ਜ਼ੁੱਰਅਤਾਂ ਵਾਲੇ
(ਮਿੰਨੀ ਕਹਾਣੀ)
ਅੱਜ ਤਾਏ ਮਹਿੰਦਰ ਦੀ ਚੋਥੀ ਤੇ ਸਭ ਤੋਂ ਛੋਟੀ ਧੀ ਛਿੰਦੀ ਦਾ ਰਿਸ਼ਤਾ ਕਰਵਾਉਣ ਲਈ ਘਰ ਪਹੁੰਚੇ ਦੂਰ ਦੇ ਰਿਸ਼ਤੇਦਾਰ ਤੇ ਵਿਚੋਲੇ ਮੱਘਰ ਨੇ ਵਿਹੜੇ ਵਿੱਚ ਡੱਠੇ ਮੰਜੇ ਤੇ ਬਹਿੰਦਿਆਂ ਹੀ ਮੁੰਡੇ ਵਾਲਿਆਂ ਦੀਆਂ ਸਿਫਤਾਂ ਦੇ ਪੁੱਲ ਬੰਨ੍ਹਨੇ ਸ਼ੁਰੂ ਕਰ ਦਿੱਤੇ, ਕਹਿੰਦਾ ਅੱਜ ਮੈਂ ਛਿੰਦੀ ਲਈ ਐਸਾ ਸਾਕ ਲੈ ਕੇ ਆਇਆ ਕਿ ਕੁੜੀ ਰਾਜ ਭੋਗੂਗੀ ਰਾਜ! ਆਪਣੇ ਨੇੜੇ-ਤੇੜੇ ਦੇ ਪਿੰਡਾਂ ਵਿੱਚ ਮੁੰਡੇ ਵਾਲਿਆਂ ਦੀ ਪੂਰੀ ਠੁੱਕ ਹੈ। ਦਸ ਤਾਂ ਡੰਗਰ ਹੀ ਬੰਨ੍ਹੇ ਘਰੇ ਲਵੇਰੇ ਵਾਲੇ। ਨੌਕਰਾਂ ਦੀ ਪੂਰੀ ਚਹਿਲ-ਪਹਿਲ ਹੈ ਤੇ 25 ਕਿੱਲਿਆਂ ਦਾ ਇੱਕ ਟੱਕ ਖੁੱਲੀ ਜਮੀਨ ਦਾ ਹੈ। ਜੀਹਦਾ ਆਏ ਸਾਲ ਠੇਕਾ ਲੱਖਾਂ ਰੁਪਏ ਆ ਜਾਂਦਾ, ਕੁੜੀ ਨੂੰ ਵੇਸੇ ਖਾਸ ਕੰਮ ਨਹੀਂ ਹੋਣਾ। ਬੱਸ ਏਹੋ ਸਮਝੋ ਕਿ ਪੂਰੇ “ਜ਼ੁੱਰਅੱਤਾਂ ਵਾਲੇ ਜੱਟ ਨੇ। ਇੱਨ੍ਹਾ ਗੱਲਾਂ ਦਰਮਿਆਨ ਗੁਆਂਢੀ ਤੇ ਪਿੰਡ ਦੇ ਮੌਜੂਦਾ ਸਰਪੰਚ ਸਿਆਣੇ ਮੁਹੱਤਬਾਰ ਬਾਬਾ ਗਿਆਨ ਵੀ ਪਹਿੰਚ ਗਿਆ ਸੀ। ਬਾਬੇ ਨੇ ਬਹਿੰਦਿਆਂ ਹੀ ਖੰਗੂਰਾ ਮਾਰ ਕੇ ਮੱਘਰ ਦੀ ਗੱਲ ਕੱਟਦਿਆਂ ਬੋਲਿਆ ਭਾਈ ਸਾਹਿਬ ਬਾਪ-ਦਾਦੇ ਦੀ ਕਮਾਈ ਦੀ ਕਾਹਦੀ ਠੁੱਕ ਤੇ ਕਿਸੇ ਦੇ ਸਿਰ ਤੇ ਕਾਹਦੀਆਂ ਜ਼ੁੱਰਅੱਤਾਂ। ਜ਼ੁੱਰਅੱਤਾਂ ਭਾਈ ਸਾਹਿਬ ਆਪਣੀ ਹਿੰਮਤ ਤੇ ਮਹਿਨਤਾਂ ਨਾਲ ਬਣਦੀਆਂ। ਹੁਣ ਮਹਿੰਦਰ ਨੂੰ ਹੀ ਦੇਖ ਲਓ ਆਪਣੀਆਂ ਪਹਿਲੀਆਂ ਤਿੰਨ ਧੀਆਂ ਦਾ ਵਿਆਹ ਆਪਣੀ ਨੇਕ ਕਮਾਈ ਨਾਲ ਪੂਰੇ ਰੀਤੀ-ਰਿਵਾਜ਼ਾਂ ਨਾਲ ਕੀਤਾ, ਤੇ ਹੁਣ ਛਿੰਦੀ ਦਾ ਵੀ ਕਰਨਾ, ਇਹ ਵਿਚਾਰਾ ਕਿਸੇ ਦੇ ਧੇਲੇ ਦਾ ਅਵਾਜ਼ਾਰ (ਮੋਹਤਾਜ਼) ਨਹੀਂ ਹੈ। ਮੇਰੇ ਹਿਸਾਬ ਨਾਲ ਤਾਂ ਮਹਿੰਦਰ ਹੀ “ਜ਼ੁੱਅਰੱਤ ਵਾਲਾ ਹੈ”, ਹਾਂ ਬਾਕੀ ਤੁਹਾਡੀ ਰਿਸ਼ਤੇਦਾਰੀ ਕੀ ਕਹਿੰਦੀ ਉਸਦਾ ਪਤਾ ਨਹੀਂ।
ਇਹ ਸੁਣ ਕੇ ਮੱਘਰ ਕੱਚਾ ਜਿਹਾ ਹੁੰਦਾ ਹੋਇਆ ਬੋਲਿਆ ਹਾਂ ਇਹ ਤਾਂ ਗੱਲ ਹੈ। ਮਹਿੰਦਰ ਬਾਈ ਨੇ ਘਰੇਲੂ ਤੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਸਦਾ ਹੋਸਲੇ ਮਿਹਨਤ ਤੇ ਜ਼ੁੱਰਅੱਤਾਂ ਨਾਲ ਨਿਭਾਇਆ ਹੈ।