ਸੱਤਾ ਸੰਭਾਲਦਿਆਂ ਹੀ ਵੋਟਾਂ ਤੋਂ ਪਹਿਲਾਂ ਜਨਤਾ ਨਾਲ ਕੀਤੇ ਕੌਲ-ਕਰਾਰ ਪੁਗਾਉਣ ਦੇ ਮੁਢਲੇ ਯਤਨਾਂ 'ਚ ਹੀ ਖਜ਼ਾਨੇ ਨੇ ਜਦ ਆਪਣੀ ਹਾਮੀ ਨਾ ਭਰੀ ਤਾਂ ਬੇਹੱਦ ਦੁਬਿਧਾ 'ਚ ਗ੍ਰਾਸੇ ਸੱਜਰੇ ਹੁਕਮਰਾਨਾਂ ਨੇ ਆਖ਼ਰ ਉਹੀ ਰਵਾਇਤੀ ਸਿਆਸੀ ਹਥਕੰਡਾ ਅਪਣਾ ਲਿਆ ਜਿਹੜਾ ਅਜਿਹੀ ਘੋਰ ਵਿਪਤਾ ਵੇਲ਼ੇ ਮੌਕੇ ਦੀ ਹਰ ਸੱਤਾਧਾਰੀ ਸਰਕਾਰ ਅਪਨਾਉਦੀ ਆ ਰਹੀ ਸੀ। ਚੁੱਪ-ਚਪੀਤੇ ਇੱਕ ਨਵਾਂ ਨਕੋਰ ਟੈਕਸ ਜਨਤਾ ਸਿਰ ਮੜ ਦਿੱਤਾ। ਪਹਿਲਾਂ ਹੀ ਅਣਗਿਣਤ ਟੈਕਸਾਂ ਦੇ ਬੋਝ ਤੋਂ ਕਲਪੀ ਜਨਤਾ ਕਿਤੇ ਅਕ੍ਰੋਸ਼ 'ਚ ਆਕੇ ਨਵੀਂ ਸਰਕਾਰ ਨੂੰ ਭੰਡਣ ਬੈਠ ਜਾਵੇ, ਇਸੇ ਤੌਖਲੇ ਕਰਕੇ ਅੱਜ ਸਾਰੀ ਵਜ਼ਾਰਤ ਸਿਰ ਜੋੜੀ ਬੈਠੀ ਨਵੇਂ ਟੈਕਸ ਦਾ ਨਾਮਕਰਨ ਕਰਨ ਲਈ ਕੋਈ ਪਿਆਰਾ ਜਿਹਾ ਨਾਮ ਤਲਾਸ਼ਣ 'ਚ ਜੁਟੀ ਸੀ।