ਫੌਜ ਵਿਚ ਨੋਕਰੀ ਕਰਦਿਆਂ ਕਦੇ ਤਿੰਨ ਮਹੀਨੇ ਬਾਅਦ ਅਤੇ ਕਦੇ ਚਾਰ ਮਹੀਨੇ ਬਾਅਦ ਘਰ ਜਾਣ ਦਾ ਮੌਕਾ ਮਿਲਦਾ ਹੈ। ਇਸ ਵਾਰ ਜਦੋਂ ਛੁੱਟੀ ਕੱਟ ਕੇ ਵਾਪਸ ਬਟਾਲਿਅਨ ’ਚ ਮੁੜਿਆ ਤਾਂ ਇਕ ਦਿਨ ਵੀਡੀਓ ਕਾਲ ’ਤੇ ਗੱਲ ਕਰਦਿਆਂ ਮੇਰਾ ਧਿਆਨ ਫਰਿੱਜ ਤੇ ਰੱਖੀ ਆਪਣੀ ਪੱਗ ਤੇ ਪਿਆ। ਮੈਨੂੰ ਛੁੱਟੀ ਕੱਟ ਕੇ ਆਏ ਨੂੰ ਤਕਰੀਬਨ ਇਕ ਮਹੀਨਾ ਹੋ ਚਲਿਆ ਸੀ ਅਤੇ ਮੇਰੀ ਪੱਗ ਉਂਝ ਹੀ ਬੱਝੀ ਪਈ ਫਰਿੱਜ ਤੇ ਰੱਖੀ ਸੀ। ਮੈਂ ਆਪਣੀ ਪਤਨੀ ਨੂੰ ਪੁੱਛਿਆ, “ਕੀ ਗੱਲ, ਮੇਰੀ ਇਹ ਪੱਗ ਧੋ ਕੇ ਸਾਂਭੀ ਨਹੀਂ?”
ਉਹ ਕਹਿੰਦੀ, “ਨਾ ਜੀ, ਮੈਂ ਤਿੰਨ- ਚਾਰ ਮਹੀਨੇ ਤੱਕ ਜਾਂ ਜਿੰਨਾ ਚਿਰ ਤੁਸੀਂ ਦੁਬਾਰਾ ਛੁੱਟੀ ਨਹੀਂ ਆਉਂਦੇ, ਉੰਨਾ ਚਿਰ ਤੱਕ ਪੱਗ ਨਹੀਂ ਧੋਂਦੀ ਤੇ ਇਹ ਇੰਝ ਹੀ ਬੱਝੀ ਪਈ ਰਹਿੰਦੀ ਹੈ।”
“ਇੰਝ ਕਿਉਂ?” ਮੈਂ ਕਾਰਨ ਪੁੱਛਿਆ।
ਉਹ ਕਹਿੰਦੀ, “ਬੰਦੇ ਦੀ ਪੱਗ ਘਰ ’ਚ ਪਈ ਹੋਵੇ ਤਾਂ ਜਨਾਨੀ ਨੂੰ ਹੌਸਲਾ ਰਹਿੰਦਾ ਹੈ।”
“ਅੱਛਾ!” ਇਹ ਗੱਲ ਸੁਣ ਕੇ ਮੈਨੂੰ ਹੈਰਾਨੀ ਹੋਈ।
“ਆਹੋ! ਨਾਲੇ ਬੱਚਿਆਂ ਨੂੰ ਡਰ ਰਹਿੰਦਾ ਹੈ ਕਿ ਪਿਓ ਦੀ ਪੱਗ ਘਰ ਪਈ ਹੈ। ਪਿਓ ਦੀ ਪੱਗ ਦਾ ਪਿਓ ਜਿੰਨਾ ਹੀ ਰੌਬ ਹੁੰਦਾ ਹੈ।” ਮੇਰੀ ਪਤਨੀ ਨੇ ਆਪਣੇ ਦਿਲ ਦੀ ਗੱਲ ਦੱਸਦਿਆਂ ਕਿਹਾ।
