ਅਨਹੋਇਆਂ ਦਾ ਮੁੱਦਈ' .. ਨਾਵਲਕਾਰ ਪ੍ਰੋ.ਗੁਰਦਿਆਲ ਸਿੰਘ
(ਲੇਖ )
ਪਦਮ ਸ਼੍ਰੀ ਪ੍ਰੋ:ਗੁਰਦਿਆਲ ਸਿੰਘ ਪੰਜਾਬੀ ਗਲਪ ਸਾਹਿਤ ਦੇ ਸਿਰਮੌਰ ਸਾਹਿਤਕਾਰ ਸਨ ।
ਭਾਰਤੀ ਉਪ-ਮਹਾਦੀਪ ਦੇ ਉਹ ਉਹਨਾਂ ਸਾਹਿਤਕਾਰਾਂ ਵਿਚੋਂ ਇਕ ਸਨ ਜਿੰਨ੍ਹਾਂ ਨੇ ਅਜ਼ਾਦੀ ਤੋਂ ਬਾਅਦ ਦੇ ਗਲਪ ਸਾਹਿਤ ਵਿੱਚ ਉਪ-ਭਾਸ਼ਾ ਨੂੰ ਰਚਨਾਤਮਿਕ ਪ੍ਰਗਟਾਵੇ ਦਾ ਮਾਧਿਅਮ ਬਣਾਇਆ।
ਗੁਰਦਿਆਲ ਸਿੰਘ ਦੀ ਮੁੱਖ ਕਲਾਤਮਕ ਵਿਧੀ ਜੀਵਨ ਦੇ ਅੰਤਰ ਵਿਰੋਧ ਨੂੰ ਹੀ ਇਕ ਦੂਸਰੇ ਦੇ ਬਰਾਬਰ ਜਾਂ ਮੁਕਾਬਲੇ ਵਿੱਚ ਖੜ੍ਹਾ ਕਰਦੇ ਗੁੱਝੇ ਯਥਾਰਥ ਨੂੰ ਸਾਹਮਣੇ ਲਿਆਉਣ ਦੀ ਹੈ।
ਜਨਮ ..
ਆਪ ਜੀ ਦਾ ਜਨਮ 10 ਜਨਵਰੀ 1933 ਈ.ਨੂੰ ਪਿੰਡ ਭੈਣੀ ਫੱਤਾ ,ਜਿਲ੍ਹਾ ਫ਼ਰੀਦਕੋਟ ਵਿਖੇ ਪਿਤਾ ਜਗਤ ਸਿੰਘ ਦੇ ਘਰ ਮਾਤਾ ਸ੍ਰੀਮਤੀ ਨਿਹਾਲ ਕੌਰ ਦੀ ਕੁੱਖੋਂ ਹੋਇਆ । ਆਪ ਜੀ ਦਾ ਜੱਦੀ ਪਿੰਡ ਡੇਲਿਆਂ ਵਾਲੀ ਤਹਿਸੀਲ ਜੈਤੋ ਹੈ ।ਛੋਟੀ ਉਮਰ 'ਚ ਹੀ ਆਪਜੀ ਦਾ ਵਿਆਹ 1946 ਵਿਚ ਬਲਵੰਤ ਕੌਰ ਨਾਲ ਹੋਇਆ।
ਵਿਦਿਆ ...
