1. ਡਾਕਟਰ ਆਤਮ ਹਮਰਾਹੀ
ਸਾਹਿਤਕਾਰੀ ਆਪਣੇ ਵਜ਼ੂਦ ਵਜੋਂ ਕੇਵਲ ਸ਼ਬਦਾਂ ਦੀ ਕੋਸ਼ਕਾਰੀ ਦੇ ਸੀਮਿਤ ਦਾਇਰੇ ਦੀ ਮੁਥਾਜ ਨਹੀਂ ਹੁੰਦੀ, ਆਪਣੇ ਸਿਧਾਂਤਕ ਅਤੇ ਵਿਹਾਰਕ ਪਰਿਪੇਖ ਦੇ ਤਹਿਤ,ਉਹ ਤ੍ਰੈਕਾਲ ਦਰਸ਼ੀ ਹੋਣ ਦਾ ਦਾਅਵਾ ਕਰਨ ਦੀ ਸਮਰੱਥਾਵਾਨ ਵੀ ਹੁੰਦੀ ਹੈ। ਵਰਤਮਾਨ ਨੂੰ ਹੰਢਾਉਂਦੀ, ਬੀਤੇ 'ਚੋ ਸਿੱਖਦੀ- ਸਿਖਾਉਂਦੀ ਤੇ ਭਵਿੱਖ ਨੂੰ ਆਪਣਾ ਮਿਸ਼ਨ ਬਣਾਉਂਦੀ- ਉਸ ਦੀ ਅਜਿਹੀ ਨਿਰੰਤਰਤਾ/ ਗਤੀਸ਼ੀਲਤਾ ਜ਼ਿੰਦਗੀ ਦੀ ਸੁਪਨਸਾਜ਼ ਬਣ ਜਾਂਦੀ ਹੈ; ਜਦੋਂ ਇਹ ਵਿਸ਼ੇਸ਼ ਗੁਣ ਕਿਸੇ ਵਿਅਕਤੀ- ਵਿਸ਼ੇਸ਼ ਦਾ ਹਿੱਸਾ ਬਣ ਜਾਣ ਤਾਂ ਸਮਝੋ ਉਹ ਵਿਅਕਤੀ , ਵਿਅਕਤੀ ਨਹੀਂ ਇਕ ਸੰਸਥਾ ਦਾ ਰੂਪ ਧਾਰਨ ਕਰ ਲੈਂਦਾ ਹੈ। ਸੰਸਥਾ ਵੀ ਉਹ, ਜਿਸਦੀ ਆਭਾ ਆਪਣੀ ਸਿਰਜਣਸ਼ੀਲਤਾ/ ਮੌਲਿਕਤਾ ਦਾ ਇਜ਼ਹਾਰ ਕਰਕੇ,ਪੀੜ੍ਹੀ- ਦਰ- ਪੀੜ੍ਹੀ ਮਨੁੱਖੀ ਇਤਿਹਾਸ ਵਿੱਚ ਨਵੀਆਂ ਪੈੜਾਂ ਪਾਉਣ ਵਾਲੇ/ ਮੀਲ ਪੱਥਰ ਬਣਨ ਦਾ ਅਹਿਸਾਸ ਕਰਵਾਉਂਦੀ ਹੈ। ----
---- ਉਤਰ - ਆਧੁਨਿਕਤਾ ਦੇ ਪਰਿਪੇਖ ਵਜੋਂ ਉਸਦੇ ਲਿਖ਼ਤ - ਪਾਠ ( Text )ਦਾ ਮਸਲਾ ਹੋਵੇ ਜਾਂ ਬਜਾ਼ਤੇ ਖ਼ੁਦ ਉਸਦੀ ਸ਼ਖ਼ਸੀਅਤ ਬਾਰੇ ਨਿਰਣਾ ਲੈਣ ਦੀ ਵਿਚਾਰ ਹੋਵੇ, ਉਸ ਦੀਆਂ ਸੀਮਾਵਾਂ/ ਸੰਭਾਵਨਾਵਾਂ ਬਾਰੇ ਮੱਤਭੇਦਾਂ ਦਾ ਹੋਣਾ ਗ਼ੈਰ ਸੁਭਾਵਿਕ ਵੀ ਨਹੀਂ ਹੋ ਸਕਦਾ ਪਰੰਤੂ ਉਸ ਦੀਆਂ ਪ੍ਰਾਪਤੀਆਂ/ ਯੋਗਦਾਨ ਨੂੰ ਮਨੁੱਖੀ ਜੀਵਨ / ਸਮੁੱਚੇ ਪ੍ਰਾਸੰਗਿਕ ਸੱਚ ਦੇ ਮੱਦੇਨਜ਼ਰ ਬਹੁਦਿਸ਼ਾਵੀ/ ਬਹੁਪਰਤੀ ਰੂਪ ਵਿੱਚ ਵਿਸ਼ਲੇਸ਼ਣ ਦਾ ਅੰਗ ਬਣਾਉਣਾ ਜ਼ਰੂਰੀ ਹੀ ਨਹੀਂ ਸਗੋਂ ਲਾਜ਼ਮੀ ਹੁੰਦਾ ਹੈ। ਭੌਤਿਕ ਜਗਤ ਵਿੱਚ ਉਸ ਦੀ ਸਰੀਰਕ ਹੋਂਦ ਕਿੰਨੀਂ ਕੁ ਹਿਯਾਤੀ ਨੂੰ ਹੰਢਾਉਂਦੀ ਹੈ,ਇਹ ਵਿਚਾਰ ਕੋਈ ਮਾਅਨੇ / ਮਾਨਤਾ ਦਾ ਮਾਪਦੰਡ/ ਪ੍ਰਤਿਮਾਨ ਨਹੀਂ ਹੁੰਦੀ, ਉਸ ਨੇ ਆਪਣੇ ਆਲੇ- ਦੁਆਲੇ ਦੇ ਸਮਾਜਿਕ ਖਿੱਤੇ ਵਿੱਚ ਕੀ ਮੱਲਾਂ ਮਾਰੀਆਂ ਜਾਂ ਮਨੁੱਖੀ ਜੀਵਨ ਦੀ ਕਿੰਨੀ ਕੁ ਜਾਂ ਕਿਸ ਅਨੁਪਾਤ ਵਿੱਚ ਰਹਿਨੁਮਾਈ ਕੀਤੀ ਜਾਂ ਮਨੁੱਖੀ ਪਰਿਭਾਸ਼ਾ ਦੀ ਸਹੀ ਘਾੜਤ ਪ੍ਰਤਿ ਕੀ ਯੋਗਦਾਨ ਪਾਇਆ ? ਇਹੋ ਵਿਸ਼ੇਸ਼ ਨੁਸਖ਼ੇ ਹਨ ਜੋ ਉਸ ਦੇ ਜੀਵਨ ਦਾ ਇਤਿਹਾਸਕ ਪਰਿਪੇਖ ਵਿੱਚ ਸਹੀ ਮੁੱਲ ਪਾਉਣ ਦਾ ਫ਼ੈਸਲਾਕੁਨ ਨਿਰਣਾ ਬਣਦੇ ਹਨ। ਮੇਰੀ ਜਾਚੇ,ਇਹ ਕੁਝ ਵਿਸ਼ੇਸ਼ ਨੁਕਤੇ/ ਪਹਿਲੂ ਹਨ ਜੋ ਸਾਹਿਤਕਾਰੀ ਦੇ ਮੂਲ ਸਰੋਕਾਰਾਂ ਦੀ ਨਿਸ਼ਾਨਦੇਹੀ ਹੀ ਨਹੀਂ ਕਰਦੇ ਸਗੋਂ ਮਨੁੱਖੀ ਜੀਵਨ ਦੇ ਵਿਭਿੰਨ ਪਾਸਾਰਾਂ/ ਅਨੁਸ਼ਾਸਨਾਂ ਦੇ ਅੰਤਰਗਤ, ਜੀਵਨ ਦੇ ਮੂਲ ਪ੍ਰਯੋਜਨ 'ਤੇ ਵੀ ਕੇਂਦ੍ਰਿਤ ਹੁੰਦੇ ਹਨ। -----
