ਛੱਡ ਗੁੱਸੇ ਨੂੰ ਕਰ ਹੋਸ਼ ਮਨਾ,
ਕੌੜੇ ਬੋਲ ਕਦੇ ਨਾ ਬੋਲ ਮਨਾ,
ਸਦਾ ਸੱਭ ਦਾ ਭਲਾ ਮਨਾਈ ਜਾ,
ਨਾ ਰੱਖ ਤੂੰ ਮਨ ਵਿੱਚ ਖੋਟ ਮਨਾਂ l
ਬੁੱਢੇ ਹੋਏ ਚੁੱਕ ਨ ਹੋਣੀ ਪੰਡ,
ਦੇਖੀ ਜਾ ਹੁਣ ਦੁਨੀਆਂ ਦੇ ਰੰਗ,
ਮਨ ਨੀਵਾਂ ਮੱਤ ਉੱਚੀ ਲੋਚ ਮਨਾ l
ਕੋਈ ਕੁੱਲੀ ਢਾਰੇ ਢਾਏ ਨਾ,
ਤੇ ਤਕੜਾ ਮਾੜੇ ਨੂੰ ਮਾਰੇ ਨਾ,
ਨਫਰਤ ਭਰੀ ਹਵਾ ਨੂੰ ਰੋਕ ਮਨਾ l
ਅੰਬਰ ਵਲ ਤੇਰੀਆਂ ਸੋਚਾਂ ਨੇ,
ਧਰਤੀ ਨੂੰ ਲੱਗੀਆਂ ਜੋਕਾਂ ਨੇ,
ਇਨ੍ਹਾਂ ਜੋਕਾਂ ਨੂੰ ਜਰਾ ਨੋਚ ਮਨਾ l
ਚੰਗੇ ਘਰਾਂ ਦੇ ਅਸੀਂ ਜਾਏ ਹਾਂ,
ਘਰ ਆਪਣੇ ਕਿਉਂ ਛੱਡ ਆਏ ਹਾਂ,
ਬਾਗਾਂ ਦੇ ਮੋਰਾਂ ਨੂੰ ਮੋੜ ਮਨਾ l
ਸਾਂਝੀ ਖਿੱਚ ਦਿਲਾਂ ਨੂੰ ਪਾਈ ਜਾ,
ਮਨਾ ਗੀਤ ਪਿਆਰ ਦੇ ਗਾਈ ਜਾ,
ਹੋਰ ਪਾਸੇ ਨੂੰ ਨਾ ਸੋਚ ਮਨਾ l