ਆਪ ਜੀ ਨੇ ਰਸਮੀ ਵਿੱਦਿਆ ਗਿਆਨੀ ਅਤੇ ਐੱਮ ਏ (ਪੰਜਾਬੀ) ਪ੍ਰਾਈਵੇਟ ਤੌਰ ਤੇ ਹਾਸਲ ਕੀਤੀ।
ਮੁੱਢਲੀ ਜ਼ਿੰਦਗੀ ਵਿਚ ਕੁਝ ਦੇਰ (1945-1953) ਦਸਤਕਾਰੀ ਕਰਨ ਉਪਰੰਤ ਆਪ 1954ਤੋੰ1962 ਤੱਕ ਪ੍ਰਾਇਮਰੀ ਸਕੂਲ ਅਧਿਆਪਕ ਰਹੇ ।1962 ਤੋੰ 1970 ਤੱਕ ਹਾਈ ਸਕੂਲ ਅਧਿਆਪਕ ਰਹੇ ।1971ਤੋੰ 1985 ਤੱਕ ਆਪ ਨੇ ਸਰਕਾਰੀ ਬ੍ਰਜਿੰਦਰਾ ਕਾਲਜ ਫ਼ਰੀਦਕੋਟ ਵਿਖੇ ਬਤੌਰ ਕਾਲਜ ਲੈਕਚਰਾਰ ਸੇਵਾ ਨਿਭਾਈ ।ਇਸ ਉਪਰੰਤ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਰੀਜਨਲ ਸੈਂਟਰ ਬਠਿੰਡਾ ਵਿਖੇ ਪੰਜਾਬੀ ਵਿਭਾਗ ਵਿਚ ਲੈਕਚਰਾਰ ਅਤੇ ਰੀਡਰ ਰਹਿਣ ਉਪਰੰਤ ਬਤੌਰ ਪ੍ਰੋਫ਼ੈਸਰ ਸੇਵਾ ਮੁਕਤ ਹੋਏ। ਸੇਵਾ ਮੁਕਤੀ ਬਾਅਦ ਤੋੰ ਪੁਨਰ ਨਿਯੁਕਤੀ ਦੌਰਾਨ ਸੇਵਾ ਨਿਭਾਉਂਦੇ ਰਹੇ। ਆਪ ਜੀ ਦੀਆਂ ਅਕਾਦਮਿਕ ਅਤੇ ਸਾਹਿਤਕ ਉਪਲਬੱਧੀਆਂ ਕਰਕੇ ਆਪ ਜੀ ਨੂੰ 'ਪ੍ਰੋਫੈਸਰ ਆਫ਼ ਐਮੀਨੈਂਸ',ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਜ਼ਟਿੰਗ ਪ੍ਰੋਫੈਸਰ,ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਮਈ 2004 ਤੋਂ ਲਾਈਫ਼ ਫੈਲੋਸ਼ਿਪ ਨਾਲ਼ ਸਨਮਾਨਿਆ ਗਿਆ।
ਰਚਨਾ.