ਮੈਨੂੰ ਹੈਰਾਨੀ ਹੋਈ ਕਿ ਮੇਰੀ ਪਤਨੀ ਆਧੁਨਿਕ ਵਿਚਾਰਾਂ ਦੀ ਹੋ ਕੇ ਵੀ ਇਹੋ ਜਿਹੇ ਕਾਰਜ ਕਰਦੀ ਹੈ ਪਰ ਫੇਰ ਮੈਨੂੰ ਯਾਦ ਆਇਆ ਕਿ ਬਿਲਕੁਲ ਇਹੋ ਗੱਲ ਸਾਡੇ ਦਾਦੀ ਮਾਤਾ ਜੀ ਵੀ ਕਹਿੰਦੇ ਹੁੰਦੇ ਸਨ। ਉਹ ਕਹਿੰਦੇ ਸਨ ਕਿ ਬੰਦੇ ਦੀ ਜੁੱਤੀ ਅਤੇ ਪੱਗ ਦਾ ਉਹੀਓ ਰੁਤਬਾ ਹੁੰਦਾ ਹੈ ਜਿਹੜਾ ਬੰਦੇ ਦਾ ਆਪਣਾ ਰੁਤਬਾ ਹੁੰਦਾ ਹੈ। ਵਿਹੜਿਓਂ ਬਾਹਰ ਮਰਦ (ਬੰਦੇ) ਦੀ ਜੁੱਤੀ ਲੱਥੀ ਹੋਵੇ ਤਾਂ ਕਿਸੇ ਮੁਸ਼ਟੰਡੇ ਦੀ ਹਿਮੰਤ ਨਹੀਂ ਹੁੰਦੀ ਕਿ ਉਹ ਮੈਲ਼ੀ ਅੱਖ ਨਾਲ ਉਸ ਘਰ ਕੰਨੀ ਝਾਕ ਵੀ ਲਵੇ। ਖ਼ੈਰ!
ਇਹਨੂੰ ਅਸੀਂ ਮੁਹੱਬਤ ਜਾਂ ਭਾਵਨਾ ਦਾ ਨਾਮ ਦੇ ਸਕਦੇ ਹਾਂ। ਕੁਝ ਵਿਚਾਰਕ ਇਸ ਨੂੰ ਔਰਤ ਦੇ ਸਵੈਮਾਨ ਤੇ ਸੱਟ ਵੀ ਕਹਿ ਸਕਦੇ ਹਨ। ਪਰ ਸਾਡੇ ਸਭਿਆਚਾਰ ਵਿਚ ਪੱਗ ਨੂੰ ਜ਼ਿੰਮੇਵਾਰੀ ਦਾ ਪ੍ਰਤੀਤ ਮੰਨਿਆ ਜਾਂਦਾ ਰਿਹਾ ਹੈ। ਖ਼ੈਰ, ਹੁਣ ਜ਼ਮਾਨਾ ਬਦਲ ਗਿਆ ਹੈ।
•••
ਪੱਚੀ- ਤੀਹ ਵਰ੍ਹੇ ਪਹਿਲਾਂ ਜਦੋਂ ਅਸੀਂ ਅਜੇ ਜੁਆਕ ਸਾਂ ਉਦੋਂ ਸਾਡੀ ਮਾਤਾ ਵੀ ਇਹਨਾਂ ਵਿਚਾਰਾਂ ਦੀ ਧਾਰਨੀ ਹੁੰਦੀ ਸੀ। ਸਾਡੀ ਦਾਦੀ ਮਾਤਾ ਨੇ ਆਪਣੀਆਂ ਨੂੰਹਾਂ ਨੂੰ ਇਹੋ ਸਿੱਖਿਆ ਦਿੱਤੀ ਕਿ ਬੰਦੇ ਦੇ ਬਟੂਏ (ਪਰਸ) ਨੂੰ ਹੱਥ ਨਹੀਂ ਲਾਉਣਾ ਚਾਹੀਦਾ ਤੇ ਖੁਦ ਕਦੇ ਪੈਸੇ ਨਹੀਂ ਕੱਢਣੇ ਚਾਹੀਦੇ- ਜਿੰਨੇ ਜਰੂਰਤ ਹੋਵੇ ਬੰਦੇ ਕੋਲੋਂ ਮੰਗ ਲੈਣੇ ਹਨ- ਪਰ ਉਸਦੇ ਬਟੂਏ ਨੂੰ ਕਦੇ ਹੱਥ ਨਹੀਂ ਲਾਉਣਾ। ਮੇਰੀ ਪਤਨੀ ਭਾਵੇਂ ਆਧੁਨਿਕ ਵਿਚਾਰਾਂ ਦੀ ਧਾਰਨੀ ਹੈ ਪਰ ਉਸਨੇ ਵੀ ਕਦੇ ਮੇਰੇ ਬਟੂਏ ਨੂੰ ਹੱਥ ਨਹੀਂ ਲਾਇਆ। ਬੇਬੇ ਦਾਦੀ ਮਾਤਾ ਦੱਸਦੀ ਹੁੰਦੀ ਸੀ ਕਿ ਇੰਝ ਕਰਨ ਨਾਲ ਘਰ ਵਿਚ ਬਰਕਤ ਨਹੀਂ ਰਹਿੰਦੀ। ਉਦੋਂ ਔਰਤਾਂ ਵੱਲੋਂ ਆਪਣੇ ਬੰਦਿਆਂ ਦਾ ਨਾਮ ਲੈ ਕੇ ਬੁਲਾਉਣ ਦਾ ਰਿਵਾਜ਼ ਵੀ ਪ੍ਰਚਲਤ ਨਹੀਂ ਸੀ ਹੋਇਆ। ਹੁਣ ਤਾਂ ਗੱਲ ਚਿੰਟੂ- ਮਿੰਟੂ ਤੇ ਅੱਪੜ ਗਈ ਹੈ। ਖ਼ੈਰ!
ਪਿਓ ਦੀ ਪੱਗ (ਪਿਓ ਦੇ ਜਿਉਂਦਿਆਂ) ਪੁੱਤਰ ਤੇ ਸਿਰ ’ਤੇ ਨਹੀਂ ਸੀ ਰੱਖੀ ਜਾਂਦੀ। ਹਾਂ, ਪਿਤਾ ਦੀ ਮੌਤ ਤੋਂ ਬਾਅਦ ਪੁੱਤਰ ਦੇ ਸਿਰ ’ਤੇ ਪੱਗ ਰੱਖਣ ਦਾ ਰਿਵਾਜ਼ ਅੱਜ ਵੀ ਚੱਲ ਰਿਹਾ ਹੈ। ਅਸਲ ਵਿਚ ਇਹ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਣ ਦੀ ਰਸਮ ਹੈ। ਇਸ ਨਾਲ ਇਹ ਪ੍ਰਗਟਾਵਾ ਕੀਤਾ ਜਾਂਦਾ ਹੈ ਕਿ ਪਿਓ ਤੋਂ ਬਾਅਦ ਘਰ ਦੀ ਜ਼ਿੰਮੇਵਾਰੀ ਦਾ ਸਾਰਾ ਬੋਝ ਹੁਣ ਪੁੱਤਰ ਦੇ ਸਿਰ ’ਤੇ ਆ ਗਿਆ ਹੈ।
•••
ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਜਦੋਂ ਮੇਰਾ ਵਿਆਹ ਹੋਇਆ ਤਾਂ ਮੇਰੇ ਬਾਪੂ ਜੀ ਨੇ ਮੈਨੂੰ ਇਕ ਗੱਲ ਆਖੀ ਸੀ ਜਦੋਂ ਮੈਂ ਪਹਿਲੀ ਵਾਰ ਆਪਣੀ ਪਤਨੀ ਨਾਲ ਆਪਣੇ ਸਹੁਰੇ ਘਰ ਜਾ ਰਿਹਾ ਸੀ। ਉਹ ਕਹਿੰਦੇ, “ਇਕ ਗੱਲ ਯਾਦ ਰੱਖੀਂ ਕਾਕਾ, ਆਪਣੀ ਪੱਗ ਨੂੰ ਲਾਹ ਕੇ ਮੰਜੀ ਦੇ ਪਾਵੇ ਨਾਲ ਕਦੇ ਨਾ ਟੰਗੀਂ।”
ਮੈਂ ਕਿਹਾ, “ਉਹ ਕਿਉਂ?”
