ਮਨੁੱਖੀ ਜ਼ਿੰਦਗੀ ਦਾ ਆਧਾਰ ਹੈ ਪਾਣੀ।ਇਹ ਕਿਹਾ ਲਿਆ ਜਾਵੇ ਕਿ ਸਮੁੱਚੀ ਹੀ ਸ੍ਰਿਸ਼ਟੀ ਦੀ ਚੱਲ ਰਹੀ ਰੌਂ ਦਾ ਸੰਚਾਲਕ ਸਿਰਫ਼ ਤੇ ਸਿਰਫ਼ ਪਾਣੀ/ਜਲ ਹੈ ਤਾਂ ਇਹ ਵੀ ਕੋਈ ਅਤਕਥਨੀ ਨਹੀਂ ਹੋਵੇਗੀ। ਕਹਿੰਦੇ ਹਨ ਕਿ ਮਨੁੱਖ ਭੋਜਨ ਤੋਂ ਬਿਨ੍ਹਾਂ ਤਾਂ ਭਾਵੇਂ ਵੀਹ ਜਾਂ ਵਧੇਰੇ ਦਿਨ ਕੱਟ ਲਵੇ, ਪਰ ਪਾਣੀ ਤੋਂ ਬਿਨ੍ਹਾਂ ਉਹ ਤਿੰਨ ਚਾਰ ਦਿਨਾਂ ਤੋਂ ਵੱਧ ਜੀਅ ਨਹੀਂ ਸਕੇਗਾ। ਤਾਂ ਹੀ ਤਾਂ ਸਰਕਾਰੀ ਥਾਵਾਂ ਜਾਂ ਸਕੂਲਾਂ ਦੀਆਂ ਕੰਧਾਂ ‘ਤੇ ਲਿਖਿਆ ਹੁੰਦਾ ਹੈ ਕਿ, ‘ਪਾਣੀ ਜੀਵਨ ਹੈ’, ਜਾਂ ‘ਬੂੰਦ-ਬੂੰਦ ਕੀਮਤੀ ਹੈ’, ਪਰ ਅਫ਼ਸੋਸ ਇਹ ਸਭ ਜਾਣਦੇ ਹੋਏ ਵੀ ਅਸੀਂ ਅਣਜਾਣੇ ਵਿੱਚ ਜਾਂ ਬੇਪਰਵਾਹੀ ਵਿੱਚ ਪਾਣੀ ਦੀ ਰੱਜ ਕੇ ਬੇਕਦਰੀ ਕਰਦੇ ਹਾਂ।
ਪੰਜਾਬੀ ਵਾਰਤਕ ਦੀ ਇੱਕ ਪੁਸਤਕ ਜਰੀਦਾ ਪੜ੍ਹ ਰਹੀ ਸੀ, ਉਸ ਵਿੱਚ ਲਿਖਿਆ ਇਹ ਕਥਨ ਬਹੁਤ ਸਾਰਥਕ ਹੈ ਕਿ, ‘ਕੋਈ ਹੀ ਐਸਾ ਮਨੁੱਖ ਹੋਵੇਗਾ ਜਿਸਨੂੰ ਪਾਣੀ ਦੀ ਅਹਿਮੀਅਤ ਦਾ ਅੰਦਾਜ਼ਾ ਨਾ ਹੋਵੇ, ਪਰ ਬਹੁੱਤੇ ਮਨੁੱਖ ਐਸੇ ਜ਼ਰੂਰ ਹਨ, ਜੋ ਇਹ ਸੱਭ ਜਾਣੇ ਹੋਏ ਵੀ ਪਾਣੀ ਦੀ ਬੇਕਦਰੀ ਰੱਜ ਕੇ ਕਰਦੇ ਹਨ ਅਤੇ ਫਿਰ ਤਕੀਆ ਕਲਾਮ ਕਿ, ‘ਕੋਈ ਨਾ ਸਾਰੀ ਦੁਨੀਆ ਦੇ ਨਾਲ ਹੀ ਹਾਂ ਆਪਾਂ ਵੀ’ ਕਹਿ ਕੇ ਆਪਣੀਆਂ ਗਲਤੀਆਂ ਉੱਤੇ ਪਰਦਾ ਪਾਉਣ ਦਾ ਜਤਨ ਕਰਦੇ ਹਨ। ਪਰ ਖਿਆਲ ਕਰਿਉ! ਅਸੀਂ ਪਾਣੀ ਦੀ ਬੇਕਦਰੀ ਨਹੀਂ ਕਰ ਰਹੇ ਬਲਕਿ ਭਵਿੱਖ ਦੀ ਮਨੁੱਖਾ ਜਿੰਦਗੀ ਨੂੰ ਕੁੱਖ ਵਿੱਚ ਹੀ ਬਰਬਾਦ ਕਰ ਰਹੇ ਹਾਂ।’
