ਜਦੋਂ ਵੀ ਕਦੇ ਗੁਰੂ ਗੋਬਿੰਦ ਸਿੰਘ ਦਾ ਨਾਂ ਅਤੇ ਤਸਵੀਰ ਅੱਖਾਂ ਅੱਗੇ ਆਉਂਦੀ ਹੈ,ਤਾਂ ਇੱਕ ਤੇਜਸਵੀ ਤੇ ਜਲਾਲ ਭਰਿਆ ਸ਼ਹਿਨਸ਼ਾਹ, ਜੁਲਮ ਦੇ ਖੇਤਰ ਵਿਚ ਤਰਥੱਲੀ ਪਾਉਣ ਵਾਲਾ, ਇੱਕ ਯੋਧ ਨੀਤੀਵਾਨ ,ਮਹਾਨ ਪ੍ਰਬੰਧਕ ਤੇ ਸੂਰਬੀਰ ਦਾ ਸੰਕਲਪ ਹੀ ਸਾਡੇ ਜਿਹਨ ਵਿੱਚ ਉਤਰਦਾ ਹੈ।ਪਰ ਉਨ੍ਹਾਂ ਦੇ ਇਨ੍ਹਾਂ ਜਲੌਅ ਅਤੇ ਲਾਲੀ ਭਰੇ ਨੈਣਾਂ ਦੇ ਤੇਜ ਪਿੱਛੇ ਉਨ੍ਹਾਂ ਦੀ ਪ੍ਰਭੂ-ਪ੍ਰੇਮ ਵਿੱਚ ਰੱਤਿਆ ਅਤੇ ਰਹਿਮ ਭਰਿਆ ਦਿਲ, ਕੋਮਲ ਤੇ ਸੂਖਮ ਹਿਰਦਾ ਅਤੇ ਕਾਵਿਮਈ-ਸੰਗੀਤ ਵਿੱਚ ਡੁੱਬੀ ਰੂਹ “ਸੂਖਮ” ਹੋਣ ਕਰਕੇ ਇੱਕ ਦਮ ਨਜਰ ਨਹੀਂ ਆਉਂਦੀ ।ਜਿਵੇਂ ਕਿਸੇ ਬ੍ਰਿਛ ਦੀ ਜੜ੍ਹ ਸਾਨੂੰ ਨਜਰ ਤਾਂ ਨਹੀਂ ਆਉਂਦੀ ,ਪਰ ਬ੍ਰਿਛ ਦੇ ਨਜਰ ਆਉਂਦੇ ਤਣੇ,ਟਾਹਣ,ਪੱਤੇ ਫੁੱਲ ਅਤੇ ਫਲ ਸਭ ਦੀ ਹੋਂਦ ਇਸ ਜੜ੍ਹ ਕਰਕੇ ਹੀ ਹੁੰਦੀ ਹੈ ,ਬਿਲਕੁਲ ਇਸੇ ਤਰਾਂ ਗੁਰੂ ਗੋਬਿੰਦ ਸਿੰਘ ਜੀ ਦ ਸੰਤ ਰੂਪ, ਦਰਵੇਸ਼ ਰੂਪ,ਗੁਰੁ ਰੂਪ, ਭਗਤ ਰੂਪ,ਗਿਆਨ ਤੇ ਪ੍ਰੇਮ ਵਾਲਾ ਰੂਪ ਉਹ ਜੜ੍ਹ ਹੈ, ਜਿਸ ਨੇ ਉਨ੍ਹਾਂ ਦੇ ਸਾਰੇ ਜੀਵਨ ਦੀਆਂ ਟਾਹਣੀਆਂ,ਪੱਤਿਆਂ,ਫੁੱਲਾਂ ਅਤੇ ਫਲਾਂ ਨੂੰ ਪਾਲਿਆ ਅਤੇ ਵਿਕਸਿਤ ਕੀਤਾ ਹੈ । ਇਸ ਲੇਖ ਵਿੱਚ ਅਸੀਂ ਉਨ੍ਹਾਂ ਦੇ ਇਸ ਸੂਖਮ ਅਤੇ ਅਦ੍ਰਿਸ਼ ਰੂਪ ਦੇ ਦਰਸ਼ਨ ਕਰਨ ਦਾ ਯਤਨ ਕਰਾਂਗੇ ।
ਜੀਵਨ ਵਿੱਚੋਂ ਸੰਤ ਰੂਪ ਦੀਆਂ ਝਲਕਾਂ :- ਬਹੁਤ ਹੀ ਸੰਖੇਪ ਰਹਿੰਦੇ ਹੋਏ ਗੁਰੂ ਸਾਹਿਬ ਜੀ ਦੇ ਜੀਵਨ ਵਿੱਚੋਂ ਉਨ੍ਹਾਂ ਘਟਨਾਵਾਂ ਦਾ ਜਿਕਰ ਮਾਤਰ ਕਰਾਂਗੇ,ਜਿਨਾਂ ਚੋਂ ਉਨਾਂ ਦੀ ਦਰਵੇਸ਼ੀ ਸ਼ਖਸ਼ੀਅਤ ਦੇ ਝਲਕਾਰੇ ਵਜਦੇ ਹਨ:-
* ਬਾਲ ਗੋਬਿੰਦ ਦੇ ਦਰਸ਼ਨ ਕਰਨ ਆਏ ਭੀਖਣ-ਸ਼ਾਹ ਦੀਆਂ ਦੋਹਾਂ ਕੁੱਜੀਆਂ ਤੇ ਹੱਥ ਰੱਖਣੇ ਗੁਰੂ ਸਾਹਿਬ ਅੰਦਰ ਵੱਸੀ ਧਾਰਮਿਕ-ਬਰਾਬਰਤਾ ਅਤੇ ਉਨ੍ਹਾਂ ਦੇ ਮਜਹਬੀ –ਵਿਤਕਰਿਆਂ ਤੋਂ ਉੱਪਰ ਹੋਣ ਦਾ ਸੰਕੇਤ ਸੀ ।
