ਪੁਸਤਕ ---ਚੰਦਰਮਾ ਵਿਚ ਦਿਸਦੀ ਆਕ੍ਰਿਤੀ
ਲੇਖਕ ----ਦਿਲਜੀਤ ਬੰਗੀ
ਪ੍ਰਕਾਸ਼ਕ ---ਕੈਲੀਬਰ ਪਬਲੀਕੇਸ਼ਨ ਪਟਿਆਲਾ
ਪੰਨੇ ----112 ਮੁੱਲ ----200 ਰੁਪਏ
ਦਿਲਜੀਤ ਬੰਗੀ ਪੰਜਾਬੀ ਦਾ ਉੱਘਾ ਸ਼ਾਇਰ ਹੈ । ਉਸਦੇ ਦੋ ਕਾਵਿ ਸੰਗ੍ਰਹਿ ਛਪੇ ਹਨ । ਝਨਾਂ ਦੇ ਪਾਣੀਆਂ ਵੇ (2020)ਤੇ ਵਾਟ ਲੰਮੇਰੀ (2022) ਹੁਣ ਇਹ ਤੀਸਰੀ ਪੁਸਤਕ ਵਾਰਤਕ ਦੀ ਹੈ। ਜਿਸ ਵਿਚ ਲੇਖਕ ਨੇ ਆਪਣੀਆਂ ਜੀਵਨ ਯਾਂਦਾਂ ਦਰਜ ਕੀਤੀਆਂ ਹਨ । ਕਿਤਾਬ ਬਾਰੇ ਲੇਖਕ ਦਾ ਸਵੈ ਕਥਨ ਹੈ --- ਇਹ ਕਿਤਾਬ ਮੈਂ ਮਿਥ ਕੇ ਨਹੀਂ ਲਿਖੀ ਅਤੇ ਨਾ ਹੀ ਇਸ ਕਿਤਾਬ ਨੂੰ ਲਿਖਣ ਦਾ ਮੇਰਾ ਕੋਈ ਪਹਿਲਾਂ ਇਰਾਦਾ ਸੀ । ਬਸ ਜੀਅ ਕੀਤਾ ਕਿ ਅਗਲੀ ਕਿਤਾਬ ਵਾਰਤਕ ਦੀ ਲਿਖਾਂ । ਲਿਖਾਂ ਕੀ ? ਸੋਚ ਵਰੋਲੇ ਖਾਣ ਲਗੀ । ਕਿਤਾਬ ਸਵੈ ਜੀਵਨੀ ਦਾ ਰੂਪ ਧਾਂਰਨ ਲਗੀ। ਮਾਂ ਕੋਲ ਬੇਠ ਕੇ ਆਪਣਾ ਬਚਪਨ ਲਿਖਣ ਲੱਗਾ । ਕੁਝ ਗੱਲਾਂ ਲਿਖ ਹੋਈਆਂ । ਪਰ ਫੇਰ ਕਲਮ ਰੁਕ ਗਈ । ਮਾਂ ਕਹਿਣ ਲਗੀ ਪੁੱਤ ---ਕਿਤਾਬ ਲਿਖਣ ਤੋਂ ਪਹਿਲਾਂ ਵਾਹਿਗੁਰੂ ਦਾ ਨਾ ਲਈਦਾ । ਬਸ ਫੇਰ ਚਲ ਸੌ ਚਲ । ਜੋ ਘਟਨਾ ਸਾਹਮਣੇ ਆਈ ।ਕਲਮ ਦੀ ਨੋਕ ਤੇ ਆਉਣ ਲਗੀ । ਸਹਿਜੇ ਸਹਿਜੇ ਕਿਤਾਬ ਤਿਆਰ ਹੋ ਗਈ ।
ਕਿਤਾਬ ਦੇ 19 ਕਾਂਡ ਹਨ । ਕਾਂਡ ਤਰਤੀਬਵਾਰ ਹਨ । ਬਚਪਨ ਦੇ ਦਿਨ ,ਸਕੂਲ ਸਿਖਿਆ , ਕਾਲਜ ਸਿਖਿਆ, ਕਾਲਜ ਵਿਚ ਨਾਨ ਮੈਡੀਕਲ ਛਡ ਕੇ ਆਰਟ ਵਿਸ਼ੇ ਰਖੇ । ਔਖੈ ਵਿਸ਼ਿਆਂ ਦੀ ਟਿਊਸ਼ਨ ।ਟਿਊਸ਼ਨ ਲਈ ਆਰਥਿਕ ਤੰਗੀ ਦਾ ਬੇਬਾਕ ਸਚ , ਲਾਇਬਰੇਰੀ ਨਾਲ ਮੁਹਬਤ ,ਸਾਹਿਤਕ ਕਿਤਾਬਾਂ ਨਾਲ ਜੁੜਨਾ । ਫੇਰ ਕਵਿਤਾ ਨਾਲ ਮੋਹ । ਕਵਿਤਾ ਲਿਖਣ ਦੀ ਸ਼ਾਂਇਰ ਜਨਕ ਸ਼ਰਮੀਲਾ ਤੋਂ ਸਿਖਲਾਈ । ਨੌਕਰੀ ,ਰਿਸ਼ਤੇਦਾਰੀਆਂ ,ਤਾਏ, ਚਾਚੇ । ਤਾਏ ਚਾਚੇ ਦੇ ਪੁਤਰਾਂ /ਧੀਆਂ ਨਾਲ ਪਿਆਰ , ਭੈਣਾ ਭਰਾ ਮਾਸੀਆਂ ਮਾਮੀਆਂ ਤੋਂ ਕਮਾਇਆ ਮੋਹ ਪਿਆਰ, ਸਕੂਲ ਕਾਲਜ ਦੇ ਅਧਿਆਪਕ ,ਨੌਕਰੀ ਦਾ ਸਮਾਂ, ।ਨੌਕਰੀ ਦੌਰਾਨ ਮਿਲੇ ਸਹਿਯੋਗੀ ਤੇ ਹੋਰ ਵਖ ਵਖ ਸੁਭਾਵਾਂ ਵਾਲੇ ਲੋਕ । ਕੁਝ ਆਪਣਿਆ ਵਰਗੇ, ਕੁਝ ਗੈਰਾਂ ਜਿਹੇ । ਕਿਸੇ ਦਾ ਵਤੀਰਾ ਚੰਗਾ, ਕਿਸੇ ਦਾ ਮਾੜਾ । ਫੇਰ ਲੇਖਕ ਦੇ ਵਿਆਹ ਦੀ ਦਾਸਤਾਨ ,ਬੇਟੀਆਂ ਦੀਆਂ ਸਾਹਿਤਕ ਰੁਚੀਆ, ਬੇਟੀਆਂ ਨਵਨੀਤ ਤੇ ਪੁਨੀਤ ਦੀਆਂ ਬਾਲ ਕਿਤਾਬਾਂ ਕਿਤਾਬਾਂ ਦੀ ਸਮੀਖਿਆ , ਤੇ ਹੋਰ ਬਹੁਤ ਕੁਝ ਕਿਤਾਬ ਵਿਚ ਹੈ । ਪੜ੍ਹੀ ਜਾਓ ਤੇ ਆਨੰਦ ਲਈ ਜਾਓ ।
