ਢਾਣੀ ਮੁਖਤਿਆਰ ਸਿੰਘ (ਪੁਸਤਕ ਪੜਚੋਲ )

ਸੰਜੀਵ ਝਾਂਜੀ   

Email: virk.sanjeevjhanji.jagraon@gmail.com
Cell: +91 80049 10000
Address:
ਜਗਰਾਉਂ India
ਸੰਜੀਵ ਝਾਂਜੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸਹਿਜ ਪਬਲਿਕੇਸ਼ਨਜ਼ ਸਮਾਣਾ ਵੱਲੋਂ ਪ੍ਰਕਾਸ਼ਿਤ ਨਾਵਲ ਢਾਣੀ ਮੁਖਤਿਆਰ ਸਿੰਘ ਮਿਹਨਤਕਸ਼, ਸੱਚੇ-ਸੁੱਚੇ ਇਨਸਾਨ ਦੀ ਕਹਾਣੀ ਹੈ। ਇਹ ਅਸਲ ਵਿੱਚ ਸਿਰਫ ਇੱਕ ਕਹਾਣੀ ਜਾਂ ਨਾਵਲ ਨਹੀਂ ਹੈ ਸਗੋਂ ਇਹ ਆਪਣੇ ਵਿੱਚ ਬੀਤੀ ਪੂਰੀ ਸਦੀ ਸਮੇਟੇ ਹੋਏ ਹੈ। ਇਸ ਵਿੱਚ ਆਜ਼ਾਦੀ ਤੋਂ ਪਹਿਲਾਂ ਅਤੇ ਆਜ਼ਾਦੀ ਤੋਂ ਬਾਅਦ ਦੇ ਹਾਲਾਤਾਂ ਦਾ ਵਰਣਨ ਕੀਤਾ ਗਿਆ ਹੈ। ਨਾਵਲ ਪੜ੍ਹਨ ਤੇ ਇੰਞ ਲੱਗਦਾ ਹੈ ਜਿਵੇਂ ਲੇਖਕ ਜਗਸੀਰ ਸਿੰਘ ਕਲਾਲਾ ਇਹਨਾਂ ਸਾਰੇ ਪਾਤਰਾਂ ਨਾਲ ਆਪ ਵਿਚਰਿਆ ਹੋਇਆ ਹੈ। 23 ਅਧਿਆਇਆਂ ਵਿੱਚ ਵੰਡੇ ਇਸ ਨਾਵਲ ਵਿੱਚ ਲੇਖਕ ਬਾਰ ਦੇ (ਹੁਣ ਦੇ ਪਾਕਿਸਤਾਨ ਵਿਚਲੇ) ਇਲਾਕੇ ਵਿੱਚੋਂ ਆਏ ਰਿਫਿਊਜ਼ੀਆਂ ਅਤੇ ਮਾਲਵੇ ਦੇ ਲੋਕਾਂ ਦੇ ਜੀਵਨ ਪੱਧਰ ਅਤੇ ਰਹਿਣ ਸਹਿਣ ਦਾ ਤੁਲਨਾਤਮਕ ਅਧਿਐਨ ਕਰਦਾ ਹੈ। ਲੇਖਕ ਵੱਖ-ਵੱਖ ਸਮੇਂ ਤੇ ਉੱਠੀਆਂ ਵੱਖੋ-ਵੱਖਰੀਆਂ ਲਹਿਰਾਂ ਬਾਰੇ ਵੀ ਗੱਲ ਕਰਦਾ ਹੈ। ਆਜ਼ਾਦੀ ਤੋਂ ਪਹਿਲਾਂ ਜਦੋਂ ਡਾਕੂਆਂ ਦਾ ਦਬਦਬਾ ਹੁੰਦਾ ਸੀ, ਉਸ ਵੇਲੇ ਇੱਕ ਬੱਚਾ ਕਿਸ ਤਰ੍ਹਾਂ ਡਾਕੂਆਂ ਨਾਲ ਮਿਲਦਾ ਹੈ, ਉਹਨਾਂ ਤੋਂ ਕਿਸ ਤਰ੍ਹਾਂ ਆਪਣਾ ਪਿੱਛਾ ਛੁੜਾਉਂਦਾ ਹੈ ਅਤੇ ਨਿਹੰਗ ਸਿੰਘਾਂ ਨਾਲ ਮਿਲਦਾ ਹੈ, ਉਸ ਨੂੰ ਉਹਨਾਂ ਦਾ ਪਰਿਵਾਰ ਕਿਸ ਤਰ੍ਹਾਂ ਲੱਭਦਾ ਹੈ, ਇਹ ਸਾਰਾ ਬ੍ਰਿਤਾਂਤ ਚਿਤਰਿਆ ਗਿਆ ਹੈ। ਇਹ ਨਾਵਲ ਜੀਵਨ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਜਾਪਦਾ ਹੈ। ਕਿਤੇ ਵੀ ਸਾਨੂੰ ਲੇਖਕ ਅਜਿਹੀ ਸਥਿਤੀ ਵਿੱਚ ਨਹੀਂ ਭੇਜਦਾ ਜਿੱਥੇ ਹਾਲਾਤ ਡਾਵਾਂ ਡੋਲ ਹੋਣ। ਇਸ ਵਿੱਚ ਕਿਰਤੀ ਬੰਦਿਆਂ ਅਤੇ ਕੰਮ ਕਰਨ ਵਾਲੇ ਲੋਕਾਂ ਨੂੰ ਤਰਜੀਹ ਦਿੱਤੀ ਗਈ ਹੈ। 160 ਪੰਨਿਆਂ ਵਾਲੇ 199 ਰੁਪਏ ਕੀਮਤ ਵਾਲੇ ਇਸ ਨਾਵਲ ਢਾਣੀ ਮੁਖਤਿਆਰ ਸਿੰਘ ਵਿੱਚ ਪੰਜਾਬ ਅਤੇ ਰਾਜਸਥਾਨ ਦੇ ਰਹਿਣ ਸਹਿਣ ਦਾ ਵਖਰੇਵਾਂ ਵੀ ਦਰਸ਼ਾਇਆ ਗਿਆ ਹੈ। ਇਸ ਵਿੱਚ ਉਸ ਸਮੇਂ ਦੇ ਸਰਕਾਰੀ ਸਕੂਲਾਂ ਦਾ ਪੱਧਰ ਦੇ ਜੋ ਲੇਖਕ ਨੇ ਦਰਸ਼ਾਇਆ ਹੈ ਪੜ੍ਹ ਕੇ ਫਖਰ ਵੀ ਹੁੰਦਾ ਹੈ ਅਤੇ ਹੈਰਾਨੀ ਵੀ ਹੁੰਦੀ ਹੈ। ਦੂਜੇ ਪਾਸੇ ਅੱਜ ਦੇ ਵਿਦਿਅਕ ਢਾਂਚੇ ਨੂੰ ਦੇਖ ਕੇ ਸ਼ਰਮ ਵੀ ਆਉਂਦੀ ਹੈ। ਇਹ ਸਭ ਦੇਖ ਕੇ ਅਸੀਂ ਇਹ ਸੋਚਣ ਲਈ ਮਜਬੂਰ ਹੁੰਦੇ ਹਾਂ ਕਿ ਅਸੀਂ ਅੱਗੇ ਜਾ ਰਹੇ ਹਾਂ ਜਾਂ ਪਿਛੜ ਰਹੇ ਹਾਂ। ਜਿਹੜੀਆਂ ਥਾਵਾਂ ਦਾ ਜ਼ਿਕਰ ਲੇਖਕ ਕਰਦਾ ਹੈ, ਉਹ ਸਾਰੀਆਂ ਸਾਡੇ ਆਲੇ ਦੁਆਲੇ ਹੋਣ ਕਾਰਨ ਜਿਆਦਾ ਦਿਲਚਸਪੀ ਪੈਦਾ ਕਰਦੀਆਂ ਹਨ। ਮੁੱਖ ਰੂਪ ਵਿੱਚ ਨਾਵਲ ਪਾਠਕ ਦੀ ਨਿਰੰਤਰਤਾ ਅਤੇ ਰੋਚਕਤਾ ਬਣਾਈ ਰੱਖਦਾ ਹੈ, ਜਿਸ ਕਾਰਨ ਇਸ ਨੂੰ ਪੜ੍ਹਨ ਦਾ ਬਦੋਬਦੀ ਚਿੱਤ ਕਰਦਾ ਹੈ।