* ਸਾਥੀਆਂ ਨਾਲ ਖੇਡਦੇ ਹੋਏ ਉਨ੍ਹਾਂ ਵਿੱਚ ਭਾਈਚਾਰਕ ਸਾਂਝ,ਇੱਕ ਲੀਡਰ ਦੇ ਗੁਣ ਅਤੇ ਉਨ੍ਹਾਂ ਦੋਸਤਾਂ ਵਿੱਚ ਆਪਣੀਆਂ ਵਸਤਾਂ ਵੰਡਣਾ –ਆਪਣੇ ਨਿੱਜ ਨੂੰ ‘ਪਰ’ ਤੋਂ ਵਾਰਨ ਦੀ ਬਿਰਤੀ ਦਾ ਪ੍ਰਗਟਾਵਾ ਸੀ ।
* ਕਿਸ਼ੋਰ ਗੋਬਿੰਦ-ਰਾਇ ਨੇ ਸੋਨੇ ਦਾ ਕੰਗਣ ਨਦੀ ਵਿੱਚ ਸੁੱਟ ਦਿੱਤਾ ਸੀ ।ਮਾਤਾ ਜੀ ਨੇ ਪੁੱਛਿਆ ਤਾਂ ਦੂਜਾ ਕੰਗਣ ਵੀ ਨਦੀ ਵਿੱਚ ਸੁੱਟ ਕੇ ਕਹਿਣ ਲੱਗੇ ਕਿ ਉਸ ਥਾਂ ਤੇ ਸੁੱਟਿਆ ਸੀ ।ਇਹ ਮਾਇਆ ਤੋਂ ਨਿਰਲੇਪ ਸ਼ਖਸ਼ੀਅਤ ਦਾ ਝਲਕਾਰਾ ਸੀ ।
* ਪੰਡਿਤ ਸ਼ਿਵ ਦੱਤ ਦੀ ਇੱਛਾ ਅਨੁਸਾਰ ਉਸ ਨੂੰ ਰਾਮ-ਚੰਦਰ ਦੇ ਰੂਪ ਵਿੱਚ ਦਰਸ਼ਨ ਦੇਣੇ, ਜਿੱਥੇ ਅੰਤਰਯਾਮਤਾ ਦੀ ਬਾਤ ਪਾਉਂਦਾ ਹੈ,ਉਥੇ ਗੁਰੂ ਸਾਹਿਬ ਦਾ “ਪ੍ਰੇਮ –ਭਾਵਨਾ’ ਦਾ ਸਤਿਕਾਰ ਦਰਸਾਉਂਦਾ ਹੈ ।
* ਰਾਜਾ ਫਤਹਿ ਚੰਦ ਮੈਣੀ ਦੀ ਰਾਣੀ ਦੀ ‘ਮਾਂ ਦੀ ਵਿਲਕਦੀ ਮਮਤਾ’ ਨੂੰੂੂ ਪਹਿਚਾਨਣਾ {ਉਸ ਦੇ ਕੋਈ ਔਲਾਦ ਨਹੀਂ ਸੀ ਅਤੇ ਉਹ ਗੋਬਿੰਦ ਰਾਇ ਵਰਗਾ ਬਾਲ ਆਪਣੀ ਗੋਦ ਚ’ ਖਿਡਾਉਣਾ ਚਾਹੁੰਦੀ ਸੀ} ਅਤੇ ਉਸਦੀ ਗੋਦ ਚ’ ਬੈਠ ਕੇ ਉਸ ਨੂੰ ਮਾਂ ਵਾਲਾ ਪਿਆਰ-ਸਤਿਕਾਰ ਦੇਣਾ ।
* ਕਸ਼ਮੀਰੀ ਪੰਡਿਤਾਂ ਦੀ ਪੁਕਾਰ ਸੁਣ ਕੇ ਦਿਲ ਦਾ ਪਸੀਜਿਆ ਜਾਣਾ ਅਤੇ ਉਨ੍ਹਾਂ ਦਾ ਦੁੱਖ ਹਰਨ ਲਈ ਪਿਤਾ-ਗੁਰੂ ਤੇਗ ਬਹਾਦਰ ਜੀ ਨੂੰ ਕੁਰਬਾਨੀ ਲਈ ਪ੍ਰੇਰਨਾ ਕਰਨੀ ।
* ਭਾਈ ਜੀਵਨ ਸਿੰਘ ਜੀ ਜਦੋ ਗੁਰੂ ਪਿਤਾ ਦਾ ਸੀਸ ਲੈ ਕੇ ਅਨੰਦਪੁਰ ਵਿੱਚ ਪੁੱਜੇ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੀਵਨ ਸਿੰਘ ਨੂੰ ਕਲੇਜੇ ਨਾਲ ਲਗਾ ਕੇ ਕਿਹਾ " ਰੰਗਰੇਟਾ ਗੁਰੂ ਕਾ ਬੇਟਾ "। ਇਹ ਗੁਰੂ ਜੀ ਦੀ ਸਮਦ੍ਰਿਸ਼ਟੀ ਅਤੇ ਇੱਕ ਸਿੱਖ ਦੀ ਘਾਲਣਾ ਨੂੰ ਮਾਣ ਦੇਣ ਦਾ ਮਹਾਨ ਕਾਰਜ ਸੀ।
* ਸਾਹਿਬ ਕੌਰ ਜੀ ਵੱਲੋਂ ਜਦੋਂ ਆਪ ਜੀ ਨੂੰ ਪਤੀ ਰੂਪ ਵਿੱਚ ਮੰਨਣ ਦੀ ਗੱਲ ਆਈ ਤਾਂ ਆਪ ਜੀ ਨੇ ਸਾਫ ਸ਼ਬਦਾਂ ਵਿੱਚ ਦੱਸਿਆ ਕਿ ਮੈਂ ਗ੍ਰਹਿਸਥ ਤਿਆਗ ਚੁੱਕਾ ਹਾਂ। ਉਹਨਾਂ ਵੱਲੋਂ ਇਹ ਸ਼ਰਤ ਪ੍ਰਵਾਨ ਹੋਣ ਤੇ ਹੀ ਵਿਆਹ ਕਰਵਾਇਆ ਗਿਆ। ਬਾਅਦ ਵਿੱਚ ਜਦੋਂ ਉਹਨਾਂ ਵਿੱਚ ਪੁੱਤਰ ਦੀ ਮਾਂ ਹੋਣ ਦੀ ਇੱਛਾ ਦੇਖਦੇ ਹੋਏ , ਸਮੂਹ ਖਾਲਸਾ ਪੰਥ ਉਹਨਾਂ ਦੀ ਝੋਲੀ ਵਿੱਚ ਪਾ ਦਿੱਤਾ ।