ਲੇਖਕ ਨੇ ਕਿਸੇ ਨਾਲ ਨਾ ਲਿਹਾਜ਼ ਕੀਤਾ ਨਾ ਹੀ ਦੂਰੀ ਰਖੀ । ਜਿਸ ਕੋਲੋਂ ਮੁਹਬਤ ਮਿਲੀ ਉਸਦੀ ਮੁਹਬਤ ਦਾ ਖੁਲਾ ਇਜ਼ਹਾਰ ਕਿਤਾਬ ਵਿਚ ਹੈ । ਜਿਸ ਕਿਸੇ ਤੋਂ ਕੁਝ ਸਿਖਿਆ ਉਸਦੀ ਉਸਤਤ ਦੇ ਖਜ਼ਾਨੇ ਖੁਲ੍ਹ ਕੇ ਕਿਤਾਬ ਵਿਚ ਲਿਖ ਦਿਤੇ ਤਾਂ ਜੋ ਸਨਦ ਰਹੇ । ਚੰਗਿਆਈਆਂ ਬੁਰਿਆਈਆਂ ਵਾਚੈ ਧਰਮੁ ਹਦੂਰਿ (ਜਪੁਜੀ ਸਾਹਿਬ )---- ਲੇਖਕ ਤਾਂ ਉਂਜ ਹੀ ਵਿਸਮਾਦੀ ਤੇ ਸੰਵੇਦਨਸ਼ੀਲ ਹੈ । ਕਿਸੇ ਦਾ ਚੰਗਾ ਮਾੜਾਂ ਵਿਵਹਾਰ ਦਿਲ ਦੀ ਫਟੀ ਤੇ ਉਕਰਿਆ ਜਾਂਦੈ । ਤੇ ਉਹ ਸਭ ਯਾਂਦਾਂ ਬਣ ਕੇ ਦਿਲ ਦਿਮਾਗ ਵਿਚ ਉਮਰ ਭਰ ਲਈ ਟਿਕ ਜਾਂਦੈ । ਆਮ ਬੰਦਾ ਭੁੱਲ ਜਾਂਦੈ ਪਰ ਲੇਖਕ --------------? ਕਦੇ ਨਹੀ ਭੁਲਦਾ । ਬਸ ਇਹੀ ਫਰਕ ਹੈ ਆਮ ਬੰਦੇ ਅਤੇ ਲੇਖਕ ਦਾ । ਸ਼ਾਇਰ ਸਮਾਜ ਦਾ ਵਿਸ਼ੇਸ਼ ਤੇ ਮਹਤਵਪੂਰਨ ਅੰਗ ਹੈ ।
ਕਾਂਡ 9 ਵਿਚ ਲੇਖਕ ਨੇ ਆਪਣੇ ਸ਼ੌਕਾਂ ਦਾ ਜ਼ਿਕਰ ਕੀਤਾ ਹੈ । ਕੁਲਦੀ।ਪ ਮਾਣਕ ਦੀਆਂ ਕਲੀਆਂ ਸੁਣ ਕੇ ਲੇਖਕ ਬਾਗੋ ਬਾਗ ਹੁੰਦਾ ਰਿਹਾ ਹੈ । ਆਪਣੇ ਸਾਥੀਆਂ ਨਾਲ ਖੈਤਾਂ ਦੇ ਕੰਮ ਕਰਦੇ ਉਹ ਕਲੀਆਂ ਤੇ ਗੀਤ ਸੁਣਦਾ ।ਬਾਬੂ ਸਿੰਘ ਮਾਨ ਮਰਾੜਾਂ ਵਾਲੇ ਦੀ ਗੀਤ ਉਸਦੀ ਰੂਹ ਨੂੰ ਟੁੰਭਦੇ ਰਹੇ । ਮੁਹੰਮਦ ਸਦੀਕ, ਰਣਜੀਤ ਕੌਰ, ਦੀਦਾਰ ਸੰਧੂ ਉਸਦੀ ਪਸੰਦ ਹਨ । ਲਹਿੰਦੇ ਪੰਜਾਬ ਦਾ ਗਾਇਕ ਅਕਰਮ ਰਾਹੀ ਨੂੰ ਉਹ ਰੀਝ ਨਾਲ ਸੁਣਦਾ ਰਿਹਾ ਹੈ । ਕਲਾਕਾਰਾਂ ਨੂੰ ਸੁਣਦਾ ਤੇ ਮਾਣਦਾ ਲੇਖਕ ਪਤਾ ਹੀ ਨਹੀ ਲਗਾ ਆਪ ਗੀਤ ਲਿਖਣ ਲਗ ਪਿਆ । ਇਕ ਵਾਰੀ ਉਸਨੇ ਫੋਜ ਵਿਚ ਜਾਣ ਦਾ ਵੀ ਸੋਚਿਆ ਪਰ ਬਾਪੂ ਫੌਜ ਵਿਚ ਭੈ ਕੇ ਰਾਜ਼ੀ ਨਹੀਂ ਸੀ । ਸਰੀਰਕ ਟੈਸਟ ਵੀ ਪਾਸ ਕਰ ਲਿਆ । ਟਰੇਨਿੰਗ ਤੇ ਜਾਣ ਵੇਲੇ ਬਾਪੂ ਮਸੋਸਿਆ ਗਿਆ । ਕਾਫੀ ਖਿਚੋਤਾਣ ਰਹੀ । ਅਖੀਰ ਟਰੇਨਿੰਗ ਛਡ ਦਿਤੀ । ਤੇ ਡੀ ਸੀ ਦਫਤਰ ਵਿਚ ਨੌਕਰੀ ਜਾ ਲਗਾ । ਉਸ ਵੇਲੇ ਨੌਕਰੀ ਆਮ ਮਿਲ ਜਾਂਦੀ ਸੀ । ਲੇਖਕ ਕੋਲ ਤਾਂ ਕਲਾ ਸੀ ਸਾਹਿਤਕ ਮੋਹ ਸੀ । ਕਵਿਤਾ ਦਾ ਹੁਨਰ ਕੋਲ ਸੀ । ਨੌਕਰੀ ਲਈ ਹੁਣ ਵਾਂਗ ਬਹੁਤੇ ਪਾਪੜ ਨਹੀ ਵੇਲਣੇ ਪਏ । ਨੌਕਰੀ ਦੀ ਗਾਥਾਂ ਕਿਤਾਬ ਦੇ ਕਾਂਡ 12—15 ਵਿਚ ਹੈ । ਨੌਕਰੀ ਤੇ ਹਾਜ਼ਰ ਹੋਣਾ ,ਫਿਰੋਜ਼ਪੁਰ ਦੀ ਨੌਕਰੀ ,ਮਾਨਸਾ ਦੀ ਨੌਕਰੀ ,ਬਠਿੰਡੇ ਦੀ ਨੌਕਰੀ । ਇਨ੍ਹਾਂ ਕਾਂਡਾ ਵਿਚ ਉਸਨੂੰ ਕਈ ਤਰਾ ਦੇ ਬੰਦੇ ਮਿਲੇ । ਪੜ੍ਹਂ ਤੇ ਪਤਾ ਲਗਦੈ ਕਿ ਲੇਖਕ ਦੀ ਦੁਨੀਆਂ ਕਿੰਨੀ ਰੰਗ ਰੰਗੀਲੀ ਹੈ। ਦੋ ਕਾਂਡ ਦੁੱਖਾਂ ਦੇ ਸਮੇਂ ਦੇ ਹਨ । ਜਦੋਂ ਆਪਣੇ ਵਿਛੜੇ । ----ਭਾਈ ਮਰਨ ਤੇ ਪੇਂਦੀਆਂ ਭਜ ਬਾਹੀ ।