. ਜੀਵਨ ਦੇ ਸ਼ੁਰੂਆਤੀ ਦੌਰ ਵਿਚ ਚਿੱਤਰਕਾਰੀ ਅਰੰਭੀ ਇਸ ਤੋਂ ਬਾਅਦ ਕੁਝ ਸਮਾਂ ਜੈਤੋ ਦੇ ਇਤਿਹਾਸਕ ਗੁਰਦੁਆਰੇ ਗੰਗਸਰ ਸਾਹਿਬ ਵਿਚ ਕੀਰਤਨ ਵੀ ਕਰਦੇ ਰਹੇ। ਪਹਿਲਾਂ ਪਹਿਲਾਂ ਉਹਨਾਂ 'ਰਾਹੀ'ਤਖੱਲਸ ਨਾਲ ਲਿਖਣਾ ਸ਼ੁਰੂ ਕੀਤਾ। ਉਹਨਾਂ ਦੀ ਪਹਿਲੀ ਰਚਨਾ 'ਗੰਗਸਰ ਦੇ ਸ਼ਹੀਦ ' ਸੀ। ਕਲਮ ਨਾਲ ਅਜਿਹਾ ਰਿਸ਼ਤਾ ਬਣਿਆ ਕਿ ਉਹਨਾਂ ਦੇ ਪਹਿਲੇ ਕਹਾਣੀ-ਸੰਗ੍ਰਹਿ 'ਸੱਗੀ ਫ਼ੁੱਲ' ਨਾਲ ਉਹ ਸੱਗੀ ਫ਼ੁੱਲ ਵਾਲਾ ਗੁਰਦਿਆਲ ਬਣ ਗਏ । ਜਦੋਂ ਉਹਨਾਂ ਦੇ ਪਹਿਲੇ ਨਾਵਲ 'ਮੜ੍ਹੀ ਦਾ ਦੀਵਾ ' ਨੂੰ ਏਨਾ ਪਿਆਰ ਮਿਲਿਆ ਕਿ ਗੁਰਦਿਆਲ ਸਿੰਘ ਲੇਖਕਾਂ ਦੀ ਪਹਿਲੀ ਕਤਾਰ ਵਿਚ ਆ ਖੜ੍ਹਾ ਹੋਇਆ।
ਗੁਰਦਿਆਲ ਸਿੰਘ ਨੇ ਪੰਜਾਬੀ ਸਾਹਿਤ -ਜਗਤ ਦੀ ਝੋਲ਼ੀ ਦਸ ਨਾਵਲ, ਗਿਆਰਾਂ ਕਾਹਣੀ -ਸੰਗ੍ਰਹਿ, ਤਿੰਨ ਨਾਟਕ ,ਅੱਠ ਵਾਰਤਕ- ਸੰਗ੍ਰਹਿ, ਚੌਵੀ ਬਾਲ ਸਾਹਿਤ ਪੁਸਤਕਾਂ ਤੇ ਚਾਲੀ ਲਗਪਗ ਅਨੁਵਾਦ ਪ੍ਰਦਾਨ ਕਰ ਚੁੱਕੇ ਹਨ ।
ਸਾਹਿਤਕ ਖੇਤਰ ਦੇ ਇਸ ਯੋਗਦਾਨ ਲਈ ਆਪ ਜੀ ਨੂੰ ਸਾਹਿਤ ਅਕਾਦਮੀ ਪੁਰਸਕਾਰ (1975),
1998 'ਚ ਭਾਰਤ ਦੇ ਰਾਸ਼ਟਰਪਤੀ ਦੁਆਰਾ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਗੁਰਦਿਆਲ ਸਿੰਘ ਪੰਜਾਬੀ ਦੇ ਦੂਜੇ ਸਾਹਿਤਕਾਰ ਹੋਏ ਜਿਨ੍ਹਾਂ ਨੂੰ ਭਾਰਤ ਦਾ ਸਰਵੋਤਮ ਸਾਹਿਤਕ ਪੁਰਸਕਾਰ 'ਗਿਆਨਪੀਠ 'ਮਾਂ-ਬੋਲੀ ਦੀ ਝੋਲ਼ੀ ਪਾਇਆ। ਇਸ ਤੋਂ ਇਲਾਵਾ ਸਮੇਂ ਸਮੇਂ ਤੇ ਵੱਕਾਰੀ ਸਨਮਾਨ ਮਿਲੇ ।
ਗੁਰਿਦਾਅਲ ਸਿੰਘ ਹੁਣ ਤੱਕ ਦਾ ਸਭ ਤੋੰ ਵਧੇਰੇ ਪੜ੍ਹੇ ਜਾਣ ਵਾਲੇ ਨਾਵਲਕਾਰ ਹੋਏ ।