ਅੱਜ ਵੀ ਖੰਡੇ ਦੀ ਪਾਹੁਲ ਦੇਣ ਸਮੇਂ ਪੰਜ ਪਿਆਰੇ ਹਰ ਸਿੱਖ ਨੂੰ ਦ੍ਰਿੜ ਕਰਵਾਉਂਦੇ ਹਨ ਕਿ ਅੱਜ ਤੋਂ ਤੁਹਾਡਾ ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ ਜੀ ਅਤੇ ਵਾਸੀ ਅਨੰਦਪੁਰ ਦੇ।
* ਜਿਕਰ ਆਉਂਦਾ ਏ ਕਿ ਇੱਕ ਵਾਰ ਗੁਰੂ ਜੀ ਨੇ ਤੋਸ਼ੇਖਾਨੇ ਦਾ ਸਾਰਾ ਸਮਾਨ ਬਾਹਰ ਮੰਗਵਾ ਲਿਆ। ਉਪਰੰਤ ਜੋ ਕੀਮਤੀ ਬਸਤਰ ਸਨ, ਜਰੀ, ਤਿੱਲੇ, ਮਖਮਲ ਆਦਿ ਦੇ ਉਹਨਾਂ ਉੱਤੇ ਪਹਿਲਾਂ ਅਤਰ ਫੁਲੇਲ ਛਿੜਕਾਇਆ ਅਤੇ ਉਹਨਾਂ ਨੂੰ ਅੱਗ ਲਗਵਾ ਦਿੱਤੀ। ਜੋ ਸੋਨਾ ਚਾਂਦੀ ਜਵਾਹਰਾਤ ਆਦਿ ਇਹਨਾਂ ਬਸਤਰਾਂ ਉੱਤੇ ਜੜੇ ਹੋਏ ਸਨ, ਉਹ ਸਾਰੇ ਬੋਰੀਆਂ ਵਿਚ ਬੰਨ੍ਹਣ ਦਾ ਹੁਕਮ ਦਿੱਤਾ। ਉਪਰੰਤ ਆਪ ਸਰਸਾ ਨਦੀ ਵਿਚ ਪਲੰਘ ਤੇ ਬੈਠ ਗਏ ਅਤੇ ਤੋਸ਼ੇਖਾਨੇ ਦਾ ਸਾਰਾ ਸਮਾਨ ਇਥੇ ਲਿਆਉਣ ਦਾ ਹੁਕਮ ਕੀਤਾ। ਸੋਨਾ, ਚਾਂਦੀ, ਹੀਰੇ, ਲਾਲ ਜਵਾਹਰਾਤ ਦੇ ਮੁੱਠੇ ਵਾਲੇ ਸਸ਼ਤਰ ਵੀ ਮੋਹਰਾਂ ਆਦਿ ਨਕਦ ਵੀ --ਗੱਲ ਕੀ, ਪੂਰਾ ਤੋਸ਼ਾਖਾਨਾ ਇਥੇ ਮੰਗਵਾ ਲਿਆ ਅਤੇ ਡੂੰਘੇ ਟੋਏ ਪੁਟਵਾ ਕੇ ਉਸ ਵਿੱਚ ਸੁਟਵਾਇਆ। ਪੁੱਛਣ ਤੇ ਗੁਰੂ ਸਾਹਿਬ ਜੀ ਨੇ ਕਿਹਾ ਸੀ ਕਿ ਇਹ ਪੂਜਾ ਦਾ ਧਨ ਹੈ ਅਤੇ ਇਹ ਜ਼ਹਿਰ ਦੇ ਸਮਾਨ ਹੈ। ਕੋਈ ਮਾਂ ਬਾਪ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੀ ਔਲਾਦ ਨੂੰ ਜ਼ਹਿਰ ਖਾਣ ਦੀ ਆਗਿਆ ਨਹੀਂ ਦੇ ਸਕਦਾ। ਇੱਕ ਸਿੱਖ ਵਲੋਂ ਇੱਕ ਵਧੀਆ ਚਿੱਲਾ ਲੁਕੋਏ ਜਾਣ ਤੇ ਗੁਰੂ ਜੀ ਨੇ ਉਸ ਨੂੰ ਵਰਜਿਆ ਅਤੇ ਸਿੱਖ ਵਲੋਂ ਮੁਆਫੀ ਮੰਗਣ ਤੇ ਉਸ ਨੂੰ ਸਮਝਾਇਆ ਕਿ ਪੂਜਾ ਦੇ ਧਨ ਨਾਲ ਵਰਤੀ ਹੋਈ ਕੋਈ ਵੀ ਵਸਤੂ ਤੁਹਾਡੀ ਬੀਰਤਾ ਨੂੰ ਨਸ਼ਟ ਕਰਦੀ ਹੈ। ਦੋਹਾਂ ਜਹਾਨਾਂ ਵਿੱਚ ਮੂੰਹ ਕਾਲਾ ਕਰਵਾਉਂਦੀ ਹੈ। ਅਤੇ ਕੀਤਾ ਗਿਆ ਸਾਰਾ ਜਪ ਤਪ ਵੀ ਖਿੱਚ ਲੈਂਦੀ ਹੈ। ਹੈ ਕੋਈ ਅਜਿਹਾ ਦਰਵੇਸ਼ ਦੁਨੀਆਂ ਤੇ ਨਜਰ ਆਉਂਦਾ ?
