ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਸ਼ਹਾਦਤਾਂ ਨੂੰ ਸਮਰਪਿਤ ਰਹੀ (ਖ਼ਬਰਸਾਰ)


ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ 15 ਦਸੰਬਰ ਦਿਨ ਐਤਵਾਰ ਨੂੰ ਜੈਨੇਸਸ ਸੈਂਟਰ ਵਿਖੇ ਭਰਪੂਰ ਹਾਜ਼ਰੀ ਵਿੱਚ ਹੋਈ। ਸਭਾ ਦੇ ਪ੍ਰਧਾਨ ਸ੍ਰੀ ਮਤੀ ਬਲਵਿੰਦਰ ਕੌਰ ਬਰਾੜ ਜੀ ਨੇ ਸਾਰੀਆਂ ਭੈਣਾਂ ਨੂੰ ਜੀ ਆਇਆਂ ਕਹਿੰਦਿਆਂ ਹੋਇਆਂ, ਸਫਰ ਏ ਸ਼ਹਾਦਤ ਤੇ ਚਾਲੀ ਮੁਕਤਿਆਂ ਤੇ ਸੰਖੇਪ ਵਿਚਾਰ ਸਾਂਝੇ ਕੀਤੇ।

ਮੀਟਿੰਗ ਦੇ ਆਰੰਭ ਵਿੱਚ ਸੁਰਿੰਦਰ ਕੌਰ ਸੰਧੂ ਨੇ ਅਰਦਾਸ ਕੀਤੀ। ਸਕੱਤਰ ਗੁਰਨਾਮ ਕੌਰ ਨੇ ਸਭਾ ਦੀ ਕਾਰਵਾਈ ਸ਼ੁਰੂ ਕਰਦਿਆਂ  ਪੋਹ ਮਹੀਨੇ ਦੇ ਸਾਰੇ ਸ਼ਹੀਦਾਂ, ਚਾਰੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਤੋਂ ਇਲਾਵਾ ਹਜ਼ਰਤ ਈਸਾ ਮਸੀਹ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ, ਨਵੇਂ ਆਏ 7 ਮੈਂਬਰਾਂ ਦੀ ਸਭਾ ਨਾਲ ਜਾਣ ਪਛਾਣ ਕਰਵਾਈ।

ਰਚਨਾਵਾਂ ਦੇ ਪਹਿਲੇ ਦੌਰ ਵਿੱਚ- ਗੁਰਦੀਸ਼ ਕੌਰ ਗਰੇਵਾਲ, ਰਣਜੀਤ ਕੌਰ ਲੰਮੇ, ਜਸਮਿੰਦਰ ਕੌਰ ਬਰਾੜ, ਅਮਰਜੀਤ ਕੌਰ ਗਰੇਵਾਲ, ਸੁਰਿੰਦਰ ਕੌਰ ਸੰਧੂ, ਜੁਗਿੰਦਰ ਪੁਰਬਾ, ਸਤਵਿੰਦਰ ਕੌਰ ਫਰਵਾਹਾ, ਭਗਵੰਤ ਕੌਰ, ਕੁਲਦੀਪ ਕੌਰ ਘਟੌੜਾ, ਗੁਰਤੇਜ ਸਿੱਧੂ, ਕਿਰਨ ਕਲਸੀ ਗੁਰਜੀਤ ਕੌਰ ਬੈਦਵਾਨ , ਅਮਰਜੀਤ ਕੌਰ ਵਿਰਦੀ, ਲਖਵਿੰਦਰ ਕੌਰ ਅਤੇ ਹਰਜੀਤ ਕੌਰ ਜੌਹਲ - ਇਨ੍ਹਾਂ ਸਾਰੀਆਂ ਭੈਣਾਂ ਨੇ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀਆਂ ਸ਼ਹਾਦਤਾਂ, ਚਮਕੌਰ ਸਾਹਿਬ ਦੀ ਗੜ੍ਹੀ, ਸਰਹਿੰਦ ਦੀਆਂ ਨੀਹਾਂ, ਮੋਤੀ ਰਾਮ ਮਹਿਰਾ ਜੀ ਅਤੇ ਦੀਵਾਨ ਟੋਡਰ ਮੱਲ ਜੀ ਬਾਰੇ ਬਹੁਤ ਹੀ ਭਾਵੁਕ ਕਰਨ ਵਾਲੀਆਂ ਗੀਤ, ਕਵਿਤਾਵਾਂ ਅਤੇ ਅਪਣੀਆਂ ਰਚਨਾਵਾਂ ਪੇਸ਼ ਕਰਕੇ, ਦਸੰਬਰ ਮਹੀਨੇ ਦੇ ਸਮੂਹ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਿਜਦਾ ਕੀਤਾ।