ਗੁਰਦਿਆਲ ਸਿੰਘ ਦਾ ਕਥਾ -ਜਗਤ ਕਿਰਤੀ -ਕਾਮਿਆਂ ਅਤੇ ਛੋਟੀ ਕਿਰਸਾਣੀ ਦੇ ਜੀਵਨ ਵਿਚ ਆਰਥਿਕਤਾ ਦੇ ਅਸਾਵੇਂਪਣ ਕਾਰਨ ਅਧੂਰੀਆਂ ਰਹਿ ਜਾਣ ਵਾਲੀਆਂ ਨਿੱਕੀਆਂ -ਨਿੱਕੀਅਆਂ ਇੱਛਾਵਾਂ, ਸੱਧਰਾਂ ਅਤੇ ਉਮੰਗਾਂ ਦੇ ਵਿਸ਼ਾਦ ਨੂੰ ਹੰਢਾਉਂਦਾ ਹੈ ।
ਭਾਵੇਂ ਗੁਰਦਿਆਲ ਸਿੰਘ ਨੂੰ ਵਧੇਰੇ ਪ੍ਰਸਿੱਧੀ ਆਪਣੇ ਨਾਵਲਾਂ ਕਰਕੇ ਮਿਲੀ ਪਰ ਆਪਣੀਆਂ ਕਹਾਣੀਆਂ ਰਾਹੀਂ ਰੂਪਗਤ ਅਤੇ ਵਿਸ਼ਾਗਤ ਪੱਖਾਂ ਉਪਰ ਸਮਦ੍ਰਿਸ਼ਟੀ ਰੱਖਦਿਆਂ ਸਾਂਸਕ੍ਰਿਤਕ -ਨੁਹਾਰ ਪੇਸ਼ ਕਰਨ ਵਿਚ ਉਹ ਮੋਹਰੀ ਰਹੇ ।
ਗੁਰਦਿਆਲ ਸਿੰਘ ਨੇ ਜਦੋਂ ਕਹਾਣੀ ਲਿਖਣੀ ਸ਼ੁਰੂ ਕੀਤੀ ਤਾਂ ਪੰਜਾਬੀ ਸਮਾਜ ਰਾਜਨੀਤਕ ,ਸਮਾਜਕ ਪੱਖੋਂ ਸੰਕਟ ਕਾਲੀਨ ਦੌਰ ਵਿੱਚੋਂ ਗੁਜ਼ਰ ਰਿਹਾ ਸੀ ।ਜਿਸ ਕਰਕੇ ਰੂੜੀਵਾਦੀ ਪਰੰਪਰਾ ਕਦਰਾਂ -ਕੀਮਤਾਂ ਦਾ ਹੀ ਸਾਹਮਣਾ ਕਰਨਾ ਪੈ ਰਿਹਾ ਸੀ ।
ਗੁਰਦਿਆਲ ਸਿੰਘ ਦੇ ਸਿਰਜੇ ਪਾਤਰ ਜਾਤ- ਪਾਤ ਦੇ ਖਿਲਾਫ਼ ਜੂਝਦੇ ਹਨ ।
ਗੁਰਦਿਆਲ ਸਿੰਘ ਨੂੰ 'ਅਣਹੋਇਆਂ ਦਾ ਨਾਵਲਕਾਰ' ਕਿਹਾ ਜਾਂਦਾ ਹੈ । ਜਿਸਦਾ ਅਰਥ ਉਹ ਲੋਕਾਂ ਦੀ ਜ਼ਿੰਦਗੀ ਨੂੰ ਆਪਣੇ ਨਾਵਲਾਂ ਰਾਹੀਂ ਬਿਅਾਨ ਕਰਨਾ ਹੈ ਜੋ ਅਾਪਣੀ ਪ੍ਰਾਪਤੀ ਵਾਲੀ ਪ੍ਰਮਾਣਿਤ ਜ਼ਿੰਦਗੀ ਤੋੰ ਵਿਹੁਤਾ ਜੀਵਨ ਬਤੀਤ ਕਰਦੇ ਹਨ ਗੁਰਦਿਆਲ ਸਿੰਘ ਆਪਣੇ ਪਾਤਰਾਂ ਨੂੰ ਧੱਕੇ ਨਾਲ ਸੰਗਰਾਮੀਏ ਤੇ ਕ੍ਰਾਂਤੀਕਾਰੀ ਨਹੀੰ ਬਣਾਉਂਦਾ ਇਸੇ ਵਿਚ ਹੀ ਉਸਦੇ ਯਥਾਰਥਵਾਦ ਦੀ ਝਲਕ ਪੈੰਦੀ ਹੈ
ਵਿਦਵਾਨਾਂ ਦੀ ਨਜ਼ਰ 'ਚ...