ਉਹ ਕਹਿੰਦੇ, “ਇਸ ਨਾਲ ਮਾਣ ਵਿਚ ਫਰਕ ਪੈਂਦਾ ਹੈ। ਸਹੁਰੇ ਘਰ ਜਾ ਕੇ ਜਵਾਈ ਨੂੰ ਆਪਣੀ ਮਰਿਆਦਾ ਵਿਚ ਰਹਿਣਾ ਚਾਹੀਦਾ ਹੈ। ਇਸ ਨਾਲ ਜਵਾਈ ਦਾ ਮਾਣ- ਤਾਣ ਬਣਿਆ ਰਹਿੰਦਾ ਹੈ। ਜਿਹੜਾ ਲੋਕ ਇਹਨਾਂ ਗੱਲਾਂ ਤੇ ਅਮਲ ਨਹੀਂ ਕਰਦੇ ਉਹਨਾਂ ਦੀ ਇੱਜਤ ਨਹੀਂ ਹੁੰਦੀ।”
ਮੈਂ ਕਿਹਾ, “ਅੱਛਾ ਜੀ।”
•••
ਅੱਜ ਦੀ ਪੀੜ੍ਹੀ ਇਹਨਾਂ ਗੱਲਾਂ ਨੂੰ ਭਾਵੇਂ ਪੁਰਾਣੇ ਵਿਚਾਰ ਸਮਝ ਕੇ ਖ਼ਾਰਜ ਕਰ ਦੇਵੇ ਪ੍ਰੰਤੂ! ਸਾਡੇ ਬਜ਼ੁਰਗਾਂ ਵੱਲੋਂ ਕਹੀਆਂ ਗੱਲਾਂ ਅੱਜ ਵੀ 100 ਫੀਸਦੀ ਸੱਚ ਅਤੇ ਕਾਰਗਰ ਸਾਬਿਤ ਹੁੰਦੀਆਂ ਹਨ। ਅੱਜ ਘਰਾਂ ਵਿਚ ਲੜਾਈ- ਝਗੜੇ ਅਤੇ ਕਲੇਸ਼ ਇਸੇ ਕਰਕੇ ਵੱਧ ਰਹੇ ਹਨ ਕਿਉਂਕਿ ਅਸੀਂ ਆਪਣੇ ਪੁਰਾਤਨ ਰੀਤੀ- ਰਿਵਾਜ਼ਾਂ ਨੂੰ ਵਿਸਾਰ ਚੁਕੇ ਹਾਂ। ਆਪਣੀ ਮਰਿਆਦਾ ਨੂੰ ਭੁੱਲ ਚੁਕੇ ਹਾਂ। ਮਰਿਆਦਾ ਦੇ ਘਾਣ ਕਰਕੇ ਅਸੀਂ ਖੁਆਰ ਹੋ ਰਹੇ ਹਾਂ। ਉਹ ਚਾਹੇ ਔਰਤ ਹੋਵੇ ਅਤੇ ਚਾਹੇ ਮਰਦ। ਜਿੰਨਾ ਚਿਰ ਉਹ ਆਪਣੀ ਹੱਦਬੰਦੀਆਂ ਦੀ ਸੀਮਾ ਪਾਰ ਨਹੀਂ ਕਰਦਾ ਉੰਨਾ ਚਿਰ ਤੱਕ ਉਹ ਇੱਜਤ ਦਾ ਪਾਤਰ ਬਣਿਆ ਰਹਿੰਦਾ ਹੈ, ਮਰਿਆਦਾ ਦੀ ਉਲੰਘਣਾ ਕਰਦਿਆਂ ਹੀ ਬੰਦਾ ਜਿੱਥੇ ਆਪਣੀਆਂ ਨਜ਼ਰਾਂ ਤੋਂ ਡਿੱਗਦਾ ਹੈ ਉੱਥੇ ਹੀ ਸਮਾਜ ਦੀਆਂ ਨਜ਼ਰਾਂ ਤੋਂ ਵੀ ਲੱਥ ਜਾਂਦਾ ਹੈ। ਪਰ, ਹੁਣ ਜ਼ਮਾਨਾ ਬਦਲ ਗਿਆ ਹੈ।