ਕਾਰਨ ਦੱਸੋ ਨੋਟਿਸ
(ਮਿੰਨੀ ਕਹਾਣੀ)
ਸਵੇਰੇ ਬਿਰਧ ਮਾਤਾ ਦੀ ਅਚਾਨਕ ਤਬੀਅਤ ਬਿਗੜ ਜਾਣ ਕਾਰਨ ਸੋਹਣ ਨੂੰ ਦਫ਼ਤਰ ਪੁੱਜਣ 'ਚ ਹੋਈ ਮਾਤਰ ਦਸ ਕੁ ਮਿੰਟ ਦੀ ਦੇਰੀ ਹੀ ਆਫਤ ਬਣ ਗਈ। ਅਚਣਚੇਤ ਚੈਕਿੰਗ ਦੌਰਾਨ ਉੱਚ ਅਧਿਕਾਰੀ ਵੱਲੋਂ ਡਿਊਟੀ 'ਚ ਕੁਤਾਹੀ ਵਰਤਣ ਦਾ ਕੱਢਿਆ ਕਾਰਨ ਦੱਸੋ ਨੋਟਿਸ ਸੋਹਣ ਨੂੰ ਆਪਣੀ ਹੁਣ ਤੱਕ ਦੀ ਪੂਰੀ ਤਨਦੇਹੀ, ਲਗਨ ਤੇ ਇਮਾਨਦਾਰੀ ਨਾਲ ਨਿਭਾਈ ਬੇਦਾਗ਼, ਸਾਫ-ਸੁਥਰੀ ਸਰਵਿਸ 'ਤੇ ਕਾਲਾ ਧੱਬਾ ਜਾਪਿਆ। ਨੋਟਿਸ ਦਾ ਤੱਥਾਂ ਦੇ ਆਧਾਰ ਤੇ ਸਹੀ ਵਾਜਬ ਜੁਆਬ ਦੇਣ ਦੇ ਬਾਵਜੂਦ ਵੀ ਵਿਭਾਗ ਦੇ ਕਟਹਿਰੇ 'ਚੋਂ ਸੋਹਣ ਦੀ ਅਜੇ ਤੱਕ ਖਲਾਸੀ ਨਹੀਂ ਸੀ ਹੋਈ। ਇਸੇ ਮਾਮਲੇ 'ਚ ਅੱਜ ਫਿਰ ਤਾਰੀਕ ਭੁਗਤਣ ਆਏ ਸੋਹਣ ਦੀ ਨਿਗ੍ਹਾ ਹਜੂਮ 'ਚ ਖੜ੍ਹੇ ਫੁੱਲਾਂ ਦੇ ਹਾਰਾਂ ਨਾਲ ਲੱਦੇ ਮੁਸਕੜੀ ਹੱਸਦੇ ਨੇਤਾ 'ਤੇ ਪਈ, ਜੋ ਪਿਛਲੀ ਵਾਰ ਜਨਤਾ ਨਾਲ ਵਾਅਦਾ ਖਿਲਾਫੀ ਕਰਨ ਦੇ ਬਾਵਜੂਦ ਆਪਣੇ ਖੁਰਾਫ਼ਾਤੀ ਦਿਮਾਗ ਨਾਲ ਜੋੜ-ਤੋੜ ਦੀ ਰਾਜਨੀਤੀ ਕਰਕੇ ਇਸ ਵਾਰ ਵੀ ਜਿੱਤਣ 'ਚ ਸਫ਼ਲ ਹੋ ਗਿਆ, ਤੇ ਅੱਜ ਚੌਕ 'ਚ ਧੂੰਮ-ਧੜੱਕੇ ਨਾਲ ਆਪਣੇ ਪਾਛੂਆਂ ਸਮੇਤ ਧੰਨਵਾਦੀ ਦੌਰਾ ਕਰਨ ਮੌਕੇ ਪੂਰੇ ਪੰਜ ਸਾਲਾਂ ਬਾਅਦ ਦਿਖਾਈ ਦਿੱਤਾ। "ਜਨਤਾ ਦੇ ਗਾੜ੍ਹੇ ਖੂਨ ਪਸੀਨੇ ਦੀ ਕਮਾਈ ਨਾਲ ਤਾਰੇ ਮਾਲੀਏ 'ਚੋਂ ਮੋਟੀਆਂ ਤਨਖਾਹਾਂ ਵਸੂਲ ਕੇ ਜਨਤਾ ਦੀ ਸੇਵਾ ਕਰਨ ਦੇ ਨਾਅ ਤੇ ਆਪਣੀ ਐਸ਼ੋ ਆਰਾਮ ਦੀ ਜ਼ਿੰਦਗੀ ਬਿਤਾਉਣ ਅਤੇ ਸਰਕਾਰੀ ਖਰਚੇ ਤੇ ਹਰ ਸੁੱਖ ਸਹੂਲਤ ਮਾਣਨ ਵਾਲੇ ਅਜਿਹੇ ਬੇਗੈਰਤ ਨੇਤਾ ਜੋ ਸ਼ਰੇਆਮ ਭੋਲੀ-ਭਾਲੀ ਜਨਤਾ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ ਨੇ, ਕੀ ਕੋਈ ਇੰਨ੍ਹਾਂ ਨੂੰ ਵੀ ਕਾਰਨ ਦੱਸੋ ਨੋਟਿਸ ਕੱਢਣ ਦਾ ਹੀਆ ਕਰ ਸਕਦੈ ?" ਬੇਹੱਦ ਨਿਰਾਸ਼ਾ ਦੇ ਆਲਮ 'ਚ ਆਪਣੇ ਆਪ ਨਾਲ ਗੱਲਾਂ ਕਰਦਾ ਸੋਹਣ ਦਫ਼ਤਰ ਦੀਆਂ ਪੌੜੀਆਂ ਚੜ੍ਹ ਗਿਆ।