ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਹੀ
(ਖ਼ਬਰਸਾਰ)
ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ 17 ਨਵੰਬਰ ਨੂੰ ਜੈਨੇਸਸ ਸੈਂਟਰ ਵਿਖੇ ਭਰਪੂਰ ਹਾਜ਼ਰੀ ਵਿੱਚ ਹੋਈ। ਸਭ ਤੋਂ ਪਹਿਲਾਂ ਸਭਾ ਦੇ ਪ੍ਰਧਾਨ ਸ੍ਰੀ ਮਤੀ ਬਲਵਿੰਦਰ ਕੌਰ ਬਰਾੜ- ਜੋ ਕਿ ਦੋ ਮਹੀਨੇ ਬਾਅਦ ਪੰਜਾਬ ਫੇਰੀ ਤੋਂ ਪਰਤੇ ਸਨ, ਨੇ ਭੈਣਾਂ ਨੂੰ ਜੀ ਆਇਆਂ ਕਹਿੰਦਿਆਂ ਹੋਇਆਂ ਆਪਣੇ ਵਤਨ ਦੇ ਅਨੁਭਵ ਵੀ ਸਾਂਝੇ ਕੀਤੇ।
ਸਭਾ ਦੇ ਸਕੱਤਰ ਗੁਰਨਾਮ ਕੌਰ ਨੇ ਸਭਾ ਦੀ ਕਾਰਵਾਈ ਸ਼ੁਰੂ ਕਰਦਿਆਂ ਇਸ ਮਹੀਨੇ ਵਿਚ ਆਏ ਮਹੱਤਵਪੂਰਨ ਦਿਹਾੜਿਆਂ- ਜਿਸ ਵਿਚ ਬਾਬੇ ਨਾਨਕ ਦਾ ਪ੍ਰਕਾਸ਼ ਪੁਰਬ, ਨੌਵੇਂ ਪਾਤਸ਼ਾਹ ਦੀ ਸ਼ਹਾਦਤ, ਮਾਂ ਬੋਲੀ ਦਿਵਸ ਅਤੇ ਰਿਮੈਂਬਰਸ ਡੇ ਬਾਰੇ ਜਾਣਕਾਰੀ ਸਾਂਝੀ ਕੀਤੀ। ਨਵੇਂ ਆਏ ਮੈਂਬਰਾਂ- ਕੁਲਵਿੰਦਰ ਕੌਰ, ਰਵਿੰਦਰ ਕੌਰ, ਦਲਜੀਤ ਕੌਰ ਤੇ- ਨੌਜਵਾਨ ਬੱਚੀਆਂ ਜਸਕੀਰਤ ਕੌਰ, ਕਰਮਪ੍ਰੀਤ ਕੌਰ ਅਤੇ ਛੋਟੀ ਬੱਚੀ ਪ੍ਰਭਕੀਰਤ ਕੌਰ ਨਾਲ ਜਾਣ ਪਛਾਣ ਕਰਵਾਈ ਗਈ।
ਗੁਰਦੀਸ਼ ਕੌਰ ਗਰੇਵਾਲ, ਸੁਖਬਿੰਦਰ ਕੌਰ ਬਾਠ, ਗੁਰਿੰਦਰ ਕੌਰ ਸਿੱਧੂ, ਗੁਰਜੀਤ ਕੌਰ ਬੈਦਵਾਨ, ਅਮਰਜੀਤ ਟਿਵਾਣਾ, ਹਰਜੀਤ ਜੌਹਲ, ਜੁਗਿੰਦਰ ਪੁਰਬਾ, ਸੁਰਿੰਦਰ ਕੌਰ ਸੰਧੂ, ਅਮਰਜੀਤ ਵਿਰਦੀ, ਜਤਿੰਦਰ ਪੇਲੀਆ, ਰਣਜੀਤ ਕੌਰ ਲੰਮੇ, ਰਣਜੀਤ ਕੌਰ ਕੰਗ, ਪ੍ਰੀਤਮ ਕੌਰ, ਲਖਵਿੰਦਰ ਕੌਰ ਅਤੇ ਪਰਮਜੀਤ ਕੌਰ ਕੰਗ ਨੇ ਗੁਰੂ ਨਾਨਕ ਦੇਵ ਜੀ ਬਾਰੇ ਕਵਿਤਾਵਾਂ ਗੀਤ ਅਤੇ ਸ਼ਬਦ ਸੁਣਾ ਕੇ, ਬਾਬੇ ਨਾਨਕ ਦੇ 555ਵੇਂ ਪ੍ਰਕਾਸ਼ ਪੁਰਬ ਤੇ ਮਹੌਲ ਸੁਰਮਈ ਬਣਾ ਦਿੱਤਾ।
ਦਲਜੀਤ ਕੌਰ ਨੇ ਕਸ਼ਮੀਰੀ ਪੰਡਤਾਂ ਦੀ ਪੁਕਾਰ ਦਾ ਗੀਤ, ਸੁਰੀਲੀ ਆਵਾਜ਼ ਵਿੱਚ ਸੁਣਾ ਕੇ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਸਿਜਦਾ ਕੀਤਾ । ਜਸਮਿੰਦਰ ਕੌਰ ਬਰਾੜ ਨੇ ਮਾਂ ਬੋਲੀ ਪੰਜਾਬੀ ਬਾਰੇ ਭਾਵਪੂਰਤ ਕਵਿਤਾ ਸਾਂਝੀ ਕੀਤੀ। ਸਰਬਜੀਤ ਉੱਪਲ ਨੇ ਜਾਦੂ ਟੂਣੇ ਦੇ ਪਖੰਡਾਂ ਦਾ ਪਰਦਾ ਫਾਸ਼ ਕਰਦੀ ਹੋਈ ਕਵਿਤਾ ਸੁਣਾਈ। ਅਮਰਜੀਤ ਗਰੇਵਾਲ ਅਤੇ ਸੁਰਿੰਦਰ ਸੰਧੂ ਨੇ ਰਲ਼ ਕੇ ਲੰਬੀ ਹੇਕ ਦਾ ਗੀਤ ਗਾ ਕੇ ਪੁਰਾਤਨ ਵਿਰਸੇ ਦੀ ਝਲਕ ਪੇਸ਼ ਕੀਤੀ। ਕਿਰਨ ਕਲਸੀ ਨੇ- ਬਰਾੜ ਮੈਡਮ ਦੇ ਕਾਲਮ- 'ਉਹ ਵੇਲਾ ਯਾਦ ਕਰ' ਦੀ ਸ਼ਲਾਘਾ ਕੀਤੀ ਜਦ ਕਿ ਭਗਵੰਤ ਕੌਰ ਨੇ ਪੰਜਾਬ ਪਹੁੰਚ ਕੇ ਸਕੂਨ ਮਿਲਣ ਦੀ ਗੱਲ ਕੀਤੀ। ਬਾਕੀ ਮੈਂਬਰਾਂ ਨੇ ਵਧੀਆ ਸਰੋਤੇ ਹੋਣ ਦਾ ਰੋਲ ਨਿਭਾਇਆ।
ਸਮਾਪਤੀ ਤੇ ਬਲਵਿੰਦਰ ਕੌਰ ਬਰਾੜ ਨੇ ਸਭ ਦਾ ਧੰਨਵਾਦ ਕਰਦਿਆਂ, ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ- 'ਮਨੁੱਖੀ ਅਧਿਕਾਰ ਦਿਵਸ' ਵਜੋਂ ਮਨਾਉਣ ਦੀ ਮੰਗ ਉਠਾਈ। ਨਾਲ ਹੀ ਉਨ੍ਹਾਂ, ਕਨੇਡਾ ਦੀ ਫੌਜ ਵਲੋਂ ਲੜਨ ਵਾਲੇ, 26 ਸਾਲਾ ਪਹਿਲੇ ਪੰਜਾਬੀ ਸਿੱਖ ਸ਼ਹੀਦ ਬੁੱਕਣ ਸਿੰਘ ਦੀ ਸਮਾਧ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।
---------
ਗੁਰਨਾਮ ਕੌਰ ਸਕੱਤਰ