ਕਵੀ ਦਰਬਾਰ `ਚ ਸ਼ਹਾਦਤ ਸਬੰਧੀ ਪੜ੍ਹੀਆਂ ਕਵਿਤਾਵਾਂ (ਖ਼ਬਰਸਾਰ)


ਲੁਧਿਆਣਾ : ਸ਼ਨਿੱਚਰਵਾਰ ਨੂੰ ਪੰਜਾਬੀ ਭਵਨ ਵਿਖੇ ਡਾ. ਗੁਰਚਰਨ ਕੌਰ ਕੋਚਰ ਦੀ ਪ੍ਰਧਾਨਗੀ ਹੇਠ ਸਿਰਜਣਧਾਰਾ ਦੀ ਮਹੀਨਾਵਾਰ ਮੀਟਿੰਗ ਹੋਈ, ਜਿਸ ਚ ਡਾ. ਗੁਰਇਕਬਾਲ ਸਿੰਘ ਸਾਬਕਾ ਜਨ. ਸਕੱਤਰ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਮੀਟਿੰਗ ਦੇ ਆਰੰਭ ਚ ਜਿੱਥੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸਵ. ਮਨਮੋਹਨ ਸਿੰਘ ਦੇ ਅਕਾਲ ਚਲਾਣੇ ਤੇ ਉਨ੍ਹਾਂ ਨੂੰ 2 ਮਿੰਟ ਦਾ ਮੌਨ ਰੱਖ ਕੇ ਨਿੱਘੀ ਸ਼ਰਧਾਜਲੀ ਭੇਟ ਕੀਤੀ ਗਈ, ਉੱਥੇ ਪਿਛਲੇ ਦਿਨੀਂ ਅਮਰਜੀਤ ਸ਼ੇਰਪੁਰੀ ਦੀ ਭਤੀਜੀ ਕਰਮਨਪ੍ਰੀਤ ਕੌਰ ਜੋ ਕੈਨੇਡਾ ਵਿਖੇ ਭਰ ਜੁਆਨੀ ਚ ਸਦੀਵੀਂ ਵਿਛੋੜਾ ਦੇ ਗਏ ਸਨ, ਸਾਬਕਾ ਐਮਪੀ ਐੱਚਐੱਸ ਹੰਸਪਾਲ, ਸਾਹਿਤਕਾਰ ਡਾ. ਜਗਵਿੰਦਰ ਜੋਧਾ ਦੇ ਪਿਤਾ ਸਰਬਜੀਤ ਸਿੰਘ ਤੇ ਅਕਾਦਮੀ ਦੇ ਜੀਵਨ ਮੈਂਬਰ ਸੁਸ਼ੀਲ ਕੁਮਾਰ ਦੇ ਮਾਤਾ ਰਕਸ਼ਾ ਰਾਣੀ ਦੇ ਸਦੀਵੀਂ ਵਿਛੋੜੇ ਤੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਉਪਰੰਤ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਡਾ. ਗੁਰਇਕਬਾਲ ਸਿੰਘ ਤੇ ਜਨਮੇਜਾ ਸਿੰਘ ਜੌਹਲ ਨੇ ਗੁਰੂ ਇਤਿਹਾਸ ਬਾਰੇ ਚਾਨਣਾ ਪਾਇਆ। ਇਸ ਦੇ ਨਾਲ ਹੀ ਸ਼ਹੀਦਾਂ ਦੀ ਯਾਦ ਚ ਕਵੀ ਦਰਬਾਰ ਵੀ ਹੋਇਆ, ਜਿਸ ਚ ਕਵੀਆਂ ਨੇ ਆਪਣੀਆਂ ਕਵਿਤਾਵਾਂ ਤੇ ਗੀਤਾਂ ਰਾਹੀਂ ਸਾਹਿਬਜ਼ਾਦਿਆਂ ਦੀ ਕੁਰਬਾਨੀ ਦੀ ਮਿਸਾਲ ਆਪਣੀਆਂ ਕਵਿਤਾਵਾਂ ਰਾਹੀਂ ਪੇਸ਼ ਕੀਤੀ। ਉੱਘੇ ਸ਼ਾਇਰ ਤਰਲੋਚਨ ਲੋਚੀ ਨੇ ਤਰੰਨਮ ਚ ਕਵਿਤਾ ਹਵਾ ਦਾ ਸ਼ੌਕ ਜੇ ਦੀਵੇ ਬੁਝਾਉਣਾ, ਜਨਮੇਜਾ ਸਿੰਘ ਜੋਹਲ ਨੇ ਜਦੋਂ ਰਿਸ਼ਤੇ ਦੁਖਦ ਹੋ ਜਾਣ ਕਵਿਤਾ ਮਰ ਜਾਂਦੀ ਹੈ, ਡਾ. ਗੁਰਇਕਬਾਲ ਨੇ ‘ਸਾਡੀਆਂ ਦਾਦੀਆਂ ਬੀਤੇ ਦੀਆਂ ਕਬਰਾਂ ਬਣ ਗਈਆਂ ਤੇ ਦਾਦੇ ਖੰਡਰ, ਡਾ. ਗੁਰਚਰਨ ਕੌਰ ਕੋਚਰ ਨੇ ਸਾਕਾ ਦੇਖ ਕੇ ਖੁਦ ਭਗਵਾਨ ਰੋ ਪਿਆ, ਉੱਘੇ ਗੀਤਕਾਰ ਸੁਰਜੀਤ ਸਿੰਘ ਜੀਤ ਨੇ ਸੋਹਣੇ ਲਾਲਾਂ ਤੋਂ ਵੀ ਬਾਲਾਂ ਤੇ ਤੂੰ ਕਹਿਰ ਨਾ ਗੁਜ਼ਾਰ ਤੇ ਮੀਤ ਅਨਮੋਲ ਨੇ ਤੂੰ ਸ਼ਹਿਰ ਚੱਲ ਕੇ ਵੇਖੀਂ ਮਜ਼ਦੂਰਾਂ ਦੀ ਮੰਡੀ ਗੀਤ ਪੇਸ਼ ਕੀਤਾ। ਸੰਸਥਾ ਦੇ ਜਨ. ਸੈਕਟਰੀ ਅਮਰਜੀਤ ਸਿੰਘ ਸ਼ੇਰਪੁਰੀ ਨੇ ਜਿੱਥੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਬਾ-ਖੂਬੀ ਨਿਭਾਈ, ਉੱਥੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਗੀਤ ਜਿਉ ਜਿਉ ਕੰਧ ਉੱਚੀ ਹੋਵੇ ਤਿਓ ਤਿਓਂ ਚੜ੍ਹਦਾ ਜਲਾਲ ਬੁਲੰਦ ਆਵਾਜ਼ ਚ ਸੁਣਾਇਆ। ਸ਼ਾਇਰਾ ਇੰਦਰਜੀਤ ਕੌਰ ਲੋਟੇ ਨੇ ਗੀਤ ਸੁਣ ਕੇ ਗੰਗੂ ਪਾਪੀਆ ਮਲਕੀਤ ਮਾਲੜਾ ਨੇ ਡੋਲ ਨਾ ਤੂੰ ਜਾਈਂ ਵੀਰਿਆ ਰਾਹੀਂ ਹਾਜ਼ਰੀ ਲਵਾਈ। ਸਤਨਾਮ ਸਿੰਘ ਗਹਿਲੇ, ਸਿਮਰਨ ਸਿੰਘ ਤੇ ਗੁਰਦੀਪ ਸਿੰਘ ਨੇ ਵੀ ਆਪਣੇ ਅਮੁੱਲੇ ਵਿਚਾਰ ਪੇਸ਼ ਕੀਤੇ। ਅੰਤ ਚ ਸੰਸਥਾ ਦੇ ਪ੍ਰਧਾਨ ਡਾ. ਗੁਰਚਰਨ ਕੌਰ ਕੋਚਰ ਵੱਲੋਂ ਹਾਜ਼ਰ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਗਿਆ।

ਪਲਵਿੰਦਰ ਸਿੰਘ ਢੁੱਡੀਕੇ
ਪਲਵਿੰਦਰ ਸਿੰਘ ਢੁੱਡੀਕੇ