ਡਾ.ਨਾਮਵਰ ਸਿੰਘ ਦੇ ਮੁਤਾਬਿਕ 'ਮੜ੍ਹੀ ਦਾ ਦੀਵਾ' ਮੂਲ ਪੰਜਾਬੀ ਰੂਪ ਵਿੱਚ 1964 ਵਿੱਚ ਪ੍ਰਕਾਸ਼ਿਤ ਹੋਇਆ ਸੀ। ਜਿੱਥੋ ਤੱਕ ਮੈਂ ਜਾਣਦਾ ਹਾਂ ਇਹ ਸਮਾਂ ਹਿੰਦੀ ਮਰਾਠੀ ਗੁਜਰਾਤੀ ਤੇ ਬੰਗਾਲੀ ਬੋਲੀਆਂ ਵਿਚ ਲਿਖੇ ਜਾਣ ਦਾ ਢੁਕਵਾਂ ਸਮਾਂ ਸੀ। ਇਸ ਲਈ ਪੰਜਾਬੀ ਵਿਚ 'ਮੜ੍ਹੀ ਦੇ ਦੀਵੇ' ਵਰਗੀ ਰਚਨਾ ਦਾ ਉਦੈ ਹੋਣਾ ਸੱਚਮੁਚ ਭਾਰਤੀ ਗਲਪ ਸਾਹਿਤ ਵਿਚ ਇਕ ਚਮਤਕਾਰ ਪ੍ਰਤੀਤ ਹੋਇਆ।
ਗੁਰਦਿਆਲ ਸਿੰਘ ਦੇ ਨਾਵਲਾਂ ਦੇ ਪਾਤਰ ਜਗੀਰਦਾਰੀ -ਅਰਥਚਾਰੇ ਦੇ ਸ਼ਿਕਾਰ ਕਿਰਸਾਣ ਅਤੇ' ਸੀਰੀ ਦੇ ਜੀਵਨ ਉੱਪਰ ਅਧਾਰਿਤ ਹੈ ।ਜਿਹੜੇ ਬਦਲਦੀਆਂ ਆਰਥਕ ਅਤੇ ਸਮਾਜਕ ਕੀਮਤਾਂ ਕਾਰਨ ਅਣਹੋਏ ਹਨ।
'ਮੜ੍ਹੀ ਦਾ ਦੀਵਾ' ਮਾਲਵਾ ਖੇਤਰ ਦੇ ਵਿਸ਼ੇਸ ਸਮੇੰ ਦੇ ਜੀਵਨ ਸੱਚ ਦੇ ਵਿਸ਼ੇਸ ਸੁਭਾ ਖੇਤਰ ਦੀਆਂ ਸਮੱਸਿਆਵਾਂ ਦੀ ਵਿਸ਼ੇਸ ਪ੍ਰਕਿਰਤੀ ,ਪਾਤਰਾਂ ਦੇ ਵਿਸ਼ੇਸ਼ ਸੁਭਾ ,ਬੋਲੀ ਦਾ ਵਿਸ਼ੇਸ ਮੁਹਾਵਰਾ ਸਿਰਜਨ ਕਾਰਨ ਇਕ ਸਫ਼ਲ ਨਾਵਲ ਪ੍ਰਤੀਤ ਹੁੰਦਾ ਹੈ।
ਗੁਰਦਿਆਲ ਸਿੰਘ ਦੀ ਮੁੱਖ ਕਲਾਤਮਕ ਵਿਧੀ ਜੀਵਨ ਦੇ ਅੰਤਰ -ਵਿਰੋਧਾਂ ਨੂੰ ਵੀ ਇਕ ਦੂਸਰੇ ਦੇ ਬਰਾਬਰ ਜਾਂ ਮੁਕਾਬਲੇ ਵਿਚ ਖੜ੍ਹਾ ਕਰਕੇ ਗੁੱਝੇ ਯਥਾਰਥ ਨੂੰ ਸਾਹਮਣੇ ਲਿਆਉਣ ਦੀ ਹੈ ।
