ਇੱਕ ਕਤੂਰਾ ਕਾਲਾ-ਚਿੱਟਾ,
ਸੁਬਹ-ਸਵੇਰੇ ਗਲੀ ’ਚ ਬੈਠਾ,
ਭੁੱਖਾ ਚਊਂ-ਚਊਂ ਕਰਦਾ ਸੀ,
ਠੰਡ ਨਾਲ ਪਿਆ ਠਰਦਾ ਸੀ,
ਘਰ ਤੋਂ ਨਿਕਲੇ ਮੈਂ ਤੇ ਵੀਰਾ,
ਲੈ ਕੇ ਇੱਕ ਪੁਰਾਣਾ ਲੀੜਾ,
ਚੁੱਕੀ ਇੱਕ ਪੁਰਾਣੀ ਬੋਰੀ,
ਫਟੀ ਹੋਈ ਸੀ ਥੋੜ੍ਹੀ-ਥੋੜ੍ਹੀ,
ਪਹੁੰਚ ਗਏ ਅਸੀਂ ਉਸ ਦੇ ਕੋਲ,
ਪੁਚ-ਪੁਚ ਕਰਕੇ ਲਾਇਆ ਬੋਲ,
ਕੰਨ ਓਸ ਨੇ ਚੁੱਕ ਵਿਖਾਏ,
ਨਾਲੇ ਆਪਣੀ ਪੂਛ ਹਿਲਾਏ,
ਉਸ ਨੂੰ ਸੀ ਮਦਦ ਦੀ ਲੋੜ,
ਨਾਲੇ ਸੀ ਖਾਣੇ ਦੀ ਥੋੜ੍ਹ,
ਹਮਦਰਦੀ ਫਿਰ ਅਸੀਂ ਦਿਖਾਈ,
ਉਸ ਦੇ ਉੱਪਰ ਬੋਰੀ ਪਾਈ,
ਕੱਪੜਾ ਉਸ ਦੇ ਉੱਪਰ ਬੱਧਾ,
ਥੋੜ੍ਹਾ ਹੋ ਗਿਆ ਸੀ ਉਹ ਨਿੱਘਾ,
ਵੀਰੇ ਉਸ ਨੂੰ ਗੋਦ ਉਠਾਇਆ,
ਗੋਦੀ ਦਾ ਕੁਝ ਨਿੱਘ ਸੀ ਆਇਆ,
ਸਰਦੀ ਉਸ ਦੀ ਘਟ ਗਈ ਥੋੜ੍ਹੀ,
ਕੰਮ ਕਰ ਗਏ ਸੀ ਕਪੜਾ-ਬੋਰੀ,
ਘਰੇ ਲਿਆ ਕੇ ਦੁੱਧ ਪਿਲਾਇਆ,
ਰੋਟੀ ਦਾ ਇੱਕ ਪੀਸ ਖੁਆਇਆ,
ਸੁਬਹ-ਸਵੇਰੇ ਪੁੰਨ ਕਮਾਇਆ,
ਭੁੱਖ-ਠੰਡ ਤੋਂ ਬੇਜੁਬਾਨ ਬਚਾਇਆ....