----- ਸਪੱਸ਼ਟ ਕਰਾਂ, ਮੇਰੀਆਂ ਇਹ ਉਪਰੋਕਤ ਧਾਰਨਾਵਾਂ ਇਸ ਦਿਸਦੇ- ਜਗਤ ਤੋਂ ਬਾਹਰੀਆਂ ਨਹੀਂ , ਮੇਰੀ ਮੁਰਾਦ ਪੰਜਾਬੀ ਸਾਹਿਤ- ਜਗਤ ਦੇ ਬਹੁ- ਵਿਧਾਵੀ ਲੇਖਕ ਡਾਕਟਰ ਆਤਮ ਹਮਰਾਹੀ ਤੋਂ ਹੈ। ਉਸ ਦੀ ਖ਼ਾਸੀਅਤ ਇਹ ਹੈ ਕਿ ਉਸ ਦੀਆਂ ਗਤੀਵਿਧੀਆਂ ਕਿਸੇ ਵੀ ਪ੍ਰੰਪਰਾਗਤ ਜਾਂ ਘਸੀਆਂ ਪਿਟੀਆਂ ਵਸਤਾਂ/ ਵਿਚਾਰਾਂ 'ਤੇ ਕੇਂਦ੍ਰਿਤ ਨਹੀਂ ਹੋਈਆਂ, ਉਹ ਹਮੇਸ਼ਾਂ ਨਵਿਆਂ ਰਾਹਾਂ ਦਾ ਪਾਂਧੀ ਬਣਿਆ ਭਾਵੇਂ ਉਸ ਦੀਆਂ ਵਿਅਕਤੀਗਤ ਪ੍ਰਾਪਤੀਆਂ ਹੋਣ ਜਾਂ ਅਕਾਦਮਿਕ ਖ਼ੇਤਰ ਵਿੱਚ ਪਾਇਆ ਯੋਗਦਾਨ ਹੋਵੇ, ਉਹ ਕਦੇ ਵੀ ਫਾਡੀ ਨਹੀਂ ਰਿਹਾ; ਆਪਣੀ ਮਿਥੀ ਮੰਜ਼ਿਲ ਨੂੰ ਸਰ ਕਰਨ ਲਈ ਉਸ ਨੇ ਅਭਿਆਸੀ ਰੂਪ ਵਿੱਚ ਤਨੋਂ- ਮਨੋਂ ਸੰਘਰਸ਼ ਕੀਤਾ। ਇਕ ਸਮਾਂ ਇਹ ਵੀ ਬਣ ਗਿਆ ਕਿ ਉਹ ਕੌਮਾਂਤਰੀ ਪੱਧਰ ਦਾ ਅਕਾਦਮਿਕ ਖਿਡਾਰੀ ਬਣ ਗਿਆ। ' ਦੁੱਨੇ ਕੀ ਪੱਤੀ- ਮੋਗਾ ' ਦਾ ਜੰਮਪਲ ਆਪਣੇ ਆਤਮ- ਚਿੰਤਨ/ ਆਤਮ- ਵਿਸ਼ਲੇਸ਼ਣ ਦੇ ਬਲਬੂਤੇ ਜ਼ਿੰਦਗੀ ਦੇ ਗੂੜ੍ਹ ਅਰਥਾਂ ਦਾ ਗਿਆਨੀ ਬਣ ਗਿਆ। ਉਸ ਦੀ ਬਿਬੇਕ- ਬੁੱਧੀ ਸਵੈ ਤੋਂ ਸਮੂਹ ਤੱਕ ਦਾ ਸਫ਼ਰ ਤੈਅ ਕਰਨ ਲੱਗੀ , ਸ਼ਬਦਾਂ ਦੀ ਜਾਦੂਗਰੀ ਜ਼ਰੀਏ ਉਸ ਨੇ ਦੁਨਿਆਵੀ ਤੱਥਾਂ ਦੀ ਪ੍ਰਮਾਣਿਕਤਾ ਨੂੰ ਹੀ ਪਰਖ਼ਣ/ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਸਗੋਂ ਉਹ ਇੱਕ ਵਿਸ਼ੇਸ਼ ਮਨੋਵਿਗਿਆਨਕ ਦ੍ਰਿਸ਼ਟੀਕੋਣ ਦਾ ਵੀ ਧਾਰਨੀ ਬਣ ਗਿਆ।----
----- ਉਸ ਦੀ ਬਾਲ ਮਨੋਵਿਗਿਆਨਿਕ ਵਿਸ਼ਲੇਸ਼ਣੀ ਸ਼ੈਲੀ ਬਾਕਮਾਲ ਸੀ, ਇਹੋ ਕਾਰਨ ਹੈ ਕਿ ਉਹਨਾਂ ਦੀ " ਸੂਰਜਾ ਸੂਰਜਾ ਫ਼ੱਟੀ ਸੁਕਾ। ਨਹੀਂ ਸੁਕਾਉਣੀ ਗੰਗਾ ਜਾਹ । " ਦੀ ਕਵਿਤਾ, ਉਹਨਾਂ ਦੇ ਦੱਸਣ ਮੁਤਾਬਿਕ ਜੋ ਉਹਨਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵਿਸ਼ੇਸ਼ ਮੰਗ ਅਨੁਸਾਰ, ਲੁਧਿਆਣੇ ਤੋਂ ਮੋਗੇ ਜਾਂਦਿਆਂ ਬੱਸ ਵਿੱਚ ਬੈਠਿਆਂ ਲਿਖੀ; ਉਹ ਕਵਿਤਾ ਆਪਣੇ ਸਮੇਂ ਵਿੱਚ, ਪੰਜਾਬ ਦੇ ਬੱਚੇ- ਬੱਚੇ ਦੇ ਮਨ ਵਿੱਚ ਘਰ ਕਰ ਗਈ ਸੀ। ਸ਼ਾਇਦ ਇਸੇ ਲਈ ਉਹ ਅਕਸਰ ਕਹਿ ਦਿੰਦੇ," ਕ੍ਰਿਸ਼ਨ ਸਿੰਘ!ਮੋਗੇ ਤੋਂ ਅੱਗੇ ਤਾਂ ਆਪਣਾ ਨਾਂ ਪੰਜ ਸੌ ਦੇ ਨੋਟ੍ ਵਾਂਗੂੰ ਚੱਲਦਾ।" ਹਮਰਾਹੀ ਸਾਹਿਬ ਦੀ ਮਕਬੂਲੀਅਤ ਦਾ ਇਹ ਵੀ ਇੱਕ ਵਿਸ਼ੇਸ਼ ਅਤੇ ਮਹੱਤਵਪੂਰਨ ਕਾਰਨ ਸੀ ਕਿ ਉਸ ਨੇ ਪੰਜਾਬੀ ਸਾਹਿਤ ਦੇ ਨਾਮਵਰ ਪ੍ਰਾਧਿਆਪਕ/ ਵਿਦਵਾਨ , ਡਾਕਟਰ ਕੇ. ਸੀ ਗੁਪਤਾ ਦੀ ਰਹਿਨੁਮਾਈ ਹੇਠ ਪੀ. ਐੱਚ ਡੀ ਕਰਨ ਲਈ ਜੋ ਵਿਸ਼ਾ ਚੁਣਿਆ ਸੀ, ਉਸ ਦੇ ਖੋਜ- ਨਿਬੰਧ ਦਾ ਵੀ ਵਸੀਹ ਦਾਇਰਾ ਸੀ -- ਕਿ ਪੂਰੇ ਦੇ ਪੂਰੇ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਪੰਜਾਬੀ ਸਾਹਿਤ ਨੂੰ ਕੀ ਦੇਣ ਹੈ? ਸਬੱਬੀਂ ਡਾਕਟਰ ਗੁਪਤਾ ਦਾ ਬੇਟਾ ਦਵਿੰਦਰ ਗੁਪਤਾ ਮੇਰਾ ਹਮਜਮਾਤੀ ਸੀ, ਕੁਝ ਘਰੇਲੂ ਕਾਰਨਾਂ ਕਰਕੇ ਜਾਂ ਆਪਣੇ ਪਿਤਾ ਵਾਲੀਆਂ ਪਿਤਰੀ ਸਾਹਿਤਕ ਰੁਚੀਆਂ ਤੋਂ ਅਭਿੱਜ ਹੋਣ ਕਰਕੇ ਸ਼ਾਇਦ ਉਹ ਐਮ. ਏ ਦੀ ਪੜ੍ਹਾਈ ਪੂਰੀ ਨਹੀਂ ਸੀ ਕਰ ਸਕਿਆ। ਆਪਣੇ ਸੁਭਾਅ ਵਜੋਂ ਉਹ ਹਮਜਮਾਤੀ ਦੇ ਤੌਰ 'ਤੇ,ਪ੍ਰਵਾਸੀ ਪੰਜਾਬੀ ਸਾਹਿਤਕਾਰ ਸ੍ਰੀ ਜਰਨੈਲ ਸਿੰਘ ਸੇਖਾ ਦੇ ਭਤੀਜੇ ਦਵਿੰਦਰ ਸਿੰਘ ਸੇਖਾ ਵਾਂਗ,ਬੜਾ ਗੰਭੀਰ ਕਿਸਮ ਦਾ ਅਹਿਸਾਸ ਕਰਵਾਉਂਦਾ ਸੀ। ਅਸੀਂ ਕਲਾਸ ਵਿੱਚ ਤਿੰਨੋਂ ਜਾਣੇ ( ਮੈਂ ਖ਼ੁਦ ਅਤੇ ਦੋਨੋਂ ਦਵਿੰਦਰ) ਅਕਸਰ ਪਹਿਲੇ ਬੈਂਚ 'ਤੇ ਬੈਠਣ ਦੇ ਆਦੀ ਸਾਂ, ਪੜ੍ਹਾਈ ਵਿੱਚ ਤਾਂ ਸਾਡੀ ਕਾਰਗੁਜ਼ਾਰੀ ਸ਼ਾਇਦ ਓਨੇ ਪੱਧਰ ਦੀ ਨਹੀਂ ਸੀ। ਦਵਿੰਦਰ ਗੁਪਤਾ ਤਾਂ ਪਿਛੋਂ ਵਿਉਪਾਰਕ ਵਿਉਂਤਬੰਦੀ 'ਤੇ ਕੇਂਦ੍ਰਿਤ ਹੋ ਗਿਆ ਜਦੋਂ ਕਿ ਦਵਿੰਦਰ ਸੇਖਾ ਨੇ ਕਾਰੋਬਾਰੀ( ਹੌਜ਼ਰੀ ਦਾ ਕੰਮ) ਹੋਣ ਦੀ ਪਿਰਤ ਨੂੰ ਨਿਭਾਉਂਦਿਆਂ, "ਸਿਰਜਣਧਾਰਾ" ਆਦਿ ਮਕਬੂਲ ਸੰਸਥਾਵਾਂ ਵਿੱਚ ਆਪਣੀਆਂ ਸਾਹਿਤਕ ਖ਼ੇਤਰ ਦੀਆਂ ਸਰਗਰਮੀਆਂ ਨੂੰ ਵੀ ਨਿਰੰਤਰ ਕਾਇਮ ਰੱਖਿਆ ,ਉਸ ਨੇ ਬੀ ਏ ਦੀ ਪੜ੍ਹਾਈ ਕਰਦਿਆਂ ' ਵਾਧਾਈਆਂ '( 1977), ਉਪਰੰਤ ਆਪਣੇ ਇਕ ਸਫ਼ਰਨਾਮੇ ( ਸਤਲੁਜ ਤੋਂ ਨਿਆਗਰਾ ਤੱਕ) ਦੇ ਸਮੇਤ 'ਪਹੁ- ਫੁਟਾਲਾ ' (1999) ਅਤੇ ਤੀਜੀ ਅਲਵਿਦਾ ( 2000) ਨਾਵਲ ਲਿਖ ਦਿੱਤੇ ; ਬੜੀ ਖ਼ੁਸ਼ੀ ਦੀ ਗੱਲ ਹੈ ਕਿ ਉਹ ਅਜੇ ਵੀ ਪੰਜਾਬੀ ਮਾਂ- ਬੋਲੀ ਦੇ ਵਿਕਾਸ ਦੀਆਂ ਗਤੀਵਿਧੀਆਂ ਵਿੱਚ, ਪੰਜਾਬੀ ਭਾਸ਼ਾ ਭਾਈਚਾਰੇ ਦੇ ਸਹਿਯੋਗੀ ਮਿੱਤਰਾਂ ਨਾਲ ਪੂਰੀ ਤਰ੍ਹਾਂ ਸਰਗਰਮ ਹੈ। ਮੌਕਾ ਬਣਨ 'ਤੇ ਅਜਿਹੇ ਪਿਆਰੇ/ ਗੂੜ੍ਹ- ਮਿੱਤਰਾਂ ਦਾ ਹਵਾਲਾ ਦੇ ਕੇ ਬੜਾ ਸਕੂਨ ਵੀ ਮਿਲਦਾ ਹੈ ਅਤੇ ਅੰਦਰੂਨੀ ਤੌਰ 'ਤੇ ਮਾਨਸਿਕ ਤਸੱਲੀ ਵੀ। ----
----- ਕਲਾਸ ਵਿੱਚ ਪੜ੍ਹਾਏ ਜਾਣ ਵਾਲੇ ਵਿਸ਼ਾਗਤ ਪਰਿਪੇਖ ਅਨੁਸਾਰ,ਜਦੋਂ ਵੀ ਕਿਸੇ ਵਕਤ ਮੌਕਾ ਬਣਦਾ ਉਹ (ਡਾਕਟਰ ਹਮਰਾਹੀ) ਆਪਣੇ ਗੁਰੂਦੇਵ ਡਾਕਟਰ ਗੁਪਤਾ ਹੁਰਾਂ ਦੀ ਪ੍ਰਸ਼ੰਸਾ ਦੇ ਪੁਲ ਬੰਨ੍ਹ ਦਿੰਦੇ ਭਾਵੇਂ ਸਾਹਿਤ ਦੇ ਵਿਦਵਾਨ ਚਿੰਤਕਾਂ ਵਜੋਂ ਪ੍ਰੋਫੈ਼ਸਰ ਪ੍ਰੀਤਮ ਸਿੰਘ ਪਟਿਆਲੇ ਵਾਲੇ ਜੋ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਮਾਣਯੋਗ ਪ੍ਰਧਾਨ ਵੀ ਰਹੇ, ਪ੍ਰੋਫੈ਼ਸਰ ਗੁਲਵੰਤ ਸਿੰਘ ਪਟਿਆਲਾ ਫ਼ਾਰਸੀ ਦੇ ਵਿਸ਼ੇਸ਼ ਜ਼ਬਾਨਦਾਨ ਅਤੇ ਮੰਨੇ- ਪ੍ਰਮੰਨੇ ਆਲੋਚਕ / ਸਮੀਖਿਆਕਾਰ ਡਾਕਟਰ ਹਰਿਭਜਨ ਸਿੰਘ- ਦਿੱਲੀ ਸਕੂਲ ਵਾਲੇ ਹੋਣ, ਉਹ ਉਨ੍ਹਾਂ ਸਾਰਿਆਂ ਨੂੰ ਆਪਣੇ ਸਾਹਿਤਕ- ਮੰਡਲਾਂ ਦੇ ਵਿਸ਼ੇਸ਼ ਰੋਲ ਮਾਡਲ ਮੰਨਦਾ ਸੀ। ਸਾਹਿਤ ਦੀਆਂ ਉਨ੍ਹਾਂ ਅਜ਼ੀਮ ਸ਼ਖ਼ਸੀਅਤਾਂ ਬਾਰੇ ਚਰਚਾ ਕਰਦਿਆਂ ਜਾਂ ਉਨ੍ਹਾਂ ਕੱਦਾਵਰ ਇਨਸਾਨਾਂ ਦੇ ਗੁਣਗਾਨ ਕਰਦਿਆਂ, ਉਹ ਕਈ ਵਾਰ ਸ਼ਬਦਾਂ ਦੀ ਘਾਟ ਮਹਿਸੂਸ ਕਰਦਾ ਸੀ। ਪ੍ਰੋ. ਪ੍ਰੀਤਮ ਸਿੰਘ ਹੁਰਾਂ ਦੀ ਵਿਦਵਤਾ ਅਤੇ ਪੰਜਾਬੀ ਭਾਸ਼ਾ ਪ੍ਰਤਿ ਪਾਏ ਯੋਗਦਾਨ ਦੇ ਉਹ ਹਮੇਸ਼ਾਂ ਕਾਇਲ ਹੁੰਦੇ। ਇਸੇ ਤਰ੍ਹਾਂ ਪ੍ਰੋ. ਗੁਲਵੰਤ ਸਿੰਘ ਦੇ ਜਿਉਂਦੇ ਜੀਅ ਉਹਨਾਂ ਬਾਰੇ ਉਹ ਅਕਸਰ ਕਹਿੰਦੇ, ਉਹਨਾਂ ਦੀ ' ਸੂਫ਼ੀਵਾਦ ' ਦੀ ਸਮਝ ਦਾ ਕੋਈ ਮੁਕਾਬਲਾ ਨਹੀਂ। ਉਹ ਆਪਣੀ ਹੈਸੀਅਤ ਮੁਤਾਬਿਕ ਫ਼ਾਰਸੀ ਸਾਹਿਤ ਦੇ ਵੱਡੇ- ਵੱਡੇ ਮਹਾਂਰਥੀਆਂ, ਵਿਸ਼ੇਸ਼ ਕਰਕੇ ਇਸਲਾਮਿਕ ਸੱਭਿਆਚਾਰ ਦੇ ਮਾਹਿਰਾਂ ਨਾਲ ਬੜੀ ਸ਼ਿੱਦਤ/ ਸੰਵੇਦਨਸ਼ੀਲਤਾ ਨਾਲ ਸੰਵਾਦ ਰਚਾਉਂਣ ਦੀ ਦਲੇਰੀ ਰੱਖਦਾ ਸੀ।ਮੈਨੂੰ ਇਉਂ ਲੱਗਦਾ ਜਿਵੇਂ ਉਹ ( ਹਮਰਾਹੀ ) ਖ਼ੁਦ ਸਾਹਿਤ ਸਾਧਨਾ ਦੀ ਸਾਖਿਆਤ ਤਪੱਸਵੀ ਮੂਰਤੀ ਸੀ, ਇਸੇ ਲਈ ਉਹ ਅਜਿਹੇ ਸੱਚੇ- ਸੁੱਚੇ/ ਨਾਮਵਰ ਸਾਧਕਾਂ 'ਤੇ ਪੂਰਾ ਨਾਜ਼ ਕਰਦਾ ਸੀ; ਇਹ ਉਸ ਦੀ ਦਰਿਆਦਿਲੀ ਵਾਲੀ ਰੂਹ ਦੀ ਖ਼ੁਰਾਕ ਸੀ; ਇਸੇ ਲੜੀ ਵਿੱਚ ਉਸ ਦੀ ਬਾਵਨੀ ਵਿਧਾ ਵਿੱਚੋਂ ਉਜਾਗਰ ਹੁੰਦੀ ਉਸ ਦੀ ਚਮਤਕਾਰੀ ਪ੍ਰਤਿਭਾ ਵੀ ਆਪਣੀ ਮਿਸਾਲ ਆਪ ਹੈ।ਕਲਾਸ ਵਿੱਚ ਇਹੋ ਜਿਹੀਆਂ ਮਾਣਮੱਤੀਆਂ ਸ਼ਖ਼ਸੀਅਤਾਂ ਦਾ ਜ਼ਿਕਰ ਹੋਣਾ ਅਜ਼ਾਈਂ ਨਹੀਂ ਹੁੰਦਾ - ਵਿਦਿਆਰਥੀਆਂ ਲਈ ਪ੍ਰੇਰਨਾਸ੍ਰੋਤ ਬਣਨ ਵਾਲਾ ਮਾਹੌਲ ਬਣ ਜਾਂਦਾ। ------
----- ਸਾਹਿਤਕਾਰੀ ਨੂੰ ਪਿਆਰਨ- ਸਤਿਕਾਰਨ ਵਾਲੇ ਸਮੂਹ ਪੰਜਾਬੀ- ਪ੍ਰੇਮੀ, ਉਸ ਦੀ ਵਿਸ਼ੇਸ਼ ਸਾਹਿਤ - ਲਗਨ 'ਤੇ ਮੁਤਾਸਿਰ ਹੁੰਦਿਆਂ,ਉਸ ਨੂੰ ਹਮੇਸ਼ਾਂ ਇਹੋ ਸਵਾਲ ਕਰਦੇ ਕਿ ਹਮਰਾਹੀ ਜੀ! ਹੁਣ ਤੁਹਾਡੀਆਂ ਭਵਿੱਖ ਦੀਆਂ ਕੀ ਯੋਜਨਾਵਾਂ ਹਨ ? ਉਸ ਦੇ ਨਜ਼ਦੀਕੀ ਦੋਸਤ, ਉਸ ਤੋਂ ਹੋਰ ਵੀ ਵੱਡੀਆਂ ਉਮੀਦਾਂ ਦੀ ਆਸ ਰੱਖਦੇ। ਅਜਿਹੇ ਸਰਬਸਾਂਝੇ ਸਵਾਲ ਉੱਠਣੇ ਇਹ ਉਸ ਦੀ ਸਿਰਜਣਸ਼ੀਲਤਾ ਦਾ ਹੀ ਪ੍ਰਤਿਕਰਮ/ਕ੍ਰਿਸ਼ਮਾ ਸੀ। ---- ਇਹ ਵੀ ਉਹਨਾਂ ਦੀ ਇਸੇ ਸੱਚੀ- ਸੁੱਚੀ ਘਾਲਣਾ ਦਾ ਹੀ ਨਤੀਜਾ ਸੀ --- ਕਿ ਜਦੋਂ ਉਹ ਤੇ ਉਹਨਾਂ ਦੀ ਪਤਨੀ ਤਰਲੋਚਨ ਕੌਰ ਦੋਵੇਂ ਮੋਗਾ ਜ਼ਿਲ੍ਹੇ ਵਿਖੇ ਇੱਕ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਪੜ੍ਹਾਉਣ ਦੀ ਡਿਊਟੀ ਕਰਦੇ ਸੀ, ਉਸ ਸਮੇਂ ਉਨ੍ਹਾਂ ਦੇ ਬੱਚੇ ਛੋਟੇ ਸੀ। ਉਨ੍ਹਾਂ ਦੀ ਸਾਂਭ- ਸੰਭਾਲ ਦਾ ਕੋਈ ਹੋਰ ਪ੍ਰਬੰਧ ਵੀ ਨਹੀਂ ਸੀ। ਇਸ ਕਰਕੇ ਉਹ ਬੱਚਿਆਂ ਨੂੰ ਆਪਣੇ ਸਕੂਲ ਵਿੱਚ, ਆਪਣੇ ਨਾਲ ਹੀ ਲੈ ਜਾਂਦੇ- ਉਥੇ ਛੋਟੇ ਜਿਹੇ ਮੰਜੇ 'ਤੇ ਲਿਟਾ ਦਿੰਦੇ। ਉਨ੍ਹਾਂ ਆਪਣੀ ਸੁਵਿਧਾ ਲਈ ਇੱਕ ਲੋੜਵੰਦ ਪਰਿਵਾਰ ਦੀ ਕੁੜੀ ਦਾ ਪ੍ਰਬੰਧ ਵੀ ਕੀਤਾ ਹੋਇਆ ਸੀ ਤਾਂ ਕਿ ਸਮੇਂ- ਸਮੇਂ ਮੁਤਾਬਿਕ ਬੱਚੇ ਨੂੰ ਧੁੱਪੇ- ਛਾਵੇਂ ਵੀ ਕੀਤਾ ਜਾ ਸਕੇ। ਸਕੂਲ ਅਨੁਸ਼ਾਸਨ/ ਸਰਕਾਰੀ ਡਿਊਟੀ ਪੱਖੋਂ,ਅਜਿਹਾ ਕਰਨਾ ਭਾਵੇਂ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਸੀ - ਕਾਨੂੰਨਨ ਵੀ ਸਰਾਸਰ ਗ਼ਲਤ ਸੀ ਪਰ ਉਹਨਾਂ ਦੋਹਾਂ ਜੀਆਂ ਦੀ ਇਹ ਘਰੇਲੂ ਮਜ਼ਬੂਰੀ ਸੀ। ਹੋਇਆ ਕੀ ? ਉਥੇ ਇੱਕ ਦਿਨ ਅਚਾਨਕ ਹੀ, ਮੋਗੇ ਦੇ ਡੀ.ਈ. ਓ ਪ੍ਰਾਇਮਰੀ ਨੇ ਛਾਪਾ ਮਾਰਿਆ। --- ਡਾਕਟਰ ਸਾਹਿਬ ਦੇ ਬਾਕੀ ਸਹਿਯੋਗੀ ਅਧਿਆਪਕ ਇਹ ਦੇਖ ਕੇ ਥੋੜ੍ਹੇ ਚਿੰਤਤ ਵੀ ਹੋਏ, ਉਨ੍ਹਾਂ ਨੂੰ ਲੱਗਿਆ ਕਿ ਮਾਸਟਰ ਹਮਰਾਹੀ ਦੀ,ਅੱਜ ਖ਼ੈਰ ਨਹੀਂ ! - ਪਤਾ ਨਹੀਂ ਮੌਕੇ ਦੇ ਅਫ਼ਸਰ ਸਾਡੇ ਇਹ ਡੀ. ਈ. ਓ - ਸਾਡੇ ਆਪਣੇ ਮਿੱਤਰ ਹਮਰਾਹੀ ਨੂੰ ਅੱਜ ਕੀ ਹੁਕਮ ਸੁਣਾਉਂਣਗੇ ? ਹੁਣ ਇਹ ਵੀ ਨਹੀਂ ਪਤਾ,ਇਹਨਾਂ ਦੀ ਬਦਲੀ ਕਿੱਥੇ ਦੀ ਹੋ ਜਾਵੇ?--- ਇਉਂ ਮਹਿਕਮੇ ਦੇ ਵਰਤਾਰੇ ਅਨੁਸਾਰ ਜਿਵੇਂ ਅਕਸਰ ਹੁੰਦਾ, ਅਧਿਆਪਕਾਂ ਵਲੋਂ ਅੰਦਰੋ - ਅੰਦਰੀ ਵੱਖ- ਵੱਖ ਕਿਆਸਅਰਾਈਆਂ ਲੱਗਣੀਆਂ ਸ਼ੁਰੂ ਹੋ ਗਈਆਂ। ਕਈ ਵਾਰ ਮੌਕੇ ਮੁਤਾਬਿਕ ਸਖ਼ਤ ਕਾਰਵਾਈ ਕਰਨੀ/ ਐਕਸ਼ਨ ਲੈਣਾ, ਅਫ਼ਸਰੀ- ਤਬਕੇ ਦੀ ਮਜ਼ਬੂਰੀ ਵੀ ਹੁੰਦੀ ਹੈ; --- ਉਹ ਜ਼ਿਲ੍ਹਾ ਅਫ਼ਸਰ ਤਾਂ ਖ਼ੈਰ ਆਪਣੇ ਕੁਰੱਖ਼ਤ/ ਸਖ਼ਤ ਸੁਭਾਅ ਵਜੋਂ ਵੀ ਬੜਾ ਮਸ਼ਹੂਰ ਸੀ। ਸਰਕਾਰੇ- ਦਰਬਾਰੇ ਵੀ ਉਹ ਬੜੀ ਪਹੁੰਚ ਰੱਖਦਾ ਸੀ, ਯੂਨੀਅਨ ਦੇ ਨੁਮਾਇੰਦਿਆਂ ਸਮੇਤ, ਸਾਰਾ ਅਧਿਆਪਕ- ਵਰਗ ਹੀ ਉਸ ਦੀ ਈਨ ਮੰਨਦਾ ਸੀ। ਕੁਝ ਵੀ ਹੋਵੇ,ਸੱਚ ਦਾ ਮੁੱਲ ਜ਼ਰੂਰ ਪੈਂਦਾ ਪਰੰਤੂ ਕੋਈ ਸ਼ੱਕ ਨਹੀਂ, ਮੌਕੇ ਦੀ ਨਜ਼ਾਕਤ ਮੁਤਾਬਿਕ ਕਈ ਵਾਰ ਉਸ ਦੀ ਕੀਮਤ ਵੀ ਉਸੇ ਤਰ੍ਹਾਂ ਹੀ ਉਤਾਰਨੀ ਪੈਂਦੀ ਹੈ ਸ਼ਾਇਦ ਕਈ ਵਾਰ ਉਸ ਤੋਂ ਵੀ ਕਿਤੇ ਵੱਧ ----- ਇਸ ਤੋਂ ਇਲਾਵਾ ਭਵਿੱਖ ਦੀਆਂ ਅਣਕਿਆਸੀਆਂ ਚੁਣੌਤੀਆਂ ਦਾ ਵੀ ਡਟ ਕੇ ਮੁਕਾਬਲਾ ਕਰਨਾ ਪੈਂਦਾ ------
----- ਡੀ.ਈ. ਓ ਸਾਹਿਬ ਸਕੂਲ ਦੀ ਬਾਕੀ ਦਫ਼ਤਰੀ ਕਾਰਵਾਈ ਕਰਨ ਤੋਂ ਬਾਅਦ, ਬਜਾਇ ਇਸ ਦੇ ਕਿ ਉਹ ਹਮਰਾਹੀ ਸਾਹਿਬ 'ਤੇ ਕੋਈ ਵਿਭਾਗੀ ਕਾਰਵਾਈ ਦਾ ਸੰਦੇਸ਼ ਦਿੰਦੇ ਜਾਂ ਉਹਨਾਂ ਨੂੰ ਕੋਈ ਤਾੜਨਾ ਦੇ ਆਦੇਸ਼ ਦਿੰਦੇ-- ਹੈਰਾਨੀ ਦੀ ਗੱਲ ਤਾਂ ਇਹ ਹੋਈ ਕਿ ਜਾਂਦੇ- ਜਾਂਦੇ ਬਾਕੀ ਅਧਿਆਪਕਾਂ ਦੀ ਹਾਜ਼ਰੀ ਵਿੱਚ -- ਬੜੇ ਹੀ ਸਲੀਕੇ ਨਾਲ ਉਹ ਇਹ ਕਹਿ ਗਏ," ਦੇਖੋ ! ਤੁਹਾਡੇ ਆਪਣੇ - ਹਮਰਾਹੀ ਸਾਹਿਬ , ਕੇਵਲ ਸਕੂਲ ਦੀ ਬਿਹਤਰੀ ਵਾਸਤੇ ਹੀ ਪੂਰੀ ਸਮਰਪਣ ਭਾਵਨਾ ਨਾਲ ਕੰਮ ਨਹੀਂ ਕਰਦੇ ਸਗੋਂ ਕਲਾਸਾਂ ਲਾਉਣ / ਪੜ੍ਹਾਉਣ ਦੇ ਨਾਲ- ਨਾਲ ਆਪਣੇ ਛੋਟੇ ਬੱਚਿਆਂ ਦੀ ਪਰਵਰਿਸ਼ ਕਰਨ ਦੀ ਜ਼ਿੰਮੇਵਾਰੀ ਵੀ ਬੜੇ ਵਧੀਆ/ ਸੁਚੱਜੇ ਢੰਗ ਨਾਲ ਨਿਭਾਉਂਦੇ ਹਨ।" ਹਾਜ਼ਰ ਅਧਿਆਪਕਾਂ ਲਈ ਇਹ ਬੜਾ ਹੈਰਾਨੀਜਨਕ ਘਟਨਾਕ੍ਰਮ ਸੀ ----
----- ਮੇਰੀ ਜਾਚੇ, ਸਿੱਖਿਆ ਵਿਭਾਗ ਜਾਂ ਇਲਾਕੇ ਵਿੱਚ ਉਹਨਾਂ ਦੀ ਇਸ ਤਰ੍ਹਾਂ ਦੀ ਭਲ਼ ਬਣ ਗਈ ਸੀ ਕਿ ਉਹਨਾਂ ਦੀ ਹੈਸੀਅਤ ਅੱਗੇ ਛੋਟੇ- ਮੋਟੇ ਦਫ਼ਤਰੀ ਕਾਇਦੇ- ਕਾਨੂੰਨ ਵੀ ਫੇਲ੍ਹ ਹੋ ਜਾਂਦੇ, ਅਮਲੀ ਤੌਰ 'ਤੇ ਇਹ ਸੱਚ ਵੀ ਸੀ, ਸਕੂਲੀ ਬੱਚਿਆਂ ਦੇ ਉੱਜਲੇ ਭਵਿੱਖ ਲਈ ਉਹ ਹਰ ਤਰ੍ਹਾਂ ਦੀਆਂ ਚੁਣੌਤੀਆਂ ਦਾ ਖਿੜੇ ਮੱਥੇ ਸਾਹਮਣਾ ਕਰਦੇ ਅਤੇ ਇੱਕ ਸਮਾਜ ਸੇਵੀ ਦੀ ਤਰ੍ਹਾਂ ਆਪਣੇ ਕੰਮ ਨੂੰ ਨੇਪਰੇ ਚਾੜ੍ਹਨ ਲਈ ਆਪਣੇ ਆਪ ਨੂੰ ਨਿਛਾਵਰ ਵੀ ਕਰ ਦਿੰਦੇ। ਮੈਨੂੰ ਯਾਦ ਹੈ,ਇਸ ਸਕੂਲੀ ਘਟਨਾਕ੍ਰਮ ਨੂੰ ਉਹਨਾਂ ਸਾਡੀ ਐਮ. ਏ ਦੀ ਕਲਾਸ ਵਿੱਚ ਸਾਂਝਾ ਕੀਤਾ ਸੀ। ਮੈਨੂੰ ਇਹ ਨਹੀਂ ਪਤਾ ਕਿ ਇਹ ਘਟਨਾ ਉਹਨਾਂ ਦੀ ਬੇਟੀ ਮਨਦੀਪ ਵੇਲੇ ਦੀ ਹੈ ਜਾਂ ਬੇਟੇ ਬਲਦੀਪ ਦੇ ਬਚਪਨ ਸਮੇਂ ਦੀ ? ਉਹਨਾਂ ਉਸ ਵੇਲੇ ਵੀ ਆਪਣੇ ਬੱਚਿਆਂ ਦੇ ਨਾਵਾਂ ਬਾਰੇ ਇਹ ਸਪੱਸ਼ਟ ਨਹੀਂ ਸੀ ਕੀਤਾ।----। ਖ਼ੈਰ, ਮੈਨੂੰ ਇਉਂ ਪ੍ਰਤੀਤ ਹੋਇਆ ਹੈ ਕਿ ਤੁਹਾਡਾ ਆਤਮ- ਵਿਸ਼ਵਾਸ, ਇਮਾਨਦਾਰੀ/ ਲਿਆਕਤ/ ਸਲੀਕਾ ਆਦਿ ਗੁਣ ਜਦੋਂ ਜੀਵਨ - ਸ਼ੈਲੀ ਦੀ ਅਗਵਾਈ/ਵਕਾਲਤ ਕਰਦੇ ਹਨ ਤਾਂ ਆਪਣੀ ਚੰਗੇਰੀ ਕਿਰਿਆਸ਼ੀਲਤਾ ਦੇ ਪ੍ਰਤਿਕਰਮ ਵਜੋਂ, ਸਾਡੀ ਜ਼ਿੰਦਗੀ ਵਿੱਚ ਸੁਖਾਵਾਂਪਨ ਲਿਆਉਣ ਲਈ ਉਹ ਹਮੇਸ਼ਾਂ ਅਡੋਲਤਾ/ ਹੌਸਲਾ ਬੁਲੰਦ ਕਰਨ ਦੀ ਪ੍ਰਵਿਰਤੀ ਦੇ ਜਨਮਦਾਤੇ ਬਣ ਜਾਂਦੇ ਹਨ ; ਸਿੱਟੇ ਵਜੋਂ, ਤੁਹਾਡਾ ਅਜਿਹਾ ਸਾਕਾਰਾਤਮਿਕ ਵਤੀਰਾ ਸਮਾਂ ਪੈਣ 'ਤੇ ਤੁਹਾਡੇ ਵੱਡੇ- ਵੱਡੇ ਔਗੁਣਾਂ ਨੂੰ ਵੀ ਢੱਕ ਲੈਂਦਾ। ----
---- ਜ਼ਿੰਦਗੀ ਦੇ ਹੱਡੀਂ -ਹੰਢਾਏ ਉਹਨਾਂ ਦੇ ਇਹ ਜੀਵਨ - ਬ੍ਰਿਤਾਂਤ ਅੱਜ ਵੀ ਆਪਣੇ ਪ੍ਰਾਸੰਗਿਕ ਸੱਚ ਤੋਂ ਕੋਰੇ ਨਹੀਂ। ਡਾਕਟਰ ਸਾਹਿਬ ਨੇ ਮੋਗੇ ਇਲਾਕੇ ਦੇ ਇੱਕ ਸਕੂਲ ਨਾਲ ਜੁੜੀ ਇਕ ਹੋਰ ਘਟਨਾ ਬਾਰੇ ਦੱਸਿਆ ਕਿ ਗੁਰੂ ਘਰ ਨਾਲ ਲਗਾਓ ਰੱਖਣ ਵਾਲੀ ਇਲਾਕੇ ਦੀ ਸੰਗਤ ਵਲੋਂ, ਸੰਤ ਬਾਬਾ ਮੀਹਾਂ ਸਿੰਘ ਸਿਆੜ੍ਹ ਵਾਲਿਆਂ ਦੇ ਦੀਵਾਨ ਸਜਾਉਣ ਦਾ ਪ੍ਰੋਗਰਾਮ ਬਣਾਇਆ ਗਿਆ। ਵਿਉਂਤੇ ਹੋਏ ਪ੍ਰੋਗਰਾਮ ਅਧੀਨ,ਪਿੰਡ ਵਾਸੀਆਂ ਵਲੋਂ ਸਕੂਲ ਦੀ ਖ਼ਸਤਾ ਇਮਾਰਤ ਨੂੰ ਬਣਾਉਣ ਦੀ ਯੋਜਨਾ ਵੀ ਬਣਾਈ ਗਈ।ਇਸ ਮੰਤਵ ਲਈ ਸਿਆੜ੍ਹ ਵਾਲੇ ਬਾਬਾ ਜੀ ਤੋਂ ਆਰਥਿਕ ਸਹਿਯੋਗ ਲੈਣ ਦਾ ਫ਼ੈਸਲਾ ਵੀ ਹੋਇਆ। ਜਿਵੇਂ ਅਕਸਰ ਹੁੰਦਾ, ਪਿੰਡਾਂ ਦੀਆਂ ਧੜੇਬੰਦੀਆਂ ਜਾਂ ਉਨ੍ਹਾਂ ਦੇ ਦੋ- ਧਿਰੀ ਟਕਰਾਅ ਦੇ ਮਸਲਿਆਂ ਤੋਂ ਇਨਕਾਰ ਨਹੀਂ ਕੀਤਾ ਸਕਦਾ। ਹੁਣ ਤਾਂ ਭਾਵੇਂ ਪ੍ਰਸਥਿਤੀਆਂ ਵਿੱਚ ਬੜਾ ਪਰਿਵਰਤਨ ਹੋ ਗਿਆ। ਉਨ੍ਹਾਂ ਵਕਤਾਂ ਵਿੱਚ ਪਿੰਡਾਂ ਦੇ ਲੋਕ ਜਾਂ ਤਾਂ ਆਪਣੇ ਦਾਦੇ - ਪੜਦਾਦਿਆਂ ਦੇ ਹੋਏ ਕਤਲਾਂ ਦੇ ਖ਼ਿਲਾਫ਼ ਆਪਣੇ ਬੋਲ ਪੁਗਾਉਂਦੇ ਸੀ ਜਾਂ ਫਿਰ ਸੂਇਆਂ / ਕੱਸੀਆਂ ਦੇ ਪਾਣੀਆਂ ਦੀ ਵਾਰੀ/ ਵੱਢਾਂ ਬਾਰੇ ਬੋਲ- ਕੁਬੋਲ ਕਰਕੇ ਅਚਾਨਕ ਹੀ ਜ਼ਾਤੀ ਦੁਸ਼ਮਣੀ ਖੜ੍ਹੀ ਕਰ ਲੈਂਦੇ ਸਨ।---