ਗੁਰਬਾਣੀ ਰਾਹੀਂ ਵੀ ਗੁਰੂ ਸਾਹਿਬ ਜੀ ਦਾ ਸਮੁੱਚੀ ਮਨੁਖਤਾ ਨੂੰ ਸੁਨੇਹਾ ਹੈ ਕਿ ਸ੍ਰਿਸ਼ਟੀ ਦੀ ਉੱਤਪਤੀ ਹੀ ਪਾਣੀ ਤੋਂ ਹੋਈ ਹੈ ‘ਸਾਚੇ ਤੇ ਪਵਨਾ ਭਇਆ ਪਵਨੇ ਤੈ ਜਲੁ ਹੋਇ॥ ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ॥’ ਇਸੇ ਤਰ੍ਹਾਂ ਇੱਕ ਥਾਂ ਹੋਰ ਪਾਣੀ ਦੀ ਲੋੜ/ਮਹੱਤਤਾ ਨੂੰ ਸਮਝਾਉਂਦਿਆਂ ਹੋਇਆ ਬਚਨ ਕੀਤੇ ਕਿ, ‘ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥’ ਭਾਵ ਪਾਣੀ ਤੋਂ ਹੀ ਜੀਵਣ ਪੈਦਾ ਹੋਇਆ ਹੈ ਅਤੇ ਪਾਣੀ ਤੋਂ ਬਿਨ੍ਹਾਂ ਜੀਵਣ ਸੰਭਵ ਨਹੀਂ ਹੋ ਸਕਦਾ। ਕਿਉਂਕਿ ਜੀਵਨ ਦਾ ਪਹਿਲਾ ਸੱਚ ਹੀ ਪਾਣੀ ਹੈ।
ਸਾਲ 1992 ਵਿੱਚ ਸੰਯੁਕਤ ਰਾਸ਼ਟਰ ਵੱਲੋਂ ਵਾਤਾਵਰਣ ਅਤੇ ਵਿਕਾਸ ਸਬੰਧੀ ਹੋਈ ਕਾਨਫਰੰਸ ਵਿੱਚ ਸ਼ੁੱਧ ਅਤੇ ਸਾਫ਼ ਪਾਣੀ ਲਈ ਅੰਤਰਰਾਸ਼ਟਰੀ ਪਾਣੀ ਦਿਵਸ ਮਨਾਉਣ ਦੀ ਸਿਫਾਰਸ਼ ਕੀਤੀ ਗਈ, ਜਿਸ ਸਬੰਧੀ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੇ 22 ਮਾਰਚ ਦਾ ਦਿਨ ‘ਅੰਤਰਰਾਸ਼ਟਰੀ ਜਲ ਦਿਵਸ’ ਵਜੋਂ ਮਨਾਉਣ ਦਾ ਫੈਸਲਾ ਲਿਆ। ਜੋ ਅਜੋਕੇ ਸਮੇਂ ਵਿੱਚ ਰੋਜ਼ਾਨਾ ਜਲ ਦਿਵਸ ਦੇ ਰੂਪ ਵਿੱਚ ਮਨਾਉਣਾ ਚਾਹੀਦਾ ਹੈ ਤਾਂ ਕਿ ਹਰ ਰੋਜ਼ ਹੋ ਰਹੀ ਪਾਣੀ ਦੀ ਦੁਰਵਰਤੋਂ ਰੋਕੀ ਜਾ ਸਕੇ ਅਤੇ ਪਾਣੀ ਨੂੰ ਬਚਾਉਣ ਦੇ ਜਤਨ ਕੀਤੇ ਜਾਣ।
ਪਰ ਅਫ਼ਸੋਸ ਕਿ ਅਸੀਂ ਪਾਣੀ ਨੂੰ ਵਰਤਣ ਵਿੱਚ ਸੰਜਮਤਾ ਤਾਂ ਬਿਲਕੁੱਲ ਨਹੀਂ ਕਰ ਰਹੀ, ਪਰ ਪਾਣੀ ਦੇ ਬੇਕਦਰੀ/ਬਰਬਾਦੀ ਕਰਨ ਵਿੱਚ ਸਭ ਤੋਂ ਅੱਗੇ ਹਾਂ। ਇੱਕ ਸਰਵੇ ਅਨੁਸਾਰ ਅਸੀਂ 50 ਤੋਂ 500 ਲੀਟਰ ਤੱਕ ਦਾ ਪਾਣੀ ਦੀ ਬੇਕਦਰੀ ਅਸੀਂ ਕੇਵਲ ਆਪਣੇ ਵਾਹਨ ਮੋਟਰਸਾਈਕਲ, ਕਾਰ ਆਦਿ ਨੂੰ ਧੋਣ ਵੇਲੇ ਹੀ ਕਰ ਦਿੰਦੇ ਹਾਂ ਅਤੇ ਕੁੱਝ ਲੋਕ ਤਾਂ ਅਜਿਹੇ ਹਨ ਜਿਹੜੇ ਹਫਤੇ ਵਿੱਚ ਹੀ ਦੋ-ਦੋ ਵਾਰ ਆਪਣੀ ਕਾਰਾਂ/ਗੱਡੀਆਂ ਨੂੰ ਧੋ ਕੇ ਬੇਸ਼ਕੀਮਤੀ ਪਾਣੀ ਦੀ ਬੇਹਿਸਾਬੀ ਬਰਬਾਦੀ ਕਰਦੇ ਹਨ। ਕਿਤੇ ਭਾਵੇਂ ਕੋਈ ਜਨਤਕ ਥਾਂ ਉੱਥੇ ਕੋਈ ਟੂਟੀ ਚੱਲ ਰਹੀ ਹੈ ਜਾਂ ਖ਼ਰਾਬ ਹੋਣ ਕਰਕੇ ਪਾਣੀ ਦੀ ਬਰਬਾਦੀ ਕਰ ਰਹੀ ਹੈ ਤਾਂ ਅਸੀਂ ਕਦੇ ਵੀ ਹੌਂਸਲਾ ਨਹੀਂ ਕਰਾਂਗੇ ਕਿ ਪੰਜਾਹ ਰੁਪਏ ਵਾਲੀ ਕੋਈ ਟੂਟੀ ਨਵੀਂ ਲਗਵਾ ਦੇਈਏ ਜਾਂ ਕਿਸੇ ਹੋਰ ਢੰਗ ਨਾਲ ਪਾਣੀ ਦੀ ਹੋਰ ਰਹੀ ਇਸ ਬਰਬਾਦੀ ਨੂੰ ਰੋਕਣ ਦੀ ਕੋਸ਼ਿਸ਼ ਕਰੀਏ। ਕਈ ਵਾਰ ਘਰ ਦੀ ਛੱਤ ਉੱਤੇ ਪਈ ਪਾਣੀ ਦੀ ਟੈਂਕੀ ਭਰ ਜਾਂਦੀ ਹੈ, ਪੀਣਯੋਗ ਪਾਣੀ ਉਸ ਵਿੱਚੋਂ ਉਛਲਦਾ ਬਾਹਰ ਨਾਲੀਆਂ ਵਿੱਚ ਵੱਗਦਾ ਰਹਿੰਦਾ ਹੈ ਪਰ ਪਰਵਾਰ ਦੇ ਕਿਸੇ ਜੀਅ ਦਾ ਧਿਆਨ ਨਹੀਂ ਜਾਂਦਾ ਜਾਂ ਕਈਆਂ ਨੇ ਟੈਂਕੀ ਭਰ ਜਾਣ ਮੌਕੇ ਸੁਚੇਤ ਕਰਦੀ ਘੰਟੀ ਵੀ ਲਗਾਈ ਹੁੰਦੀ ਹੈ, ਪਰ ਪਾਣੀ ਦੀ ਮੋਟਰ ਚਲਾ ਕੇ, ਘਰ ਨੂੰ ਤਾਲਾ ਲਗਾ ਕੇ ਆਪ ਕਿਤੇ ਬਾਹਰ ਗਏ ਹੁੰਦੇ ਹਨ। ਇਹ ਸਾਰੀਆਂ ਸਾਡੀਆਂ ਗ਼ੈਰ-ਜ਼ਿੰਮੇਵਾਰੀਆਂ ਪਾਣੀ ਦੀ ਬੇਹੱਦ ਬੇਕਦਰੀ ਦੀਆਂ ਮਿਸਾਲਾਂ ਹਨ।
ਪਾਣੀ ਦੀ ਬਰਬਾਦੀ ਕਾਰਨ ਅਤੇ ਪੀਣਯੋਗ ਪਾਣੀ ਦੀ ਪੈਦਾ ਹੋ ਰਹੀ ਘਾਟ ਨੂੰ ਸਾਹਵੇਂ ਰੱਖਦਿਆਂ ਹੀ ਇਸ ਗੱਲ ਦੇ ਕਿਆਸੇ ਲਗਾਏ ਜਾ ਰਹੇ ਹਨ ਕਿ ਅਗਲੀ ਸੰਸਾਰ ਜੰਗ ਜਦੋਂ ਵੀ ਹੋਈ ਤਾਂ ਪਾਣੀ ਨਾਲ ਸਬੰਧਿਤ ਹੋਵੇਗੀ। ਤਾਂ ਹੀ ਕਿਹਾ ਜਾਂਦਾ ਹੈ ਕਿ ਪਾਣੀ ਬਣਾਇਆ ਨਹੀਂ ਜਾ ਸਕਦਾ, ਬਚਾਇਆ ਜ਼ਰੂਰ ਜਾ ਸਕਦਾ ਹੈ, ਪਰ ਇਹ ਤਾਂ ਹੀ ਸੰਭਵ ਹੋ ਸਕੇਗਾ ਜੇਕਰ ਇੱਕ ਪ੍ਰਾਣੀ-ਮਾਤਰ ਆਪਣੀ ਜ਼ਿੰਮੇਵਾਰੀ ਨੂੰ ਸਮਝੇਗਾ ਅਤੇ ਪਾਣੀ ਦੀ ਵਰਤੋਂ ਬਹੁਤ ਹੀ ਸੰਜਮਤਾ ਨਾਲ ਕਰੇਗਾ।
ਪਾਣੀ ਬਾਰੇ ਆਪਣੇ ਬੱਚਿਆਂ, ਵੱਡਿਆਂ, ਬਜ਼ੁਰਗਾਂ ਨੂੰ ਸੁਚੇਤ ਕਰਕੇ ਭਵਿੱਖ ਦੀ ਮਨੁੱਖੀ ਨਸਲ ਨੂੰ ਬਚਾਉਣ ਲਈ ਉੱਦਮ ਕਰੀਏ। ਕੀਮਤੀ ਪਾਣੀ ਦੀ ਸੰਭਾਲ ਵੀ ਕਰੀਏ ਉਥੇ ਪਾਣੀ ਨੂੰ ਜ਼ਹਰੀਲਾ ਹੋਣ ਤੋਂ ਬਚਾਉਣ ਲਈ ਵੀ ਯਤਨਸ਼ੀਲ ਹੋਈਏ।