ਬਰੇਕ ਤੋਂ ਬਾਅਦ ਦੂਜੇ ਦੌਰ ਵਿੱਚ- ਬਲਵੀਰ ਕੌਰ ਹਜੂਰੀਆ ਨੇ ਲੋਕ ਗੀਤ ਅਤੇ ਸਰਬਜੀਤ ਉੱਪਲ ਨੇ ਹਾਸ ਰਸ ਦੀ ਕਵਿਤਾ ਸੁਣਾਈ । ਬਲਵੀਰ ਕੌਰ ਗਰੇਵਾਲ ਨੇ ਬਹੁਤ ਹੀ ਸੁਰੀਲੀ ਆਵਾਜ਼ ਵਿੱਚ ਇੱਕ ਨਵ ਵਿਆਹੀ ਫੌਜੀ ਦੀ ਵਹੁਟੀ ਦੇ ਅਰਮਾਨਾਂ ਨੂੰ ਪੇਸ਼ ਕਰਦਾ ਗੀਤ ਗਾਇਆ। ਗਿਆਨ ਕੌਰ ਨੇ ਆਪਣੀ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਬਾਰੇ ਬਹੁਤ ਹੀ ਭਾਵੁਕ ਸੁਰ ਵਿੱਚ ਗੱਲਾਂ ਕੀਤੀਆਂ। ਨੌਜਵਾਨ ਮੈਂਬਰ ਮਨਿੰਦਰ ਕੌਰ ਅਤੇ ਕਰਮਪ੍ਰੀਤ ਕੌਰ ਨੇ ਵਲੰਟੀਅਰ ਸੇਵਾਵਾਂ ਖੁਸ਼ੀ ਨਾਲ ਨਿਭਾਈਆਂ।ਹਰਪ੍ਰੀਤ ਕੌਰ ਸੰਧੂ ਨੇ ਪੈਨਸ਼ਨ ਦੇ ਫਾਰਮ ਭਰਨ ਲਈ ਅਪਣੀਆਂ ਵੋਲੰਟੀਅਰ ਸੇਵਾਵਾਂ ਦੀ ਪੇਸ਼ਕਸ਼ ਕੀਤੀ। 

ਬਲਵਿੰਦਰ ਕੌਰ ਬਰਾੜ ਜੀ ਨੇ ਮੀਡੀਆ ਵਲੋਂ ਆਏ ਸੁਖਬੀਰ ਸਿੰਘ ਗਰੇਵਾਲ ਨਾਲ ਜਾਣ ਪਛਾਣ ਕਰਵਾਈ-  ਜਿਹਨਾਂ ਨੇ ਬੱਚਿਆਂ ਨੂੰ ਮਾਂ ਬੋਲੀ ਨਾਲ ਜੋੜਨ ਹਿੱਤ ਜੈਨੇਸਸ ਸੈਂਟਰ ਵਿਖੇ ਚਲ ਰਹੀਆਂ  ਪੰਜਾਬੀ ਕਲਾਸਾਂ ਬਾਰੇ ਸਭਾ ਦੇ ਮੈਂਬਰਾਂ ਨੂੰ  ਜਾਣਕਾਰੀ ਦਿੱਤੀ। ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀਆਂ ਯਾਦਾਂ ਨੂੰ ਸਾਂਭਣ ਹਿੱਤ, ਸਾਲ ਦਾ ਅੰਤ ਹੋਣ ਕਾਰਨ, ਸਭਾ ਵੱਲੋਂ ਸਾਰੀਆਂ ਭੈਣਾਂ ਨੂੰ ਤੋਹਫੇ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਸ਼ਿਵਾਲਿਕ ਚੈਨਲ ਵੱਲੋਂ ਆਏ ਪਰਮਜੀਤ ਸਿੰਘ ਭੰਗੂ ਨੇ ਇਸ ਮੀਟਿੰਗ ਦੀ ਪੂਰੀ ਕਵਰੇਜ ਕੀਤੀ। 


ਗੁਰਨਾਮ ਕੌਰ -  ਸਕੱਤਰ