---- ਇਸ ਨੂੰ ਪਿੰਡਵਾਸੀਆਂ ਦੀ ਬਦਨਸੀਬੀ ਕਹਿ ਲਵੋ ਜਾਂ ਕੁੱਝ ਹੋਰ, ਉਸ ਪਿੰਡ ਵਿੱਚ ਵੀ ਦੋ ਧੜਿਆਂ ਦਾ ਬੋਲਬਾਲਾ ਸੀ, ਰਾਜਨੀਤਕ ਜਾਂ ਵਿਚਾਰਧਾਰਕ ਤੌਰ 'ਤੇ ਸਾਂਝ ਨਾ ਹੋਣ ਕਰਕੇ ਆਪਸੀ ਖਿਚੋਤਾਣ ਸੀ; ਕੋਈ ਵੀ ਧੜਾ ਇੱਕ ਦੂਜੇ ਦੀ ਗੱਲ ਸੁਣਨ ਲਈ ਤਿਆਰ ਨਹੀਂ ਸੀ।ਪਹਿਲਾਂ ਤਾਂ ਡਾਕਟਰ ਸਾਹਿਬ ਨੇ ਉਨ੍ਹਾਂ ਪਿੰਡ ਵਾਸੀਆਂ ਨਾਲ ਵਿਚਾਰ- ਵਟਾਂਦਰਾ ਕਰਕੇ, ਸਮੁੱਚੇ ਪਿੰਡ ਦੀ ਭਲਾਈ ਨੂੰ ਯਕੀਨੀ ਬਣਾਉਂਦਿਆਂ, ਆਪਸੀ ਤਣਾਅ ਦੇ ਉਸ ਗੰਭੀਰ ਮਸਲੇ ਦਾ ਸਮਾਧਾਨ ਕੀਤਾ।--- ਪਰੰਤੂ ਸਮਾਂ ਪੈਣ 'ਤੇ ਸਕੂਲ- ਇਮਾਰਤ/ਸੇਵਾ ਦੀ ਗੱਲ ਜਦੋਂ ਸੰਤਾਂ ਦੇ ਕੰਨੀਂ ਪਈ ਤਾਂ ਉਹਨਾਂ ( ਸੰਤਾਂ ) ਅੱਗੋਂ ਪਿੰਡ ਦੇ ਨੁਮਾਇੰਦਿਆਂ 'ਤੇ ਹੈਰਾਨਗੀ ਪ੍ਰਗਟ ਕਰਦਿਆਂ ਕਿਹਾ ਕਿ ਸਕੂਲਾਂ ਦੀਆਂ ਇਮਾਰਤਾਂ ਬਣਾਉਣਾ, ਇਹ ਸਾਡਾ ਕੰਮ ਨਹੀਂ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੈ,ਸਮਾਜ- ਸੇਵੀ ਸੰਸਥਾਵਾਂ ਦੀ ਡਿਊਟੀ ਹੈ, ਇਲਾਕੇ ਦੇ ਨੁਮਾਇੰਦਿਆਂ/ ਮੋਹਤਬਰਾਂ/ ਪਿੰਡਾਂ ਦੀਆਂ ਪੰਚਾਇਤਾਂ ਦਾ ਧੰਦਾ ਹੈ; ਅਸੀਂ ਤਾਂ ਸਗੋਂ ਇਉਂ ਸੋਚਦੇ ਸੀ, ਤੁਸੀਂ ਸਾਨੂੰ ਬੜੇ ਚਾਅ ਨਾਲ ਇਹ ਦੱਸੋਗੇ ਕਿ ਬਾਬਾ ਜੀ,ਸਾਡੇ ਸਕੂਲ ਦੇ ਬੱਚਿਆਂ ਨੇ ਐਨੇ ਜਪੁਜੀ ਸਾਹਿਬ ਦੇ ਪਾਠ ਕੀਤੇ ਅਤੇ ਐਨੇ ਮੂਲ ਮੰਤਰਾਂ/ ਗੁਰਮੰਤਰਾਂ ਦਾ ਜਾਪ ਕੀਤਾ। ਸਾਨੂੰ ਇਹ ਸੁਣ ਕੇ ਬੜੀ ਖ਼ੁਸ਼ੀ ਹੋਣੀ ਸੀ ਕਿ ਇਲਾਕਾ ਨਿਵਾਸੀ ਕਿੰਨੇ ਪਿਆਰ- ਉਮਾਹ ਨਾਲ ਗੁਰੂ ਨਾਨਕ ਸਾਹਿਬ ਦੇ ਸਿਧਾਂਤਾਂ ਦਾ ਪ੍ਰਚਾਰ/ ਪ੍ਰਸਾਰ ਕਰ ਰਹੇ ਹਨ - ਆਪਣਾ ਜੀਵਨ ਸਫ਼ਲਾ ਕਰ ਰਹੇ ਹਨ।--- ਸਾਡੀ ਡਿਊਟੀ ਤਾਂ ਸੰਗਤ ਜੀ, " ਸੰਤੁ ਜਪਾਵੈ ਨਾਮੁ " --- ਪਰਮਾਤਮਾ ਵਲੋਂ ਨਾਮ ਜਪਣ/ ਜਪਾਉਣ ਦੀ ਲੱਗੀ ਹੈ, ਉਹ ਡਿਊਟੀ ਅਸੀਂ ਮਿਹਰਾਂ ਦੇ ਸਾਈਂ ਪ੍ਰਭੂ- ਬਖ਼ਸ਼ਿਸ਼ ਸਦਕਾ ਨਿਭਾ ਹੀ ਰਹੇ ਹਾਂ। --- ਜਿੰਨੀ ਕੁ ਵਾਰ ਮੈਨੂੰ ਉਹਨਾਂ ਦੀ ਸੰਗਤ ਕਰਨ ਦਾ ਮੌਕਾ ਮਿਲਿਆ ,ਸੰਤ ਜੀ ਅਰਦਾਸ ਕਰਨ ਵਕਤ ਪਰਮਾਤਮਾ ਲਈ ' ਮਿਹਰਾਂ ਦੇ ਸਾਈਂ ' ਸ਼ਬਦ ਦਾ ਅਕਸਰ ਹੀ ਪ੍ਰਯੋਗ ਕਰਦੇ ਸਨ,ਇਹ ਉਹਨਾਂ ਦੀ ਨਿਵੇਕਲੀ ਜੀਵਨ- ਸ਼ੈਲੀ ਸੀ।
----- ਅਜਿਹੇ ਪ੍ਰਵਚਨ ਕਰਦਿਆਂ ਉਹਨਾਂ ਇਹ ਵੀ ਕਿਹਾ ਸਾਡੀ ਤਾਂ ਫਿਰ ਸਮਝੋ ਇਉਂ ਅੱਲ ਪੈ ਜਾਵੇਗੀ-- ਸਾਡੇ ਸਮਾਗਮਾਂ ਦੀ ਸੂਚਨਾ ਮਿਲਦੇ ਹੀ,ਇਲਾਕੇ ਦੀਆਂ ਸੰਗਤਾਂ ਇਉਂ ਕਹਿਣਗੀਆਂ, ਹਾਂ ਜੀ ਕਿੱਥੇ ਦੀਵਾਨ ਲੱਗਣੇ ਨੇ ? ਕਿਹੜੇ ਬਾਬਿਆਂ ਦੇ ਦੀਵਾਨ ਸਜਣਗੇ? ਸੰਗਤਾਂ ਮੋੜਵੇਂ ਜਵਾਬ ਵਜੋਂ ਇਹ ਕਹਿਣਗੀਆਂ, ਹੋਰ ਕਿਹੜੇ ? ਜੀ ਓਹੀ ਇੱਟਾਂ ਵਾਲੇ ਬਾਬੇ ਦੇ ਦੀਵਾਨ ਲੱਗਣੇ ਨੇ। ਸਾਨੂੰ ਲੋਕ ਨਾਮ ਜਪਾਉਣ ਵਾਲੇ ਨਹੀਂ ਸਗੋਂ 'ਇੱਟਾਂ ਵਾਲੇ ਬਾਬੇ' ਕਹਿਣਗੇ। --- ਮੈਨੂੰ ਚੇਤੇ ਆ, ਬੜੇ ਸਾਲ ਪਹਿਲਾਂ, ਭਾਈ ਬਾਲਾ ਚੌਂਕ ਲੁਧਿਆਣਾ - ਜਿਥੇ ਅੱਜਕੱਲ੍ਹ ਸ਼ਹੀਦ ਕਰਤਾਰ ਸਿੰਘ ਸਰਾਭਾ ਹੁਰਾਂ ਦਾ ਬੁੱਤ ਲੱਗਿਆ ਹੋਇਆ, ਇਹ ਘਟਨਾ ਸੰਤਾਂ ਨੇ ਖ਼ੁਦ ਵੀ , ਉਸ ਥਾਂ 'ਤੇ ਭਰੇ ਦੀਵਾਨ ਵਿੱਚ ਸੰਗਤਾਂ ਨਾਲ ਸਾਂਝੀ ਕੀਤੀ ਸੀ, ਉਸ ਵਕਤ ਮੈਂ ਵੀ ਸੰਗਤੀ ਰੂਪ ਵਿੱਚ ਉਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਭਰ ਰਿਹਾ ਸੀ। ਇਹ ਗੱਲ ਸਮਝੋ, ਲੱਗਭੱਗ ਪੰਜ ਦਹਾਕੇ ਪਹਿਲਾਂ ਦੀ ਹੈ , ਸੰਤਾਂ ਵਲੋਂ ਉਥੇ ਰਾਤ੍ਰੀ ਦੇ ਦੀਵਾਨ ਲੱਗਦੇ ਸਨ।ਮੈਂ ਸਾਡੇ ਆਪਣੇ ਹੀ ਪਿੰਡ ਦੇ, ਸੰਤਾਂ ਦੇ ਬਹੁਤ ਹੀ ਨਜ਼ਦੀਕੀ ਸੇਵਕ ਰਾਜਵੰਤ ਸਿੰਘ ਚੌਹਾਨ ਹੁਰਾਂ ਦੇ ਨਾਲ ਗਿਆ ਸਾਂ। ----- ਮੈਂ ਇਹ ਵੀ ਕਹਿ ਦੇਵਾਂ, ਸੰਤਾਂ ਦੇ ਉਪਰੋਕਤ ਵਿਚਾਰਾਂ ਨਾਲ ਪਾਠਕਾਂ ਦੀ ਸਹਿਮਤੀ ਹੁੰਦੀ ਹੈ ਜਾਂ ਅਸਹਿਮਤੀ- ਮੇਰਾ ਉਪਰੋਕਤ ਨਿਰਣੇ ਪ੍ਰਤਿ ਸਿੱਧਾ ਤੁਅੱਲਕ ਨਹੀਂ,ਇਹ ਤਾਂ ਮਹਿਜ਼ ਡਾਕਟਰ ਹਮਰਾਹੀ ਨਾਲ ਜੁੜਿਆ ਇੱਕ ਇਤਿਹਾਸਕ ਪ੍ਰਕਰਣ ਹੈ। -----
------- ਖ਼ੈਰ , ਮੋਗਾ ਜ਼ਿਲ੍ਹੇ ਦੇ ਉਸ ਸਕੂਲ ਵਿਖੇ ਅਮਲੀ ਰੂਪ ਵਿੱਚ ਇਹ ਜੋ ਕੁੱਝ ਵੀ ਹੋਇਆ ਜਾਂ ਹੋ ਸਕਿਆ , ਹਮਰਾਹੀ ਸਾਹਿਬ ਦੇ ਦੱਸਣ ਮੁਤਾਬਿਕ-" ਉਹਨਾਂ ਪਹਿਲਾਂ ਤਾਂ ਪਿੰਡ ਦੇ ਸਾਂਝੇ ਕਾਰਜ ਨੂੰ ਨੇਪਰੇ ਚਾੜ੍ਹਨ ਲਈ/ ਉਨ੍ਹਾਂ ਪਿੰਡ ਵਾਸੀਆਂ ਨੂੰ ਇੱਕ ਮੰਚ 'ਤੇ ਇਕੱਤ੍ਰ ਕਰਨ ਅਤੇ ਉਨ੍ਹਾਂ ਦੀ ਭਾਈਚਾਰਕ ਸਾਂਝ ਬਣਾਉਣ ਦਾ ਨਿੱਜੀ ਤੌਰ 'ਤੇ ਬਣਦਾ ਉਪਰਾਲਾ ਕੀਤਾ ਦੂਸਰਾ ਸਕੂਲ ਦੀ ਇਮਾਰਤ ਦੀ ਉਸਾਰੀ ਲਈ ਵੀ ਆਪਣੇ ਅਸਰ ਰਸੂਖ਼ ਵਰਤਦਿਆਂ, ਆਪਣੀ ਹੈਸੀਅਤ ਮੁਤਾਬਿਕ ਆਪਣੇ ਵਲੋਂ ਪੂਰਾ ਯੋਗਦਾਨ ਪਾਇਆ। ਸਾਰੀ ਦੀ ਸਾਰੀ ਜ਼ਿੰਮੇਵਾਰੀ ਇਉਂ ਸੰਭਾਲੀ ਕਿ ਪਿੰਡ ਦੀਆਂ ਸੱਥਾਂ/ਖੁੰਢਾਂ 'ਤੇ ਬੈਠਣ ਵਾਲੇ ਘੜੰਮ ਚੌਧਰੀ ਦੰਗ ਰਹਿ ਗਏ ਕਿ ਏਸ ਸਕੂਲ ਮਾਸਟਰ ਨੇ ਤਾਂ ਕਮਾਲ ਹੀ ਕਰ ਦਿੱਤੀ। ਬਸ ਫਿਰ ਕੀ ਸੀ ਹਮਰਾਹੀ ਹੁਰਾਂ ਦੀ ਓਸ ਪਿੰਡ ਤਾਂ ਕੀ ਸਾਰੇ ਇਲਾਕੇ ਵਿੱਚ ਬੱਲੇ- ਬੱਲੇ ਹੋ ਗਈ।"
ਦੋਸਤੋ! ਪੇਂਡੂ- ਸੱਭਿਆਚਾਰ ਨੂੰ ਸਮਝਣ ਅਤੇ ਪਿੰਡਾਂ ਦੇ ਉਨ੍ਹਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਅਮਲ ਵਿੱਚ ਲਿਆਉਣ ਦੀ ਜਾਚ - ਜੇ ਸਿੱਖਣੀ ਹੋਵੇ ਤਾਂ ਹਮਰਾਹੀ ਸਾਹਿਬ ਦੀ ਇਸ ਜੀਵਨ- ਘਟਨਾ ਤੋਂ ਸਹਿਜੇ ਹੀ ਸਿੱਖੀ ਜਾ ਸਕਦੀ ਹੈ ਬਸ਼ਰਤੇ ਕਿ ਤੁਸੀਂ ਵਿੱਦਿਆ, ਵਿੱਦਿਆਰਥੀ ਅਤੇ ਸਕੂਲ ਦੀ ਸਹੀ ਪਰਿਭਾਸ਼ਾ ਨੂੰ ਸਮਝਣ ਦੇ ਸਮਰਥ ਹੋਵੋਂ ਅਤੇ ਖ਼ੁਦ ਸਮਰਪਣ ਭਾਵਨਾ ਦਾ ਇਜ਼ਹਾਰ ਕਰੋਂ --- ਪੜ੍ਹੇ ਲਿਖੇ ਤਾਂ ਕੀ,ਅਨਪੜ੍ਹ ਤੋਂ ਅਨਪੜ੍ਹ ਲੋਕ ਵੀ ਤੁਹਾਨੂੰ ਖਿੜੇ ਮੱਥੇ ਸਹਿਯੋਗ ਦੇਣਗੇ; ਹੈ ਵੀ ਸੱਚ,ਤੁਹਾਡੀ ਸ਼ਬਦ- ਸ਼ਕਤੀ ਜਦੋਂ ਸਹੀ ਮਾਅਨਿਆਂ ਵਿੱਚ,ਦਲੀਲ ਦੀ ਕਸਵੱਟੀ ਬਣਦੀ ਹੈ ਤਾਂ ਵੱਡੇ ਤੋਂ ਵੱਡੇ ਮਸਲੇ ਹੱਲ ਕਰਵਾ ਦਿੰਦੀ ਹੈ।
ਚੱਲਦਾ