ਪੰਜਾਬੀ ਦਾ ਉਹ ਪਹਿਲਾਂ ਨਾਵਲਕਾਰ ਹੈ ਜਿਸ ਨੇ ਯਥਾਰਥਵਾਦੀ ਪ੍ਰਵਿਰਤੀ ਅਧੀਨ ਸਮਾਜ ਦੇ ਦੱਬੇ -ਕੁਚਲੇ, ਭੂਮੀਹੀਣ ਨਿਮਾਣੇ ਤੇ ਨਿਤਾਣੇ ਮਨੁੱਖ ਨੂੰ ਆਪਣੇ ਨਾਵਲ ਦਾ ਕੇਂਦਰੀ ਪਾਤਰ ਬਣਾਇਆ।
ਗੁਰਦਿਆਲ ਸਿੰਘ ਦੇ ਸਮੁੱਚੇ ਨਾਵਲਾਂ -ਕਹਾਣੀਅਆਂ ਦੀ ਮੂਲ ਕਥਾ ਮਨੁੱਖ ਦੀ ਸਵੈਮਾਨ ਨਾਲ ਸਤੁੰਤਰ ਜ਼ਿੰਦਗੀ ਜਿਉਣ ਦੀ ਇੱਛਾ, ਸ਼੍ਰੇਣੀ -ਸਮਾਜ ਵਿਚ ੲਿਸ ਦਿ ਸੰਭਾਵਨਾ ਅਤੇ ਬਦਲਦੇ ਪੂੰਜੀਵਾਦੀ ਮੁੱਲਾਂ ਦੇ ਸੰਦਰਭ ਵਿਚ ਅਣਖ ਅਤੇ ਵਿਅਕਤੀਗਤ ਵਿਦਰੋਹ ਦੀ ਗਾਥਾ ਹੈ ।
ਉਸਦੇ ਨਾਵਲਾਂ ਦਾ ਵਿਸ਼ਾ ਕਿਸਾਨੀ ਦੀ ਅਣਖ ਨਾਲ ਜਿਉਣ ਦੀ ਲਾਲਸਾ ਅਤੇ ਇਸਦੇ ਨਾ ਪੁੱਗ ਸਕਣ ਦੀਆਂ ਬਲਵਾਨ ਵਿਰੋਧੀ ਤਾਕਤਾਂ ਦੇ ਯਥਾਰਥ ਦੁਆਲੇ ਉਸਰਿਆ ਹੋਇਆ ਹੈ।
1964 'ਚ ਪ੍ਰਕਾਸ਼ਿਤ ਪ੍ਰਥਮ ਨਾਵਲ 'ਮੜ੍ਹੀ ਦਾ ਦੀਵਾ' ਜਾਗੀਰਦਾਰੀ ਅਰਥਚਾਰੇ ਦੇ ਸ਼ਿਕਾਰ 'ਕਿਰਸਾਣ' ਅਤੇ 'ਸੀਰੀ' ਦੇ ਜੀਵਨ ਉਪਰ ਅਧਾਰਿਤ ਹੈ।ਜਿਹੜੇ ਬਦਲਦੀਆਂ ਆਰਥਕ ਅਤੇ ਸਮਾਜਕ ਕੀਮਤਾਂ ਕਰਨ ਅਣਹੋਏ ਹਨ।
1982 ਵਿੱਚ ਪ੍ਰਕਾਸ਼ਿਤ ਨਾਵਲ 'ਪਹੁ -ਫੁਟਾਲੇ ਤੋੰ ਪਹਿਲਾਂ' ਭਾਰਤ ਦੀ ਅਜ਼ਾਦੀ ਦੇ ਪਹੁ-ਫੁਟਾਲੇ ਤੋਂ ਪਹਿਲਾਂ ਦੇ ਸਮਾਜਿਕ,ਰਾਜਨੀਤਕ ਹਲਾਤਾਂ ਦੀ ਵਿਥਿਆ ਹੈ ।
