਾ ਏਂ’ ਲੋਕ ਅਰਪਤ ਕੀਤੀ ਗਈ। ਪੁਸਤਕ ਰਿਲੀਜ਼ ਦੀ ਰਸਮ ਖ਼ਾਲਸਾ ਯੂਨਵਿਰਸਿਟੀ ਦੇ ਪਿੰ੍ਰਸੀਪਲ ਡਾ. ਮਹਿਲ ਸਿੰਘ, ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਅਤੇ ਕਿਤਾਬ ਦਾ ਮੁੱਖ ਬੰਦ ਲਿਖਣ ਵਾਲੀ ਲੇਖਿਕਾ ਹਰਦੀਪ ਕੌਰ ਨਾਜ਼ ਸਮੇਤ ਹਰ ਹਾਜ਼ਰ ਸ਼ਖ਼ਸੀਅਤਾਂ ਵੱਲੋਂ ਨਿਭਾਈ ਗਈ। ਹਰਦੀਪ ਕੌਰ ਨਾਜ਼ ਨੇ ਬੋਲਦਿਆਂ ਕਿਹਾ ਕਿ ਅੱਜ ਜਦ ਨੌਵਾਨ ਵਰਗ ਲਿਖਣ-ਪੜ੍ਹਨ ਪ੍ਰਤੀ ਜਾਗਰੂਕ ਹੋ ਰਿਹਾ ਹੈ ਤਾਂ ਲੋੜ ਹੈ ਕਿ ਉਹਨਾਂ ਲਈ ਉਮਦਾ ਸਾਹਿਤ ਉਪਲੱਬਧ ਕਰਵਾਇਆ ਜਾਵੇ। ਇਕਵਾਕ ਸਿੰਘ ਪੱਟੀ ਦੀਆਂ ਲਿਖਤਾਂ ਇਸ ਪਾਸੇ ਸਾਰਥਕ ਕਦਮ ਹੈ, ਕਿਉਂਕਿ ਉਸਦੀਆਂ ਲਿਖਤਾਂ ਸਮਾਜ, ਧਰਮ, ਮਨੁੱਖਤਾ, ਬਰਾਬਰਤਾ ਆਦਿ ਵਿਸ਼ਿਆਂ ਬਾਰੇ ਗੱਲ ਕਰਦੀਆਂ ਹਨ। ਇਸ ਮੌਕੇ ਵਿਸ਼ੇਸ਼ ਗੱਲਬਾਤ ਕਰਦੇ ਹੋਏ ਇਕਵਾਕ ਸਿੰਘ ਪੱਟੀ ਨੇ ਕਿਹਾ ਕਿ ‘ਮੁਹੱਬਤ ਦੇ ਨਾਂ’ ਸਮਰਪਤ ਕੀਤੀ ਇਹ ਉਹਨਾਂ ਦੀ 10ਵੀਂ ਕਿਤਾਬ ਹੈ ਜੋ ਸ਼ਾਇਰੀ ਨਾਲ ਸਬੰਧਤ ਹੈ ਅਤੇ ਇਹ ਕਿਤਾਬ ਮਾਝਾ ਵਰਲਡਵਾਈਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਤੋਂ ਇਲਾਵਾ ਉਹਨਾਂ ਦੀ 9 ਕਿਤਾਬਾਂ ਹੋਰ ਹਨ ਜੋ ਵਾਰਤਕ, ਕਹਾਣੀ, ਨਾਵਲ, ਛੋਟੀ ਕਹਾਣੀ ਅਤੇ ਸੰਗੀਤ ਦੇ ਵਿਸ਼ੇ ਉੱਤੇ ਲਿਖੀਆਂ ਗਈਆਂ ਹਨ। ਉਹਨਾਂ ਕਿਹਾ ਮੈਨੂੰ ਮਾਣ ਹੈ ਕਿ ਇਸ ਪੁਸਤਕ ਮੇਲੇ ਦੌਰਾਨ ਖ਼ਾਲਸਾ ਕਾਲਜ ਦੇ ਪ੍ਰਬੰਧਕਾਂ ਵੱਲੋਂ ਇਹ ਕਿਤਾਬ ਲੋਕ ਅਰਪਣ ਕੀਤੀ ਗਈ ਹੈ। ਇਸ ਮੌਕੇ ਕੋਮਲਪ੍ਰੀਤ ਕੌਰ, ਗੁਰਪ੍ਰੀਤ ਸਿੰਘ, ਗੀਤਕਾਰ ਆਰਜੀਤ, ਰਾਜਬੀਰ ਕੌਰ ਗਰੇਵਾਲ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।