* ਜੇ ਉਹਨਾਂ ਖਾਲਸਾ ਸਾਜਣ ਸਮੇ ਪੰਜ ਪਿਆਰਿਆਂ ਨੂੰ ਗੁਰੂ ਖਾਲਸਾ ਕਿਹਾ ਸੀ, ਤਾਂ ਇਸ ਤੇ ਉਹਨਾਂ ਪਹਿਰਾ ਵੀ ਦਿੱਤਾ। ਪੰਜ ਪਿਆਰਿਆਂ ਦਾ ਹੁਕਮ ਮੰਨ ਕੇ ਹੀ ਉਹਨਾਂ ਚਮਕੌਰ ਦੀ ਗੜ੍ਹੀ ਵਿਚੋਂ ਨਿਕਲਣਾ ਮਨਜੂਰ ਕੀਤਾ ਸੀ। ਇਹ "ਸੂਰਬੀਰ ਬਚਨ ਕੇ ਬਲੀ" ਨੂੰ ਕਮਾ ਕੇ ਦਿਖਾ ਰਹੇ ਸਨ ।
* ਸਰਸਾ ਨਦੀ ਦੇ ਕੰਢੇ ਤੇ ਪਰਿਵਾਰ ਵਿਛੜ ਗਿਆ। ਇਸ ਸਮੇ ਦੋ ਵੱਡੇ ਸਾਹਿਬਜ਼ਾਦੇ ਜੰਗ ਵਿੱਚ ਸ਼ਹੀਦ ਹੋ ਚੁੱਕੇ ਸਨ। ਪਿਤਾ ਜੀ ਪਹਿਲਾਂ ਹੀ ਕੁਰਬਾਨੀ ਦੇ ਚੁੱਕੇ ਸਨ। ਮਾਤਾ ਜੀ, ਛੋਟੇ ਸਾਹਿਬਜ਼ਾਦੇ ਅਤੇ ਗੁਰੂ ਮਹਿਲ ਕਿੱਥੇ ਹਨ, ਜਿੰਦਾ ਵੀ ਹਨ ਜਾਂ ਨਹੀਂ, ਇਸ ਬਾਰੇ ਗੁਰੂ ਗੋਬਿੰਦ ਸਿੰਘ ਜੀ ਨੂੰ ਕੋਈ ਇਲਮ ਨਹੀਂ ਸੀ। ਜਾਨ ਤੋਂ ਪਿਆਰਾ ਖਾਲਸਾ ਵੀ ਆਪ ਜੀ ਦੇ ਨਾਲ ਨਹੀਂ। ਜਾਨ ਦਾ ਦੁਸ਼ਮਣ ਕਿਸੇ ਵੀ ਪਲ ਸਿਰ ਤੇ ਆ ਸਕਦਾ ਸੀ, ਜਦੋ ਪਾਟੇ ਲੀੜੇ ਤਨ ਤੇ ਹਨ ਅਤੇ ਮਾਛੀਵਾੜੇ ਦੇ ਸੁੰਨਸਾਨ ਜੰਗਲ ਵਿੱਚ ਪਏ ਹਨ, ਅਜਿਹੀ ਹਾਲਤ ਵਿੱਚ ਵੀ ਪ੍ਰਭੂ ਪਿਤਾ ਨੂੰ ਯਾਦ ਕਰਨਾ ਅਤੇ ਯਾਰੜੇ ਦੇ ਸੱਥਰ ਨੂੰ ਖੇੜਿਆਂ ਦੇ ਸੁੱਖਾਂ ਤੋੰ ਉੱਚਾ ਦੱਸਣਾ ਰੂਹਾਨੀਅਤ ਧੀਰਜ ਅਤੇ ਅੰਦਰੂਨੀ ਸਹਜ ਤੋੰ ਬਿਨਾਂ ਕਿਸੇ ਵੀ ਹਾਲਤ ਵਿੱਚ ਸੰਭਵ ਨਹੀਂ ਸੀ ।
* ਜਦੋ ਗੁਰੂ ਸਾਹਿਬ ਨੇ ਮਹਿਸੂਸ ਕੀਤਾ ਕਿ ਬ੍ਰਾਹਮਣ ਸੰਸਕ੍ਰਿਤ ਭਾਸ਼ਾ ਵਿੱਚ ਲਿਖੇ ਗ੍ਰੰਥਾਂ ਨੂੰ ਦੇਵ-ਬਾਣੀ ਕਹਿ ਕੇ ਉਸ ਨੂੰ ਪੜ੍ਹਨ ਪੜ੍ਹਾਉਣ ਦਾ ਏਕਾਧਿਕਾਰ ਆਪਣੇ ਕੋਲ ਰੱਖੀ ਬੈਠਾ ਹੈ, ਤਾਂ ਉਹਨਾਂ ਨੇ ਆਪਣੇ ਸਿੱਖਾਂ ਨੂੰ ਕਾਸੀ ਵਿਖੇ ਸੰਸਕ੍ਰਿਤ ਸਿੱਖਣ ਲਈ ਭੇਜਿਆ, ਜਿਹਨਾਂ ਨੂੰ ਨਿਰਮਲੇ ਸਿੱਖ ਕਿਹਾ ਜਾਂਦਾ ਏ। ਦਰਵੇਸ਼ ਪਿਤਾ ਜੀ ਦਾ ਵਿਸ਼ਵਾਸ਼ ਸੀ ਕਿ ਗਿਆਨ ਤੇ ਹਰ ਇੱਕ ਦਾ ਬਰਾਬਰ ਹੱਕ ਹੈ। ਬਿਨਾਂ ਕਿਸੇ ਮਜ਼ਹਬ, ਜਾਤ,ਜਾਂ ਕਿਸੇ ਹੋਰ ਵਿਤਕਰੇ ਦੇ ਅਧਿਆਤਮਕ ਗਿਆਨ ਸਿੱਖਣ ਅਤੇ ਵੰਡਣ ਲਈ ਹਰ ਵਿਅਕਤੀ ਬਰਾਬਰ ਹੈ। ਇਸੇ ਲਈ ਹੋਰ ਪੁਰਾਤਨ ਸਾਹਿਤ ਅਤੇ ਗ੍ਰੰਥਾਂ ਦੇ ਅਨੁਵਾਦ ਗੁਰੂ ਸਾਹਿਬ ਨੇ ਕਰਵਾਏ ਸਨ।
* ਇਤਿਹਾਸ ਵਿੱਚ ਜਿਕਰ ਹੈ ਕਿ ਜਦੋਂ ਰਾਜਾ ਫਰਖੁਸ਼ੀਅਰ ਨੇ ਆਪ ਜੀ ਨੂੰ ਪੁੱਛਿਆ , " ਮਜ਼ਹਬ ਤੁਮਾਹਰਾ ਖੂਬ ਕਿ ਹਮਾਰਾ ਖੂਬ ?"