ਅੰਨ੍ਹੇ ਘੋੜੇ ਦਾ ਦਾਨ -(1976)ਵਿੱਚ ਪਿੰਡ ਪੱਧਰ 'ਤੇ ਸਥਾਪਿਤ ਹੋ ਰਹੀਆਂ ਮੰਡੀ ਦੀਆਂ ਅਤੇ ਸ਼ਹਿਰੀਕਰਨ ਦੀ ਪ੍ਰਕਿਰਿਆ ਅਧੀਨ ਸ਼ਹਿਰ ਵਿਚੋਂ ਦੁੱਖਾਂ ਦਾ ਅੰਤ ਤਲਾਸ਼ਦੀ ਪੇਂਡੂ ਕਿਰਤੀ ਸ਼ਰੇਣੀ ਦੇ ਭਰਮ ਨੂੰ ਕੇਂਦਰੀ ਵਿਸ਼ੇ ਵਜੋਂ ਲਿਆ ਗਿਆ ਹੈ । ਪਿੰਡ ਦੇ ਵਿਹੜੇ ਵਾਲਿਆਂ ਵਿਚਕਾਰ ਖੇਤੀਬਾੜੀ ਦੇ ਮਸ਼ੀਨੀਕਰਨ ਕਾਰਨ ਟੁੱਟ ਚੁੱਕੇ ਆਪਸੀ ਗਰਜ਼ ਦੇ ਰਿਸ਼ਤਿਆਂ ਦੀ ਪੇਸ਼ਕਾਰੀ ਹੈ ।
1966 ਵਿੱਚ ਪ੍ਰਕਾਸ਼ਿਤ ਨਾਵਲ 'ਅਣਹੋਏ' ਨੂੰ 'ਸ਼ਾਹਕਾਰ'ਰਚਨਾ ਸਵੀਕਾਰਿਆ ਗਿਆ ।
ਇਹ ਨਾਵਲ ਅੰਗਰੇਜ਼ੀ ਵਿਚ ਵੀ ਅਨੁਵਾਦ ਹੋ ਕੇ 'ਸਰਵਾਈਵਰਜ਼ ' ਦੇ ਸਿਰਲੇਖ ਹੇਠ ਛਪਿਆ।
ਨਾਵਲ 'ਅੰਨ੍ਹੇ ਘੋੜੇ ਦਾ ਦਾਨ' ਉਤੇ ਬਣੀ ਫ਼ਿਲਮ ਪਹਿਲੀ ਪੰਜਾਬੀ ਫ਼ਿਲਮ ਹੈ ਜਿਸਨੂੰ 68 ਸਾਲਾਂ ਬਾਅਦ ਇਟਲੀ ਦੇ ਕੌਮਾਂਤਰੀ ਫ਼ਿਲਮ ਮੇਲੇ ਵਿੱਚ ਵਿਖਾਇਆ ਗਿਆ।
ਸਮੁੱਚੇ ਰੂਪ ਵਿਚ ਇਹ ਕਹਿਣਾ ਵਧੇਰੇ ਦਰੁਸਤ ਹੋਵੇਗਾ ਕਿ ਸਮਾਜ ਦੇ ਹੇਠਲੇ ਵਰਗ ਦੇ ਸਧਾਰਨ ਲੋਕਾਂ ਦੇ ਜੀਵਨ ਦਾ ਗੁਰਦਿਆਲ ਸਿੰਘ ਨੂੰ ਨੇੜਲਾ ਅਨੁਭਵ ਪ੍ਰਾਪਤ ਸੀ । ਗੁਰਦਿਆਲ ਸਿੰਘ ਮਾਲਵੇ ਦੇ ਵਸਨੀਕ ਹੋਣ ਕਰਕੇਉਹਨਾਂ ਦਾ ਲਗਪਗ ਸਾਰਾ ਸਾਹਿਤ ਇਥੋਂ ਦੀ ਭਾਸ਼ਾ ਮਲਵਈ ਵਿਚ ਲਿਖਿਆ ਹੈ।
