ਚੰਗੀ ਚੰਗੀ ਲੱਗੇ ਸਾਨੂੰ ਸਰਦ ਮਹੀਨੇ ਵਾਲੀ ਧੁੱਪ।
ਨਿੱਘਾ ਨਿੱਘਾ ਸੁਖ ਦੇਵੇ ਇਹ ਲੱਗੇ ਕਰਮਾ ਵਾਲੀ ਧੁੱਪ।
ਜਦੋਂ ਸਿਆਲਾ ਚੜ੍ਹ ਆਇਆ ਤਾਂ ਠੰਡ ਦਾ ਵਧਿਆ ਜ਼ੋਰ,
ਠੁਰ ਠੁਰ ਕੰਬਣ ਸਭ ਨੂੰ ਲਾਇਆ ਤਕੜਾ ਜਾਂ ਕਮਜ਼ੋਰ,
ਨਿੱਘੀ ਨਿੱਘੀ ਚੜ੍ਹ ਕੇ ਸਾਡੀ ਠੰਡ ਤੋਂ ਕਰੇ ਰਖਵਾਲੀ ਧੁੱਪ।
ਚੰਗੀ ਚੰਗੀ ਲੱਗੇ ਸਾਨੂੰ ਸਰਦ ਮਹੀਨੇ ਵਾਲੀ ਧੁੱਪ।
ਹੱਥ -ਪੈਰਾਂ ਨੂੰ ਸੁੰਨ ਚੜ੍ਹਦੀ ਜਾਵੇ ਸੁਬ੍ਹਾ- ਦੁਪਿਹਰ -ਸਵੇਰੇ,
ਕੰਮ ਕਰਨ ਨੂੰ ਜੀ ਨਾ ਕਰਦਾ ਪਾਲਾ ਕਾਂਬਾ ਛੇੜੇ,
ਕੜੱਕ ਨਾ ਕਿਤੋਂ ਮਿਲੇ ਤਾਂ ਮਿਲਜੇ ਥੋੜ੍ਹੀ ਬਾਹਲੀ ਧੁੱਪ।
ਚੰਗੀ ਚੰਗੀ ਲੱਗੇ ਸਾਨੂੰ ਸਰਦ ਮਹੀਨੇ ਵਾਲੀ ਧੁੱਪ।
ਰਜਾਈ ਵਿੱਚ ਉਹ ਗੱਲ ਨਾ ਬਣਦੀ ਜੋ ਬਣਦੀ ਧੁੱਪ ਸਾਹਵੇਂ।
ਠਰਦਿਆਂ ਨੂੰ ਮਿਲ ਜਾਵੇ ਇਹ ਥੋੜ੍ਹੀ ਹੀ ਜਿਹੀ ਭਾਵੇਂ।
ਮੁਰਝਾਇਆ ਹੋਇਆ ਚਮਕਾਅ ਦਿੰਦੀ ਹੈ ਠਰੇ ਬੰਦੇ ਦਾ ਮੁੱਖ,
ਚੰਗੀ ਚੰਗੀ ਲੱਗੇ ਸਾਨੂੰ ਸਰਦ ਮਹੀਨੇ ਵਾਲੀ ਧੁੱਪ।
ਕੋਟੀਆਂ ਅਤੇ ਸਵੇਟਰ ਕੰਬਲ ਓੜ ਓੜ ਕੇ ਬੰਦੇ।
ਹਿੰਮਤ ਵਾਲੇ ਕਰੀ ਜਾਂਦੇ ਨੇ ਆਪਣੇ ਆਪਣੇ ਧੰਦੇ।
ਠੰਡ ਵਿੱਚ ਕੰਮ ਕਰਨ ਦਾ ਹੁੰਦਾ ਦੁਗਣਾ ਤਿਗਣਾ ਸੁੱਖ,
ਚੰਗੀ ਚੰਗੀ ਲੱਗੇ ਸਾਨੂੰ ਸਰਦ ਮਹੀਨੇ ਵਾਲੀ ਧੁੱਪ।
ਹੱਡੀਆਂ ਨੂੰ ਮਜਬੂਤੀ ਦਿੰਦਾ ਮਿਲਦਾ ਨਹੀਂ ਕਿਤੋਂ ਹੋਰ ।
ਡੀ ਵਿਟਾਮਿਨ ਮਿਲਦਾ ਸਾਨੂੰ ਬਿਨਾਂ ਮਚਾਏ ਸ਼ੋਰ ।
ਧੁੱਪ 'ਚ ਬਹਿ ਕੇ ਮਿਲਦਾ ਨਿੱਘਾ ਨਿੱਘਾ ਸੁੱਖ,
ਚੰਗੀ ਚੰਗੀ ਲੱਗੇ ਸਾਨੂੰ ਸਰਦ ਮਹੀਨੇ ਵਾਲੀ ਧੁੱਪ।
ਧੁੱਪ ਸੇਕਣੀ ਚੰਗੀ ਹੁੰਦੀ ਸੇਕੋ ਮੁਫਤੋ ਮੁਫਤੀ।
ਖਾਵੋ ਬਹਿ ਕੇ ਮੂੰਗਫ਼ਲੀ ਇਹ ਧੁੱਪ ਸੇਕਣ ਦੀ ਯੁਗਤੀ।
ਖਾਂਦਿਆਂ ਪੀਂਦਿਆਂ ਮਿਲਦੀ ਤਾਕਤ ਨਾਲੇ ਮਿਟਦੀ ਭੁੱਖ,
ਚੰਗੀ ਚੰਗੀ ਲੱਗੇ ਸਾਨੂੰ ਸਰਦ ਮਹੀਨੇ ਵਾਲੀ ਧੁੱਪ।
ਜਿੱਦਣ ਧੁੰਦ 'ਚੋਂ ਨਿਕਲੇ ਸੂਰਜ ਡਾਢਾ ਚੰਗਾ ਲੱਗੇ।
ਨਿੱਘੀ ਨਿੱਘੀ ਧੁੱਪ ਦਾ ਸੇਕਾ ਪਿੰਡਿਆਂ ਤਾਈਂ ਫੱਬੇ।
ਧੁੰਦ ਤੇ ਬੱਦਲ ਲੈਣ ਨਾ ਦਿੰਦੇ ਸਾਨੂੰ ਬਾਹਲੀ ਧੁੱਪ,
ਚੰਗੀ ਚੰਗੀ ਲੱਗੇ ਸਾਨੂੰ ਸਰਦ ਮਹੀਨੇ ਵਾਲੀ ਧੁੱਪ।