ਗੁਰੂ ਸਾਹਿਬ ਨੇ ਬੜਾ ਪਿਆਰਾ ਜਵਾਬ ਦਿੱਤਾ ਸੀ,"ਤੁਮ ਕੋ ਤੁਮਾਹਰਾ ਖੂਬ, ਹਮ ਕੋ ਹਮਾਰਾ ਖੂਬ ।" ਇਸ ਵਿੱਚ ਦੂਸਰੇ ਦੇ ਅਕੀਦੇ ਦਾ ਸਤਿਕਾਰ ਵੀ ਹੈ ਅਤੇ ਆਪਣੇ ਵਿਸ਼ਵਾਸ਼ ਪ੍ਰਤੀ ਦ੍ਰਿੜ੍ਹਤਾ ਵੀ। ਇਹੀ ਨਿਰਭਉ ਅਤੇ ਨਿਰਵੈਰ ਹੋਣ ਦੀ ਉਹੀ ਭਾਵਨਾ ਹੈ ਜਿਸ ਅਧੀਨ ਗੁਰੂ ਪਿਤਾ ਤੇਗ ਬਹਾਦਰ ਜੀ ਨੇ ਆਪਣੀ ਕੁਰਬਾਨੀ ਦਿੱਤੀ ਸੀ।
* ਪਾਉਂਟਾ ਸਾਹਿਬ ਦੇ ਸਥਾਨ ਤੇ ਆਪ ਜੀ ਕਵੀ ਦਰਬਾਰ ਲਗਾਇਆ ਕਰਦੇ ਸਨ ਅਤੇ ਵਧੀਆ ਕਵਿਤਾਵਾਂ ਸੁਣਾਉਣ ਵਾਲੇ ਕਵੀਆਂ ਨੂੰ ਵੱਡੇ ਇਨਾਮ ਵੀ ਦਿਆ ਕਰਦੇ ਸਨ । ਕਵਿਤਾ ਵਰਗੀ ਸੂਖਮ ਕਲਾ ਦੇ ਹੀ ਪ੍ਰਸੰਸਕ ਨਹੀਂ ਸਨ, ਸਗੋਂ ਰਾਗ ਦੇ ਵੀ ਆਸ਼ਕ ਸਨ। ਗੁਰਦੁਆਰਾ ਮੰਡੀ ਸੰਕੇਤ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਪਈ ਰਬਾਬ ਉਹਨਾਂ ਦੇ ਸੰਗੀਤ-ਪ੍ਰੇਮ ਦਾ ਸਬੂਤ ਹੈ।
* ਭਾਈ ਨੰਦ ਲਾਲ ਜੀ ਨੇ ਗੁਰੂ ਸਾਹਿਬ ਤੋਂ ਜੰਗ ਵਿੱਚ ਜਾਣ ਦੀ ਇਜਾਜ਼ਤ ਮੰਗੀ, ਤਾਂ ਗੁਰੂ ਸਾਹਿਬ ਨੇ ਫ਼ਾਰਸੀ ਦੇ ਇਸ ਵਿਦਵਾਨ ਕਵੀ ਦੀ ਕਲਾ ਨੂੰ ਪਹਿਚਾਣਦੇ ਹੋਏ ਉਹਨਾਂ ਨੂੰ ਜੰਗ ਵਿੱਚ ਜਾਣ ਦੀ ਆਗਿਆ ਨਹੀਂ ਦਿੱਤੀ ,ਸਗੋਂ ਕਿਹਾ ਕਿ ਤੁਹਾਡੀ ਕਲਮ ਹੀ ਤੁਹਾਡੀ ਤਲਵਾਰ ਹੈ।
ਇਸੇ ਨੂੰ ਚਲਾਉਣਾ ਜਾਰੀ ਰੱਖੋ । ਜਦੋਂ ਭਾਈ ਨੰਦ ਲਾਲ ਜੀ ਆਪਣੀ ਲਿਖੀ ਪੁਸਤਕ ਬੰਦਗੀਨਾਮਾ ਗੁਰੂ ਸਾਹਿਬ ਨੂੰ ਦਿਖਾਉਣ ਆਏ, ਤਾਂ ਗੁਰੂ ਜੀ ਨੇ ਆਪਣੇ ਕਰ- ਕਮਲਾਂ ਨਾਲ ਉਸ ਦੇ ਸਿਰਲੇਖ ਨੂੰ ਬੰਦਗੀਨਾਮਾ ਦੀ ਥਾਂ ਜਿੰਦਗੀਨਾਮਾ ਕਰਦੇ ਹੋਏ ਕਿਹਾ ਕਿ ਤੁਹਾਡੀ ਲਿਖਤ ਖੂਬਸੂਰਤ ਜਿੰਦਗੀ ਜਿਊਣ ਦਾ ਗੁਰ ਦੱਸਦੀ ਹੈ। ਇਸ ਲਈ ਇਸਦਾ ਨਾਮ ਜਿੰਦਗੀਨਾਮਾ ਵਧੇਰੇ ਢੁਕਵਾਂ ਹੈ।
ਮੈਦਾਨੇ-ਜੰਗ ਵਿੱਚ ਦਰਵੇਸਾਵੀ ਸੁਭਾਅ :-
ਗੁਰੂ ਗੋਬਿੰਦ ਸਿੰਘ ਜੀ ਨੂੰ ਹੱਕ-ਸੱਚ ਦੀ ਖਾਤਰ ,ਜੁਲਮ ਦੇ ਵਿਰੁੱੱਧ ਕੁੱਲ 14 ਲੜਾਈਆਂ ਲੜਨੀਆਂ ਪਈਆਂ ਪਰ ਇਤਿਹਾਸ ਗਵਾਹ ਹੈ ਕਿ ਕੋਈ ਇੱਕ ਵੀ ਜੰਗ ਗੁਰੂ ਸਾਹਿਬ ਜੀ ਵਲੋਂ ਆਰੰਭ ਨਹੀ ਕੀਤੀ ਗਈ । ਹਰੇਕ ਜੰਗ ਵਿੱਚ ਦੁਸ਼ਮਣ ਨੇ ਵਾਰ ਪਹਿਲਾਂ ਕੀਤਾ ।ਗੁਰੂ ਤੇਗ ਬਹਾਦਰ ਜੀ ਦੇ ਦੱਸੇ ਸੁਨਹਿਰੀ ਅਸੂਲ਼- “ਭੈ ਕਾਹੂ ਕਉ ਦੇਤਿ ਨਾਹਿ,ਨਹਿ ਭੈ ਮਾਨਤਿ ਆਨਿ।” ਤੇ ਅਮਲ ਕਰਦਿਆਂ ਸੁਤੰਤਰ ਅਤੇ ਨਿਰਭਉ ਹਸਤੀ ਦਾ ਸਬੂਤ ਜਰੂਰ ਦਿੱਤਾ ।। ਪਰ ਇਨ੍ਹਾਂ ਜੰਗਾਂ ਦੀਆਂ ਖੂਬੀਆਂ ਦੇਖੋ ਜਰਾ:-
* ਕਿਸੇ ਵੀ ਜੰਗ ਦਾ ਉਦੇਸ਼ ਇਲਾਕਾ ਜਿੱਤਣਾ ਜਾਂ ਹੱਦਾਂ ਵਧਾਉਣੀਆਂ ਨਹੀਂ ਸੀ ।
* ਕਿਸੇ ਵੀ ਜੰਗ ਵਿੱਚ ਭੱਜੇ ਜਾਂਦੇ ਦੁਸ਼ਮਣ ਤੇ ਵਾਰ ਨਹੀਂ ਕੀਤਾ ਗਿਆ ।
* ਦੁਸ਼ਮਣ ਦੀਆਂ ਔਰਤਾਂ ਦਾ ਪੂਰਾ ਸਤਿਕਾਰ ਅਤੇ ਸੁਰੱਖਿਅਤਾ ਕਾਇਮ ਰਹੀ ।
* ਮੈਦਾਨੇ-ਜੰਗ ਵਿੱਚ ਵੀ ਆਪਣੇ ਪ੍ਰਭੂ ਨੂੰ ਇੱਕ ਪਲ ਲਈ ਨਹੀਂ ਭੁੱਲੇ ।ਇਤਿਹਾਸ ਦੱਸਦਾ ਹੈ ਕਿ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਜੰਗ ਦੇ ਮੈਦਾਨ ਵਿੱਚ ਵੀ ਚੱਲਦਾ ਰਿਹਾ ।
* ਸੁਲਹ-ਸਫਾਈ ਦਾ ਕੋਈ ਮੌਕਾ ਹੱਥੋਂ ਨਹੀਂ ਗਵਾਇਆ ।ਸ਼੍ਰੀ ਨਗਰ ਗੜਵਾਲ ਦਾ ਰਾਜਾ ਫਤਹਿ ਸ਼ਾਹ ਜਦੋਂ ਸੁਗਾਤਾਂ ਤੇ ਤੋਹਫੇ ਲੈ ਕੇ ਸ਼ਰਣ ਵਿੱਚ ਆਇਆ ਤਾਂ ਉਸ ਦੀ ਦੋਸਤੀ ਪ੍ਰਵਾਨ ਕੀਤੀ ।
* ਮੁਗਲਾਂ ਅਤੇ ਪਠਾਣਾਂ ਵਲੋਂ ਕੁਰਾਨ ਅਤੇ ਆਟੇ ਦੀ ਗਊ ਤੇ ਹੱਥ ਰੱਖ ਕੇ ਖਾਧੀਆਂ ਗਈਆਂ ਝੂਠੀਆਂ ਕਸਮਾਂ ਤੇ ਵੀ ਇਤਬਾਰ ਕੀਤਾ ।
* ਭੀਮ ਚੰਦ ਦੇ ਸਹਾਇਤਾ ਮੰਗਣ ਤੇ ਅਲਫ-ਖਾਂ ਦੇ ਟਾਕਰੇ ਤੇ ਉਸ ਦੀ ਸਹਾਇਤਾ ਕੀਤੀ ।ਅਨੰਦਪੁਰ ਦਾ ਕਿਲਾ ਵੀ ਦੁਸ਼ਮਣ ਦੇ ਭਰੋਸਾ ਦਿਵਾਣ ਤੇ ਛੱਡਿਆ ਸੀ ।
* ਕਿਹਾ ਜਾਂਦਾ ਹੈ ਕਿ ਗੁਰੂ ਜੀ ਦੇ ਹਰ ਤੀਰ ੳੱਤੇ ਸੋਨਾ ਲੱਗਿਆ ਹੁੰਦਾ ਸੀ ਤਾਂ ਕਿ ਜੰਗ ਵਿੱਚ ਮਰਨ ਵਾਲੇ ਦਾ ਟੱਬਰ ਭੁਖਾ ਨਾ ਰਹੇ ।
* ਕਦੀ ਵਿਸਵ ਦੇ ਇਤਿਹਾਸ ਵਿੱਚ ਅਜਿਹਾ ਨਹੀਂ ਹੋਇਆ ਕਿ ਜੰਗ ਵਿੱਚ ਸਾਥ ਛੱਡਣ ਵਾਲਿਆਂ ਨੂੰ ਕਿਸੇ ਨੇ ਬਖਸ਼ਿਆ ਹੋਵੇ ,ਪਰ ਗੁਰੂ ਗੋਬਿੰਦ ਸਿੰਘ ਜੀ ਨੇ ਮੁਕਤਸਰ ਦੇ ਸਥਾਨ ਤੇ ਆਪਣੇ ਲਾਡਲੇ ਚਾਲੀ ਸਿੱਖਾਂ ਨੂੰ ਨਾ ਕੇਵਲ ਮੁਆਫ ਹੀ ਕੀਤਾ ਸਗੋਂ ਮੇਰਾ ਪੰਜ ਹਜਾਰੀ,ਮੇਰਾ ਦਸ-ਹਜਾਰੀ ਆਖ ਕੇ ਵਡਿਆਇਆ ਵੀ ।
* ਭਾਈ ਘਨੱਈਆ ਜੀ ,ਜੋ ਦੁਸ਼ਮਣ ਦੇ ਸੈਨਿਕਾਂ ਨੂੰ ਪਾਣੀ ਪਿਲਾ ਰਹੇ ਸਨ,ਦੀ ਸਮ-ਦ੍ਰਿਸ਼ਟੀ ਨੂੰ ਪਹਿਚਾਣ ਕੇ ਨਾ ਕੇਵਲ ਪਾਣੀ ਪਿਲਾਉਣਾ ਜਾਰੀ ਰੱਖਣ ਲਈ ਕਿਹਾ, ਸਗੋਂ ਮੱਲਮ-ਪੱਟੀ ਕਰਨ ਦੀ ਤਾਕੀਦ ਵੀ ਕੀਤੀ ।
* ਗੁਰੂ ਸਾਹਿਬ ਤੇ ਚੜ੍ਹਾਈ ਕਰਕੇ ਆਇਆ ਸੈਦਾ-ਬੇਗ ਆਪ ਜੀ ਦੀ ਮਿਕਨਾਤੀਸੀ ਸ਼ਖਸ਼ੀਅਤ ਦਾ ਕਾਇਲ ਹੋ ਗਿਆ ਸੀ , ‘ਸ਼ਬਦ-ਬਾਣ’ ਨਾਲ ਉਸ ਦੇ ਕਲੇਜੇ ਛੇਕ ਕਰ ਕੇ ਗੁਰੂ ਵਿੱਚ ਅਭੇਦ ਕੀਤਾ ।
* ਸੰਸਾਰ ਦੇ ਕਿਸੇ ਵੀ ਜੰਗ ਵਿੱਚ ਇਸ ਤਰਾਂ ਦਾ ਜਬਤ ਅਤੇ ਅਨੁਸ਼ਾਸ਼ਨ ਨਹੀਂ ਦੇਖਿਆ ਗਿਆ ।
* ਜਿਸ ਨਾਲ ਜੰਗ ਵੀ ਕੀਤੀ,ਉਸ ਨੂੰ ਸਦਾ ਲਈ ਦੁਸ਼ਮਣ ਨਹੀਂ ਮੰਨ ਲਿਆ ।
* ਔਰੰਗਜੇਬ ਨੂੰ ਜਿੱਥੇ ਜਫਰਨਾਮਾ ਰਾਹੀਂ ਘਾਇਲ ਕੀਤਾ, ਉੱਥੇ ਉਸੇ ਦੇ ਪੁੱਤਰ ਬਹਾਦਰ ਸ਼ਾਹ ਦੀ ਮੱਦਦ ਵੀ ਕੀਤੀ ।
