ਨਵੇਂ ਚੜ੍ਹਨ ਵਾਲ਼ੇ ਸਾਲਾ (ਗੀਤ )

ਅਮਰੀਕ ਸਿੰਘ ਤਲਵੰਡੀ   

Address:
ਤਲਵੰਡੀ ਕਲਾਂ India
ਅਮਰੀਕ ਸਿੰਘ ਤਲਵੰਡੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਨਵੇਂ ਚੜ੍ਹਨ ਵਾਲ਼ੇ ਸਾਲਾ,ਲੰਘੀਂ ਸੁੱਖ -ਸਾਂਦ ਨਾਲ।
ਸਾਰੇ ਦੁਨੀਆਂ ਤੇ ਰਹੀਂ ,ਚੰਗੀ ਤਰ੍ਹਾਂ ਤੂੰ ਦਿਆਲ।

ਤੇਰੇ ਆਵਣੇ ਤੇ ਜਾਣੀਆਂ ਨੇ ,ਖੁਸ਼ੀਆਂ ਮਨਾਈਆਂ।
ਸਾਰਾ ਜਗ ਦੇਵੇਗਾ ਫਿਰ ਇੱਕ ਦੂਜੇ ਨੂੰ ਵਧਾਈਆਂ।
ਨਿੱਘੀ ਮਿੱਠੀ ਯਾਦ ਤੇਰੀ ਸਾਰੇ ਲੋਕ ਰੱਖਣ ਸੰਭਾਲ।
ਨਵੇਂ ਚੜ੍ਹਨ ਵਾਲੇ ਸਾਲਾ………………......।

ਜਾਤ-ਪਾਤ ਦੀ ਕੋਈ ਤੇਰੇ ਹੁੰਦਿਆਂ ਗੱਲ ਨਾ ਕਰੇ ।
ਛੁਤ-ਛਾਤ ਵੀ ਸਮਾਜ ਵਿੱਚ ਆਉਣੋਂ ਦੂਰ ਤੋਂ ਡਰੇ ।
ਊਚ-ਨੀਚ ਦਾ ਵੀ ਹੋਵੇ ,ਤੇਰੇ ਹੁੰਦਿਆਂ ਅੰਤਕਾਲ।
ਨਵੇਂ ਚੜ੍ਹਨ ਵਾਲੇ ਸਾਲਾ………………….।

ਵਹਿਮ ਭਰਮ ਵੀ ਸਮਾਜ ਵਿਚੋਂ ਸਾਰੇ ਬਾਹਰ ਕੱਢੀਂ।
ਰੂੜੀ ਵਾਦੀ ਰਸਮਾਂ ਨੂੰ ਵੀ ਸਾਲਾ ਛੇਤੀ-ਛੇਤੀ ਛੱਡੀਂ।
ਲੋਕੀਂ ਸਾਰੇ ਕਹਿਣ ਅਜਿਹਾ ਵੇਖਿਆ ਨਹੀਂ ਸਾਲ।
ਨਵੇਂ ਚੜ੍ਹਨ ਵਾਲੇ ਸਾਲਾ…………………।

ਧਰਮ ਦੇ ਨਾਂਅ ਉੱਤੇ ਕੋਈ ਵੀ ਵੰਡੀਆਂ ਨਾ ਪਾਵੇ।
ਫਿਰਕਪ੍ਰਸਤੀ ਦਾ ਦੈਂਤ ਨਾ ਨਿਗਲ਼ ਕਿਸੇ ਨੂੰ ਜਾਵੇ।
ਸਾਰੇ ਸੰਸਾਰ ਲਈ ਬਣ ਜਾਵੀਂ ਨਵੀਂ ਤੂੰ ਮਿਸਾਲ।
ਨਵੇਂ ਚੜ੍ਹਨ ਵਾਲੇ ਸਾਲਾ……………...........।

ਹਰ ਘਰ ਵਿੱਚ ਭੇਜੀਂ ਤੂੰ ਖੇੜਾ ਖੁਸ਼ੀ ਅਤੇ ਬਹਾਰ।
ਜੱਗ ਦਿਆਂ ਜੀਆਂ ਵਿੱਚ ਰਹੇ ਬਣਿਆਂ ਪਿਆਰ।
ਮੰਨੇ ‘ਅਮਰੀਕ’ਦੀ ਅਪੀਲ,’ਤਲਵੰਡੀ’ਮੰਨ ਜੇ ਕਮਾਲ।
ਨਵੇਂ ਚ੍ਹੜਨ ਵਾਲੇ ਸਾਲਾ............................।