ਕਾਂਡ 16) ਲੇਖਕ ਆਪਣੀ ਜ਼ਿੰਦਗੀ ਦਿਆਂ ਘਟਨਾਵਾਂ ਲਿਖਣ ਵਿਚ ਕਾਹਲ ਨਹੀਂ ਕਰਦਾ । ਸਹਿਜਮਈ ਸ਼ੈਲੀ ਵਿਚ ਲਿਖਦਾ ਹੈ । । ਉਸਦੀ ਵਰਤਕ ਵਿਚ ਕਹਾਣੀ ਵਰਗਾ ਰਸ ਹੈ । ਜੇ ਉਹ ਆਪਣੇ ਵਿਆਹ ਦੀ ਗਲ ਕਰਦਾ ਹੈ ਤਾਂ ਚਾਰ ਵਾਰ ਕੁੜੀ ਵੇਖੀ ਸੀ । ਚੌਥੀ ਵਾਰ ਹਾਂ ਕੀਤੀ । ਪਤਨੀ ਪਰਵੀਨ ਹੈ । ਜਿਸ ਤਰਾ ਵੇਖਾ ਵਖਾਈ ਹੋਈ । ਉਹ ਬਹੁਤ ਸਹਿਜ ਨਾਲ ਦ੍ਰਿਸ਼ ਪੇਸ਼ ਕੀਤਾ ਹੈ । ਸਹਿਜ ਵਾਰਤਕ ਦੀ ਝਲਕ ਵੇਖੋ--- ਮੈਂ ਪਰਵੀਨ ਦੇ ਸਾਹਮਣੇ ਬਿਲਕੁਲ ਚੁਪ ਚਾਪ ਬੈਠਾ ਰਿਹਾ ਜਿਵੇਂ ਗੂੰਗਾ ਹੋਵਾਂ ਮੈਨੂੰ ਉਹ ਬਹੁਤ ਜ਼ਿਆਦਾ ਸੋਹਣੀ ਲਗੀ ਸੀ । ਉਸਨੂੰ ਦੇਖਣ ਤੋਂ ਪਹਿਲਾਂ ਮੈਂ ਤਿੰਨ ਕੁੜੀਆਂ ਵੇਖ ਚੁੱਕਾ ਸਾਂ ਪਰ ਤਿੰਨਾਂ ਵਿਚੋਂ ਕਿਸੇ ਨਾਲ ਵੀ ਰਿਸ਼ਤੇ ਦੀ ਤਹਿ ਨਾ ਬਝ ਸਕੀ। ਕੋਈ ਨਾ ਕੋਈ ਰੁਕਾਵਟ ਪੈ ਜਾਂਦੀ ਸੀ । ----(ਕਾਂਡ ਇਕ ਦੂਣੀ ਦੋ ਤੇ ਦੋ ਦੂਣੀ ਚਾਰ ਪੰਨਾ 106-07 ) ਇਸੇ ਕਾਂਡ ਵੋਚ ਲੇਖਕ ਨੇ ਦੋਨੋ ਹੋਣਹਾਰ ਬੇਟੀਆਂ ਦੀ ਸਾਹਿਤਕ ਰਚਨਾ ਦੀ ਗਲ ਕੀਤੀ ਹੈ । ਅਖੀਰ ਵਿਚ ਲੇਖਕ ਆਪਣੇ ਪਿੰਡ ਦੀ ਮਿਟੀ ਨੂੰ ਸਲਾਮ ਕਰਦਾ ਹੈ। ਇਹ ਮਿੱਟੀ ਜਿਸ ਨੇ ਸ਼ਬਦਾਂ ਸਦੀ ਸੁਗਾਤ ਬਖਸ਼ੀ ਹੈ । ਮੈਂ ਆਪਣੇ ਪਿੰਡ ਦੀ ਮਿੱਟੀ ਦਾ ਸਦਾ ਸਦਾ ਲਈ ਰਿਣੀ ਹਾਂ । ਸਵੈਜੀਵਨੀ ਪੜ੍ਹਂਨ ਵਾਲੀ ਹੈ । ਸਵੈਜੀਵਨੀ ਲੇਖਕ ਦੀ ਸੰਘਰਸ਼ਮਈ ਤੇ ਕਲਾਤਮਿਕ ਜ਼ਿੰਦਗੀ ਅਤੇ ਪੰਜਾਬੀ ਪੇਂਡੂ ਸਭਿਆਚਾਰ ਦਾ ਨਿਰਮਲ ਅਕਸ ਹੈ ।