* ਜੰਗ ਵਿੱਚ ਸਿਰਫ ਗੁਰੂ ਜੀ ਦੇ ਸਿੱਖਾਂ ਨੇ ਹੀ ਹਿੱਸਾ ਨਹੀਂ ਲਿਆ, ਸਗੋਂ ਉਹਨਾਂ ਆਪਣੇ ਪੁੱਤਰਾਂ ਨੂੰ ਵੀ ਖੁਸ਼ੀ ਨਾਲ ਆਪ ਮੈਦਾਨੇ-ਜੰਗ ਵਿੱਚ ਸ਼ਹੀਦੀਆਂ ਪਾਣ ਲਈ ਭੇਜਿਆ ।
* ਜੰਗ ਵਿੱਚ ਹੋਈ ਜਿੱਤ ਨੂੰ ਵੀ ਅਕਾਲ ਪੁਰਖ ਦੀ ਕ੍ਰਿਪਾ ਦੱਸਿਆ ।
“ ਭਈ ਜੀਤ ਮੇਰੀ।ਕ੍ਰਿਪਾ ਕਾਲ ਤੇਰੀ ।”
ਪਰਿਵਾਰ ਦਾ ਬਲੀਦਾਨ :-ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਰਿਵਾਰ ਦੀ ਜਿਸ ਤਰਾਂ ਕੁਰਬਾਨੀ ਦਿੱਤੀ ਹੈ ਅਤੇ ਮੋਹ ਦੇ ਬੰਧਨ ਤੋਂ ਅਭਿੱਜ ਰਹੇ,ਉਹ ਆਪਣੀ ਮਿਸਾਲ ਆਪ ਹੈ । ਪਹਿਲਾਂ ਗੁਰੂ-ਪਿਤਾ ਨੂੰ ਕੁਰਬਾਨੀ ਲਈ ਤੋਰਿਆ । ਫਿਰ, ਵੱਡੇ ਸਾਹਿਬਜਾਦੇ ਜੰਗ ਵਿੱਚ ਆਪਣੇ ਹੱਥੀਂ ਤੋਰੇ । ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸਰਹਿੰਦ ਵਿੱਚ ਸ਼ਹਾਦਤ ਹੋਈ ।ਪਰ ਇਸ ਸਭ ਤੋਂ ਬਾਅਦ ਰਤਾ ਵੀ ਮਲਾਲ ਜਾਂ ਚਿੰਤਾ ਦੀ ਕੋਈ ਰੇਖਾ ਗੁਰੁ ਸਾਹਿਬ ਦੇ ਮੱਥੇ ਤੇ ਨਹੀਂ ਆਈ, ਸਗੋਂ ਉਹਨਾਂ ਅਕਾਲਪੁਰਖ ਦਾ ਧੰਨਵਾਦ ਕੀਤਾ ਕਿ ਉਸ ਨੇ ਆਪਣੀ ਅਮਾਨਤ ਸੰਭਾਲ ਲਈ ਹੈ
ਇਹ ਤਿਆਗ ਅਤੇ ਸਬਰ-ਸ਼ੁਕਰ ਦੀ ਭਾਵਨਾ ਸਿਰਫ ਅਤੇ ਸਿਰਫ ਜਿੰਦਗੀ ਦੀ ਸੱਚਾਈ ਸਮਝ ਚੁੱਕੀ ਦਰਵੇਸ਼ ਰੂਹ ਹੀ ਕਰ ਸਕਦੀ ਹੈ।ਮਾਤਾ ਸੁੰਦਰੀ ਜੀ ਨੇ ਜਦੋਂ ਸਾਹਿਬਜਾਦਿਆਂ ਬਾਰੇ ਪੁੱਛਿਆ, ਤਾਂ ਪੂਰੇ ਜਾਹੋ-ਜਲਾਲ ਵਿੱਚ ਜਵਾਬ ਦਿੱਤਾ,
“ਇਨ ਪੁਤ੍ਰਨ ਕੇ ਸੀਸ ਪਰ,ਵਾਰ ਦੀਏ ਸੁਤ ਚਾਰ ।
ਚਾਰ ਮੂਏ ਤੋ ਕਿਆ ਹੂਆ, ਜੀਵਤ ਕਈ ਹਜਾਰ ।”
ਆਪਣੇ ਸਿੱਖਾਂ ਨੂੰ ਆਪਣੇ ਪੁਤਰਾਂ ਤੋਂ ਵੀ ਵੱਧ ਪਿਆਰਨਾ ਕਦੇ ਵੀ ਦੁਨਿਆਵੀ ਨਹੀਂ ਹੈ,ਇਹ ਦੈਵੀ ਅਤੇ ਰੂਹਾਨੀਅਤ ਵਿੱਚ ਸਰਸ਼ਾਰ ਆਤਮਾ ਹੀ ਕਰ ਸਕਦੀ ਹੈ ।
ਦਸਮ ਗ੍ਰੰਥ ਵਿੱਚੋਂ ਸੰਤ ਰੂਪ ਦੇ ਦਰਸ਼ਨ :- ਭਾਵੇਂ ਦਸਮ ਗਰੰਥ ਦੇ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਹੋਣ ਬਾਰੇ ਸਿੱਖ ਪੰਥ ਅਜੇ ਇੱਕ ਮੱਤ ਨਹੀਂ ਹੈ । ਅਸੀਂ ਇਸ ਵਿਵਾਦ ਵਿੱਚ ਨਾ ਪੈ ਕੇ ਇਸ ਗ੍ਰੰਥ ਵਿਚੋਂ ਸਿਰਫ ਉਦਾਹਰਣ ਲਈ ਉਹ ਝਲਕਾਂ ਦੇਖਾਂਗੇ ਜਿਹਨਾਂ ਵਿਚੋਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਵੇਸ਼ ਰੂਪ ਦੇ ਦਰਸ਼ਨ ਹੋਣ ।
ਜਾਪ ਸਾਹਿਬ ਬਾਣੀ ਵਿੱਚ ਪ੍ਰਭੂ ਨੂੰ ਚੱਕ੍ਰ ਚਿਹਨ ਰੂਪ ਰੰਗ ਤੋਂ ਆਜਾਦ ਦੱਸਿਆ ਹੈ ।ਉਸ ਨੂੰ ਸਭ ਕੁਝ ਦਾ ਕਰਤਾ ਮੰਨ ਕੇ ਬਾਰ ਬਾਰ ਨਮਸਕਾਰ ਕੀਤੀ ਗਈ ਹੈ । ਨਿਤਨੇਮ ਦੀ ਬਾਣੀ ਤ੍ਵ-ਪ੍ਰਸਾਦਿ ਸਵਯੇ ਵਿੱਚ ਪ੍ਰੇਮ ਨੂੰ ਸਭ ਧਾਰਮਿਕ ਕਰਮਾਂ ਤੋੰ ਉੱਚਾ ਅਤੇ ਪ੍ਰਭੂ ਪ੍ਰਾਪਤੀ ਦਾ ਇੱਕੋ ਇੱਕ ਰਾਹ ਬਿਆਨ ਕੀਤਾ ਹੈ-- "ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ।।"
