ਲਫ਼ਜ਼ਾਂ ਦੇ ਨਾਲ਼ ਜਾਦੂ ਕਰਨਾ ਸਿੱਖਣਾ ਹੈ
ਸ਼ਬਦਾਂ ਦੇ ਚੱਪੂ ਨਾਲ਼ ਤਰਨਾ ਸਿੱਖਣਾ ਹੈ।
ਨਿੱਕੀ ਜੇਹੀ ਗੱਲ ਤੇ ਅੱਗ ਹੋ ਜਾਂਦਾ ਹਾਂ
ਪਰ ਮੈਂ ਹੋਣਾ ਸ਼ੀਤਲ ਝਰਨਾ ਸਿੱਖਣਾ ਹੈ।
ਮੇਰਾ ਏਨਾ ਪੱਥਰ ਹੋਣਾ ਠੀਕ ਨਹੀਂ
ਨੈਣਾਂ ਦੇ ਵਿੱਚ ਹੰਝੂ ਭਰਨਾ ਸਿੱਖਣਾ ਹੈ।
ਧਮਕੀ ਦੇ ਨਾਲ਼ ਅੱਧੇ ਕੰਮ ਨੇ ਹੋ ਜਾਂਦੇ
ਇਸ ਲਈ ਆਪਾਂ ਕਹਿਣਾ ਵਰਨਾ ਸਿੱਖਣਾ ਹੈ।
ਨਿੱਕੀ-ਨਿੱਕੀ ਗੱਲ ਤੇ ਜਿੱਦ ਵੀ ਠੀਕ ਨਹੀਂ
ਮਾੜਾ ਮੋਟਾ ਆਪਾਂ ਜਰਨਾ ਸਿੱਖਣਾ ਹੈ।
ਕਹਿੰਦੇ ਇਸ਼ਕ ਦੀ ਬਾਜ਼ੀ ਹਰ ਕੇ ਜਿੱਤੀ ਦੀ
ਏਸੇ ਲੀਹ ਤੇ ਯਾਰ ਤੋਂ ਹਰਨਾ ਸਿੱਖਣਾ ਹੈ।
ਉੱਚਾ ਉੱਡਣ ਵਾਲ਼ੇ ਔਖਾ ਕਰਦੇ ਨੇ
ਉਹਨਾਂ ਦੇ ਵੀ ਖੰਭ ਕੁਤਰਨਾ ਸਿੱਖਣਾ ਹੈ।
ਬਹੁਤਾ ਬੇ-ਡਰ ਬੰਦਾ ਘਾਤਕ ਹੋ ਜਾਂਦਾ
ਦੁਨੀਆਦਾਰੀ ਜੋਗਾ ਡਰਨਾ ਸਿੱਖਣਾ ਹੈ।