ਆਮ ਲੋਕਾਂ ਦੀ ਜ਼ਿੰਦਗੀ ਦੇ ਸੱਚ ਨੂੰ ਬਿਆਨ ਕਰਨ ਕਰਕੇ ਹੀ ਨਾਵਲਕਾਰ ਗੁਰਦਿਆਲ ਸਿੰਘ ਆਲਮੀ ਪੱਧਰ ਦੇ ਸਾਹਿਤਕਾਰ ਹੋਏ ਹਨ ।ਉਹ ਅਜਿਹੇ ਚੋਣਵੇਂ ਸਾਹਿਤਕਾਰਾਂ ਵਿਚੋਂ ਇਕ ਹਨ ਜਿਨ੍ਹਾਂ ਦੀਆਂ ਰਚਨਾਵਾਂ ਨੂੰ ਸਧਾਰਨ ਪਾਠਕ ਤੋੰ ਲੈ ਕੇ ਪ੍ਰੋੜ ਵਿਦਵਾਨਾਂ ਨੇ ਗੰਭੀਰਤਾ ਨਾਲ ਵਿਚਾਰਿਆ।
'ਮੜ੍ਹੀ ਦਾ ਦੀਵਾ' ਨਾਵਲ ਤੋਂ ਪ੍ਰਭਾਵਿਤ ਹੋ ਕੇ ਸਿਰਮੌਰ ਨਾਵਲਕਾਰ ਨਾਨਕ ਸਿੰਘ ਨੇ ਵੀ ਆਪਣੀ ਲਿਖਤ 'ਚ ਪ੍ਰੋ.ਗੁਰਦਿਆਲ ਸਿੰਘ ਨੂੰ ਸੰਭਾਵਨਾਵਾਂ ਵਾਲਾ ਨੌਜਵਾਨ ਕਹਿ ਕੇ ਵਡਿਆਇਆ ਸੀ।
ਆਪਣੀਆਂ ਲੋਕ ਪੱਖੀ ਰਚਨਾਵਾਂ ਸਦਕੇ ਹੀ ਪੰਜਾਬੀ ਪਾਠਕਾਂ ਵੱਲੋਂ ਪ੍ਰੋ.ਗੁਰਦਿਆਲ ਸਿੰਘ ਨੂੰ ਬਹੁਤ ਪਿਆਰ ਸਤਿਕਾਰ ਮਿਲਿਆ।
ਲੋਕਾਂ ਦੇ ਇਸ ਮਹਿਬੂਬ ਲੇਖਕ ਨੇ ਲਗਭਗ ਸਾਢੇ ਕੁ ਅੱਠ ਵਰ੍ਹੇ ਪਹਿਲਾਂ 83 ਵਰ੍ਹਿਆਂ ਦੀ ਉਮਰ ਵਿੱਚ ਆਖ਼ਰੀ ਸਾਹ ਲਿਆ। ਜਿਸ ਕਾਰਨ ਪੰਜਾਬੀ ਸਾਹਿਤ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਉਹਨਾਂ ਦੀ ਯਾਦ ਨੂੰ ਸਮਰਪਿਤ 10 ਜਨਵਰੀ ਨੂੰ ਪਾਠਕਾਂ ਤੇ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਸਾਹਿਤਕ ਸਮਾਗਮ ਕਰਵਾਇਆ ਜਾਂਦਾ ਹੈ।