ਇਸੇ ਤਰਾਂ 33 ਸਵਈਏ ਵਿੱਚ ਸਭ ਤਰਾਂ ਦੇ ਵਹਿਮਾਂ ਭਰਮਾਂ ਅਤੇ ਕਰਮ-ਕਾਂਡਾਂ ਦਾ ਖੰਡਨ ਕੀਤਾ ਗਿਆ ਹੈ । ਪ੍ਰਭੂ-ਪ੍ਰੇਮ ਦੀ ਹੀ ਸਿਫਤ ਸਲਾਹ ਕੀਤੀ ਗਈ ਹੈ। ਬ੍ਰਹਿਮੰਡੀ ਭਾਈਚਾਰੇ ਦਾ ਬਿਆਨ ਇਸ ਤੋਂ ਵਧੀਆ ਕੀ ਹੋ ਸਕਦਾ ਹੈ –
ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ ।।
ਅੋਰਤ ਦਾ ਸਤਿਕਾਰ ਅਤੇ ਆਚਰਣ ਦੀ ਦ੍ਰਿੜਤਾ ਦੇਖੋ:-
ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿਤ ਬਢੈਯਹੁ
ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨ ਜੈਯਹੁ ।।
-(ਛੰਦ, ਚਰਿਤ੍ਰੋ ਪਖਿਯਾਨ)
ਅਕਾਲ ਉਸਤਤਿ ਪ੍ਰਮਾਤਮਾ ਜੀ ਦੀ ਉਸਤਤੀ ਨਾਲ ਭਰਪੂਰ ਹੈ ।
ਰਾਗਮਈ ਬਾਣੀ ਸੰਗੀਤਕ ਠਹਿਰਾਅ ਅਤੇ ਪ੍ਰੇਮ ਵਿਛੋੜੇ ਆਦਿ ਦੇ ਭਾਵ ਬਿਆਨਦੀ ਹੈ ।ਜਿਵੇਂ
ਜਫਰਨਾਮਾ ਵਿੱਚ ਪ੍ਰਭੂ ਦੀ ਉਸਤਤਿ, ਅੋਰੰਗਜੇਬ ਦੇ ਗੁਣਾਂ ਦਾ ਜਿਕਰ, ਉਸ ਦੇ ਇਸਲਾਮ ਧਰਮ ਤੋਂ ਡਿਗਣ ਦਾ ਜਿਕਰ, ਚੜ੍ਹਦੀ ਕਲਾ ਦਾ
ਪ੍ਰਗਟਾਵਾ, ਅਤੇ ਅਖੀਰ ਤੇ ਸ਼ਕਤੀ ਦੀ ਵਰਤੋਂ ਜਾਇਜ ਹੋਣ ਦੀ ਗੱਲ ਕਹੀ ਗਈ ਹੈ ।
ਪਹਿਲਾਂ ਸਾਰੇ ਸ਼ਾਂਤਮਈ ਉਪਾਅ ਵਰਤਣ ਦੀ ਤਾਕੀਦ ਹੈ ।
ਗੁਰੂ ਗੋਬਿੰਦ ਸਿੰਘ ਜੀ ਦੇ 52 ਹੁਕਮਨਾਮੇ :-ਸਿੱਖ ਪੰਥ ਵਿੱਚ ਬਹੁਤ ਸਤਿਕਾਰ ਪ੍ਰਾਪਤ ਗੁਰੂ ਜੀ ਦੇ 52 ਬਚਨ ਹਨ ਜੋ ਉਨ੍ਹਾਂ ਨੰਦੇੜ ਤੋਂ ਜਾਰੀ
ਕੀਤੇ । ਇਨ੍ਹਾਂ ਵਿੱਚੋਂ ਸਿਰਫ ਉਨ੍ਹਾਂ ਦਾ ਜਿਕਰ ਕਰ ਰਹੇ ਹਾਂ ਜਿਹੜੇ ਉਨ੍ਹਾਂ ਦੇ ਦਰਵੇਸ਼ ਤਬੀਅਤ ਨੂੰ ਦਰਸਾਉਂਦੇ ਹਨ :-
* ਕਿਰਤ ਧਰਮ ਦੀ ਕਰਨੀ ।
* ਸੇਵਾ ਰੁਚੀ ਨਾਲ ਸਿੱਖ ਸੇਵਕ ਦੀ ਕਰਨੀ ।
* ਪਰ ਇਸਤਰੀ ਮਾਂ,ਭੈਣ,ਧੀ ਕਰਕੇ ਜਾਣਨੀ ।
* ਸਤਿਗੁਰੂ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਮੰਨਣਾ ।
* ਮਤਿ ਉਚੀ ਤੇ ਸੁਚੀ ਰੱਖਣੀ ।
* ਦੂਸਰੇ ਮੱਤਾਂ ਦੇ ਪੁਸਤਕ, ਵਿਦਿਆ ਪੜਨੀ ।
* ਬਚਨ ਕੌੜਾ ਨਹੀਂ ਕਹਿਣਾ ਜਿਸ ਨਾਲ ਕਿਸੇ ਦਾ ਹਿਰਦਾ ਦੁਖਦਾ ਹੋਵੇ ।
* ਅਤਿਥੀ,ਲੋੜਵੰਦ,ਪਰਦੇਸੀ,ਦੁਖੀ,ਅਪੰਗ ਮਨੱਖ ਮਾਤਰ ਦੀ ਯਥਾਸ਼ਕਤ ਸੇਵਾ ਕਰਨੀ ।
* ਬਚਨ ਕਰ ਕੇ ਪਾਲਣਾ ।
* ਸ਼ੁਭ ਕਰਮਨ ਤੇ ਕਦੇ ਨਾ ਟਰਨਾ ।…………
ਗੁਰੂ ਗੋਬਿੰਦ ਸਿੰਘ ਜੀ ਦੇ ਇਸ ਸੰਤ ਰੂਪ ਨੂੰ ਨਮਸਕਾਰ ਹੈ।